YouVersion Logo
Search Icon

ਓਬਦਯਾਹ 1

1
ਓਬਦਯਾਹ ਦਾ ਦਰਸ਼ਣ
1ਓਬਦਯਾਹ ਦੇ ਦੁਆਰਾ ਦੇਖਿਆ ਗਿਆ ਦਰਸ਼ਣ।
ਅਦੋਮ ਬਾਰੇ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ
ਅਸੀਂ ਯਾਹਵੇਹ ਵੱਲੋਂ ਇੱਕ ਸੰਦੇਸ਼ ਸੁਣਿਆ ਹੈ:
ਕੌਮਾਂ ਵਿੱਚ ਇੱਕ ਦੂਤ ਇਹ ਕਹਿਣ ਲਈ ਭੇਜਿਆ ਗਿਆ ਸੀ,
“ਉੱਠ, ਅਸੀਂ ਉਸ ਦੇ ਵਿਰੁੱਧ ਲੜਾਈ ਲਈ ਚੱਲੀਏ।”
2“ਵੇਖੋ, ਮੈਂ ਤੈਨੂੰ ਕੌਮਾਂ ਵਿੱਚ ਛੋਟਾ ਕਰ ਦਿਆਂਗਾ;
ਤੁਹਾਨੂੰ ਪੂਰੀ ਤਰ੍ਹਾਂ ਤੁੱਛ ਜਾਣਿਆ ਜਾਵੇਗਾ।
3ਤੇਰੇ ਮਨ ਦੇ ਹੰਕਾਰ ਨੇ ਤੈਨੂੰ ਧੋਖਾ ਦਿੱਤਾ ਹੈ,
ਤੁਸੀਂ ਜਿਹੜੇ ਚਟਾਨਾਂ ਦੇ ਫਾਟਕਾਂ ਵਿੱਚ ਵੱਸਦੇ ਹੋ,
ਅਤੇ ਉੱਚਿਆਂ ਉੱਤੇ ਆਪਣਾ ਘਰ ਬਣਾਉਂਦੇ ਹੋ,
ਤੂੰ ਜੋ ਆਪਣੇ ਆਪ ਨੂੰ ਆਖਦਾ ਹੈ,
‘ਕੌਣ ਮੈਨੂੰ ਜ਼ਮੀਨ ਉੱਤੇ ਉਤਾਰ ਸਕਦਾ ਹੈ?’
4ਭਾਵੇਂ ਤੂੰ ਉਕਾਬ ਵਾਂਗ ਉੱਚਾ ਉੱਡ ਜਾਵੇ,
ਅਤੇ ਤਾਰਿਆਂ ਵਿੱਚ ਤੇਰਾ ਆਲ੍ਹਣਾ ਬਣਿਆ ਹੋਵੇ,
ਉੱਥੋਂ ਵੀ ਮੈਂ ਤੈਨੂੰ ਹੇਠਾਂ ਲਾਹ ਲਵਾਂਗਾ,”
ਯਾਹਵੇਹ ਦਾ ਵਾਕ ਹੈ।
5“ਜੇ ਚੋਰ ਤੇਰੇ ਕੋਲ ਆਉਣ,
ਅਤੇ ਲੁਟੇਰੇ ਰਾਤ ਨੂੰ ਆਉਣ।
ਅਤੇ ਉਹ ਤਬਾਹ ਕਰਨਗੇ!
ਕੀ ਉਹ ਆਪਣੀ ਲੋੜ ਪੂਰੀ ਕਰਨ ਲਈ ਹੀ ਨਹੀਂ ਲੁੱਟਣਗੇ?
ਜੇਕਰ ਅੰਗੂਰ ਤੋੜਨ ਵਾਲੇ ਤੇਰੇ ਕੋਲ ਆਉਣ,
