Bible App logo
Search Icon

ਨਿਆਂਈਆਂ 6

6
ਗਿਦਾਊਨ
1ਇਸਰਾਏਲੀਆਂ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਅਤੇ ਉਸ ਨੇ ਉਨ੍ਹਾਂ ਨੂੰ ਸੱਤ ਸਾਲਾਂ ਲਈ ਮਿਦਯਾਨੀਆਂ ਦੇ ਹੱਥ ਵਿੱਚ ਦੇ ਦਿੱਤਾ। 2ਕਿਉਂਕਿ ਮਿਦਯਾਨੀਆਂ ਦਾ ਹੱਥ ਇਸਰਾਏਲੀਆਂ ਉੱਤੇ ਤਕੜਾ ਹੋਇਆ, ਇਸਰਾਏਲੀਆਂ ਨੇ ਪਹਾੜਾਂ ਵਿੱਚ ਆਪਣੇ ਲੁਕਣ ਲਈ ਗੁਫ਼ਾਂਵਾਂ, ਗੜ੍ਹ ਅਤੇ ਨਿਵਾਸ ਸਥਾਨ ਬਣਾਏ। 3ਜਦੋਂ ਵੀ ਇਸਰਾਏਲੀ ਕੁਝ ਬੀਜਦੇ ਹੁੰਦੇ ਸਨ, ਤਾਂ ਮਿਦਯਾਨੀ ਅਤੇ ਅਮਾਲੇਕੀ ਅਤੇ ਹੋਰ ਪੂਰਬੀ ਲੋਕਾਂ ਉਨ੍ਹਾਂ ਉੱਤੇ ਹਮਲਾ ਕਰ ਦਿੰਦੇ ਸਨ। 4ਅਤੇ ਉਨ੍ਹਾਂ ਦੇ ਸਾਮ੍ਹਣੇ ਅੱਜ਼ਾਹ ਤੱਕ ਤੰਬੂ ਲਾ ਕੇ ਗਾਜ਼ਾ ਤੱਕ ਦੇ ਖੇਤਾਂ ਨੂੰ ਬਰਬਾਦ ਕਰ ਦਿੰਦੇ ਸਨ ਅਤੇ ਇਸਰਾਏਲ ਵਿੱਚ ਨਾ ਤਾਂ ਕੋਈ ਭੋਜਨ ਦਾ ਪਦਾਰਥ ਅਤੇ ਨਾ ਹੀ ਭੇਡ-ਬੱਕਰੀ ਨਾ ਬਲਦ ਅਤੇ ਨਾ ਗਧਾ ਛੱਡਦੇ ਸਨ। 5ਉਹ ਆਪਣੇ ਪਸ਼ੂਆਂ ਅਤੇ ਟਿੱਡੀਆਂ ਦੇ ਝੁੰਡ ਵਾਂਗ ਆਪਣੇ ਤੰਬੂ ਨਾਲ ਲੈ ਕੇ ਆਏ। ਉਨ੍ਹਾਂ ਲੋਕਾਂ ਦੀ ਜਾਂ ਉਨ੍ਹਾਂ ਦੇ ਊਠਾਂ ਦੀ ਗਿਣਤੀ ਕਰਨਾ ਅਸੰਭਵ ਸੀ; ਉਨ੍ਹਾਂ ਨੇ ਜ਼ਮੀਨ ਨੂੰ ਤਬਾਹ ਕਰਨ ਲਈ ਹਮਲਾ ਕੀਤਾ। 6ਮਿਦਯਾਨੀਆਂ ਦੇ ਕਾਰਨ ਇਸਰਾਏਲੀ ਕੰਗਾਲ ਹੋ ਗਏ। ਤਦ ਉਨ੍ਹਾਂ ਨੇ ਮਦਦ ਲਈ ਯਾਹਵੇਹ ਅੱਗੇ ਦੁਹਾਈ ਦਿੱਤੀ।
7ਜਦੋਂ ਇਸਰਾਏਲੀਆਂ ਨੇ ਮਿਦਯਾਨ ਦੇ ਕਾਰਨ ਯਾਹਵੇਹ ਨੂੰ ਪੁਕਾਰਿਆ, 8ਯਾਹਵੇਹ ਨੇ ਉਨ੍ਹਾਂ ਲਈ ਇੱਕ ਨਬੀ ਭੇਜਿਆ, ਜਿਸ ਨੇ ਆਖਿਆ, “ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ: ਮੈਂ ਤੁਹਾਨੂੰ ਮਿਸਰ ਦੇਸ਼ ਦੀ ਗੁਲਾਮੀ ਵਿੱਚੋਂ ਬਾਹਰ ਕੱਢ ਲਿਆਇਆ। 