ਨਿਆਂਈਆਂ 16
16
ਸਮਸੂਨ ਅਤੇ ਦਲੀਲਾਹ
1ਇੱਕ ਦਿਨ ਸਮਸੂਨ ਗਾਜ਼ਾ ਗਿਆ, ਜਿੱਥੇ ਉਸਨੇ ਇੱਕ ਵੇਸਵਾ ਵੇਖੀ। ਉਹ ਉਸ ਨਾਲ ਰਾਤ ਕੱਟਣ ਲਈ ਉਸ ਕੋਲ ਅੰਦਰ ਗਿਆ। 2ਗਾਜ਼ਾ ਦੇ ਲੋਕਾਂ ਨੂੰ ਦੱਸਿਆ ਗਿਆ, “ਸਮਸੂਨ ਇੱਥੇ ਹੈ!” ਇਸ ਲਈ ਉਨ੍ਹਾਂ ਨੇ ਉਸ ਥਾਂ ਨੂੰ ਘੇਰ ਲਿਆ ਅਤੇ ਸਾਰੀ ਰਾਤ ਸ਼ਹਿਰ ਦੇ ਫਾਟਕ ਉੱਤੇ ਉਸ ਦੀ ਉਡੀਕ ਵਿੱਚ ਬੈਠੇ ਰਹੇ। ਉਨ੍ਹਾਂ ਨੇ ਰਾਤ ਨੂੰ ਕੋਈ ਹਿਲਜੁਲ ਨਹੀਂ ਕੀਤੀ, ਉਹ ਇਹ ਕਹਿੰਦੇ ਸਨ, “ਸਵੇਰੇ ਅਸੀਂ ਇਸਨੂੰ ਮਾਰ ਦੇਵਾਂਗੇ।”
3ਪਰ ਸਮਸੂਨ ਅੱਧੀ ਰਾਤ ਤੱਕ ਉੱਥੇ ਰਿਹਾ, ਤਦ ਉਹ ਉੱਠਿਆ ਅਤੇ ਸ਼ਹਿਰ ਦੇ ਫਾਟਕ ਦੇ ਦਰਵਾਜ਼ੇ ਨੂੰ ਦੋਹਾਂ ਪੱਲਿਆਂ ਦੇ ਸਮੇਤ ਫੜ ਲਿਆ, ਪਰ ਉਸ ਨੇ ਪੱਟੀਆਂ ਸਮੇਤ ਸਭ ਕੁਝ ਪੱਟ ਦਿੱਤਾ। ਉਸ ਨੇ ਉਨ੍ਹਾਂ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਲਿਆ ਅਤੇ ਉਨ੍ਹਾਂ ਨੂੰ ਪਹਾੜੀ ਦੀ ਸਿਖਰ ਉੱਤੇ ਲੈ ਗਿਆ ਜੋ ਹੇਬਰੋਨ ਦੇ ਸਾਮ੍ਹਣੇ ਸੀ।
4ਕੁਝ ਸਮੇਂ ਬਾਅਦ, ਉਸਨੂੰ ਸੋਰੇਕ ਦੀ ਵਾਦੀ ਵਿੱਚ ਇੱਕ ਔਰਤ ਨਾਲ ਪਿਆਰ ਹੋ ਗਿਆ ਜਿਸਦਾ ਨਾਮ ਦਲੀਲਾਹ ਸੀ। 5ਫ਼ਲਿਸਤੀਆਂ ਦੇ ਹਾਕਮ ਉਸ ਕੋਲ ਗਏ ਅਤੇ ਆਖਿਆ, “ਵੇਖ, ਕੀ ਤੂੰ ਉਸ ਨੂੰ ਫੁਸਲਾ ਕੇ ਉਸ ਦੀ ਮਹਾਨ ਸ਼ਕਤੀ ਦਾ ਭੇਤ ਪਤਾ ਕਰ ਸਕਦੀ ਹੈ? ਤਾਂ ਜੋ ਅਸੀਂ ਉਸਨੂੰ ਕਾਬੂ ਕਰਕੇ ਉਸਨੂੰ ਬੰਨ੍ਹ ਕੇ ਅਧੀਨ ਕਰ ਸਕੀਏ। ਸਾਡੇ ਵਿੱਚੋਂ ਹਰ ਇੱਕ ਤੁਹਾਨੂੰ ਗਿਆਰਾਂ ਸੌ ਸ਼ੈਕੇਲ ਚਾਂਦੀ ਦੇਵੇਗਾ।”
