ਲੇਵੀਆਂ 23
23
ਇਸਰਾਏਲ ਲਈ ਨਿਯੁਕਤ ਕੀਤੇ ਗਏ ਤਿਉਹਾਰ
1ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 2“ਇਸਰਾਏਲ ਦੇ ਲੋਕਾਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਇਹ ਮੇਰੇ ਠਹਿਰਾਏ ਹੋਏ ਤਿਉਹਾਰ ਹਨ, ਯਾਹਵੇਹ ਦੇ ਠਹਿਰਾਏ ਹੋਏ ਤਿਉਹਾਰ, ਜਿਨ੍ਹਾਂ ਦਾ ਤੁਸੀਂ ਪਵਿੱਤਰ ਸਭਾ ਵਿੱਚ ਐਲਾਨ ਕਰਨਾ ਹੈ।
ਸਬਤ
3“ ‘ਛੇ ਦਿਨ ਹਨ ਜਦੋਂ ਤੁਸੀਂ ਕੰਮ ਕਰ ਸਕਦੇ ਹੋ, ਪਰ ਸੱਤਵਾਂ ਦਿਨ ਸਬਤ ਦੇ ਆਰਾਮ ਦਾ ਦਿਨ ਹੈ, ਪਵਿੱਤਰ ਸਭਾ ਦਾ ਦਿਨ ਹੈ। ਤੁਸੀਂ ਉਸ ਦਿਨ ਕੋਈ ਕੰਮ ਨਹੀਂ ਕਰਨਾ; ਤੁਸੀਂ ਜਿੱਥੇ ਵੀ ਰਹਿੰਦੇ ਹੋ, ਇਹ ਯਾਹਵੇਹ ਲਈ ਇੱਕ ਸਬਤ ਹੈ।
ਪਸਾਹ ਅਤੇ ਪਤੀਰੀ ਰੋਟੀ ਦਾ ਤਿਉਹਾਰ
4“ ‘ਇਹ ਯਾਹਵੇਹ ਦੇ ਨਿਯੁਕਤ ਤਿਉਹਾਰ ਹਨ, ਪਵਿੱਤਰ ਸਭਾ ਜਿਨ੍ਹਾਂ ਦਾ ਤੁਸੀਂ ਉਹਨਾਂ ਦੇ ਨਿਯਮਤ ਸਮਿਆਂ ਤੇ ਐਲਾਨ ਕਰਨਾ ਹੈ, 5ਯਾਹਵੇਹ ਦਾ ਪਸਾਹ ਪਹਿਲੇ ਮਹੀਨੇ ਦੇ ਚੌਦਵੇਂ ਦਿਨ ਸ਼ਾਮ ਵੇਲੇ ਸ਼ੁਰੂ ਹੁੰਦਾ ਹੈ। 6ਉਸ ਮਹੀਨੇ ਦੀ ਪੰਦਰਵੀਂ ਤਰੀਖ਼ ਨੂੰ ਯਾਹਵੇਹ ਦੀ ਪਤੀਰੀ ਰੋਟੀ ਦਾ ਪਰਬ ਹੈ, ਉਸ ਵਿੱਚ ਸੱਤ ਦਿਨਾਂ ਤੱਕ ਬਿਨਾਂ ਖਮੀਰ ਦੀ ਰੋਟੀ ਖਾਣੀ ਚਾਹੀਦੀ ਹੈ। 7ਪਹਿਲੇ ਦਿਨ ਇੱਕ ਪਵਿੱਤਰ ਸਭਾ ਕਰੋ ਅਤੇ ਕੋਈ ਕੰਮ-ਧੰਦਾ ਨਾ ਕਰਨਾ। 8ਸੱਤ ਦਿਨਾਂ ਲਈ ਯਾਹਵੇਹ ਨੂੰ ਭੋਜਨ ਦੀ ਭੇਟ ਚੜ੍ਹਾਓ ਅਤੇ ਸੱਤਵੇਂ ਦਿਨ ਇੱਕ ਪਵਿੱਤਰ ਸਭਾ ਕਰੋ ਅਤੇ ਉਸ ਦਿਨ ਕੋਈ ਕੰਮ-ਧੰਦਾ ਨਾ ਕਰਨਾ।’ ”
ਪਹਿਲੇ ਫਲ ਦੀ ਪੇਸ਼ਕਸ਼
9ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 10“ਇਸਰਾਏਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ, ‘ਜਦੋਂ ਤੁਸੀਂ ਉਸ ਦੇਸ਼ ਵਿੱਚ ਦਾਖਲ ਹੋਵੋ ਜੋ ਮੈਂ ਤੁਹਾਨੂੰ ਦੇਣ ਜਾ ਰਿਹਾ ਹਾਂ ਅਤੇ ਜਦ ਤੁਸੀਂ ਉਸਦੀ ਫ਼ਸਲ ਵੱਢੋਗੇ, ਤਾਂ ਜਾਜਕ ਕੋਲ ਪਹਿਲੇ ਅਨਾਜ ਦਾ ਇੱਕ ਪੂਲਾ ਲਿਆਓ। 11ਉਹ ਯਾਹਵੇਹ ਦੇ ਅੱਗੇ ਉਸ ਪੂਲੇ ਨੂੰ ਹਿਲਾਵੇ ਤਾਂ ਇਹ ਤੁਹਾਡੀ ਤਰਫੋਂ ਸਵੀਕਾਰ ਕੀਤਾ ਜਾਵੇਗਾ, ਜਾਜਕ ਸਬਤ ਦੇ ਅਗਲੇ ਦਿਨ ਇਸਨੂੰ ਹਿਲਾਵੇ। 12ਜਿਸ ਦਿਨ ਤੁਸੀਂ ਪੂਲੇ ਨੂੰ ਹਿਲਾਓ, ਤੁਸੀਂ ਹੋਮ ਦੀ ਭੇਟ ਵਜੋਂ ਇੱਕ ਸਾਲ ਦਾ ਨੁਕਸ ਰਹਿਤ ਲੇਲਾ ਯਾਹਵੇਹ ਨੂੰ ਚੜ੍ਹਾਉਣਾ, 13ਜ਼ੈਤੂਨ ਦਾ ਤੇਲ ਮਿਲੇ ਹੋਏ ਵਧੀਆ ਆਟੇ ਦੇ ਦੋ-ਦੱਸਵੇਂ ਹਿੱਸੇ ਦੀ ਅਨਾਜ ਦੀ ਭੇਟ ਦੇ ਨਾਲ, ਉਹ ਯਾਹਵੇਹ ਦੇ ਅੱਗੇ ਸੁਗੰਧਤਾ ਕਰਕੇ ਇੱਕ ਅੱਗ ਦੀ ਭੇਟ ਹੋਵੇ ਅਤੇ ਉਸ ਦੇ ਨਾਲ ਪੀਣ ਦੀ ਭੇਟ ਲਈ ਕੁੱਪੇ ਦੀ ਚੁਥਾਈ ਦਾਖ਼ਰਸ#23:13 ਦਾਖ਼ਰਸ ਅਰਥਾਤ: ਅੰਗੂਰਾਂ ਦਾ ਰਸ ਹੋਵੇ। 14ਤੁਹਾਨੂੰ ਉਸ ਦਿਨ ਤੱਕ ਕੋਈ ਰੋਟੀ, ਭੁੰਨਿਆ ਜਾਂ ਨਵਾਂ ਅਨਾਜ ਨਹੀਂ ਖਾਣਾ, ਜਦੋਂ ਤੱਕ ਤੁਸੀਂ ਇਹ ਭੇਟ ਆਪਣੇ ਪਰਮੇਸ਼ਵਰ ਲਈ ਨਹੀਂ ਲਿਆਉਂਦੇ। ਤੁਸੀਂ ਜਿੱਥੇ ਵੀ ਰਹਿੰਦੇ ਹੋ, ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਥਾਈ ਨਿਯਮ ਹੈ।
ਹਫ਼ਤਿਆਂ ਦਾ ਤਿਉਹਾਰ
