ਗਿਣਤੀ 18
18
ਜਾਜਕਾਂ ਅਤੇ ਲੇਵੀਆਂ ਦੇ ਕਰਤੱਵ
1ਯਾਹਵੇਹ ਨੇ ਹਾਰੋਨ ਨੂੰ ਕਿਹਾ, “ਤੇਰੇ ਪੁੱਤਰਾਂ ਅਤੇ ਤੇਰੇ ਪਰਿਵਾਰ ਨੂੰ ਪਵਿੱਤਰ ਸਥਾਨ ਨਾਲ ਸਬੰਧਤ ਅਪਰਾਧਾਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ, ਅਤੇ ਤੇਰੀ ਜਾਜਕਾਈ ਦੀ ਬੁਰਾਈ ਦਾ ਭਾਰ ਵੀ ਤੇਰੇ ਨਾਲ, ਤੇਰੇ ਪੁੱਤਰਾਂ ਉੱਤੇ ਹੋਵੇਗਾ। 2ਜਦੋਂ ਤੁਸੀਂ ਅਤੇ ਤੁਹਾਡੇ ਪੁੱਤਰ ਨੇਮ ਦੇ ਤੰਬੂ ਦੇ ਸਾਮ੍ਹਣੇ ਸੇਵਾ ਕਰਦੇ ਹੋ ਤਾਂ ਆਪਣੇ ਪੁਰਖਿਆਂ ਦੇ ਗੋਤ ਵਿੱਚੋਂ ਆਪਣੇ ਸੰਗੀ ਲੇਵੀਆਂ ਨੂੰ ਲਿਆਓ ਅਤੇ ਤੁਹਾਡੀ ਸਹਾਇਤਾ ਕਰਨ। 3ਉਹ ਤੁਹਾਡੇ ਲਈ ਜ਼ਿੰਮੇਵਾਰ ਹੋਣ ਅਤੇ ਤੰਬੂ ਦੇ ਸਾਰੇ ਕੰਮ ਕਰਨ, ਪਰ ਉਹ ਪਵਿੱਤਰ ਵਸਤਾਂ ਜਾਂ ਜਗਵੇਦੀ ਦੇ ਨੇੜੇ ਨਾ ਜਾਣ, ਨਹੀਂ ਤਾਂ ਉਹ ਅਤੇ ਤੁਸੀਂ ਦੋਵੇਂ ਮਰ ਜਾਓਗੇ। 4ਉਹ ਤੁਹਾਡੇ ਨਾਲ ਰਲ ਕੇ ਮੰਡਲੀ ਵਾਲੇ ਤੰਬੂ ਦੀ ਦੇਖਭਾਲ ਲਈ ਜ਼ਿੰਮੇਵਾਰ ਹੋਣਗੇ ਤੰਬੂ ਦੇ ਸਾਰੇ ਕੰਮ ਅਤੇ ਜਿੱਥੇ ਤੁਸੀਂ ਹੋ ਉੱਥੇ ਕੋਈ ਹੋਰ ਨਾ ਆਵੇ।
5“ਪਵਿੱਤਰ ਸਥਾਨ ਅਤੇ ਜਗਵੇਦੀ ਦੀ ਦੇਖਭਾਲ ਲਈ ਤੁਸੀਂ ਜ਼ਿੰਮੇਵਾਰ ਹੋ, ਤਾਂ ਜੋ ਮੇਰਾ ਕ੍ਰੋਧ ਇਸਰਾਏਲੀਆਂ ਉੱਤੇ ਦੁਬਾਰਾ ਨਾ ਆਵੇ। 6ਮੈਂ ਖੁਦ ਇਸਰਾਏਲੀਆਂ ਵਿੱਚੋਂ ਤੁਹਾਡੇ ਭਰਾਵਾਂ ਲੇਵੀਆਂ ਨੂੰ ਚੁਣਿਆ ਹੈ, ਉਹ ਤੁਹਾਡੇ ਲਈ ਤੋਹਫ਼ੇ ਹਨ। ਜੋ ਮੰਡਲੀ ਦੇ ਤੰਬੂ ਵਿੱਚ ਕੰਮ ਕਰਨ ਲਈ ਯਾਹਵੇਹ ਨੂੰ ਸੌਂਪੇ ਗਏ ਹਨ। 