6ਇਸ ਲਈ ਦਲੀਲਾਹ ਨੇ ਸਮਸੂਨ ਨੂੰ ਕਿਹਾ, “ਮੈਨੂੰ ਆਪਣੀ ਮਹਾਨ ਸ਼ਕਤੀ ਦਾ ਭੇਤ ਦੱਸ ਅਤੇ ਤੈਨੂੰ ਕਿਵੇਂ ਬੰਨ੍ਹਿਆ ਜਾ ਸਕਦਾ ਹੈ ਅਤੇ ਆਪਣੇ ਅਧੀਨ ਕੀਤਾ ਜਾ ਸਕਦਾ ਹੈ।”
7ਸਮਸੂਨ ਨੇ ਉਸ ਨੂੰ ਕਿਹਾ, “ਜੇ ਕੋਈ ਮੈਨੂੰ ਸੱਤ ਹਰੀਆਂ ਛੰਮਕਾਂ ਨਾਲ ਬੰਨ੍ਹੇ ਜੋ ਸੁੱਕੀਆਂ ਨਾ ਹੋਣ, ਤਾਂ ਮੇਰਾ ਬਲ ਘੱਟ ਜਾਵੇਗਾ ਅਤੇ ਮੈਂ ਸਧਾਰਨ ਮਨੁੱਖਾਂ ਵਰਗਾ ਹੋ ਜਾਂਵਾਂਗਾ।”
8ਤਦ ਫ਼ਲਿਸਤੀਆਂ ਦੇ ਹਾਕਮਾਂ ਨੇ ਉਸ ਨੂੰ ਸੱਤ ਤਾਜ਼ੀਆਂ ਛੰਮਕਾਂ ਜੋ ਹਰੀਆਂ ਸਨ ਲਿਆਏ ਅਤੇ ਉਸ ਨੂੰ ਉਨ੍ਹਾਂ ਨਾਲ ਬੰਨ੍ਹ ਦਿੱਤਾ। 9ਉਸ ਔਰਤ ਨੇ ਆਪਣੇ ਘਰ ਦੇ ਅੰਦਰਲੇ ਕਮਰੇ ਵਿੱਚ ਕੁਝ ਆਦਮੀਆਂ ਨੂੰ ਲੁਕਾ ਲਿਆ। ਉਸਨੇ ਉਸਨੂੰ ਪੁਕਾਰਿਆ, “ਸਮਸੂਨ, ਫ਼ਲਿਸਤੀ ਤੇਰੇ ਉੱਤੇ ਹਨ!” ਪਰ ਉਸਨੇ ਕਮਾਨ ਦੇ ਰੱਸਿਆ ਨੂੰ ਇੰਨੀ ਅਸਾਨੀ ਨਾਲ ਤੋੜਿਆ ਜਿਵੇਂ ਕਿ ਇੱਕ ਤਾਰ ਦਾ ਟੁਕੜਾ ਜਦੋਂ ਅੱਗ ਦੇ ਨੇੜੇ ਆਉਂਦਾ ਹੈ। ਇਸ ਲਈ ਉਸ ਦੀ ਤਾਕਤ ਦਾ ਰਾਜ ਨਹੀਂ ਲੱਭਿਆ ਗਿਆ।
10ਤਦ ਦਲੀਲਾਹ ਨੇ ਸਮਸੂਨ ਨੂੰ ਕਿਹਾ, “ਤੂੰ ਮੈਨੂੰ ਮੂਰਖ ਬਣਾਇਆ ਹੈ। ਤੁਸੀਂ ਮੇਰੇ ਨਾਲ ਝੂਠ ਬੋਲਿਆ। ਹੁਣ ਆਓ, ਮੈਨੂੰ ਦੱਸੋ ਕਿ ਤੁਹਾਨੂੰ ਕਿਵੇਂ ਬੰਨ੍ਹਿਆ ਜਾ ਸਕਦਾ ਹੈ।”
11ਉਸਨੇ ਕਿਹਾ, “ਜੇ ਕੋਈ ਮੈਨੂੰ ਨਵੀਆਂ ਰੱਸੀਆਂ ਨਾਲ ਸੁਰੱਖਿਅਤ ਢੰਗ ਨਾਲ ਬੰਨ੍ਹਦਾ ਹੈ ਜੋ ਕਦੇ ਵੀ ਨਹੀਂ ਵਰਤੀਆਂ ਹੋਣ, ਤਾਂ ਮੈਂ ਕਿਸੇ ਹੋਰ ਆਦਮੀ ਵਾਂਗ ਕਮਜ਼ੋਰ ਹੋ ਜਾਵਾਂਗਾ।”
