9
ਇਸਰਾਏਲ ਦਾ ਨਾਸ਼
1ਮੈਂ ਯਾਹਵੇਹ ਨੂੰ ਜਗਵੇਦੀ ਕੋਲ ਖਲੋਤਾ ਵੇਖਿਆ ਅਤੇ ਉਸ ਨੇ ਆਖਿਆ,
ਥੰਮ੍ਹਾਂ ਦੇ ਸਿਰਿਆਂ ਨੂੰ ਮਾਰ
ਤਾਂ ਜੋ ਥੰਮ੍ਹ ਹਿੱਲ ਜਾਣ।
ਉਨ੍ਹਾਂ ਨੂੰ ਸਾਰੇ ਲੋਕਾਂ ਦੇ ਸਿਰਾਂ ਉੱਤੇ ਹੇਠਾਂ ਲਿਆਓ;
ਜਿਹੜੇ ਬਚੇ ਹਨ ਮੈਂ ਤਲਵਾਰ ਨਾਲ ਮਾਰਾਂਗਾ।
ਉਨ੍ਹਾਂ ਵਿੱਚੋਂ ਕੋਈ ਵੀ ਭੱਜ ਨਾ ਸਕੇਗਾ
ਅਤੇ ਕੋਈ ਵੀ ਨਾ ਬਚੇਗਾ।
2ਭਾਵੇਂ ਉਹ ਹੇਠਾਂ ਡੂੰਘਾਈ ਤੱਕ ਖੁਦਾਈ ਕਰ ਲੈਣ,
ਉੱਥੋਂ ਵੀ ਮੇਰਾ ਹੱਥ ਉਨ੍ਹਾਂ ਨੂੰ ਫੜ ਲਵੇਗਾ।
ਭਾਵੇਂ ਉਹ ਉੱਪਰ ਅਕਾਸ਼ ਨੂੰ ਚੜ੍ਹਨ,
ਉੱਥੋਂ ਮੈਂ ਉਨ੍ਹਾਂ ਨੂੰ ਹੇਠਾਂ ਲਿਆਵਾਂਗਾ।
3ਭਾਵੇਂ ਉਹ ਆਪਣੇ ਆਪ ਨੂੰ ਕਰਮਲ ਦੀ ਸਿਖਰ ਉੱਤੇ ਛੁਪਾ ਲੈਣ,
ਉੱਥੇ ਵੀ ਮੈਂ ਉਨ੍ਹਾਂ ਨੂੰ ਲੱਭ ਕੇ ਉਨ੍ਹਾਂ ਨੂੰ ਫੜ ਲਵਾਂਗਾ।
ਭਾਵੇਂ ਉਹ ਮੇਰੀ ਨਜ਼ਰ ਤੋਂ ਸਮੁੰਦਰ ਦੇ ਥੱਲੇ ਲੁੱਕ ਜਾਣ,
ਉੱਥੇ ਵੀ ਮੈਂ ਸੱਪ ਨੂੰ ਉਨ੍ਹਾਂ ਨੂੰ ਡੱਸਣ ਦਾ ਹੁਕਮ ਦਿਆਂਗਾ।
4ਭਾਵੇਂ ਉਨ੍ਹਾਂ ਨੂੰ ਉਨ੍ਹਾਂ ਦੇ ਵੈਰੀਆਂ ਨੇ ਗ਼ੁਲਾਮੀ ਵਿੱਚ ਸੁੱਟ ਦਿੱਤਾ ਹੋਵੇ,
ਉੱਥੇ ਮੈਂ ਉਨ੍ਹਾਂ ਨੂੰ ਮਾਰਨ ਲਈ ਤਲਵਾਰ ਨੂੰ ਹੁਕਮ ਦਿਆਂਗਾ।
“ਮੈਂ ਆਪਣੀਆਂ ਅੱਖਾਂ ਨੂੰ ਉਨ੍ਹਾਂ ਉੱਤੇ ਰੱਖਾਗਾ
ਭਲਿਆਈ ਲਈ ਨਹੀਂ ਸਗੋਂ ਬੁਰਿਆਈ ਲਈ।”
5ਪ੍ਰਭੂ ਸਰਬਸ਼ਕਤੀਮਾਨ ਯਾਹਵੇਹ
ਉਹ ਧਰਤੀ ਨੂੰ ਛੂਹਦਾ ਹੈ ਅਤੇ ਇਹ ਪਿਘਲ ਜਾਂਦੀ ਹੈ,
ਅਤੇ ਉਸ ਵਿੱਚ ਰਹਿਣ ਵਾਲੇ ਸਾਰੇ ਸੋਗ ਕਰਦੇ ਹਨ;
ਸਾਰੀ ਧਰਤੀ ਨੀਲ ਨਦੀ ਵਾਂਗ ਚੜ੍ਹਦੀ ਹੈ,
