ਪ੍ਰਕਾਸ਼ ਪੱਤਰ 21
21
ਨਵਾਂ ਅਕਾਸ਼ ਅਤੇ ਨਵੀਂ ਧਰਤੀ
1ਤਾਂ ਮੈਂ ਵੇਖਿਆ, “ਇੱਕ ਨਵਾਂ ਸਵਰਗ ਅਤੇ ਇੱਕ ਨਵੀਂ ਧਰਤੀ,” ਕਿਉਂ ਜੋ ਪਹਿਲਾਂ ਸਵਰਗ ਅਤੇ ਪਹਿਲੀ ਧਰਤੀ ਨਾ ਰਹੀ ਅਤੇ ਨਾ ਹੀ ਕੌਈ ਸਮੁੰਦਰ ਰਿਹਾ।#21:1 ਯਸ਼ਾ 66:22 2ਅਤੇ ਉਸ ਵੇਲੇ ਮੈਂ ਪਵਿੱਤਰ ਸ਼ਹਿਰ ਯੇਰੂਸ਼ਲੇਮ ਨੂੰ, ਪਰਮੇਸ਼ਵਰ ਦੇ ਕੋਲੋ ਸਵਰਗ ਵਿੱਚੋਂ ਉੱਤਰਦਾ ਹੋਇਆ ਵੇਖਿਆ, ਉਹ ਇਸ ਤਰ੍ਹਾਂ ਤਿਆਰ ਕੀਤੀ ਹੋਈ ਸੀ, ਜਿਵੇਂ ਲਾੜੀ ਆਪਣੇ ਲਾੜੇ ਲਈ ਸ਼ਿੰਗਾਰੀ ਹੋਈ ਹੋਵੇ। 3ਅਤੇ ਸਿੰਘਾਸਣ ਤੋਂ ਇੱਕ ਉੱਚੀ ਆਵਾਜ਼ ਇਹ ਆਖਦੀ ਹੋਈ ਸੁਣੀ, “ਵੇਖੋ! ਪਰਮੇਸ਼ਵਰ ਦੇ ਰਹਿਣ ਦੀ ਜਗ੍ਹਾ ਹੁਣ ਲੋਕਾਂ ਦੇ ਵਿੱਚਕਾਰ ਹੈ, ਅਤੇ ਪਰਮੇਸ਼ਵਰ ਉਹਨਾਂ ਦੇ ਨਾਲ ਰਹਿਣਗੇ। ਅਤੇ ਉਹ ਪਰਮੇਸ਼ਵਰ ਦੇ ਲੋਕ ਹੋਣਗੇ, ਅਤੇ ਪਰਮੇਸ਼ਵਰ ਆਪ ਉਹਨਾਂ ਦਾ ਪਰਮੇਸ਼ਵਰ ਹੋ ਕੇ ਉਹਨਾਂ ਦੇ ਨਾਲ ਰਹੇਗਾ।#21:3 ਲੇਵਿ 26:11-12; ਹਿਜ਼ 37:27 4ਅਤੇ ਉਹ ਉਹਨਾਂ ਦੀਆਂ ਅੱਖਾਂ ਵਿੱਚੋਂ ਸਾਰੇ ਹੰਝੂਆਂ ਨੂੰ ਸਾਫ਼ ਕਰੇਗਾ। ਅਤੇ ਅਗਾਹਾਂ ਨੂੰ ਮੌਤ ਨਾ ਹੋਵੇਗੀ ਅਤੇ ਨਾ ਸੋਗ ਨਾ ਰੋਣਾ ਨਾ ਦੁੱਖ ਹੋਵੇਗਾ, ਕਿਉਂਕਿ ਪੁਰਾਣੀਆਂ ਗੱਲਾਂ ਹੁਣ ਜਾਂਦੀਆਂ ਰਹੀਆਂ ਹਨ।”#21:4 ਯਸ਼ਾ 25:8