12ਇਸ ਲਈ ਦਲੀਲਾਹ ਨੇ ਨਵੀਆਂ ਰੱਸੀਆਂ ਲੈ ਕੇ ਉਸ ਨੂੰ ਉਨ੍ਹਾਂ ਨਾਲ ਬੰਨ੍ਹ ਕੇ ਕਿਹਾ, “ਹੇ ਸਮਸੂਨ ਫ਼ਲਿਸਤੀ ਤੇਰੇ ਉੱਤੇ ਚੜ੍ਹ ਆਏ!” ਅਤੇ ਘਾਤ ਲਾਉਣ ਵਾਲੇ ਉਸ ਕੋਠੜੀ ਵਿੱਚ ਲੁਕੇ ਹੋਏ ਸਨ। ਤਦ ਉਸ ਨੇ ਆਪਣੀਆਂ ਬਾਹਾਂ ਉੱਤੇ ਰੱਸੀਆਂ ਨੂੰ ਧਾਗੇ ਵਾਂਗੂੰ ਤੋੜ ਸੁੱਟਿਆ।
13ਦਲੀਲਾਹ ਨੇ ਸਮਸੂਨ ਨੂੰ ਕਿਹਾ, “ਇਸ ਸਾਰੇ ਸਮੇਂ ਤੋਂ ਤੂੰ ਮੈਨੂੰ ਮੂਰਖ ਬਣਾ ਰਿਹਾ ਹੈ ਅਤੇ ਮੇਰੇ ਨਾਲ ਝੂਠ ਬੋਲਿਆ। ਮੈਨੂੰ ਦੱਸ ਕਿ ਤੁਹਾਨੂੰ ਕਿਵੇਂ ਬੰਨ੍ਹਿਆ ਜਾ ਸਕਦਾ ਹੈ?”
ਸਮਸੂਨ ਨੇ ਜਵਾਬ ਦਿੱਤਾ, “ਜੇਕਰ ਤੂੰ ਮੇਰੇ ਸਿਰ ਦੀਆਂ ਸੱਤ ਲਟਾਂ ਤਾਣੇ ਨਾਲ ਉਣ ਕੇ ਅਤੇ ਉਹਨਾਂ ਨੂੰ ਕਿਲੇ ਨਾਲ ਕੱਸ ਕੇ ਬੰਨ੍ਹ ਦੇਵੇ, ਤਾਂ ਮੈਂ ਕਿਸੇ ਆਮ ਆਦਮੀ ਵਾਂਗ ਕਮਜ਼ੋਰ ਹੋ ਜਾਵਾਂਗਾ।” ਇਸ ਲਈ ਜਦੋਂ ਉਹ ਸੌਂ ਰਿਹਾ ਸੀ, ਦਲੀਲਾਹ ਨੇ ਉਸਦੇ ਸਿਰ ਦੀਆਂ ਸੱਤ ਵੇੜੀਆਂ ਲਈਆਂ, ਉਹਨਾਂ ਨੂੰ ਕੱਪੜੇ ਵਿੱਚ ਬੁਣਿਆ 14ਅਤੇ ਇਸ ਨੂੰ ਕਿੱਲੀ ਨਾਲ ਕੱਸਿਆ।
ਉਸਨੇ ਫਿਰ ਉਸਨੂੰ ਪੁਕਾਰਿਆ, “ਸਮਸੂਨ, ਫ਼ਲਿਸਤੀ ਤੇਰੇ ਉੱਤੇ ਚੜ੍ਹ ਆਏ ਹਨ!” ਉਹ ਆਪਣੀ ਨੀਂਦ ਤੋਂ ਜਾਗਿਆ ਅਤੇ ਕਿੱਲੀ ਨੂੰ ਤਾਣੇ ਸਣੇ ਪੁੱਟ ਸੁੱਟਿਆ।
15ਤਦ ਉਸਨੇ ਕਿਹਾ “ਤੇਰਾ ਮਨ ਮੇਰੇ ਨਾਲ ਨਹੀਂ ਲੱਗਾ, ਫਿਰ ਤੂੰ ਕਿਉਂ ਕਹਿੰਦਾ ਹੈ ਕਿ ਤੂੰ ਮੈਨੂੰ ਪਿਆਰ ਕਰਦਾ ਹੈ? ਤੂੰ ਤਿੰਨੇ ਵਾਰੀ ਮੇਰੇ ਨਾਲ ਮਖੌਲ ਕੀਤਾ ਅਤੇ ਮੈਨੂੰ ਨਹੀਂ ਦੱਸਿਆ ਕਿ ਤੇਰੀ ਵੱਡੀ ਸ਼ਕਤੀ ਦਾ ਕੀ ਭੇਤ ਹੈ।” 16ਅਜਿਹੀ ਤੰਗੀ ਨਾਲ ਉਸਨੇ ਉਸਨੂੰ ਦਿਨੋਂ-ਦਿਨ ਉਕਸਾਇਆ ਜਦੋਂ ਤੱਕ ਉਹ ਇਸ ਨਾਲ ਤੰਗ ਨਹੀਂ ਹੋ ਗਿਆ।
