ਪ੍ਰਕਾਸ਼ ਪੱਤਰ 12
12
ਔਰਤ ਅਤੇ ਅਜਗਰ
1ਸਵਰਗ ਵਿੱਚ ਇੱਕ ਮਹਾਨ ਨਿਸ਼ਾਨੀ ਪ੍ਰਗਟ ਹੋਈ: ਇੱਕ ਔਰਤ ਜਿਸ ਦੇ ਕੱਪੜੇ ਸੂਰਜ ਸੀ, ਉਸ ਦੇ ਪੈਰਾਂ ਹੇਠ ਚੰਦਰਮਾ ਸੀ ਅਤੇ ਉਸਦੇ ਸਿਰ ਤੇ ਬਾਰਾਂ ਤਾਰਿਆਂ ਦਾ ਮੁਕਟ ਸੀ। 2ਉਹ ਔਰਤ ਗਰਭਵਤੀ ਸੀ ਅਤੇ ਦਰਦ ਨਾਲ ਚੀਕ ਰਹੀ ਸੀ ਕਿਉਂਕਿ ਉਹ ਜਨਮ ਦੇਣ ਵਾਲੀ ਸੀ। 3ਫਿਰ ਇੱਕ ਹੋਰ ਨਿਸ਼ਾਨ ਸਵਰਗ ਵਿੱਚ ਪ੍ਰਗਟ ਹੋਇਆ: ਇੱਕ ਬਹੁਤ ਵੱਡਾ ਲਾਲ ਅਜਗਰ ਜਿਸ ਦੇ ਸੱਤ ਸਿਰ ਅਤੇ ਦਸ ਸਿੰਗ ਅਤੇ ਇਸ ਦੇ ਸੱਤ ਸਿਰਾਂ ਤੇ ਸੱਤ ਮੁਕਟ ਸਨ। 4ਇਸ ਦੀ ਪੂਛ ਨੇ ਤਾਰੇ ਦਾ ਇੱਕ ਤਿਹਾਈ ਹਿੱਸਾ ਅਕਾਸ਼ ਵਿੱਚੋਂ ਡਿੱਗਾ ਕੇ ਉਹਨਾਂ ਨੂੰ ਧਰਤੀ ਉੱਤੇ ਸੁੱਟ ਦਿੱਤਾ। ਅਜਗਰ ਉਸ ਔਰਤ ਦੇ ਸਾਹਮਣੇ ਖੜ੍ਹਾ ਸੀ ਜੋ ਜਨਮ ਦੇਣ ਵਾਲੀ ਸੀ, ਤਾਂ ਜੋ ਇਹ ਉਸ ਦੇ ਬੱਚੇ ਨੂੰ ਉਸ ਦੇ ਜਨਮ ਲੈਣ ਸਾਰ ਹੀ ਖਾ ਲਵੇ। 5ਉਸ ਨੇ ਇੱਕ ਪੁੱਤਰ, ਇੱਕ ਨਰ ਬੱਚੇ ਨੂੰ ਜਨਮ ਦਿੱਤਾ, “ਜੋ ਲੋਹੇ ਦੇ ਰਾਜਡੰਡੇ ਨਾਲ ਸਾਰੀਆਂ ਕੌਮਾਂ ਉੱਤੇ ਰਾਜ ਕਰੇਗਾ।” ਅਤੇ ਉਸ ਬੱਚੇ ਨੂੰ ਤੁਰੰਤ ਹੀ ਪਰਮੇਸ਼ਵਰ ਅਤੇ ਉਹਨਾਂ ਦੇ ਸਿੰਘਾਸਣ ਦੇ ਕੋਲ ਪਹੁੰਚਾ ਦਿੱਤਾ ਗਿਆ। 6ਉਹ ਔਰਤ ਉਜਾੜ ਵਿੱਚ ਭੱਜ ਕੇ ਉਸ ਜਗ੍ਹਾ ਤੇ ਚਲੀ ਗਈ ਜੋ ਪਰਮੇਸ਼ਵਰ ਦੁਆਰਾ ਉਸ ਦੇ ਲਈ ਤਿਆਰ ਕੀਤੀ ਗਈ ਸੀ, ਜਿੱਥੇ ਉਸ ਦੀ ਇੱਕ ਹਜ਼ਾਰ ਦੋ ਸੌ ਸੱਠ ਦਿਨਾਂ ਲਈ ਦੇਖਭਾਲ ਕੀਤੀ ਜਾ ਸਕੇ।