5ਪਰਮੇਸ਼ਵਰ ਜਿਹੜੇ ਸਿੰਘਾਸਣ ਤੇ ਬਿਰਾਜਮਾਨ ਹਨ ਬੋਲੇ, “ਵੇਖੋ, ਮੈਂ ਸਭ ਕੁਝ ਨਵਾਂ ਬਣਾ ਰਿਹਾ ਹਾਂ!” ਤਦ ਉਹਨਾਂ ਨੇ ਬੋਲਿਆਂ, “ਲਿਖ, ਕਿਉਂ ਜੋ ਇਹ ਸ਼ਬਦ ਵਿਸ਼ਵਾਸਯੋਗ ਅਤੇ ਸੱਚੇ ਹਨ।”#21:5 ਯਸ਼ਾ 42:9
6ਉਹਨਾਂ ਨੇ ਮੈਨੂੰ ਆਖਿਆ: “ਪੂਰਾ ਹੋਇਆ। ਮੈਂ ਅਲਫਾ ਅਤੇ ਓਮੇਗਾ ਹਾਂ, ਸ਼ੁਰੂਆਤ ਅਤੇ ਅੰਤ ਹਾਂ। ਮੈਂ ਪਿਆਸੇ ਨੂੰ ਜੀਵਨ ਜਲ ਦੇ ਸੋਤੇ ਵਿੱਚੋਂ ਮੁਫ਼ਤ ਪਿਆਵਾਂਗਾ। 7ਜਿਹੜਾ ਜਿੱਤਣ ਵਾਲਾ ਹੈ ਉਹ ਇਨ੍ਹਾਂ ਪਦਾਰਥਾਂ ਦਾ ਅਧਿਕਾਰੀ ਹੋਵੇਗਾ, ਅਤੇ ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ ਅਤੇ ਉਹ ਮੇਰੇ ਬੱਚੇ ਹੋਣਗੇ। 8ਪਰ ਡਰਾਕਲਾਂ, ਅਤੇ ਅਵਿਸ਼ਵਾਸੀਆਂ, ਘਿਣਾਉਣਿਆਂ, ਖੂਨੀਆਂ, ਹਰਾਮਕਾਰਾਂ, ਅਤੇ ਜਾਦੂਗਰਾਂ, ਮੂਰਤੀ ਪੂਜਕਾਂ ਅਤੇ ਸਾਰਿਆਂ ਝੂਠਿਆਂ ਦੀ ਜਗ੍ਹਾ ਉਸ ਝੀਲ ਵਿੱਚ ਹੋਵੇਗੀ, ਜਿਹੜੀ ਅੱਗ ਅਤੇ ਗੰਧਕ ਨਾਲ ਬਲਦੀ ਹੈ! ਇਹ ਦੂਸਰੀ ਮੌਤ ਹੈ।”#21:8 ਅਫ਼ 5:5; 1 ਕੁਰਿੰ 6:9-10
ਨਵਾਂ ਯੇਰੂਸ਼ਲੇਮ ਅਤੇ ਲੇਲੇ ਦੀ ਲਾੜੀ
9ਇਸ ਤੋਂ ਬਾਅਦ ਸੱਤ ਸਵਰਗਦੂਤਾਂ ਵਿੱਚੋਂ ਜਿਨ੍ਹਾਂ ਕੋਲ ਸੱਤ ਕਟੋਰੇ ਸਨ ਅਤੇ ਜਿਹੜੇ ਸੱਤਾਂ ਮਹਾਂਮਾਰੀਆਂ ਨਾਲ ਭਰੇ ਹੋਏ ਸਨ ਉਹਨਾਂ ਵਿੱਚੋਂ ਇੱਕ ਨੇ ਮੇਰੇ ਕੋਲ ਆ ਕੇ ਮੈਨੂੰ ਕਿਹਾ, “ਆ, ਮੈਂ ਤੈਨੂੰ ਲਾੜੀ ਵਿਖਾਵਾਂ ਜਿਹੜੀ ਲੇਲੇ ਦੀ ਪਤਨੀ ਹੈ।” 