7ਪਰ ਸਿਰਫ ਤੂੰ ਅਤੇ ਤੁਹਾਡੇ ਪੁੱਤਰ ਹੀ ਜਗਵੇਦੀ ਅਤੇ ਪਰਦੇ ਦੇ ਅੰਦਰਲੀ ਹਰ ਚੀਜ਼ ਦੇ ਸੰਬੰਧ ਵਿੱਚ ਜਾਜਕ ਵਜੋਂ ਸੇਵਾ ਕਰ ਸਕਦੇ ਹੋ। ਮੈਂ ਤੁਹਾਨੂੰ ਜਾਜਕਾਈ ਦੀ ਸੇਵਾ ਦਾਤ ਵਜੋਂ ਦਿੱਤੀ ਹੈ, ਪਰ ਜੇ ਕੋਈ ਵੀ ਹੋਰ ਜੋ ਪਵਿੱਤਰ ਸਥਾਨ ਦੇ ਨੇੜੇ ਆਵੇ ਉਹ ਮਾਰਿਆ ਜਾਵੇ।”
ਜਾਜਕਾਂ ਅਤੇ ਲੇਵੀਆਂ ਲਈ ਭੇਟਾਂ
8ਤਦ ਯਾਹਵੇਹ ਨੇ ਹਾਰੋਨ ਨੂੰ ਆਖਿਆ, “ਮੈਂ ਖੁਦ ਤੈਨੂੰ ਮੇਰੇ ਲਈ ਭੇਟਾਂ ਦੀ ਜ਼ਿੰਮੇਵਾਰੀ ਸੌਂਪੀ ਹੈ। ਇਸਰਾਏਲ ਦੇ ਲੋਕ ਜੋ ਵੀ ਪਵਿੱਤਰ ਭੇਂਟਾਂ ਮੈਨੂੰ ਦਿੰਦੇ ਹਨ, ਮੈਂ ਤੁਹਾਨੂੰ ਅਤੇ ਤੁਹਾਡੇ ਪੁੱਤਰਾਂ ਨੂੰ ਤੁਹਾਡੇ ਹਿੱਸੇ ਵਜੋਂ ਦਿੰਦਾ ਹਾਂ। 9ਇਹ ਤੇਰੇ ਲਈ ਅੱਤ ਪਵਿੱਤਰ ਚੀਜ਼ਾਂ ਤੋਂ ਹੋਣਗੀਆਂ ਜਿਹੜੀਆਂ ਅੱਗ ਤੋਂ ਬਚੀਆਂ ਰਹਿਣ। ਇਸਰਾਏਲ ਦੇ ਸਾਰੇ ਚੜ੍ਹਾਵੇ ਅਰਥਾਤ ਉਨ੍ਹਾਂ ਦੀਆਂ ਮੈਦੇ ਦੀਆਂ ਭੇਟਾਂ, ਉਨ੍ਹਾਂ ਦੀਆਂ ਪਾਪ ਬਲੀ ਦੀਆਂ ਭੇਟਾਂ, ਅਤੇ ਉਨ੍ਹਾਂ ਦੇ ਅਪਰਾਧ ਦੀਆਂ ਭੇਟਾਂ ਜਿਹੜੀਆਂ ਉਹ ਮੈਨੂੰ ਚੜ੍ਹਾਉਂਦੇ ਹਨ, ਤੇਰੇ ਲਈ ਅਤੇ ਤੇਰੇ ਪੁੱਤਰਾਂ ਲਈ ਅੱਤ ਪਵਿੱਤਰ ਹੋਣਗੀਆਂ। 10ਇਸ ਨੂੰ ਅੱਤ ਪਵਿੱਤਰ ਸਮਝ ਕੇ ਖਾਓ ਸਗੋਂ ਹਰ ਮਰਦ ਇਸਨੂੰ ਖਾਵੇ, ਤੁਹਾਨੂੰ ਇਸ ਨੂੰ ਪਵਿੱਤਰ ਸਮਝਣਾ ਚਾਹੀਦਾ ਹੈ।