15“ ‘ਸਬਤ ਦੇ ਅਗਲੇ ਦਿਨ ਤੋਂ, ਜਿਸ ਦਿਨ ਤੁਸੀਂ ਹਿਲਾਉਣ ਦੀ ਭੇਟ ਦਾ ਪੂਲਾ ਲਿਆਏ, ਪੂਰੇ ਸੱਤ ਹਫ਼ਤੇ ਗਿਣੋ। 16ਸੱਤਵੇਂ ਸਬਤ ਤੋਂ ਅਗਲੇ ਦਿਨ ਤੱਕ ਪੰਜਾਹ ਦਿਨ ਗਿਣ ਲੈਣਾ ਅਤੇ ਫਿਰ ਯਾਹਵੇਹ ਨੂੰ ਨਵੇਂ ਅਨਾਜ ਦੀ ਭੇਟ ਚੜ੍ਹਾਉਣਾ। 17ਤੁਸੀਂ ਜਿੱਥੇ ਵੀ ਰਹਿੰਦੇ ਹੋ, ਉੱਥੋਂ ਤੁਸੀਂ ਸਭ ਤੋਂ ਵਧੀਆ ਦੋ ਕਿੱਲੋ ਆਟੇ ਦੀਆਂ ਰੋਟੀਆਂ ਜੋ ਖਮੀਰ ਨਾਲ ਪਕਾਈਆਂ, ਯਾਹਵੇਹ ਲਈ ਪਹਿਲੇ ਫਲ ਦੀ ਭੇਟ ਵਜੋਂ ਲਿਆਓ। 18ਰੋਟੀ ਦੇ ਨਾਲ ਸੱਤ ਇੱਕ ਸਾਲ ਦੇ ਨਿਰਦੋਸ਼ ਲੇਲੇ, ਇੱਕ ਵੱਛਾ ਅਤੇ ਦੋ ਭੇਡੂ ਵੀ ਚੜ੍ਹਾਓ। ਇਹ ਸਾਰੇ ਯਾਹਵੇਹ ਲਈ ਹੋਮ ਦੀਆਂ ਭੇਟਾਂ ਹਨ, ਜਿਹੜੀਆਂ ਉਨ੍ਹਾਂ ਦੀਆਂ ਹੋਮ ਦੀਆਂ ਭੇਟਾਂ, ਉਨ੍ਹਾਂ ਦੀਆਂ ਅਨਾਜ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਸਮੇਤ ਯਾਹਵੇਹ ਲਈ ਇੱਕ ਸੁਗੰਧਤ ਸੁਗੰਧ ਹੋਣਗੀਆਂ। 19ਫਿਰ ਪਾਪ ਦੀ ਭੇਟ ਲਈ ਇੱਕ ਬੱਕਰਾ ਅਤੇ ਸੁੱਖ-ਸਾਂਦ ਦੀ ਭੇਟ ਲਈ ਇੱਕ ਸਾਲ ਦੇ ਦੋ ਲੇਲੇ ਚੜ੍ਹਾਓ। 20ਜਾਜਕ ਉਨ੍ਹਾਂ ਲੇਲਿਆਂ ਨੂੰ ਪਹਿਲੇ ਫਲ ਦੀ ਰੋਟੀ ਦੇ ਨਾਲ, ਹਿਲਾਉਣ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਹਿਲਾਵੇ। ਉਹ ਜਾਜਕ ਦੇ ਲਈ ਯਾਹਵੇਹ ਦੇ ਪਵਿੱਤਰ ਹੋਣ। 21ਉਸੇ ਦਿਨ ਤੁਸੀਂ ਇੱਕ ਪਵਿੱਤਰ ਸਭਾ ਦਾ ਐਲਾਨ ਕਰਨਾ ਹੈ ਅਤੇ ਕੋਈ ਕੰਮ-ਧੰਦਾ ਨਾ ਕਰਨਾ। ਤੁਸੀਂ ਜਿੱਥੇ ਵੀ ਰਹਿੰਦੇ ਹੋ, ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਥਾਈ ਨਿਯਮ ਹੈ।