17ਇਸ ਲਈ ਅੰਤ ਵਿੱਚ ਉਸਨੇ ਉਸਨੂੰ ਸਭ ਕੁਝ ਦੱਸ ਦਿੱਤਾ। ਉਸ ਨੇ ਕਿਹਾ, “ਮੇਰੇ ਸਿਰ ਉੱਤੇ ਕਦੇ ਵੀ ਉਸਤਰਾ ਨਹੀਂ ਫਿਰਿਆ, ਕਿਉਂਕਿ ਮੈਂ ਆਪਣੀ ਮਾਂ ਦੀ ਕੁੱਖ ਤੋਂ ਹੀ ਪਰਮੇਸ਼ਵਰ ਨੂੰ ਸਮਰਪਿਤ ਕੀਤਾ ਗਿਆ ਹੈ ਅਤੇ ਮੈਂ ਇੱਕ ਨਜ਼ੀਰ ਹਾਂ। ਜੇਕਰ ਮੇਰਾ ਸਿਰ ਮੁੰਨ ਦਿੱਤਾ ਜਾਵੇ, ਤਾਂ ਮੇਰੀ ਤਾਕਤ ਮੇਰੇ ਤੋਂ ਦੂਰ ਹੋ ਜਾਵੇਗੀ, ਅਤੇ ਮੈਂ ਸਧਾਰਨ ਆਦਮੀ ਵਾਂਗ ਕਮਜ਼ੋਰ ਹੋ ਜਾਵਾਂਗਾ।”
18ਜਦੋਂ ਦਲੀਲਾਹ ਨੇ ਦੇਖਿਆ ਕਿ ਉਸਨੇ ਉਸਨੂੰ ਸਭ ਕੁਝ ਦੱਸ ਦਿੱਤਾ ਹੈ, ਤਾਂ ਉਸਨੇ ਫ਼ਲਿਸਤੀਆਂ ਦੇ ਹਾਕਮਾਂ ਨੂੰ ਸੁਨੇਹਾ ਭੇਜਿਆ, “ਇੱਕ ਵਾਰ ਫਿਰ ਵਾਪਸ ਆਓ; ਉਸਨੇ ਮੈਨੂੰ ਸਭ ਕੁਝ ਦੱਸ ਦਿੱਤਾ ਹੈ।” ਇਸ ਲਈ ਫ਼ਲਿਸਤੀਆਂ ਦੇ ਹਾਕਮ ਆਪਣੇ ਹੱਥਾਂ ਵਿੱਚ ਚਾਂਦੀ ਲੈ ਕੇ ਵਾਪਸ ਪਰਤ ਆਏ। 19ਉਸ ਨੇ ਸਮਸੂਨ ਨੂੰ ਆਪਣੀ ਗੋਦ ਵਿੱਚ ਸਵਾਉਣ ਤੋਂ ਬਾਅਦ, ਉਸਨੇ ਕਿਸੇ ਨੂੰ ਉਸਦੇ ਵਾਲਾਂ ਦੀਆਂ ਸੱਤ ਲਟਾ ਨੂੰ ਕੱਟਣ ਲਈ ਬੁਲਾਇਆ, ਅਤੇ ਇਸ ਤਰ੍ਹਾਂ ਉਸਨੂੰ ਆਪਣੇ ਅਧੀਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸਦਾ ਜ਼ੋਰ ਉਸ ਕੋਲੋ ਜਾਂਦਾ ਰਿਹਾ।
20ਤਦ ਉਸਨੇ ਪੁਕਾਰਿਆ, “ਹੇ ਸਮਸੂਨ, ਫ਼ਲਿਸਤੀ ਤੇਰੇ ਉੱਤੇ ਚੜ੍ਹ ਆਏ ਹਨ!”