7ਫਿਰ ਸਵਰਗ ਵਿੱਚ ਯੁੱਧ ਛਿੜ ਗਿਆ। ਮਿਕਾਏਲ ਅਤੇ ਉਸ ਦੇ ਦੂਤਾਂ ਨੇ ਅਜਗਰ ਦੇ ਵਿਰੁੱਧ ਲੜਾਈ ਕੀਤੀ, ਅਜਗਰ ਅਤੇ ਉਸ ਦੇ ਦੂਤਾਂ ਨੇ ਵਾਪਸ ਉਹਨਾਂ ਦੇ ਵਿਰੁੱਧ ਲੜਾਈ ਕੀਤੀ। 8ਪਰ ਉਹ ਇੰਨਾ ਮਜ਼ਬੂਤ ਨਹੀਂ ਸੀ ਅਤੇ ਉਹਨਾਂ ਨੇ ਸਵਰਗ ਵਿੱਚ ਆਪਣਾ ਸਥਾਨ ਗੁਆ ਦਿੱਤਾ। 9ਮਹਾਨ ਅਜਗਰ ਨੂੰ ਹੇਠਾਂ ਸੁੱਟ ਦਿੱਤਾ ਗਿਆ, ਉਹ ਪੁਰਾਣਾ ਸੱਪ ਜਿਸਨੂੰ ਦੁਸ਼ਟ ਕਿਹਾ ਜਾਂਦਾ ਹੈ, ਜਾਂ ਸ਼ੈਤਾਨ, ਜੋ ਸਾਰੀ ਦੁਨੀਆਂ ਨੂੰ ਕੁਰਾਹੇ ਪਾਉਂਦਾ ਹੈ। ਉਸਨੂੰ ਧਰਤੀ ਤੇ ਉਸਦੇ ਦੂਤਾਂ ਨਾਲ ਸੁੱਟਿਆ ਗਿਆ।#12:9 ਯੋਹ 12:31
10ਫਿਰ ਮੈਂ ਸਵਰਗ ਵਿੱਚ ਇੱਕ ਉੱਚੀ ਆਵਾਜ਼ ਨੂੰ ਇਹ ਕਹਿੰਦੇ ਸੁਣਿਆ:
“ਹੁਣ ਮੁਕਤੀ ਅਤੇ ਸ਼ਕਤੀ ਆ ਗਈ ਹੈ
ਅਤੇ ਸਾਡੇ ਪਰਮੇਸ਼ਵਰ ਦਾ ਰਾਜ,
ਅਤੇ ਉਸਦੇ ਮਸੀਹਾ ਦਾ ਅਧਿਕਾਰ।
ਸਾਡੇ ਭਰਾਵਾਂ ਅਤੇ ਭੈਣਾਂ ਦੇ ਦੋਸ਼ ਲਗਾਉਣ ਵਾਲੇ ਲਈ,
ਜੋ ਦਿਨ-ਰਾਤ ਸਾਡੇ ਪਰਮੇਸ਼ਵਰ ਅੱਗੇ ਉਹਨਾਂ ਉੱਤੇ ਦੋਸ਼ ਲਾਉਂਦੇ ਹਨ,
ਉਹਨਾਂ ਨੂੰ ਹੇਠਾਂ ਸੁੱਟ ਦਿੱਤਾ ਗਿਆ ਹੈ।
11ਉਹਨਾਂ ਨੇ ਸ਼ੈਤਾਨ ਉੱਤੇ ਜਿੱਤ ਪ੍ਰਾਪਤ ਕੀਤੀ
ਲੇਲੇ ਦੇ ਖੂਨ ਦੁਆਰਾ
ਅਤੇ ਉਹਨਾਂ ਦੀ ਗਵਾਹੀ ਦੇ ਸ਼ਬਦ ਦੁਆਰਾ;
ਜਿਵੇਂ ਕਿ ਆਖਰੀ ਸਾਹ ਤੱਕ
ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਇੰਨਾ ਪਿਆਰ ਨਹੀਂ ਕੀਤਾ।
12ਇਸ ਲਈ ਖੁਸ਼ ਹੋਵੋ, ਤੁਸੀਂ ਸਵਰਗ
ਅਤੇ ਤੁਸੀਂ ਜੋ ਉਹਨਾਂ ਵਿੱਚ ਰਹਿੰਦੇ ਹੋ!