ਫਿਰ ਮਿਸਰ ਦੀ ਨਦੀ ਵਾਂਗ ਡੁੱਬ ਜਾਂਦੀ ਹੈ;
6ਉਹ ਅਕਾਸ਼ ਵਿੱਚ ਆਪਣਾ ਉੱਚਾ ਮਹਿਲ ਬਣਾਉਂਦਾ ਹੈ
ਅਤੇ ਧਰਤੀ ਉੱਤੇ ਉਸ ਦੀ ਨੀਂਹ ਰੱਖਦਾ ਹੈ।
ਉਹ ਸਮੁੰਦਰ ਦੇ ਪਾਣੀਆਂ ਨੂੰ ਪੁਕਾਰਦਾ ਹੈ
ਅਤੇ ਉਨ੍ਹਾਂ ਨੂੰ ਧਰਤੀ ਦੇ ਮੂੰਹ ਉੱਤੇ ਡੋਲ੍ਹਦਾ ਹੈ
ਉਸਦਾ ਨਾਮ ਯਾਹਵੇਹ ਹੈ।
7“ਹੇ ਇਸਰਾਏਲੀਉ
ਕੀ ਤੁਸੀਂ ਮੇਰੇ ਲਈ ਕੂਸ਼ੀਆਂ#9:7 ਕੂਸ਼ੀਆਂ ਅਰਥਾਤ ਨੀਲ ਨਦੀ ਦੇ ਉੱਪਰਲੇ ਖੇਤਰ ਦੇ ਲੋਕ। ਵਾਂਗ ਨਹੀਂ?”
ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
“ਕੀ ਮੈਂ ਇਸਰਾਏਲ ਨੂੰ ਮਿਸਰ ਵਿੱਚੋਂ,
ਫ਼ਲਿਸਤੀਆਂ ਨੂੰ ਕਫ਼ਤੋਰ#9:7 ਕਫ਼ਤੋਰ ਅਰਥਾਤ ਕਰੇਤ ਸ਼ਹਿਰ ਵਿੱਚੋਂ
ਅਤੇ ਅਰਾਮੀਆਂ ਨੂੰ ਕੀਰ ਸ਼ਹਿਰ ਵਿੱਚੋਂ ਕੱਢ ਕੇ ਨਹੀਂ ਲੈ ਆਇਆ?
8“ਯਕੀਨਨ ਪ੍ਰਭੂ ਯਾਹਵੇਹ ਦੀਆਂ ਨਜ਼ਰਾਂ ਪਾਪੀ ਰਾਜ ਉੱਤੇ ਹਨ।
ਮੈਂ ਇਸਨੂੰ ਧਰਤੀ ਦੇ ਚਿਹਰੇ ਤੋਂ ਨਸ਼ਟ ਕਰ ਦਿਆਂਗਾ।
ਫਿਰ ਵੀ ਮੈਂ ਯਾਕੋਬ ਦੇ ਘਰਾਣੇ ਨੂੰ ਪੂਰੀ ਤਰ੍ਹਾਂ ਨਾਸ਼ ਨਹੀਂ ਕਰਾਂਗਾ,
ਯਾਹਵੇਹ ਦਾ ਵਾਕ ਹੈ।
9ਕਿਉਂ ਜੋ ਮੈਂ ਹੁਕਮ ਦੇਵਾਂਗਾ,
ਅਤੇ ਮੈਂ ਇਸਰਾਏਲ ਦੇ ਘਰਾਣੇ ਨੂੰ ਸਾਰੀਆਂ ਕੌਮਾਂ ਵਿੱਚੋਂ ਐਂਵੇਂ ਛਾਣ ਸੁੱਟਾਂਗਾ
ਜਿਵੇਂ ਅੰਨ ਛਾਨਣੀ ਵਿੱਚ ਛਾਣੀਦਾ ਹੈ
ਅਤੇ ਇੱਕ ਦਾਣਾ ਵੀ ਧਰਤੀ ਤੇ ਨਾ ਡਿੱਗੇਗਾ।
10ਮੇਰੇ ਲੋਕਾਂ ਵਿੱਚ ਸਾਰੇ ਪਾਪੀ
ਤਲਵਾਰ ਨਾਲ ਮਰ ਜਾਣਗੇ,
ਉਹ ਸਾਰੇ ਜਿਹੜੇ ਕਹਿੰਦੇ ਹਨ,