9ਮੈਂ ਤੁਹਾਨੂੰ ਮਿਸਰੀਆਂ ਦੇ ਹੱਥੋਂ ਛੁਡਾਇਆ ਅਤੇ ਮੈਂ ਤੁਹਾਨੂੰ ਤੁਹਾਡੇ ਸਾਰੇ ਜ਼ਾਲਮਾਂ ਦੇ ਹੱਥੋਂ ਛੁਡਾਇਆ। ਮੈਂ ਉਨ੍ਹਾਂ ਨੂੰ ਤੁਹਾਡੇ ਅੱਗਿਓਂ ਕੱਢ ਦਿੱਤਾ ਅਤੇ ਉਨ੍ਹਾਂ ਦੀ ਧਰਤੀ ਤੁਹਾਨੂੰ ਦੇ ਦਿੱਤੀ। 10ਮੈਂ ਤੁਹਾਨੂੰ ਆਖਿਆ, ‘ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ। ਅਮੋਰੀਆਂ ਦੇ ਦੇਵਤਿਆਂ ਦੀ ਉਪਾਸਨਾ ਨਾ ਕਰਨ, ਜਿਨ੍ਹਾਂ ਦੇ ਦੇਸ਼ ਵਿੱਚ ਤੁਸੀਂ ਰਹਿੰਦੇ ਹੋ।’ ਪਰ ਤੁਸੀਂ ਮੇਰੀ ਗੱਲ ਨਹੀਂ ਸੁਣੀ।”
11ਯਾਹਵੇਹ ਦਾ ਦੂਤ ਆਇਆ ਅਤੇ ਆਫ਼ਰਾਹ ਵਿੱਚ ਬਲੂਤ ਦੇ ਰੁੱਖ ਦੇ ਹੇਠਾਂ ਬੈਠ ਗਿਆ, ਜਿਹੜਾ ਅਬੀਅਜ਼ਰੀ ਯੋਆਸ਼ ਦਾ ਸੀ, ਜਿੱਥੇ ਉਸਦਾ ਪੁੱਤਰ ਗਿਦਾਊਨ ਮਿਦਯਾਨੀਆਂ ਤੋਂ ਬਚਾਉਣ ਲਈ ਇੱਕ ਚੁਬੱਚੇ ਵਿੱਚ ਕਣਕ ਛੱਟ ਰਿਹਾ ਸੀ। 12ਜਦੋਂ ਯਾਹਵੇਹ ਦੇ ਦੂਤ ਨੇ ਗਿਦਾਊਨ ਨੂੰ ਦਰਸ਼ਨ ਦਿੱਤਾ, ਤਾਂ ਉਸਨੇ ਕਿਹਾ, “ਸ਼ਕਤੀਸ਼ਾਲੀ ਸੂਰਮਾ! ਯਾਹਵੇਹ ਤੇਰੇ ਨਾਲ ਹੈ।”
13ਗਿਦਾਊਨ ਨੇ ਜਵਾਬ ਦਿੱਤਾ, “ਮੇਰੇ ਯਾਹਵੇਹ, ਮੈਨੂੰ ਮਾਫ਼ ਕਰ, ਪਰ ਜੇ ਯਾਹਵੇਹ ਸਾਡੇ ਨਾਲ ਹੁੰਦਾ, ਤਾਂ ਇਹ ਸਭ ਸਾਡੇ ਨਾਲ ਕਿਉਂ ਹੋਇਆ? ਉਸ ਦੇ ਉਹ ਸਾਰੇ ਅਚੰਭੇ ਕੰਮ ਕਿੱਥੇ ਹਨ ਜਿਨ੍ਹਾਂ ਬਾਰੇ ਸਾਡੇ ਪੁਰਖਿਆਂ ਨੇ ਸਾਨੂੰ ਦੱਸਿਆ ਸੀ ਜਦੋਂ ਉਨ੍ਹਾਂ ਨੇ ਕਿਹਾ ਸੀ, ‘ਕੀ ਯਾਹਵੇਹ ਨੇ ਸਾਨੂੰ ਮਿਸਰ ਵਿੱਚੋਂ ਬਾਹਰ ਨਹੀਂ ਲਿਆਇਆ?’ ਪਰ ਹੁਣ ਯਾਹਵੇਹ ਨੇ ਸਾਨੂੰ ਤਿਆਗ ਦਿੱਤਾ ਹੈ ਅਤੇ ਸਾਨੂੰ ਮਿਦਯਾਨ ਦੇ ਹੱਥ ਵਿੱਚ ਦੇ ਦਿੱਤਾ ਹੈ।”
14ਯਾਹਵੇਹ ਉਸ ਵੱਲ ਮੁੜਿਆ ਅਤੇ ਆਖਿਆ, “ਤੂੰ ਆਪਣੀ ਤਾਕਤ ਨਾਲ ਜਾ ਅਤੇ ਇਸਰਾਏਲ ਨੂੰ ਮਿਦਯਾਨੀਆਂ ਦੇ ਹੱਥੋਂ ਬਚਾ। ਕੀ ਮੈਂ ਤੁਹਾਨੂੰ ਨਹੀਂ ਭੇਜ ਰਿਹਾ?”