11“ਇਹ ਵੀ ਤੇਰੇ ਲਈ ਹੈ ਕਿ ਇਸਰਾਏਲੀਆਂ ਦੀਆਂ ਸਾਰੀਆਂ ਹਿਲਾਉਣ ਦੀਆਂ ਭੇਟਾਂ ਵਿੱਚੋਂ ਜੋ ਕੁਝ ਵੀ ਵੱਖਰਾ ਰੱਖਿਆ ਗਿਆ ਹੈ। ਮੈਂ ਇਹ ਤੈਨੂੰ ਅਤੇ ਤੇਰੇ ਪੁੱਤਰਾਂ ਅਤੇ ਧੀਆਂ ਨੂੰ ਸਦਾ ਦੇ ਹੱਕ ਲਈ ਦਿੱਤੀਆਂ ਹਨ। ਤੇਰੇ ਘਰ ਦਾ ਹਰ ਕੋਈ ਜੋ ਪਵਿੱਤਰ ਹੈ, ਇਸ ਨੂੰ ਖਾ ਸਕਦਾ ਹੈ।
12“ਮੈਂ ਤੁਹਾਨੂੰ ਸਭ ਤੋਂ ਉੱਤਮ ਜ਼ੈਤੂਨ ਦਾ ਤੇਲ ਅਤੇ ਸਭ ਤੋਂ ਵਧੀਆ ਨਵੀਂ ਦਾਖ਼ਰਸ ਅਤੇ ਅਨਾਜ ਦਿੰਦਾ ਹਾਂ ਜੋ ਉਹ ਆਪਣੀ ਫ਼ਸਲ ਦੇ ਪਹਿਲੇ ਫਲ ਵਜੋਂ ਯਾਹਵੇਹ ਨੂੰ ਦਿੰਦੇ ਹਨ। 13ਧਰਤੀ ਦੇ ਸਾਰੇ ਪਹਿਲੇ ਫਲ ਜੋ ਉਹ ਯਾਹਵੇਹ ਲਈ ਲਿਆਉਂਦੇ ਹਨ, ਉਹ ਤੇਰੇ ਹੋਣਗੇ। ਤੇਰੇ ਘਰ ਦਾ ਹਰ ਕੋਈ ਇਨਸਾਨ ਜੋ ਪਵਿੱਤਰ ਹੈ, ਇਸ ਨੂੰ ਖਾ ਸਕਦਾ ਹੈ।
14“ਇਸਰਾਏਲ ਵਿੱਚ ਹਰ ਚੀਜ਼ ਜੋ ਯਾਹਵੇਹ ਨੂੰ ਸੌਂਪੀ ਹੈ ਉਹ ਤੇਰੀ ਹੈ। 15ਹਰ ਜੀਵਤ ਪ੍ਰਾਣੀ ਦਾ ਜੇਠਾ, ਭਾਵੇਂ ਮਨੁੱਖ ਹੋਵੇ ਭਾਵੇਂ ਪਸ਼ੂ, ਜੋ ਉਹ ਯਾਹਵੇਹ ਨੂੰ ਭੇਟ ਵਜੋਂ ਚੜ੍ਹਾਉਂਦੇ ਹਨ, ਤੁਹਾਡਾ ਹੋਵੇਗਾ; ਪਰ ਤੁਸੀਂ ਮਨੁੱਖ ਦੇ ਜੇਠੇ ਨੂੰ ਮੁੱਲ ਦੇ ਕੇ ਛੱਡ ਦਿਓ, ਜਿਵੇਂ ਤੁਸੀਂ ਅਸ਼ੁੱਧ ਘੋਸ਼ਿਤ ਪਸ਼ੂਆਂ ਦੇ ਜੇਠੇ ਨੂੰ ਮੁੱਲ ਦੇ ਕੇ ਛੱਡ ਦਿੰਦੇ ਹੋ। 16ਜਦੋਂ ਉਹ ਇੱਕ ਮਹੀਨੇ ਦੇ ਹੋ ਜਾਣ, ਤਾਂ ਤੁਸੀਂ ਉਹਨਾਂ ਨੂੰ ਛੁਡਾਉਣ ਦੀ ਕੀਮਤ ਉੱਤੇ ਚਾਂਦੀ ਦੇ ਪੰਜ ਸ਼ੈਕੇਲ#18:16 ਲਗਭਗ 58 ਗ੍ਰਾਮ ਜੋ ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ ਹੋਣ, ਜਿਸ ਦਾ ਵਜ਼ਨ ਵੀਹ ਗੇਰਾਹ ਹੈ।