22“ ‘ਜਦੋਂ ਤੁਸੀਂ ਆਪਣੀ ਜ਼ਮੀਨ ਦੀ ਵਾਢੀ ਕਰਦੇ ਹੋ, ਤਾਂ ਆਪਣੇ ਖੇਤ ਦੇ ਬਿਲਕੁਲ ਕਿਨਾਰਿਆਂ ਤੱਕ ਨਾ ਵੱਢੋ ਅਤੇ ਨਾ ਹੀ ਆਪਣੀ ਵਾਢੀ ਦੀ ਫ਼ਸਲ ਇਕੱਠੀ ਕਰੋ। ਉਹਨਾਂ ਨੂੰ ਗਰੀਬਾਂ ਲਈ ਅਤੇ ਤੁਹਾਡੇ ਵਿੱਚ ਰਹਿਣ ਵਾਲੇ ਪਰਦੇਸੀਆਂ ਲਈ ਛੱਡ ਦਿਓ। ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।’ ”
ਤੁਰ੍ਹੀਆਂ ਦਾ ਤਿਉਹਾਰ
23ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 24“ਇਸਰਾਏਲੀਆਂ ਨੂੰ ਆਖ, ‘ਸੱਤਵੇਂ ਮਹੀਨੇ ਦੇ ਪਹਿਲੇ ਦਿਨ ਤੁਹਾਡੇ ਲਈ ਸਬਤ ਦਾ ਅਰਾਮ ਕਰਨ ਦਾ ਦਿਨ, ਇੱਕ ਪਵਿੱਤਰ ਸਭਾ ਹੋਵੇ, ਜੋ ਤੁਰ੍ਹੀ ਵਜਾਉਣ ਨਾਲ ਮਨਾਈ ਜਾਂਦੀ ਹੈ। 25ਉਸ ਦਿਨ ਕੋਈ ਕੰਮ-ਧੰਦਾ ਨਾ ਕਰੋ, ਪਰ ਯਾਹਵੇਹ ਨੂੰ ਭੋਜਨ ਦੀ ਭੇਟ ਚੜ੍ਹਾਓ।’ ”
ਪ੍ਰਾਸਚਿਤ ਦਾ ਦਿਨ
26ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 27“ਇਸ ਸੱਤਵੇਂ ਮਹੀਨੇ ਦਾ ਦਸਵਾਂ ਦਿਨ ਪ੍ਰਾਸਚਿਤ ਦਾ ਦਿਨ ਹੈ। ਇੱਕ ਪਵਿੱਤਰ ਸਭਾ ਰੱਖੋ ਅਤੇ ਆਪਣੇ ਆਪ ਤੋਂ ਇਨਕਾਰ ਕਰੋ, ਅਤੇ ਯਾਹਵੇਹ ਨੂੰ ਭੋਜਨ ਦੀ ਭੇਟ ਚੜ੍ਹਾਓ। 28ਉਸ ਦਿਨ ਕੋਈ ਕੰਮ ਵੀ ਨਾ ਕਰੋ, ਕਿਉਂਕਿ ਇਹ ਬਖਸ਼ੀਸ਼ ਦਾ ਦਿਨ ਹੈ, ਜਦੋਂ ਤੁਹਾਡੇ ਲਈ ਤੁਹਾਡੇ ਯਾਹਵੇਹ ਪਰਮੇਸ਼ਵਰ ਦੇ ਅੱਗੇ ਪ੍ਰਾਸਚਿਤ ਕੀਤਾ ਜਾਂਦਾ ਹੈ। 29ਜਿਹੜੇ ਲੋਕ ਉਸ ਦਿਨ ਆਪਣੇ ਆਪ ਤੋਂ ਇਨਕਾਰ ਨਹੀਂ ਕਰਦੇ, ਉਹਨਾਂ ਨੂੰ ਆਪਣੇ ਲੋਕਾਂ ਵਿੱਚੋਂ ਪੂਰੀ ਤਰ੍ਹਾਂ ਨਾਸ਼ ਕੀਤਾ ਜਾਵੇਗਾ। 30ਮੈਂ ਉਹਨਾਂ ਦੇ ਲੋਕਾਂ ਵਿੱਚੋਂ ਹਰ ਉਸ ਵਿਅਕਤੀ ਨੂੰ ਤਬਾਹ ਕਰ ਦਿਆਂਗਾ ਜੋ ਉਸ ਦਿਨ ਕੋਈ ਕੰਮ ਕਰੇਗਾ। 