15ਗਿਦਾਊਨ ਨੇ ਜਵਾਬ ਦਿੱਤਾ, “ਮੇਰੇ ਮਾਲਕ, ਮੈਨੂੰ ਮਾਫ਼ ਕਰੋ, ਪਰ ਮੈਂ ਇਸਰਾਏਲ ਨੂੰ ਕਿਵੇਂ ਬਚਾ ਸਕਦਾ ਹਾਂ? ਮੇਰਾ ਗੋਤ ਮਨੱਸ਼ੇਹ ਵਿੱਚ ਸਭ ਤੋਂ ਕਮਜ਼ੋਰ ਹੈ, ਅਤੇ ਮੈਂ ਆਪਣੇ ਪਰਿਵਾਰ ਵਿੱਚ ਸਭ ਤੋਂ ਛੋਟਾ ਹਾਂ।”
16ਯਾਹਵੇਹ ਨੇ ਉੱਤਰ ਦਿੱਤਾ, “ਮੈਂ ਤੇਰੇ ਨਾਲ ਹੋਵਾਂਗਾ, ਅਤੇ ਤੂੰ ਸਾਰੀ ਮਿਦਯਾਨ ਫ਼ੌਜ ਨੂੰ ਇਸ ਤਰ੍ਹਾਂ ਹਰਾ ਦੇਵੇਗਾ ਜਿਵੇਂ ਸਿਰਫ ਇੱਕ ਵਿਅਕਤੀ।”
17ਗਿਦਾਊਨ ਨੇ ਜਵਾਬ ਦਿੱਤਾ, “ਜੇਕਰ ਹੁਣ ਮੈਨੂੰ ਤੇਰੀ ਨਿਗਾਹ ਵਿੱਚ ਕਿਰਪਾ ਮਿਲੀ ਹੈ, ਤਾਂ ਮੈਨੂੰ ਇੱਕ ਨਿਸ਼ਾਨ ਵਿਖਾ ਤਾਂ ਜੋ ਮੈਂ ਜਾਣ ਸਕਾ ਕਿ ਇਹ ਸੱਚਮੁੱਚ ਤੂੰ ਹੀ ਹੈ, ਜਿਹੜਾ ਮੇਰੇ ਨਾਲ ਬੋਲਦਾ ਹੈ। 18ਕਿਰਪਾ ਕਰਕੇ ਉਦੋਂ ਤੱਕ ਵਾਪਸ ਨਾ ਜਾਣਾ ਜਦੋਂ ਤੱਕ ਮੈਂ ਨਾ ਆਵਾਂ ਅਤੇ ਆਪਣੀ ਭੇਟ ਲੈ ਕੇ ਤੇਰੇ ਅੱਗੇ ਰੱਖਾਂ।”
ਅਤੇ ਯਾਹਵੇਹ ਨੇ ਕਿਹਾ, “ਜਦ ਤੱਕ ਤੂੰ ਵਾਪਿਸ ਨਾ ਮੁੜੇ ਮੈਂ ਇੱਥੇ ਹੀ ਰਹਾਂਗਾ।”