10ਤਾਂ ਉਹ ਮੈਨੂੰ ਪਰਮੇਸ਼ਵਰ ਦੇ ਆਤਮਾ ਵਿੱਚ ਇੱਕ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ, ਅਤੇ ਉਸ ਨੇ ਮੈਨੂੰ ਪਵਿੱਤਰ ਸ਼ਹਿਰ ਯੇਰੂਸ਼ਲੇਮ ਜੋ ਪਰਮੇਸ਼ਵਰ ਕੋਲੋਂ ਸਵਰਗ ਤੋਂ ਉੱਤਰਦਾ ਹੈ ਵਿਖਾਇਆ, ਜਿਸ ਦੇ ਵਿੱਚ ਪਰਮੇਸ਼ਵਰ ਦਾ ਤੇਜ ਸੀ। 11ਇਹ ਪਰਮੇਸ਼ਵਰ ਦੀ ਮਹਿਮਾ ਨਾਲ ਚਮਕਦਾ, ਅਤੇ ਇਸ ਦੀ ਚਮਕ ਬਹੁਤ ਕੀਮਤੀ ਗਹਿਣਿਆਂ ਵਰਗੀ ਸੀ, ਜਿਵੇਂ ਬਲੌਰ ਅਤੇ ਪੁਖਰਾਜ ਪੱਥਰ ਹੋਵੇ। 12ਉਸ ਸ਼ਹਿਰ ਦੇ ਚਾਰੇ ਪਾਸੇ ਇੱਕ ਵੱਡੀ ਦੀਵਾਰ ਸੀ, ਅਤੇ ਬਾਰ੍ਹਾ ਦਰਵਾਜ਼ੇ ਸਨ ਅਤੇ ਉਹਨਾਂ ਦਰਵਾਜ਼ਿਆਂ ਉੱਤੇ ਬਾਰ੍ਹਾ ਸਵਰਗਦੂਤ ਪਹਿਰਾ ਦਿੰਦੇ ਸਨ। ਉਹਨਾਂ ਦਰਵਾਜ਼ਿਆਂ ਉੱਤੇ ਇਸਰਾਏਲ ਦੇ ਬਾਰ੍ਹਾ ਗੋਤਾ ਦੇ ਨਾਮ ਲਿਖੇ ਹੋਏ ਸਨ। 13ਪੂਰਬ ਵੱਲ ਤਿੰਨ ਦਰਵਾਜ਼ੇ ਅਤੇ ਪੱਛਮ ਵੱਲ ਤਿੰਨ ਦਰਵਾਜ਼ੇ ਦੱਖਣ ਵੱਲ ਅਤੇ ਉੱਤਰ ਵੱਲ ਵੀ ਤਿੰਨ ਦਰਵਾਜ਼ੇ ਸਨ। 14ਸ਼ਹਿਰ ਦੀਆਂ ਦੀਵਾਰਾ ਦੇ ਬਾਰ੍ਹਾ ਨੀਂਹ ਪੱਥਰ ਸਨ, ਅਤੇ ਉਹਨਾਂ ਉੱਤੇ ਲੇਲੇ ਦੇ ਬਾਰਾਂ ਰਸੂਲਾਂ ਦੇ ਨਾਮ ਲਿਖੇ ਹੋਏ ਸਨ।