17“ਪਰ ਤੁਸੀਂ ਗਾਂ, ਭੇਡ ਜਾਂ ਬੱਕਰੀ ਦੇ ਜੇਠੇ ਬੱਚੇ ਨੂੰ ਨਾ ਛੁਡਾਉਣਾ। ਉਹ ਪਵਿੱਤਰ ਪਸ਼ੂ ਹਨ। ਉਹਨਾਂ ਦਾ ਲਹੂ ਜਗਵੇਦੀ ਉੱਤੇ ਛਿੜਕ ਦਿਓ ਅਤੇ ਉਹਨਾਂ ਦੀ ਚਰਬੀ ਨੂੰ ਭੋਜਨ ਦੀ ਭੇਟ ਵਜੋਂ ਸਾੜੋ, ਇੱਕ ਸੁਗੰਧ ਜੋ ਯਾਹਵੇਹ ਨੂੰ ਪ੍ਰਸੰਨ ਕਰਦੀ ਹੈ। 18ਉਹਨਾਂ ਦਾ ਮਾਸ ਤੇਰਾ ਹੋਵੇ, ਜਿਵੇਂ ਹਿਲਾਉਣ ਦੀ ਭੇਟ ਦੀ ਛਾਤੀ ਅਤੇ ਸੱਜਾ ਪੱਟ ਤੇਰਾ ਹੈ। 19ਜੋ ਕੁਝ ਵੀ ਇਸਰਾਏਲੀਆਂ ਵੱਲੋਂ ਯਾਹਵੇਹ ਨੂੰ ਭੇਟ ਕੀਤੀਆਂ ਗਈਆਂ ਪਵਿੱਤਰ ਭੇਟਾਂ ਵਿੱਚੋਂ ਵੱਖਰਾ ਰੱਖਿਆ ਗਿਆ ਹੈ, ਮੈਂ ਤੈਨੂੰ ਅਤੇ ਤੇਰੇ ਪੁੱਤਰਾਂ ਅਤੇ ਧੀਆਂ ਨੂੰ ਤੇਰੇ ਨਾਲ ਸਦਾ ਦੇ ਹੱਕ ਲਈ ਦਿੱਤੀਆਂ ਹਨ। ਇਹ ਲੂਣ ਦਾ ਨੇਮ ਸਦਾ ਯਾਹਵੇਹ ਅੱਗੇ ਤੇਰੇ ਲਈ ਅਤੇ ਤੇਰੀ ਅਤੇ ਤੇਰੀ ਅੰਸ ਲਈ ਹੋਵੇ।”
20ਯਾਹਵੇਹ ਨੇ ਹਾਰੋਨ ਨੂੰ ਆਖਿਆ, “ਇਸਰਾਏਲੀਆਂ ਦੀ ਧਰਤੀ ਵਿੱਚ ਤੇਰੀ ਕੋਈ ਵਿਰਾਸਤ ਨਹੀਂ ਹੋਵੇਗੀ ਅਤੇ ਨਾ ਹੀ ਉਹਨਾਂ ਵਿੱਚ ਤੇਰਾ ਕੋਈ ਹਿੱਸਾ ਹੋਵੇਗਾ। ਤੇਰਾ ਹਿੱਸਾ ਅਤੇ ਤੇਰਾ ਵਿਰਸਾ ਇਸਰਾਏਲੀਆਂ ਵਿੱਚ ਮੈਂ ਹੀ ਹਾਂ।