31ਤੁਹਾਨੂੰ ਕੋਈ ਕੰਮ ਬਿਲਕੁਲ ਨਹੀਂ ਕਰਨਾ ਚਾਹੀਦਾ। ਤੁਸੀਂ ਜਿੱਥੇ ਵੀ ਰਹਿੰਦੇ ਹੋ, ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਥਾਈ ਨਿਯਮ ਹੈ। 32ਇਹ ਤੁਹਾਡੇ ਲਈ ਸਬਤ ਦੇ ਅਰਾਮ ਦਾ ਦਿਨ ਹੈ, ਅਤੇ ਤੁਹਾਨੂੰ ਆਪਣੇ ਆਪ ਤੋਂ ਇਨਕਾਰ ਕਰਨਾ ਚਾਹੀਦਾ ਹੈ। ਮਹੀਨੇ ਦੇ ਨੌਵੇਂ ਦਿਨ ਦੀ ਸ਼ਾਮ ਤੋਂ ਅਗਲੀ ਸ਼ਾਮ ਤੱਕ ਤੁਸੀਂ ਆਪਣਾ ਸਬਤ ਮਨਾਉਣਾ ਹੈ।”
ਡੇਰਿਆਂ ਦਾ ਤਿਉਹਾਰ
33ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 34“ਇਸਰਾਏਲੀਆਂ ਨੂੰ ਆਖੋ: ‘ਸੱਤਵੇਂ ਮਹੀਨੇ ਦੇ ਪੰਦਰਵੇਂ ਦਿਨ ਯਾਹਵੇਹ ਦੇ ਅੱਗੇ ਸੱਤ ਦਿਨ ਤੱਕ ਤੰਬੂਆਂ ਦਾ ਪਰਬ ਹੋਵੇ। 35ਪਹਿਲਾ ਦਿਨ ਇੱਕ ਪਵਿੱਤਰ ਸਭਾ ਹੋਵੇ; ਇਸ ਦਿਨ ਕੋਈ ਕੰਮ-ਧੰਦਾ ਨਾ ਕਰੋ। 36ਸੱਤ ਦਿਨਾਂ ਤੱਕ ਯਾਹਵੇਹ ਨੂੰ ਭੋਜਨ ਦੀ ਭੇਟ ਚੜ੍ਹਾਓ, ਅਤੇ ਅੱਠਵੇਂ ਦਿਨ ਇੱਕ ਪਵਿੱਤਰ ਸਭਾ ਕਰੋ ਅਤੇ ਯਾਹਵੇਹ ਨੂੰ ਭੋਜਨ ਦੀ ਭੇਟ ਚੜ੍ਹਾਓ। ਇਹ ਸਮਾਪਤੀ ਵਿਸ਼ੇਸ਼ ਸਭਾ ਹੈ; ਕੋਈ ਕੰਮ-ਧੰਦਾ ਨਾ ਕਰਨਾ।
37“ ‘ਇਹ ਯਾਹਵੇਹ ਦੇ ਨਿਯੁਕਤ ਤਿਉਹਾਰ ਹਨ, ਜਿਨ੍ਹਾਂ ਨੂੰ ਤੁਸੀਂ ਯਾਹਵੇਹ ਲਈ ਭੋਜਨ ਦੀਆਂ ਭੇਟਾਂ ਲਿਆਉਣ ਲਈ ਪਵਿੱਤਰ ਸਭਾ ਵਜੋਂ ਘੋਸ਼ਿਤ ਕਰਨਾ ਹੈ ਹੋਮ ਦੀਆਂ ਭੇਟਾਂ ਅਤੇ ਅਨਾਜ ਦੀਆਂ ਭੇਟਾਂ, ਬਲੀਆਂ ਅਤੇ ਪੀਣ ਦੀਆਂ ਭੇਟਾਂ ਹਰੇਕ ਦਿਨ ਲਈ ਹੋਣਗੀਆਂ। 38ਆਪਣੀਆਂ ਭੇਟਾਂ, ਸਾਰੀਆਂ ਸੁੱਖਣਾ ਅਤੇ ਆਪਣੀਆਂ ਖੁਸ਼ੀ ਦੀਆਂ ਭੇਟਾਂ ਜੋ ਤੁਸੀਂ ਯਾਹਵੇਹ ਦੇ ਅੱਗੇ ਚੜ੍ਹਾਉਂਦੇ ਹੋ, ਉਨ੍ਹਾਂ ਤੋਂ ਵੱਧ ਤੁਸੀਂ ਯਾਹਵੇਹ ਦੇ ਸਬਤ ਨੂੰ ਮੰਨਣਾ।