ਉਹ ਆਪਣੀ ਨੀਂਦ ਤੋਂ ਜਾਗਿਆ ਅਤੇ ਸੋਚਿਆ, “ਮੈਂ ਪਹਿਲਾਂ ਵਾਂਗ ਬਾਹਰ ਜਾਵਾਂਗਾ ਅਤੇ ਆਪਣੇ ਆਪ ਨੂੰ ਹਿਲਾ ਕੇ ਖੋਲ੍ਹ ਲਵਾਂਗਾ।” ਪਰ ਉਹ ਨਹੀਂ ਜਾਣਦਾ ਸੀ ਕਿ ਯਾਹਵੇਹ ਨੇ ਉਸਨੂੰ ਛੱਡ ਦਿੱਤਾ ਸੀ।
21ਤਦ ਫ਼ਲਿਸਤੀਆਂ ਨੇ ਉਸ ਨੂੰ ਫੜ ਲਿਆ ਅਤੇ ਉਸ ਦੀਆਂ ਅੱਖਾਂ ਕੱਢ ਦਿੱਤੀਆਂ ਅਤੇ ਗਾਜ਼ਾ ਵਿੱਚ ਲੈ ਗਏ। ਉਨ੍ਹਾਂ ਨੇ ਉਸਨੂੰ ਪਿੱਤਲ ਦੀਆਂ ਬੇੜੀਆਂ ਨਾਲ ਬੰਨ੍ਹ ਕੇ ਕੈਦਖ਼ਾਨੇ ਵਿੱਚ ਪਾ ਦਿੱਤਾ ਅਤੇ ਉਹ ਉੱਥੇ ਚੱਕੀ ਪੀਸਦਾ ਹੁੰਦਾ ਸੀ। 22ਪਰ ਉਸ ਦੇ ਸਿਰ ਦੇ ਵਾਲ ਮੁੰਨਣ ਤੋਂ ਬਾਅਦ ਦੁਬਾਰਾ ਉੱਗਣੇ ਸ਼ੁਰੂ ਹੋ ਗਏ।
ਸਮਸੂਨ ਦਾ ਬਦਲਾ
23ਹੁਣ ਫ਼ਲਿਸਤੀਆਂ ਦੇ ਹਾਕਮ ਆਪਣੇ ਦੇਵਤੇ ਦਾਗੋਨ ਨੂੰ ਇੱਕ ਵੱਡੀ ਬਲੀ ਚੜ੍ਹਾਉਣ ਅਤੇ ਖੁਸ਼ੀ ਮਨਾਉਣ ਲਈ ਇਕੱਠੇ ਹੋਏ, “ਕਿ ਸਾਡੇ ਦੇਵਤੇ ਨੇ ਸਾਡੇ ਦੁਸ਼ਮਣ ਸਮਸੂਨ ਨੂੰ ਸਾਡੇ ਹੱਥਾਂ ਵਿੱਚ ਕਰ ਦਿੱਤਾ ਹੈ।”
24ਜਦੋਂ ਲੋਕਾਂ ਨੇ ਉਸ ਨੂੰ ਦੇਖਿਆ, ਤਾਂ ਉਨ੍ਹਾਂ ਨੇ ਆਪਣੇ ਦੇਵਤੇ ਦੀ ਉਸਤਤ ਕੀਤੀ ਅਤੇ ਕਿਹਾ,
“ਸਾਡੇ ਦੇਵਤੇ ਨੇ ਸਾਡੇ ਦੁਸ਼ਮਣ ਨੂੰ
ਸਾਡੇ ਹੱਥਾਂ ਵਿੱਚ ਦੇ ਦਿੱਤਾ ਹੈ,
ਜਿਸ ਨੇ ਸਾਡੀ ਧਰਤੀ ਨੂੰ ਉਜਾੜ ਦਿੱਤਾ
ਅਤੇ ਸਾਡੇ ਵਿੱਚੋਂ ਬਹੁਤ ਸਾਰਿਆ ਨੂੰ ਮਾਰ ਵੀ ਦਿੱਤਾ ਸੀ।”