15ਜਿਹੜਾ ਸਵਰਗਦੂਤ ਮੇਰੇ ਨਾਲ ਗੱਲਾਂ ਕਰਦਾ ਸੀ ਉਸ ਕੋਲ ਸ਼ਹਿਰ ਦੇ ਫਾਟਕ, ਅਤੇ ਉਸ ਦੀਆਂ ਦੀਵਾਰਾ ਮਾਪਣ ਦੇ ਲਈ, ਸੋਨੇ ਦਾ ਇੱਕ ਮਾਪਣ ਵਾਲਾ ਡੰਡਾ ਸੀ।#21:15 ਜ਼ਕ 2:1 16ਅਤੇ ਉਹ ਸ਼ਹਿਰ ਵਰਗਕਾਰ ਸੀ, ਜਿੰਨੀ ਹੀ ਉਸ ਦੀ ਲੰਬਾਈ ਓਨੀ ਉਸ ਦੀ ਚੌੜਾਈ ਸੀ। ਅਤੇ ਉਸ ਨੇ ਸ਼ਹਿਰ ਨੂੰ ਡੰਡੇ ਨਾਲ ਮਾਪਿਆ ਅਤੇ ਉਹ 2,400 ਕਿਲੋਮੀਟਰ ਲੰਬਾ ਸੀ, ਉਸ ਦੀ ਲੰਬਾਈ ਅਤੇ ਚੌੜਾਈ ਅਤੇ ਉਚਾਈ ਬਰਾਬਰ ਸੀ। 17ਅਤੇ ਸਵਰਗਦੂਤ ਨੇ ਉਸ ਦੀ ਦੀਵਾਰ ਵੀ ਮਾਪੀ, ਉਹ ਮਨੁੱਖਾਂ ਦੇ ਨਾਪ ਦੇ ਅਨੁਸਾਰ, ਇੱਕ ਸੌ ਚੁਤਾਲੀ ਹੱਥ ਨਿੱਕਲੀ। ਇਹੀ ਮਾਪ ਸਵਰਗਦੂਤ ਦਾ ਸੀ। 18ਅਤੇ ਉਸ ਦੀਆ ਦੀਵਾਰਾ ਯਸ਼ਬ ਦੀਆਂ ਬਣੀਆਂ ਹੋਈਆ ਸਨ, ਅਤੇ ਉਹ ਸ਼ਹਿਰ ਸਾਫ਼ ਸੀਸ਼ੇ ਅਤੇ ਸ਼ੁੱਧ ਸੋਨੇ ਦਾ ਬਣਿਆ ਹੋਇਆ ਸੀ। 19ਅਤੇ ਉਸ ਸ਼ਹਿਰ ਦੀਆ ਦੀਵਾਰਾ ਹਰ ਪ੍ਰਕਾਰ ਦੀਆਂ ਵਧੀਆ ਅਤੇ ਕੀਮਤੀ ਪੱਥਰਾਂ ਨਾਲ ਸ਼ਿੰਗਾਰੀਆਂ ਹੋਈਆ ਸਨ। ਪਹਿਲੀ ਨੀਂਹ ਯਸ਼ਬ ਦੀ ਸੀ, ਦੂਸਰੀ ਨੀਲਮ ਦੀ, ਤੀਸਰੀ ਸੁਲੇਮਾਨੀ ਪੱਥਰ ਦੀ, ਚੌਥੀ ਪੰਨੇ ਦੀ,#21:19 ਯਸ਼ਾ 54:11-12 20ਪੰਜਵੀਂ ਸੁਲੇਮਾਨੀ ਸੰਗਮਰਮਰ, ਛੇਵਾਂ ਅਕੀਕ ਦੀ, ਸੱਤਵੀਂ ਜ਼ਬਰਜਦ ਦੀ, ਅੱਠਵੀਂ ਬੈਰੂਜ ਦੀ, ਨੌਵੀ ਸੁਨਹਿਲੇ ਦੀ, ਦਸਵੀਂ ਹਰੇ ਅਕੀਕ ਦੀ, ਗਿਆਰ੍ਹਵੀਂ ਜ਼ਰਕਨ ਦੀ, ਬਾਰ੍ਹਵੀਂ ਕਟਹਲੇ ਦੀ। 21ਅਤੇ ਬਾਰਾਂ ਦਰਵਾਜ਼ੇ ਬਾਰਾਂ ਮੋਤੀ ਸਨ, ਅਤੇ ਹਰ ਇੱਕ ਦਰਵਾਜ਼ਾ ਇੱਕ-ਇੱਕ ਮੋਤੀ ਦਾ ਸੀ। ਅਤੇ ਉਸ ਸ਼ਹਿਰ ਦੇ ਰਾਸਤੇ ਸੋਨੇ ਅਤੇ ਨਿਰਮਲ ਸ਼ੀਸ਼ੇ ਦੇ ਬਣੇ ਹੋਏ ਸਨ।