19ਗਿਦਾਊਨ ਅੰਦਰ ਗਿਆ, ਇੱਕ ਬੱਕਰੀ ਦਾ ਬੱਚਾ ਤਿਆਰ ਕੀਤਾ ਅਤੇ ਇੱਕ ਏਫ਼ਾਹ#6:19 ਲਗਭਗ 16 ਕਿਲੋਗ੍ਰਾਮ ਆਟੇ ਤੋਂ ਬਿਨਾਂ ਖਮੀਰ ਦੀਆਂ ਰੋਟੀਆ ਪਕਾਈਆਂ। ਮਾਸ ਨੂੰ ਇੱਕ ਟੋਕਰੀ ਵਿੱਚ ਰੱਖਿਆ ਅਤੇ ਤਰੀ ਨੂੰ ਇੱਕ ਭਾਂਡੇ ਵਿੱਚ ਪਾ ਕੇ ਬਲੂਤ ਦੇ ਰੁੱਖ ਹੇਠ ਉਸ ਦੇ ਲਈ ਲਿਆ ਕੇ ਰੱਖਿਆ।
20ਪਰਮੇਸ਼ਵਰ ਦੇ ਦੂਤ ਨੇ ਉਸਨੂੰ ਕਿਹਾ, “ਮਾਸ ਅਤੇ ਪਤੀਰੀ ਰੋਟੀ ਲੈ ਕੇ ਇਸ ਚੱਟਾਨ ਉੱਤੇ ਰੱਖ ਅਤੇ ਤਰੀ ਨੂੰ ਉਸਦੇ ਉੱਤੇ ਡੋਲ੍ਹ ਦੇ।” ਅਤੇ ਗਿਦਾਊਨ ਨੇ ਉਸੇ ਤਰ੍ਹਾਂ ਹੀ ਕੀਤਾ। 21ਤਦ ਯਾਹਵੇਹ ਦੇ ਦੂਤ ਨੇ ਉਸ ਸੋਟੀ ਦੀ ਨੋਕ ਨਾਲ ਜਿਹੜੀ ਉਸਦੇ ਹੱਥ ਵਿੱਚ ਸੀ, ਮਾਸ ਅਤੇ ਪਤੀਰੀ ਰੋਟੀਆਂ ਨੂੰ ਛੂਹਿਆ ਅਤੇ ਉਸ ਪੱਥਰ ਵਿੱਚੋਂ ਅੱਗ ਨਿੱਕਲੀ, ਜੋ ਮਾਸ ਅਤੇ ਰੋਟੀਆਂ ਨੂੰ ਭਸਮ ਕਰ ਗਈ ਅਤੇ ਯਾਹਵੇਹ ਦਾ ਦੂਤ ਅਲੋਪ ਹੋ ਗਿਆ। 22ਜਦੋਂ ਗਿਦਾਊਨ ਨੂੰ ਪਤਾ ਲੱਗਾ ਕਿ ਇਹ ਯਾਹਵੇਹ ਦਾ ਦੂਤ ਸੀ, ਤਾਂ ਉਸ ਨੇ ਕਿਹਾ, “ਹਾਏ! ਹੇ ਪ੍ਰਭੂ ਯਾਹਵੇਹ! ਮੈਂ ਯਾਹਵੇਹ ਦੇ ਦੂਤ ਨੂੰ ਆਹਮੋ-ਸਾਮ੍ਹਣੇ ਦੇਖਿਆ ਹੈ!”