ਕੀ ਉਹ ਕੁਝ ਅੰਗੂਰ ਨਹੀਂ ਛੱਡਣਗੇ
6ਪਰ ਏਸਾਓ ਦਾ ਮਾਲ ਕਿਵੇਂ ਭਾਲ ਕੇ ਲੁੱਟਿਆ ਗਿਆ ਹੈ
ਅਤੇ ਉਹ ਦਾ ਦੱਬਿਆ ਹੋਇਆ ਖ਼ਜ਼ਾਨਾ ਕਿਵੇਂ ਖੋਜ ਕਰਕੇ ਕੱਢਿਆ ਗਿਆ ਹੈ!
7ਤੇਰੇ ਸਾਰੇ ਸਹਿਯੋਗੀ ਤੁਹਾਨੂੰ ਸਰਹੱਦ ਤੇ ਲੈ ਜਾਣਗੇ;
ਤੇਰੇ ਦੋਸਤ ਤੈਨੂੰ ਧੋਖਾ ਦੇਣਗੇ ਅਤੇ ਤੈਨੂੰ ਭਾਰੀ ਹੋ ਜਾਣਗੇ;
ਜਿਹੜੇ ਤੇਰੀ ਰੋਟੀ ਖਾਂਦੇ ਹਨ, ਉਹ ਤੇਰੇ ਲਈ ਇੱਕ ਜਾਲ ਵਿਛਾਉਣਗੇ,
ਪਰ ਉਸ ਦੇ ਵਿੱਚ ਕੋਈ ਸਮਝ ਨਹੀਂ ਹੈ।”
8ਯਾਹਵੇਹ ਦਾ ਵਾਕ ਹੈ, “ਉਸ ਦਿਨ,”
“ਅਦੋਮ ਵਿੱਚੋਂ ਬੁੱਧਵਾਨਾਂ ਨੂੰ
ਅਤੇ ਸਮਝ ਨੂੰ ਏਸਾਓ ਦੇ ਪਰਬਤ ਵਿੱਚੋਂ ਮਿਟਾ ਨਾ ਦਿਆਂਗਾ?
9ਹੇ ਤੇਮਾਨ ਸ਼ਹਿਰ, ਤੇਰੇ ਸੂਰਮੇ ਘਬਰਾ ਜਾਣਗੇ,
ਇੱਥੋਂ ਤੱਕ ਕਿ ਏਸਾਓ ਦੇ ਪਰਬਤ ਵਿੱਚੋਂ
ਹਰੇਕ ਮਨੁੱਖ ਕਤਲ ਹੋ ਕੇ ਵੱਢਿਆ ਜਾਵੇਗਾ।
10ਤੇਰੇ ਜ਼ੁਲਮ ਦੇ ਕਾਰਨ ਜਿਹੜਾ ਤੂੰ ਆਪਣੇ ਭਰਾ ਯਾਕੋਬ ਨਾਲ ਕੀਤਾ,
ਤੂੰ ਸ਼ਰਮ ਨਾਲ ਢੱਕ ਜਾਵੇਂਗਾ।
ਤੂੰ ਸਦਾ ਲਈ ਤਬਾਹ ਹੋ ਜਾਵੇਗਾ।
11ਜਿਸ ਦਿਨ ਤੂੰ ਦੂਰ ਖੜ੍ਹਾ ਸੀ
ਜਦੋਂ ਪਰਦੇਸੀਆਂ ਨੇ ਉਸ ਦੀ ਦੌਲਤ ਲੁੱਟ ਲਈ ਸੀ
ਅਤੇ ਪਰਦੇਸੀ ਉਸ ਦੇ ਦਰਵਾਜ਼ਿਆਂ ਰਾਹੀ ਅੰਦਰ ਵੜ ਕੇ
ਯੇਰੂਸ਼ਲੇਮ ਲਈ ਗੁਣੇ ਪਾਉਂਣ ਲੱਗੇ,
ਤੁਸੀਂ ਉਨ੍ਹਾਂ ਵਿੱਚੋਂ ਇੱਕ ਸੀ।
12ਪਰ ਤੇਰੇ ਲਈ ਇਹ ਠੀਕ ਨਹੀਂ ਸੀ