25ਤਦ ਅਜਿਹਾ ਹੋਇਆ ਜਦੋਂ ਉਹ ਅਨੰਦ ਕਰ ਰਹੇ ਸਨ, ਤਾਂ ਉਨ੍ਹਾਂ ਨੇ ਕਿਹਾ, “ਸਮਸੂਨ ਨੂੰ ਬੁਲਾਓ ਜੋ ਸਾਡੇ ਅੱਗੇ ਤਮਾਸ਼ਾ ਕਰੇ।” ਇਸ ਲਈ ਉਨ੍ਹਾਂ ਨੇ ਸਮਸੂਨ ਨੂੰ ਕੈਦਖ਼ਾਨੇ ਵਿੱਚੋਂ ਬੁਲਾਇਆ ਅਤੇ ਉਹ ਉਨ੍ਹਾਂ ਅੱਗੇ ਤਮਾਸ਼ਾ ਕਰਨ ਲੱਗਾ।
ਉਨ੍ਹਾਂ ਨੇ ਉਸਨੂੰ ਦੋ ਥੰਮ੍ਹਾਂ ਦੇ ਵਿਚਕਾਰ ਉਸ ਨੂੰ ਖੜ੍ਹਾਂ ਕਰ ਦਿੱਤਾ। 26ਸਮਸੂਨ ਨੇ ਉਸ ਨੌਕਰ ਨੂੰ ਕਿਹਾ ਜਿਸਨੇ ਉਸਦਾ ਹੱਥ ਫੜਿਆ ਹੋਇਆ ਸੀ, “ਮੈਨੂੰ ਉਨ੍ਹਾਂ ਥੰਮ੍ਹਾਂ ਤੇ ਹੱਥ ਰੱਖ ਲੈਣ ਦੇ ਜਿੱਥੇ ਮੈਂ ਮੰਦਰ ਨੂੰ ਸਹਾਰਾ ਦੇਣ ਵਾਲੇ ਥੰਮ੍ਹਾਂ ਨੂੰ ਮਹਿਸੂਸ ਕਰ ਸਕਾਂ, ਤਾਂ ਜੋ ਮੈਂ ਉਹਨਾਂ ਦੇ ਵਿਰੁੱਧ ਝੁਕ ਸਕਾਂ।” 27ਹੁਣ ਮੰਦਰ ਵਿੱਚ ਮਰਦਾਂ ਅਤੇ ਔਰਤਾਂ ਦੀ ਭੀੜ ਸੀ; ਫ਼ਲਿਸਤੀਆਂ ਦੇ ਸਾਰੇ ਹਾਕਮ ਉੱਥੇ ਸਨ ਅਤੇ ਛੱਤ ਉੱਤੇ ਤਿੰਨ ਹਜ਼ਾਰ ਦੇ ਕਰੀਬ ਆਦਮੀ ਅਤੇ ਔਰਤਾਂ ਸਨ, ਜੋ ਸਮਸੂਨ ਨੂੰ ਤਮਾਸ਼ਾ ਕਰਦੇ ਦੇਖ ਰਹੇ ਸਨ। 28ਫਿਰ ਸਮਸੂਨ ਨੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ, “ਪ੍ਰਭੂ ਯਾਹਵੇਹ, ਮੈਨੂੰ ਯਾਦ ਕਰ। ਹੇ ਪਰਮੇਸ਼ਵਰ! ਕਿਰਪਾ ਕਰਕੇ ਮੈਨੂੰ ਇੱਕ ਵਾਰ ਫਿਰ ਸ਼ਕਤੀ ਦੇ, ਤਾਂ ਜੋ ਮੈਂ ਇੱਕ ਝਟਕੇ ਨਾਲ ਫ਼ਲਿਸਤੀ ਤੋਂ ਆਪਣੀਆਂ ਦੋਵੇਂ ਅੱਖਾਂ ਦਾ ਬਦਲਾ ਲੈ ਲਵਾਂ।” 