Bible App logo
Search Icon

1 ਥੱਸਲੁਨੀਕੀਆਂ 5

5
ਪ੍ਰਭੂ ਦਾ ਦਿਨ
1ਹੁਣ ਹੇ ਭਾਈਓ, ਜ਼ਰੂਰਤ ਨਹੀਂ ਹੈ ਕਿ ਸਮਿਆਂ ਅਤੇ ਰੁੱਤਾਂ ਦੇ ਬਾਰੇ ਤੁਹਾਨੂੰ ਕੁਝ ਲਿਖਿਆ ਜਾਵੇ, 2ਕਿਉਂਕਿ ਤੁਸੀਂ ਆਪ ਚੰਗੀ ਤਰ੍ਹਾਂ ਜਾਣਦੇ ਹੋ ਕਿ ਪ੍ਰਭੂ ਦਾ ਦਿਨ ਇਸ ਤਰ੍ਹਾਂ ਆਵੇਗਾ ਜਿਵੇਂ ਰਾਤ ਨੂੰ ਚੋਰ ਆਉਂਦਾ ਹੈ। 3ਜਦੋਂ ਉਹ ਕਹਿੰਦੇ ਹੋਣਗੇ, “ਸ਼ਾਂਤੀ ਅਤੇ ਸੁਰੱਖਿਆ ਹੈ” ਤਾਂ ਜਿਵੇਂ ਇੱਕ ਗਰਭਵਤੀ ਔਰਤ ਨੂੰ ਜਣੇਪੇ ਦੀਆਂ ਪੀੜਾਂ ਲੱਗਦੀਆਂ ਹਨ, ਨਾਸ ਉਨ੍ਹਾਂ ਉੱਤੇ ਅਚਾਨਕ ਆ ਪਵੇਗਾ ਅਤੇ ਉਹ ਬਚ ਨਾ ਸਕਣਗੇ। 4ਪਰ ਹੇ ਭਾਈਓ, ਤੁਸੀਂ ਹਨੇਰੇ ਵਿੱਚ ਨਹੀਂ ਹੋ ਕਿ ਉਹ ਦਿਨ ਤੁਹਾਡੇ ਉੱਤੇ ਚੋਰ ਵਾਂਗ ਆ ਪਵੇ, 5ਕਿਉਂਕਿ ਤੁਸੀਂ ਸਭ ਚਾਨਣ ਦੀ ਅਤੇ ਦਿਨ ਦੀ ਸੰਤਾਨ ਹੋ; ਅਸੀਂ ਰਾਤ ਦੇ ਜਾਂ ਹਨੇਰੇ ਦੇ ਨਹੀਂ ਹਾਂ। 6ਇਸ ਲਈ ਅਸੀਂ ਹੋਰਨਾਂ ਵਾਂਗ ਸੁੱਤੇ ਨਾ ਰਹੀਏ, ਸਗੋਂ ਜਾਗਦੇ ਅਤੇ ਸੁਰਤ ਵਿੱਚ ਰਹੀਏ,
7ਕਿਉਂਕਿ ਜਿਹੜੇ ਸੌਂਦੇ ਹਨ ਉਹ ਰਾਤ ਨੂੰ ਸੌਂਦੇ ਹਨ ਅਤੇ ਜਿਹੜੇ ਮਤਵਾਲੇ ਹੁੰਦੇ ਹਨ ਉਹ ਰਾਤ ਨੂੰ ਮਤਵਾਲੇ ਹੁੰਦੇ ਹਨ। 8ਪਰ ਅਸੀਂ ਦਿਨ ਦੇ ਹਾਂ, ਇਸ ਲਈ ਅਸੀਂ ਸੁਰਤ ਵਿੱਚ ਰਹੀਏ ਤੇ ਵਿਸ਼ਵਾਸ ਅਤੇ ਪ੍ਰੇਮ ਦੀ ਸੰਜੋ ਅਤੇ ਮੁਕਤੀ ਦੀ ਆਸ ਦਾ ਟੋਪ ਪਹਿਨੀ ਰੱਖੀਏ। 9ਕਿਉਂਕਿ ਪਰਮੇਸ਼ਰ ਨੇ ਸਾਨੂੰ ਕ੍ਰੋਧ ਲਈ ਨਹੀਂ, ਸਗੋਂ ਇਸ ਲਈ ਠਹਿਰਾਇਆ ਹੈ ਕਿ ਅਸੀਂ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਮੁਕਤੀ ਨੂੰ ਪ੍ਰਾਪਤ ਕਰੀਏ, 10ਜਿਸ ਨੇ ਸਾਡੀ ਖਾਤਰ ਜਾਨ ਦਿੱਤੀ ਤਾਂਕਿ ਅਸੀਂ ਭਾਵੇਂ ਜਾਗਦੇ ਭਾਵੇਂ ਸੁੱਤੇ ਹੋਈਏ, ਉਸ ਦੇ ਨਾਲ ਜੀਵੀਏ। 11ਇਸ ਲਈ ਇੱਕ ਦੂਜੇ ਨੂੰ ਉਤਸ਼ਾਹਿਤ ਕਰੋ ਅਤੇ ਇੱਕ ਦੂਜੇ ਦੀ ਉੱਨਤੀ ਕਰੋ ਜਿਵੇਂ ਕਿ ਤੁਸੀਂ ਕਰ ਵੀ ਰਹੇ ਹੋ।
ਉਪਦੇਸ਼ ਅਤੇ ਬਰਕਤ ਦੇ ਵਚਨ