ਕਿ ਤੂੰ ਆਪਣੇ ਭਰਾ ਨੂੰ ਉਸ ਦੀ ਹਾਨੀ ਦੇ ਦਿਨ ਵੇਖਦਾ ਰਹਿੰਦਾ!
ਤੈਨੂੰ ਯਹੂਦੀਆਂ ਦੀ ਅੰਸ ਦੇ ਨਾਸ ਹੋਣ ਦੇ ਦਿਨ ਅਨੰਦ ਨਹੀਂ ਸੀ ਹੋਣਾ ਚਾਹੀਦਾ,
ਅਤੇ ਤੈਨੂੰ ਉਨ੍ਹਾਂ ਦੇ ਦੁੱਖ ਦੇ ਦਿਨ ਵੱਡੇ ਬੋਲ ਨਹੀਂ ਬੋਲਣੇ ਚਾਹੀਦੇ ਸਨ।
13ਤੈਨੂੰ ਮੇਰੀ ਪਰਜਾ ਦੀ ਬਿਪਤਾ ਦੇ ਦਿਨ,
ਉਨ੍ਹਾਂ ਦੇ ਫਾਟਕਾਂ ਵਿੱਚ ਨਹੀਂ ਸੀ ਵੜਨਾ ਚਾਹੀਦਾ!
ਤੈਨੂੰ ਉਨ੍ਹਾਂ ਦੀ ਬਿਪਤਾ ਦੇ ਦਿਨ,
ਉਨ੍ਹਾਂ ਦੇ ਕਲੇਸ਼ ਵੱਲ ਨਹੀਂ ਸੀ ਤੱਕਣਾ ਚਾਹੀਦਾ!
14ਤੈਨੂੰ ਚੁਰਾਹਿਆਂ ਉੱਤੇ ਖੜ੍ਹੇ ਨਹੀਂ ਹੋਣਾ ਚਾਹੀਦਾ ਸੀ
ਕਿ ਉਸ ਦੇ ਭੱਜਣ ਵਾਲਿਆਂ ਨੂੰ ਮਾਰੇਂ
ਅਤੇ ਸੰਕਟ ਦੇ ਦਿਨ ਉਸ ਦੇ ਬਚੇ ਹੋਇਆਂ
ਨੂੰ ਫੜਾਉਣਾ ਨਹੀਂ ਸੀ ਚਾਹੀਦਾ।
15“ਯਾਹਵੇਹ ਦਾ ਦਿਨ
ਸਾਰੀਆਂ ਕੌਮਾਂ ਲਈ ਨੇੜੇ ਹੈ।
ਜਿਵੇਂ ਤੂੰ ਕੀਤਾ, ਉਸੇ ਤਰ੍ਹਾਂ ਹੀ ਤੇਰੇ ਨਾਲ ਕੀਤਾ ਜਾਵੇਗਾ,
ਤੇਰੀ ਕਰਨੀ ਮੁੜ ਕੇ ਤੇਰੇ ਸਿਰ ਪਵੇਗੀ।
16ਜਿਵੇਂ ਤੂੰ ਮੇਰੇ ਪਵਿੱਤਰ ਪਹਾੜ ਉੱਤੇ ਕ੍ਰੋਧ ਦਾ ਪਿਆਲਾ ਪੀਤਾ ਸੀ,
ਉਸੇ ਤਰ੍ਹਾਂ ਸਾਰੀਆਂ ਕੌਮਾਂ ਪੀਂਦੀਆਂ ਰਹਿਣਗੀਆਂ।
ਉਹ ਪੀਣਗੇ ਅਤੇ ਪੀਦੇਂ ਰਹਿਣਗੇ
ਅਤੇ ਇਸ ਤਰ੍ਹਾਂ ਹੋਣਗੇ ਜਿਵੇਂ ਉਹ ਕਦੇ ਹੁੰਦੇ ਹੀ ਨਹੀਂ ਸਨ।
17ਪਰ ਸੀਯੋਨ ਪਰਬਤ ਉੱਤੇ ਛੁਟਕਾਰਾ ਹੋਵੇਗਾ।
ਇਹ ਪਵਿੱਤਰ ਹੋਵੇਗਾ,