21“ਮੈਂ ਲੇਵੀਆਂ ਨੂੰ ਇਸਰਾਏਲ ਦੇ ਸਾਰੇ ਦਸਵੰਧ ਉਹਨਾਂ ਦੀ ਵਿਰਾਸਤ ਵਜੋਂ ਦਿੰਦਾ ਹਾਂ ਜੋ ਉਹ ਮੰਡਲੀ ਦੇ ਤੰਬੂ ਵਿੱਚ ਸੇਵਾ ਕਰਦੇ ਹੋਏ ਕਰਦੇ ਹਨ। 22ਹੁਣ ਤੋਂ ਇਸਰਾਏਲੀਆਂ ਨੂੰ ਮੰਡਲੀ ਦੇ ਤੰਬੂ ਦੇ ਨੇੜੇ ਨਹੀਂ ਜਾਣਾ ਚਾਹੀਦਾ, ਕਿਤੇ ਅਜਿਹਾ ਨਾ ਹੋਵੇ ਕਿ ਪਾਪ ਦਾ ਬੋਝ ਉਹਨਾਂ ਉੱਤੇ ਹੋਵੇ ਅਤੇ ਉਹ ਮਰ ਜਾਣ। 23ਇਹ ਲੇਵੀ ਹੀ ਮੰਡਲੀ ਦੇ ਤੰਬੂ ਵਿੱਚ ਕੰਮ ਕਰਨ ਅਤੇ ਜੋ ਵੀ ਅਪਰਾਧ ਉਹ ਇਸ ਦੇ ਵਿਰੁੱਧ ਕਰਦੇ ਹਨ, ਉਸ ਲਈ ਜ਼ਿੰਮੇਵਾਰ ਹਨ। ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਦਾ ਦੀ ਬਿਧੀ ਹੋਵੇਗੀ। ਪਰ ਉਹਨਾਂ ਨੂੰ ਇਸਰਾਏਲੀਆਂ ਵਿੱਚ ਕੋਈ ਵਿਰਾਸਤ ਨਹੀਂ ਮਿਲੇਗੀ। 24ਇਸ ਦੀ ਬਜਾਏ, ਮੈਂ ਲੇਵੀਆਂ ਨੂੰ ਉਹਨਾਂ ਦੀ ਵਿਰਾਸਤ ਵਜੋਂ ਉਹ ਦਸਵੰਧ ਦਿੰਦਾ ਹਾਂ ਜੋ ਇਸਰਾਏਲੀ ਯਾਹਵੇਹ ਨੂੰ ਭੇਟ ਵਜੋਂ ਚੜ੍ਹਾਉਂਦੇ ਹਨ। ਇਸ ਲਈ ਮੈਂ ਉਹਨਾਂ ਬਾਰੇ ਕਿਹਾ, ‘ਇਸਰਾਏਲੀਆਂ ਵਿੱਚ ਉਹਨਾਂ ਦੀ ਕੋਈ ਵਿਰਾਸਤ ਨਹੀਂ ਹੋਵੇਗੀ।’ ”
25ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 26“ਲੇਵੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਜਦੋਂ ਤੁਸੀਂ ਇਸਰਾਏਲੀਆਂ ਤੋਂ ਉਹ ਦਸਵੰਧ ਪ੍ਰਾਪਤ ਕਰੋ ਜੋ ਮੈਂ ਤੁਹਾਨੂੰ ਤੁਹਾਡੀ ਵਿਰਾਸਤ ਵਜੋਂ ਦਿੱਤਾ ਹੈ, ਤਾਂ ਤੁਸੀਂ ਵੀ ਉਸ ਦਸਵੰਧ ਦਾ ਦਸਵੰਧ ਯਾਹਵੇਹ ਨੂੰ ਭੇਟ ਕਰਕੇ ਚੜ੍ਹਾਓ। 