ਨਾ ਤਾਂ ਬਿਪਤਾ ਆਵੇਗੀ ਅਤੇ ਨਾ ਹੀ ਸਾਡਾ ਬਿਪਤਾ ਨਾਲ ਸਾਮ੍ਹਣਾ ਹੋਵੇਗਾ।
ਇਸਰਾਏਲ ਦੀ ਬਹਾਲੀ
11“ਉਸ ਦਿਨ
“ਮੈਂ ਦਾਵੀਦ ਦੇ ਡਿੱਗੇ ਹੋਏ ਡੇਰੇ ਨੂੰ ਮੁੜ ਤੋਂ ਸਥਾਪਿਤ ਕਰਾਂਗਾ
ਮੈਂ ਇਸ ਦੀਆਂ ਟੁੱਟੀਆਂ ਹੋਈਆਂ ਕੰਧਾਂ ਨੂੰ ਮੁਰੰਮਤ ਕਰਾਂਗਾ,
ਅਤੇ ਉਸ ਦੇ ਖੰਡਰਾਂ ਨੂੰ ਮੈਂ ਦੁਬਾਰਾ ਬਣਾਵਾਂਗਾ
ਅਤੇ ਇਸ ਨੂੰ ਪਹਿਲਾਂ ਵਾਂਗ ਬਣਾਵਾਂਗਾ,
12ਤਾਂ ਜੋ ਉਹ ਅਦੋਮ ਦੇ ਬਚੇ ਹੋਇਆਂ ਉੱਤੇ, ਸਗੋਂ ਸਾਰੀਆਂ ਕੌਮਾਂ ਉੱਤੇ ਕਾਬੂ ਪਾ ਲੈਣ,
ਜਿਹੜੀਆਂ ਮੇਰੇ ਨਾਮ ਤੋਂ ਪੁਕਾਰੀਆਂ ਜਾਂਦੀਆਂ ਹਨ,”
ਯਾਹਵੇਹ ਦਾ ਵਾਕ ਹੈ, ਜੋ ਇਨ੍ਹਾਂ ਗੱਲਾਂ ਪੂਰਾ ਕਰੇਗਾ।
13“ਉਹ ਦਿਨ ਆ ਰਹੇ ਹਨ,” ਯਾਹਵੇਹ ਦਾ ਵਾਕ ਹੈ,
“ਜਦ ਹਲ ਚਲਾਉਣ ਵਾਲਾ ਵਾਢੀ ਕਰਨ ਵਾਲੇ ਨੂੰ
ਅਤੇ ਅੰਗੂਰਾਂ ਦਾ ਮਿੱਧਣ ਵਾਲਾ, ਬੀਜ ਬੀਜਣ ਵਾਲੇ ਨੂੰ ਜਾ ਲਵੇਗਾ
ਅਤੇ ਪਹਾੜਾਂ ਤੋਂ ਨਵੀਂ ਦਾਖਰਸ ਚੋਵੇਗੀ
ਅਤੇ ਸਾਰੇ ਟਿੱਲਿਆਂ ਤੋਂ ਵਗੇਗੀ,
14ਅਤੇ ਮੈਂ ਆਪਣੀ ਪਰਜਾ ਇਸਰਾਏਲ ਨੂੰ ਗ਼ੁਲਾਮੀ ਵਿੱਚੋਂ ਵਾਪਸ ਲਿਆਵਾਂਗਾ।
ਉਹ ਉੱਜੜੇ ਹੋਏ ਸ਼ਹਿਰਾਂ ਨੂੰ ਉਸਾਰਨਗੇ ਅਤੇ ਉਨ੍ਹਾਂ ਵਿੱਚ ਵੱਸਣਗੇ,
ਉਹ ਅੰਗੂਰੀ ਬਾਗ਼ ਲਾਉਣਗੇ ਅਤੇ ਉਨ੍ਹਾਂ ਦੀ ਮਧ ਪੀਣਗੇ,
ਉਹ ਬਾਗ਼ ਲਾਉਣਗੇ ਅਤੇ ਉਹਨਾਂ ਦਾ ਫਲ ਖਾਣਗੇ।
15ਮੈਂ ਇਸਰਾਏਲ ਨੂੰ ਉਨ੍ਹਾਂ ਦੀ ਆਪਣੀ ਧਰਤੀ ਉੱਤੇ ਬੀਜਾਂਗਾ,
ਮੈਂ ਉਨ੍ਹਾਂ ਨੂੰ ਦਿੱਤੀ ਹੋਈ ਧਰਤੀ ਤੋਂ ਫ਼ੇਰ ਕਦੇ ਵੀ ਨਹੀਂ ਪੁੱਟਾਗਾ,”
ਇਹ ਯਾਹਵੇਹ ਤੁਹਾਡਾ ਪਰਮੇਸ਼ਵਰ ਆਖਦਾ ਹੈ।