23ਪਰ ਯਾਹਵੇਹ ਨੇ ਉਸਨੂੰ ਕਿਹਾ, “ਸ਼ਾਂਤੀ ਹੋਵੇ! ਨਾ ਡਰ। ਤੂੰ ਮਰੇਗਾ ਨਹੀਂ।”
24ਇਸ ਲਈ ਗਿਦਾਊਨ ਨੇ ਉੱਥੇ ਯਾਹਵੇਹ ਲਈ ਇੱਕ ਜਗਵੇਦੀ ਬਣਾਈ ਅਤੇ ਉਸ ਦਾ ਨਾਮ ਯਾਹਵੇਹ ਸ਼ਾਲੋਮ#6:24 ਯਾਹਵੇਹ ਸ਼ਾਲੋਮ ਅਰਥਾਤ: ਯਾਹਵੇਹ ਸ਼ਾਂਤੀ ਹੈ ਰੱਖਿਆ। ਇਹ ਅੱਜ ਤੱਕ ਉਹ ਜਗਵੇਦੀ ਅਬੀਅਜ਼ਰੀਆਂ ਦੇ ਆਫ਼ਰਾਹ ਵਿੱਚ ਬਣੀ ਹੋਈ ਹੈ।
25ਉਸੇ ਰਾਤ ਯਾਹਵੇਹ ਨੇ ਉਸ ਨੂੰ ਆਖਿਆ, “ਆਪਣੇ ਪਿਤਾ ਦੇ ਇੱਜੜ ਵਿੱਚੋਂ ਦੂਜਾ ਬਲਦ ਲੈ ਜੋ ਸੱਤ ਸਾਲ ਦਾ ਹੈ ਅਤੇ ਬਆਲ ਦੀ ਜਗਵੇਦੀ ਜੋ ਤੇਰੇ ਪਿਤਾ ਦੀ ਹੈ ਉਸ ਨੂੰ ਢਾਹ ਦੇ ਅਤੇ ਉਸ ਦੇ ਕੋਲ ਅਸ਼ੇਰਾਹ ਦੇਵੀ ਨੂੰ ਵੱਢ ਦੇ। 26ਅਤੇ ਯਾਹਵੇਹ ਆਪਣੇ ਪਰਮੇਸ਼ਵਰ ਲਈ ਇਸ ਪੱਥਰ ਉੱਤੇ ਰੀਤ ਅਨੁਸਾਰ ਇੱਕ ਜਗਵੇਦੀ ਬਣਾ, ਅਤੇ ਉਸ ਦੂਜੇ ਬਲਦ ਨੂੰ ਲੈ ਅਤੇ ਉਸ ਨੂੰ ਅਸ਼ੇਰਾਹ ਦੀ ਲੱਕੜ ਨਾਲ ਜਿਸ ਨੂੰ ਤੂੰ ਵੱਢੇਗਾ, ਜਲਾ ਕੇ ਹੋਮ ਦੀ ਬਲੀ ਚੜ੍ਹਾਂ।”
27ਇਸ ਲਈ ਗਿਦਾਊਨ ਨੇ ਆਪਣੇ ਦਸ ਸੇਵਕਾਂ ਨੂੰ ਲਿਆ ਅਤੇ ਉਸੇ ਤਰ੍ਹਾਂ ਕੀਤਾ ਜਿਵੇਂ ਯਾਹਵੇਹ ਨੇ ਉਸਨੂੰ ਕਿਹਾ ਸੀ, ਪਰ ਕਿਉਂਕਿ ਉਹ ਆਪਣੇ ਪਰਿਵਾਰ ਅਤੇ ਕਸਬੇ ਦੇ ਲੋਕਾਂ ਤੋਂ ਡਰਦਾ ਸੀ, ਉਸਨੇ ਇਹ ਕੰਮ ਦਿਨ ਦੀ ਬਜਾਏ ਰਾਤ ਨੂੰ ਕੀਤਾ।
28ਸਵੇਰ ਨੂੰ ਜਦੋਂ ਨਗਰ ਦੇ ਲੋਕ ਉੱਠੇ, ਅਤੇ ਵੇਖਿਆ ਉੱਥੇ ਬਆਲ ਦੀ ਜਗਵੇਦੀ ਢਾਹ ਦਿੱਤੀ ਗਈ ਸੀ, ਉਸ ਦੇ ਕੋਲ ਅਸ਼ੇਰਾਹ ਦੇ ਥੰਮ ਨੂੰ ਕੱਟਿਆ ਗਿਆ ਸੀ ਅਤੇ ਦੂਜਾ ਬਲਦ ਉਸ ਨਵੀਂ ਬਣੀ ਜਗਵੇਦੀ ਉੱਤੇ ਚੜ੍ਹਾਇਆ ਗਿਆ ਸੀ!
29ਉਨ੍ਹਾਂ ਨੇ ਇੱਕ-ਦੂਜੇ ਨੂੰ ਪੁੱਛਿਆ, “ਇਹ ਕਿਸਨੇ ਕੀਤਾ?”