22ਅਤੇ ਮੈਂ ਉਸ ਸ਼ਹਿਰ ਵਿੱਚ ਹੈਕਲ#21:22 ਹੈਕਲ ਯਹੂਦਿਆਂ ਦਾ ਮੰਦਰ ਨਹੀਂ ਵੇਖੀ, ਕਿਉਂਕਿ ਪ੍ਰਭੂ ਪਰਮੇਸ਼ਵਰ ਸਰਵ ਸ਼ਕਤੀਮਾਨ ਅਤੇ ਲੇਲਾ ਉਸ ਦੀ ਹੈਕਲ ਹੈ। 23ਅਤੇ ਉਸ ਸ਼ਹਿਰ ਨੂੰ ਸੂਰਜ ਅਤੇ ਚੰਦਰਮਾ ਦੀ ਕੋਈ ਲੋੜ ਨਹੀਂ ਹੈ ਕਿ ਉਸ ਉੱਤੇ ਚਮਕਣ, ਕਿਉਂਕਿ ਪਰਮੇਸ਼ਵਰ ਦੀ ਮਹਿਮਾ ਨੇ ਇਸ ਨੂੰ ਚਾਨਣ ਕੀਤਾ, ਅਤੇ ਲੇਲਾ ਉਸ ਦਾ ਦੀਪ ਹੈ।#21:23 ਯਸ਼ਾ 60:19 24ਰਾਸ਼ਟਰ ਉਸ ਦੀ ਰੌਸ਼ਨੀ ਵਿੱਚ ਚੱਲਣਗੇ, ਅਤੇ ਧਰਤੀ ਦੇ ਰਾਜੇ ਆਪਣੀ ਸ਼ਾਨ ਨੂੰ ਇਸ ਵਿੱਚ ਲਿਆਉਣਗੇ। 25ਉਸ ਦੇ ਦਰਵਾਜ਼ੇ ਕਦੇ ਬੰਦ ਨਾ ਹੋਣਗੇ, ਅਤੇ ਉੱਥੇ ਕਦੇ ਰਾਤ ਨਾ ਹੋਵੇਗੀ।#21:25 ਯਸ਼ਾ 60:11; ਜ਼ਕ 14:7 26ਅਤੇ ਉਹ ਰਾਸ਼ਟਰਾ ਦਾ ਪ੍ਰਤਾਪ ਅਤੇ ਮਾਣ ਉਸ ਵਿੱਚ ਲਿਆਉਣਗੇ। 27ਕੋਈ ਵੀ ਅਸ਼ੁੱਧ ਵਸਤੂ ਜਾਂ ਘਿਣਾਉਣੇ ਕੰਮ ਕਰਨ ਵਾਲਾ ਝੂਠੇ ਕੰਮ ਕਰਨ ਵਾਲਾ ਉਸ ਵਿੱਚ ਕਦੇ ਨਾ ਵੜੇਗਾ, ਪਰ ਸਿਰਫ ਉਹ ਹੀ ਜਿਨ੍ਹਾਂ ਦੇ ਨਾਮ ਲੇਲੇ ਦੀ ਜੀਵਨ ਦੀ ਕਿਤਾਬ ਵਿੱਚ ਲਿਖੇ ਹੋਏ ਹਨ।
Currently Selected:
ਪ੍ਰਕਾਸ਼ ਪੱਤਰ 21: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.