29ਫਿਰ ਸਮਸੂਨ ਦੋ ਵਿਚਕਾਰਲੇ ਥੰਮ੍ਹਾਂ ਵੱਲ ਪਹੁੰਚਿਆ ਜਿਨ੍ਹਾਂ ਉੱਤੇ ਮੰਦਰ ਟਿਕਿਆਂ ਹੋਇਆ ਸੀ। ਉਸਨੇ ਉਹਨਾਂ ਨੂੰ ਕੱਸ ਕੇ ਫੜ ਲਿਆ ਅਤੇ ਆਪਣਾ ਸਾਰਾ ਬੋਝ ਉਹਨਾਂ ਥੰਮ੍ਹਾਂ ਉੱਤੇ ਪਾ ਦਿੱਤਾ। ਉਸਦਾ ਸੱਜਾ ਹੱਥ ਇੱਕ ਥੰਮ੍ਹ ਉੱਤੇ ਅਤੇ ਉਸਦਾ ਖੱਬਾ ਹੱਥ ਦੂਜੇ ਥੰਮ੍ਹ ਉੱਤੇ ਰੱਖ ਕੇ ਜੋਰ ਲਗਾ ਦਿੱਤਾ, 30ਸਮਸੂਨ ਨੇ ਕਿਹਾ, “ਮੇਰੇ ਪ੍ਰਾਣ ਵੀ ਫ਼ਲਿਸਤੀਆਂ ਦੇ ਨਾਲ ਹੀ ਜਾਣ!” ਅਤੇ ਉਹ ਆਪਣਾ ਸਾਰਾ ਜ਼ੋਰ ਲਾ ਕੇ ਝੁਕਿਆ ਅਤੇ ਉਹ ਮੰਦਰ ਵਿੱਚ ਸਾਰੇ ਸਰਦਾਰਾਂ ਅਤੇ ਉਨ੍ਹਾਂ ਸਾਰਿਆਂ ਲੋਕਾਂ ਦੇ ਉੱਤੇ ਜੋ ਉਹ ਦੇ ਵਿੱਚ ਸਨ, ਡਿੱਗ ਪਿਆ। ਇਸ ਤਰ੍ਹਾਂ ਉਹ ਲੋਕ ਜਿਨ੍ਹਾਂ ਨੂੰ ਉਸ ਨੇ ਆਪਣੇ ਮਰਨ ਦੇ ਵੇਲੇ ਮਾਰਿਆ, ਉਨ੍ਹਾਂ ਨਾਲੋਂ ਵੱਧ ਸਨ ਜਿਨ੍ਹਾਂ ਨੂੰ ਉਸਨੇ ਆਪਣੇ ਜੀਉਂਦੇ ਜੀ ਮਾਰਿਆ ਸੀ।
31ਫਿਰ ਉਸਦੇ ਭਰਾ ਅਤੇ ਉਸਦੇ ਪਿਤਾ ਦਾ ਸਾਰਾ ਪਰਿਵਾਰ ਉਸਨੂੰ ਲੈਣ ਲਈ ਹੇਠਾਂ ਉਤਰਿਆ। ਉਹ ਉਸ ਦੀ ਲਾਸ਼ ਨੂੰ ਵਾਪਸ ਲਿਆਏ ਅਤੇ ਉਸਨੂੰ ਉਸਦੇ ਪਿਤਾ ਮਾਨੋਆਹ ਦੀ ਕਬਰ ਵਿੱਚ ਜ਼ੋਰਾਹ ਅਤੇ ਅਸ਼ਤਾਓਲ ਦੇ ਵਿਚਕਾਰ ਦਫ਼ਨਾਇਆ। ਉਸਨੇ ਵੀਹ ਸਾਲ ਇਸਰਾਏਲ ਦੀ ਅਗਵਾਈ ਕੀਤੀ ਸੀ।
Currently Selected:
ਨਿਆਂਈਆਂ 16: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.