ਜਦੋਂ ਉਨ੍ਹਾਂ ਨੇ ਧਿਆਨ ਨਾਲ ਜਾਂਚ ਕੀਤੀ, ਤਾਂ ਕਹਿਣ ਲੱਗੇ, “ਯੋਆਸ਼ ਦੇ ਪੁੱਤਰ ਗਿਦਾਊਨ ਨੇ ਇਹ ਕੰਮ ਕੀਤਾ ਹੈ।”
30ਸ਼ਹਿਰ ਦੇ ਲੋਕਾਂ ਨੇ ਯੋਆਸ਼ ਨੂੰ ਕਿਹਾ, “ਆਪਣੇ ਪੁੱਤਰ ਨੂੰ ਬਾਹਰ ਲਿਆ। ਤਾਂ ਜੋ ਉਸਨੂੰ ਮਾਰਿਆ ਜਾਵੇ, ਕਿਉਂਕਿ ਉਸਨੇ ਬਆਲ ਦੀ ਜਗਵੇਦੀ ਨੂੰ ਢਾਹ ਦਿੱਤਾ ਹੈ ਅਤੇ ਉਸਦੇ ਨਾਲ ਦੇ ਅਸ਼ੇਰਾਹ ਦੇ ਖੰਭੇ ਨੂੰ ਵੱਢ ਦਿੱਤਾ ਹੈ।”
31ਪਰ ਯੋਆਸ਼ ਨੇ ਆਪਣੇ ਆਲੇ-ਦੁਆਲੇ ਦੀ ਵਿਰੋਧੀ ਭੀੜ ਨੂੰ ਜਵਾਬ ਦਿੱਤਾ, “ਕੀ ਤੁਸੀਂ ਬਆਲ ਦੇ ਲਈ ਝਗੜਾ ਕਰਦੇ ਹੋ? ਕੀ ਤੁਸੀਂ ਉਸਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ? ਜਿਹੜਾ ਵੀ ਉਹ ਦੇ ਲਈ ਲੜਦਾ ਹੈ ਉਹ ਸਵੇਰ ਨੂੰ ਮਾਰਿਆ ਜਾਵੇਗਾ! ਜੇਕਰ ਬਾਲ ਸੱਚਮੁੱਚ ਇੱਕ ਦੇਵਤਾ ਹੈ, ਤਾਂ ਉਹ ਆਪਣਾ ਬਚਾਅ ਕਰ ਸਕਦਾ ਹੈ ਜਦੋਂ ਕੋਈ ਉਸਦੀ ਜਗਵੇਦੀ ਨੂੰ ਤੋੜਦਾ ਹੈ।” 32ਇਸ ਲਈ ਕਿਉਂਕਿ ਗਿਦਾਊਨ ਨੇ ਬਆਲ ਦੀ ਜਗਵੇਦੀ ਨੂੰ ਢਾਹ ਦਿੱਤਾ ਸੀ, ਉਨ੍ਹਾਂ ਨੇ ਉਸ ਦਿਨ ਉਸ ਦਾ ਨਾਮ ਯਰੁੱਬਆਲ ਰੱਖਿਆ ਜਿਸ ਦਾ ਮਤਲਬ ਹੈ, “ਬਾਲ ਉਸਦਾ ਵਿਰੋਧ ਕਰਦਾ ਹੈ,” ਕਿਉਂਕਿ ਗਿਦਾਊਨ ਨੇ ਬਆਲ ਦੀ ਜਗਵੇਦੀ ਨੂੰ ਢਾਹ ਦਿੱਤਾ ਸੀ।
33ਹੁਣ ਸਾਰੇ ਮਿਦਯਾਨੀ, ਅਮਾਲੇਕੀ ਅਤੇ ਹੋਰ ਪੂਰਬੀ ਲੋਕ ਇਕੱਠੇ ਹੋ ਕੇ ਹੋਏ ਅਤੇ ਪਾਰ ਲੰਘ ਕੇ ਯਿਜ਼ਰਏਲ ਦੀ ਘਾਟੀ ਵਿੱਚ ਤੰਬੂ ਲਾਏ। 34ਤਦ ਯਾਹਵੇਹ ਦਾ ਆਤਮਾ ਗਿਦਾਊਨ ਉੱਤੇ ਆਇਆ ਅਤੇ ਉਸ ਨੇ ਤੁਰ੍ਹੀ ਵਜਾਈ ਅਤੇ ਅਬੀਅਜ਼ਰੀਆਂ ਨੂੰ ਆਪਣੇ ਮਗਰ ਆਉਣ ਲਈ ਸੱਦਿਆ। 35ਉਸ ਨੇ ਪੂਰੇ ਮਨੱਸ਼ੇਹ ਵਿੱਚ ਸੰਦੇਸ਼ਵਾਹਕ ਭੇਜੇ ਅਤੇ ਉਨ੍ਹਾਂ ਨੂੰ ਹਥਿਆਰਬੰਦ ਕਰਨ ਲਈ ਬੁਲਾਇਆ ਅਤੇ ਉਸ ਨੇ ਆਸ਼ੇਰ, ਜ਼ਬੂਲੁਨ ਅਤੇ ਨਫ਼ਤਾਲੀ ਵਿੱਚ ਵੀ ਹਲਕਾਰੇ ਭੇਜੇ, ਤਾਂ ਜੋ ਉਹ ਵੀ ਉਸ ਨੂੰ ਮਿਲਣ ਲਈ ਆ ਗਏ।