ਪਰ ਧਰਤੀ ਅਤੇ ਸਮੁੰਦਰ ਲਈ ਅਫ਼ਸੋਸ,
ਕਿਉਂਕਿ ਦੁਸ਼ਟ ਤੁਹਾਡੇ ਵੱਲ ਉੱਤਰ ਗਿਆ ਹੈ!
ਉਹ ਗੁੱਸੇ ਨਾਲ ਭਰਿਆ ਹੋਇਆ ਹੈ,
ਕਿਉਂਕਿ ਉਹ ਜਾਣਦਾ ਹੈ ਕਿ ਉਸਦਾ ਸਮਾਂ ਘੱਟ ਹੈ।”
13ਜਦੋਂ ਅਜਗਰ ਨੇ ਵੇਖਿਆ ਕਿ ਉਸਨੂੰ ਧਰਤੀ ਉੱਤੇ ਸੁੱਟ ਦਿੱਤਾ ਗਿਆ ਹੈ, ਉਸਨੇ ਉਸ ਔਰਤ ਦਾ ਪਿੱਛਾ ਕੀਤਾ ਜਿਸਨੇ ਨਰ ਬੱਚੇ ਨੂੰ ਜਨਮ ਦਿੱਤਾ ਸੀ। 14ਔਰਤ ਨੂੰ ਇੱਕ ਮਹਾਨ ਉਕਾਬ ਦੇ ਦੋ ਖੰਭ ਦਿੱਤੇ ਗਏ ਸਨ, ਤਾਂ ਜੋ ਉਹ ਉਜਾੜ ਵਿੱਚ ਉਸ ਲਈ ਤਿਆਰ ਕੀਤੀ ਜਗ੍ਹਾ ਤੇ ਉਡਾਣ ਭਰ ਸਕੇ, ਜਿੱਥੇ ਤਕਰੀਬਨ ਸਾਢੇ ਤਿੰਨ ਸਾਲ ਉਹ ਸੱਪ ਦੀ ਪਹੁੰਚ ਤੋਂ ਬਾਹਰ, ਸਹੀ ਸਲਾਮਤ ਰਹਿ ਸਕੇ। 15ਫਿਰ ਸੱਪ ਨੇ ਆਪਣੇ ਮੂੰਹ ਵਿੱਚੋਂ ਇੱਕ ਨਦੀ ਵਾਂਗ ਪਾਣੀ ਕੱਢਿਆ, ਤਾਂ ਕਿ ਔਰਤ ਨੂੰ ਪਛਾੜਿਆ ਜਾ ਸਕੇ ਅਤੇ ਉਸ ਨੂੰ ਪਾਣੀ ਦੇ ਬਹਾਅ ਨਾਲ ਦੂਰ ਕੀਤਾ ਜਾ ਸਕੇ। 16ਪਰ ਉਸ ਔਰਤ ਦੀ ਮਦਦ ਲਈ ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਉਸ ਅਜਗਰ ਦੁਆਰਾ ਬਹਾਈ ਗਈ ਨਦੀ ਨੂੰ ਨਿਗਲ ਲਿਆ ਜੋ ਅਜਗਰ ਨੇ ਆਪਣੇ ਮੂੰਹ ਵਿੱਚੋਂ ਕੱਢੀ ਸੀ। 17ਫਿਰ ਅਜਗਰ ਔਰਤ ਉੱਤੇ ਗੁੱਸੇ ਹੋ ਗਿਆ ਅਤੇ ਉਸਦੀ ਬਾਕੀ ਔਲਾਦ ਦੇ ਵਿਰੁੱਧ ਯੁੱਧ ਛੇੜ ਦਿੱਤਾ, ਉਹ ਜੋ ਪਰਮੇਸ਼ਵਰ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹਨ ਅਤੇ ਯਿਸ਼ੂ ਬਾਰੇ ਆਪਣੀ ਗਵਾਹੀ ਨੂੰ ਪੱਕਾ ਰੱਖਦੇ ਹਨ।
Currently Selected:
ਪ੍ਰਕਾਸ਼ ਪੱਤਰ 12: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.