12ਹੇ ਭਾਈਓ, ਹੁਣ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਤੁਹਾਡੇ ਵਿਚਕਾਰ ਸਖ਼ਤ ਮਿਹਨਤ ਕਰਦੇ ਹਨ ਅਤੇ ਪ੍ਰਭੂ ਵਿੱਚ ਤੁਹਾਡੀ ਅਗਵਾਈ ਕਰਦੇ ਹਨ ਤੇ ਤੁਹਾਨੂੰ ਸਿਖਾਉਂਦੇ ਹਨ, ਉਨ੍ਹਾਂ ਦਾ ਆਦਰ ਕਰੋ 13ਅਤੇ ਉਨ੍ਹਾਂ ਦੀ ਮਿਹਨਤ ਦੇ ਕਾਰਨ ਉਨ੍ਹਾਂ ਨੂੰ ਪ੍ਰੇਮ ਵਿੱਚ ਉੱਤਮ ਜਾਣੋ। ਆਪਸ ਵਿੱਚ ਮੇਲ-ਮਿਲਾਪ ਰੱਖੋ। 14ਹੇ ਭਾਈਓ, ਅਸੀਂ ਤੁਹਾਨੂੰ ਉਤਸ਼ਾਹਿਤ ਕਰਦੇ ਹਾਂ ਕਿ ਆਲਸੀਆਂ ਨੂੰ ਚਿਤਾਓ, ਜੋ ਨਿਰਾਸ਼ ਹਨ ਉਨ੍ਹਾਂ ਨੂੰ ਦਿਲਾਸਾ ਦਿਓ, ਨਿਰਬਲਾਂ ਦੀ ਸਹਾਇਤਾ ਕਰੋ, ਸਭਨਾਂ ਨਾਲ ਧੀਰਜ ਰੱਖੋ। 15ਵੇਖੋ ਕਿ ਕੋਈ ਕਿਸੇ ਨਾਲ ਬੁਰਾਈ ਦੇ ਬਦਲੇ ਬੁਰਾਈ ਨਾ ਕਰੇ, ਸਗੋਂ ਹਮੇਸ਼ਾ ਉਹੀ ਕਰਨ ਦਾ ਯਤਨ ਕਰੋ ਜੋ ਇੱਕ ਦੂਜੇ ਲਈ ਅਤੇ ਸਭਨਾਂ ਲਈ ਭਲਾ ਹੈ। 16ਹਮੇਸ਼ਾ ਖੁਸ਼ ਰਹੋ, 17ਲਗਾਤਾਰ ਪ੍ਰਾਰਥਨਾ ਕਰਦੇ ਰਹੋ, 18ਹਰ ਗੱਲ ਵਿੱਚ ਧੰਨਵਾਦ ਕਰੋ; ਮਸੀਹ ਯਿਸੂ ਵਿੱਚ ਤੁਹਾਡੇ ਲਈ ਪਰਮੇਸ਼ਰ ਦੀ ਇਹੋ ਇੱਛਾ ਹੈ। 19ਆਤਮਾ ਨੂੰ ਨਾ ਬੁਝਾਓ; 20ਭਵਿੱਖਬਾਣੀਆਂ ਨੂੰ ਤੁੱਛ ਨਾ ਸਮਝੋ, 21ਸਗੋਂ ਸਾਰੀਆਂ ਗੱਲਾਂ ਦੀ ਜਾਂਚ ਕਰੋ ਅਤੇ ਜੋ ਭਲੀਆਂ ਹਨ ਉਨ੍ਹਾਂ ਨੂੰ ਫੜੀ ਰੱਖੋ। 22ਹਰ ਪ੍ਰਕਾਰ ਦੀ ਬੁਰਾਈ ਤੋਂ ਦੂਰ ਰਹੋ।
23ਹੁਣ ਸ਼ਾਂਤੀ ਦਾ ਪਰਮੇਸ਼ਰ ਆਪ ਤੁਹਾਨੂੰ ਪੂਰੀ ਤਰ੍ਹਾਂ ਪਵਿੱਤਰ ਕਰੇ ਅਤੇ ਤੁਹਾਡੀ ਆਤਮਾ, ਪ੍ਰਾਣ ਅਤੇ ਦੇਹ ਸਾਡੇ ਪ੍ਰਭੂ ਯਿਸੂ ਮਸੀਹ ਦੀ ਆਮਦ ਤੱਕ ਨਿਰਦੋਸ਼ ਬਣੇ ਰਹਿਣ। 24ਤੁਹਾਡਾ ਬੁਲਾਉਣ ਵਾਲਾ ਵਫ਼ਾਦਾਰ ਹੈ ਅਤੇ ਉਹੀ ਇਹ ਕਰੇਗਾ।
25ਹੇ ਭਾਈਓ, ਸਾਡੇ ਲਈ ਵੀ ਪ੍ਰਾਰਥਨਾ ਕਰੋ।
26ਪਵਿੱਤਰ ਚੁੰਮੇ ਨਾਲ ਸਾਰੇ ਭਾਈਆਂ ਨੂੰ ਸਲਾਮ ਕਹੋ।
27ਮੈਂ ਪ੍ਰਭੂ ਵਿੱਚ ਤੁਹਾਨੂੰ ਤਗੀਦ ਕਰਦਾ ਹਾਂ ਕਿ ਇਹ ਪੱਤ੍ਰੀ ਸਾਰੇ#5:27 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਪਵਿੱਤਰ” ਲਿਖਿਆ ਹੈ। ਭਾਈਆਂ ਨੂੰ ਪੜ੍ਹ ਕੇ ਸੁਣਾਈ ਜਾਵੇ।
28ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਉੱਤੇ ਬਣੀ ਰਹੇ। ਆਮੀਨ।#5:28 ਕੁਝ ਹਸਤਲੇਖਾਂ ਵਿੱਚ “ਆਮੀਨ” ਨਹੀਂ ਹੈ।

Highlight

Copy

Compare

Share

None

Want to have your highlights saved across all your devices? Sign up or sign in