36ਗਿਦਾਊਨ ਨੇ ਪਰਮੇਸ਼ਵਰ ਨੂੰ ਆਖਿਆ, “ਜੇਕਰ ਤੂੰ ਮੇਰੇ ਹੱਥਾਂ ਨਾਲ ਇਸਰਾਏਲ ਨੂੰ ਬਚਾਵੇਂਗਾ ਜਿਵੇਂ ਤੂੰ ਵਾਅਦਾ ਕੀਤਾ ਹੈ, 37ਵੇਖ, ਮੈਂ ਇੱਕ ਉੱਨ ਦੀ ਖੱਲ ਖੇਤ ਵਿੱਚ ਰੱਖਾਗਾ। ਜੇ ਸਿਰਫ ਉੱਨ ਉੱਤੇ ਤ੍ਰੇਲ ਪਵੇ ਅਤੇ ਆਲੇ-ਦੁਆਲੇ ਦੀ ਜ਼ਮੀਨ ਸੁੱਕੀ ਰਹੇ, ਤਾਂ ਮੈਂ ਜਾਣ ਲਵਾਂਗਾ ਕਿ ਤੂੰ ਮੇਰੇ ਹੱਥਾਂ ਨਾਲ ਇਸਰਾਏਲ ਨੂੰ ਬਚਾਓਗੇ, ਜਿਵੇਂ ਤੂੰ ਕਿਹਾ ਸੀ।” 38ਅਤੇ ਇਹੀ ਹੋਇਆ। ਗਿਦਾਊਨ ਅਗਲੇ ਦਿਨ ਜਲਦੀ ਉੱਠਿਆ; ਉਸਨੇ ਉੱਨ ਦੇ ਵਿੱਚੋਂ ਤ੍ਰੇਲ ਨੂੰ ਘੁੱਟ ਕੇ ਨਿਚੋੜਿਆ ਤਾਂ ਪਾਣੀ ਦਾ ਇੱਕ ਕਟੋਰਾ ਭਰ ਗਿਆ।
39ਤਦ ਗਿਦਾਊਨ ਨੇ ਪਰਮੇਸ਼ਵਰ ਨੂੰ ਆਖਿਆ, “ਜੇਕਰ ਮੈਂ ਇੱਕ ਵਾਰੀ ਹੋਰ ਆਖਾਂ ਤਾਂ ਤੇਰਾ ਕ੍ਰੋਧ ਮੇਰੇ ਉੱਤੇ ਨਾ ਭੜਕੇ, ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਇੱਕ ਵਾਰੀ ਹੋਰ ਇਸ ਉੱਨ ਦੀ ਖੱਲ ਨਾਲ ਤੇਰੀ ਪ੍ਰੀਖਿਆ ਲਵਾਂ, ਇਸ ਵਾਰੀ ਸਿਰਫ ਉੱਨ ਦੀ ਖੱਲ ਹੀ ਸੁੱਕੀ ਰਹੇ ਅਤੇ ਆਲੇ-ਦੁਆਲੇ ਦੀ ਸਾਰੀ ਧਰਤੀ ਉੱਤੇ ਤ੍ਰੇਲ ਪਵੇ।” 40ਉਸ ਰਾਤ ਪਰਮੇਸ਼ਵਰ ਨੇ ਅਜਿਹਾ ਹੀ ਕੀਤਾ। ਸਿਰਫ ਉੱਨ ਸੁੱਕੀ ਸੀ ਅਤੇ ਬਾਕੀ ਸਾਰੀ ਜ਼ਮੀਨ ਉੱਤੇ ਤ੍ਰੇਲ ਪਈ।

Currently Selected:

ਨਿਆਂਈਆਂ 6: PCB

Highlight

Copy

Compare

Share

None

Want to have your highlights saved across all your devices? Sign up or sign in

Video for ਨਿਆਂਈਆਂ 6