27ਤੁਹਾਡੀ ਭੇਟ ਤੁਹਾਡੇ ਲਈ ਪਿੜ ਵਿੱਚੋਂ ਦਾਣੇ ਜਾਂ ਦਾਖ਼ ਦੇ ਰਸ ਦੇ ਰੂਪ ਵਿੱਚ ਗਿਣੀ ਜਾਵੇਗੀ। 28ਇਸ ਤਰ੍ਹਾਂ ਤੁਸੀਂ ਇਸਰਾਏਲੀਆਂ ਤੋਂ ਪ੍ਰਾਪਤ ਕੀਤੇ ਸਾਰੇ ਦਸਵੰਧ ਵਿੱਚੋਂ ਵੀ ਯਾਹਵੇਹ ਨੂੰ ਭੇਟ ਕਰੋਗੇ। ਇਨ੍ਹਾਂ ਦਸਵੰਧ ਵਿੱਚੋਂ ਤੁਹਾਨੂੰ ਯਾਹਵੇਹ ਦਾ ਹਿੱਸਾ ਹਾਰੋਨ ਜਾਜਕ ਨੂੰ ਦੇਣਾ ਚਾਹੀਦਾ ਹੈ। 29ਤੁਹਾਨੂੰ ਯਾਹਵੇਹ ਦੇ ਭਾਗ ਵਜੋਂ ਸਭ ਤੋਂ ਉੱਤਮ ਅਤੇ ਪਵਿੱਤਰ ਹਿੱਸਾ ਪੇਸ਼ ਕਰਨਾ ਚਾਹੀਦਾ ਹੈ ਜੋ ਤੁਹਾਨੂੰ ਦਿੱਤਾ ਗਿਆ ਹੈ।’
30“ਲੇਵੀਆਂ ਨੂੰ ਆਖ, ‘ਜਦੋਂ ਤੁਸੀਂ ਸਭ ਤੋਂ ਵਧੀਆ ਹਿੱਸਾ ਪੇਸ਼ ਕਰਦੇ ਹੋ, ਤਾਂ ਇਹ ਹੋਵੇਗਾ। ਤੁਹਾਡੇ ਲਈ ਪਿੜ ਜਾਂ ਦਾਖ਼ਰਸ ਦੇ ਉਤਪਾਦ ਵਜੋਂ ਗਿਣਿਆ ਜਾਂਦਾ ਹੈ। 31ਤੁਸੀਂ ਅਤੇ ਤੁਹਾਡੇ ਘਰਾਣੇ ਦਾ ਹਰ ਕੋਈ ਇਸ ਦਾ ਬਚਿਆ ਹੋਇਆ ਹਿੱਸਾ ਖਾ ਸਕਦੇ ਹੋ, ਕਿਉਂਕਿ ਇਹ ਮੰਡਲੀ ਵਾਲੇ ਤੰਬੂ ਵਿੱਚ ਤੁਹਾਡੇ ਕੰਮ ਦੀ ਮਜ਼ਦੂਰੀ ਹੈ। 32ਇਸ ਦਾ ਸਭ ਤੋਂ ਵਧੀਆ ਹਿੱਸਾ ਪੇਸ਼ ਕਰਨ ਨਾਲ ਤੁਸੀਂ ਇਸ ਮਾਮਲੇ ਵਿੱਚ ਦੋਸ਼ੀ ਨਹੀਂ ਹੋਵੋਗੇ, ਫਿਰ ਤੁਸੀਂ ਇਸਰਾਏਲੀਆਂ ਦੀਆਂ ਪਵਿੱਤਰ ਭੇਟਾਂ ਨੂੰ ਅਸ਼ੁੱਧ ਨਹੀਂ ਕਰੋਗੇ ਅਤੇ ਤੁਸੀਂ ਨਹੀਂ ਮਰੋਂਗੇ।’ ”
Currently Selected:
ਗਿਣਤੀ 18: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.