39“ ‘ਇਸ ਲਈ ਸੱਤਵੇਂ ਮਹੀਨੇ ਦੇ ਪੰਦਰਵੇਂ ਦਿਨ ਤੋਂ ਸ਼ੁਰੂ ਕਰਕੇ, ਜਦੋਂ ਤੁਸੀਂ ਜ਼ਮੀਨ ਦੀ ਫ਼ਸਲ ਇਕੱਠੀ ਕਰ ਲਵੋ, ਤਾਂ ਯਾਹਵੇਹ ਲਈ ਸੱਤ ਦਿਨਾਂ ਲਈ ਤਿਉਹਾਰ ਮਨਾਓ; ਪਹਿਲਾ ਦਿਨ ਸਬਤ ਦੇ ਆਰਾਮ ਦਾ ਦਿਨ ਹੈ, ਅਤੇ ਅੱਠਵਾਂ ਦਿਨ ਵੀ ਸਬਤ ਦੇ ਆਰਾਮ ਦਾ ਦਿਨ ਹੈ। 40ਪਹਿਲੇ ਦਿਨ ਤੁਸੀਂ ਆਲੀਸ਼ਾਨ ਰੁੱਖਾਂ ਦੀਆਂ ਟਾਹਣੀਆਂ, ਖਜ਼ੂਰ ਦੀਆਂ ਟਾਹਣੀਆਂ, ਸੰਘਣੇ ਰੁੱਖਾਂ ਦੀਆਂ ਟਾਹਣੀਆਂ ਅਤੇ ਨਦੀ ਦਾ ਬੇਦ-ਮਜਨੂੰ ਲੈਣਾ ਅਤੇ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੇ ਅੱਗੇ ਸੱਤ ਦਿਨਾਂ ਲਈ ਅਨੰਦ ਮਨਾਉਣਾ। 41ਇਸ ਨੂੰ ਹਰ ਸਾਲ ਸੱਤ ਦਿਨਾਂ ਲਈ ਯਾਹਵੇਹ ਦੇ ਤਿਉਹਾਰ ਵਜੋਂ ਮਨਾਓ। ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਥਾਈ ਬਿਧੀ ਹੋਵੇਗੀ; ਇਸ ਨੂੰ ਸੱਤਵੇਂ ਮਹੀਨੇ ਮਨਾਓ। 42ਸੱਤ ਦਿਨ ਤੁਸੀਂ ਝੌਂਪੜੀਆਂ ਵਿੱਚ ਰਹਿਣਾ, ਸਾਰੇ ਜੋ ਇਸਰਾਏਲ ਵਿੱਚ ਜੰਮੇ ਹਨ, ਉਹ ਝੌਂਪੜੀਆਂ ਵਿੱਚ ਰਹਿਣ, 43ਇਸ ਲਈ ਤੁਹਾਡੇ ਉੱਤਰਾਧਿਕਾਰੀਆਂ ਨੂੰ ਪਤਾ ਲੱਗ ਜਾਵੇਗਾ ਕਿ ਜਦੋਂ ਮੈਂ ਇਸਰਾਏਲੀਆਂ ਨੂੰ ਮਿਸਰ ਤੋਂ ਬਾਹਰ ਲਿਆਇਆ ਸੀ ਤਾਂ ਮੈਂ ਉਹਨਾਂ ਨੂੰ ਝੌਂਪੜੀਆਂ ਵਿੱਚ ਰੱਖਿਆ ਸੀ। ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।’ ”
44ਇਸ ਲਈ ਮੋਸ਼ੇਹ ਨੇ ਇਸਰਾਏਲੀਆਂ ਨੂੰ ਯਾਹਵੇਹ ਦੇ ਤਿਉਹਾਰਾਂ ਦੀ ਘੋਸ਼ਣਾ ਕੀਤੀ।
Currently Selected:
ਲੇਵੀਆਂ 23: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.