ਅਤੇ ਯਾਕੋਬ ਆਪਣੀ ਵਿਰਾਸਤ ਦਾ ਮਾਲਕ ਹੋਵੇਗਾ।
18ਯਾਕੋਬ ਦਾ ਘਰਾਣਾ ਅੱਗ
ਅਤੇ ਯੋਸੇਫ਼ ਇੱਕ ਅੱਗ ਦਾ ਲੰਬੋ ਹੋਵੇਗਾ।
ਏਸਾਓ ਦਾ ਘਰਾਣਾ ਤੂੜੀ ਵਾਂਗ ਹੋਵੇਗਾ,
ਅਤੇ ਉਹ ਉਸ ਨੂੰ ਅੱਗ ਲਾ ਕੇ ਤਬਾਹ ਕਰ ਦੇਣਗੇ।
ਏਸਾਓ ਤੋਂ ਕੋਈ ਨਹੀਂ ਬਚੇਗਾ।
ਯਾਹਵੇਹ ਨੇ ਬੋਲਿਆ ਹੈ।”
19ਨੇਗੇਵ ਦੇ ਲੋਕ ਏਸਾਓ ਦੇ
ਪਹਾੜਾਂ ਉੱਤੇ ਕਬਜ਼ਾ ਕਰ ਲੈਣਗੇ,
ਅਤੇ ਪਹਾੜੀ ਲੋਕ,
ਫ਼ਲਿਸਤੀਆਂ ਦੀ ਧਰਤੀ ਉੱਤੇ ਕਬਜ਼ਾ ਕਰਨਗੇ।
ਉਹ ਇਫ਼ਰਾਈਮ ਅਤੇ ਸਾਮਰਿਯਾ ਦੇ ਖੇਤਾਂ ਉੱਤੇ ਕਬਜ਼ਾ ਕਰਨਗੇ,
ਅਤੇ ਬਿਨਯਾਮੀਨ ਗਿਲਆਦ ਉੱਤੇ ਕਬਜ਼ਾ ਕਰ ਲੈਣਗੇ।
20ਇਸਰਾਏਲ ਦੇ ਗ਼ੁਲਾਮਾਂ ਵਿੱਚੋਂ ਉਹ ਜੋ ਕਨਾਨ ਵਿੱਚ ਹਨ
ਸਾਰਫਥ ਤੱਕ ਦੇਸ਼ ਉੱਤੇ ਕਬਜ਼ਾ ਕਰੇਗੀ।
ਅਤੇ ਯੇਰੂਸ਼ਲੇਮ ਦੇ ਗੁਲਾਮ ਜਿਹੜੇ ਸਾਰਫਥ ਦੇਸ਼ ਵਿੱਚ ਰਹਿੰਦੇ ਹਨ,
ਉਹ ਦੱਖਣ ਦੇ ਸ਼ਹਿਰ ਵਿੱਚ ਕਬਜ਼ਾ ਕਰਨਗੇ।
21ਬਚਾਉਣ ਵਾਲੇ ਸੀਯੋਨ ਪਰਬਤ ਉੱਤੇ ਜਾਣਗੇ,
ਤਾਂ ਜੋ ਉਹ ਏਸਾਓ ਦੇ ਪਰਬਤ ਦਾ ਨਿਆਂ ਕਰਨ
ਅਤੇ ਰਾਜ ਯਾਹਵੇਹ ਦਾ ਹੋਵੇਗਾ।

Currently Selected:

ਓਬਦਯਾਹ 1: PCB

Highlight

Share

Copy

None

Want to have your highlights saved across all your devices? Sign up or sign in