9
ਇਸਰਾਏਲ ਲਈ ਸਜ਼ਾ
1ਹੇ ਇਸਰਾਏਲ, ਖੁਸ਼ ਨਾ ਹੋ;
ਹੋਰ ਕੌਮਾਂ ਵਾਂਗ ਖੁਸ਼ ਨਾ ਹੋਵੋ।
ਕਿਉਂ ਜੋ ਤੁਸੀਂ ਆਪਣੇ ਪਰਮੇਸ਼ਵਰ ਨਾਲ ਬੇਵਫ਼ਾ ਰਹੇ ਹੋ।
ਤੁਸੀਂ ਹਰ ਪਿੜ ਵਿੱਚ
ਵੇਸਵਾ ਦੀ ਮਜ਼ਦੂਰੀ ਨੂੰ ਪਿਆਰ ਕਰਦੇ ਹੋ।
2ਪਿੜ ਅਤੇ ਚੁਬੱਚੇ ਲੋਕਾਂ ਨੂੰ ਨਹੀਂ ਖੁਆਉਣਗੇ।
ਨਵੀਂ ਮੈਂ ਉਨ੍ਹਾਂ ਨੂੰ ਅਸਫ਼ਲ ਕਰ ਦੇਵੇਗੀ।
3ਉਹ ਯਾਹਵੇਹ ਦੀ ਧਰਤੀ ਵਿੱਚ ਨਹੀਂ ਰਹਿਣਗੇ।
ਇਫ਼ਰਾਈਮ ਮਿਸਰ ਨੂੰ ਮੁੜ ਜਾਵੇਗਾ ਅਤੇ ਅੱਸ਼ੂਰ ਵਿੱਚ ਅਸ਼ੁੱਧ ਭੋਜਨ ਖਾਵੇਗਾ।
4ਉਹ ਯਾਹਵੇਹ ਲਈ ਮੈਅ ਦੀਆਂ ਭੇਟਾਂ ਨਹੀਂ ਡੋਲ੍ਹਣਗੇ, ਨਾ ਹੀ ਉਨ੍ਹਾਂ ਦੀਆਂ ਬਲੀਆਂ ਉਸ ਨੂੰ ਪ੍ਰਸੰਨ ਕਰਨਗੀਆਂ।
ਅਜਿਹੀਆਂ ਬਲੀਆਂ ਉਨ੍ਹਾਂ ਲਈ ਸੋਗ ਕਰਨ ਵਾਲਿਆਂ ਦੀ ਰੋਟੀ ਵਾਂਗ ਹੋਣਗੀਆਂ।
ਉਹ ਸਾਰੇ ਜਿਹੜੇ ਖਾਂਦੇ ਹਨ ਉਹ ਅਸ਼ੁੱਧ ਹੋਣਗੇ।
ਇਹ ਭੋਜਨ ਆਪਣੇ ਲਈ ਹੋਵੇਗਾ;
ਇਹ ਯਾਹਵੇਹ ਦੇ ਮੰਦਰ ਵਿੱਚ ਨਹੀਂ ਆਵੇਗਾ।
5ਤੁਸੀਂ ਆਪਣੇ ਠਹਿਰਾਏ ਹੋਏ ਤਿਉਹਾਰਾਂ ਦੇ ਦਿਨ,
ਯਾਹਵੇਹ ਦੇ ਤਿਉਹਾਰ ਦੇ ਦਿਨ ਕੀ ਕਰੋਗੇ?
6ਭਾਵੇਂ ਉਹ ਨਾਸ਼ ਤੋਂ ਬਚ ਨਿਕਲਣ,
ਮਿਸਰ ਉਨ੍ਹਾਂ ਨੂੰ ਇਕੱਠਾ ਕਰੇਗਾ,
ਅਤੇ ਮੈਮਫ਼ਿਸ ਉਨ੍ਹਾਂ ਨੂੰ ਦਫ਼ਨਾਉਣਗੇ।
ਕੰਡਿਆਲੀਆਂ ਝਾੜੀਆਂ ਉਹਨਾਂ ਦੀਆਂ ਚਾਂਦੀ ਦੀਆਂ ਵਸਤੂਆਂ ਨੂੰ ਖੋਹ ਲੈਣਗੀਆਂ,
ਅਤੇ ਉਨ੍ਹਾਂ ਦੇ ਤੰਬੂਆਂ ਉੱਤੇ ਕੰਡੇ ਉੱਗਣਗੇ।
7ਸਜ਼ਾ ਦੇ ਦਿਨ ਆ ਰਹੇ ਹਨ,
ਲੇਖੇ ਦੇ ਦਿਨ ਨੇੜੇ ਹਨ।
ਇਸਰਾਏਲ ਨੂੰ ਇਹ ਜਾਣ ਦਿਓ।
ਕਿਉਂਕਿ ਤੁਹਾਡੇ ਪਾਪ ਬਹੁਤ ਹਨ
ਅਤੇ ਤੁਹਾਡੀ ਦੁਸ਼ਮਣੀ ਬਹੁਤ ਵੱਡੀ ਹੈ,
ਨਬੀ ਨੂੰ ਮੂਰਖ,
ਅਤੇ ਆਤਮਾ ਦੁਆਰਾ ਪ੍ਰੇਰਿਤ ਵਿਅਕਤੀ ਨੂੰ ਪਾਗਲ ਮੰਨਿਆ ਜਾਂਦਾ ਹੈ।
8ਨਬੀ ਅਤੇ ਮੇਰੇ ਪਰਮੇਸ਼ਵਰ
ਇਫ਼ਰਾਈਮ ਦੇ ਰਾਖੇ ਹਨ,
ਤਾਂ ਵੀ ਉਹ ਦੇ ਸਾਰੇ ਰਾਹਾਂ ਵਿੱਚ ਫੰਦੇ ਉਸ ਦੀ ਉਡੀਕ ਕਰਦੇ ਹਨ,
ਅਤੇ ਉਸ ਨੂੰ ਪਰਮੇਸ਼ਵਰ ਦੇ ਘਰ ਵਿੱਚ ਵੀ ਦੁਸ਼ਮਣੀ ਦਾ ਸਾਹਮਣਾ ਕਰਨਾ ਪੈਂਦਾ ਹੈ।
9ਉਹ ਭ੍ਰਿਸ਼ਟਾਚਾਰ ਵਿੱਚ ਡੂੰਘੇ ਡੁੱਬ ਗਏ ਹਨ,
ਜਿਵੇਂ ਗਿਬਆਹ ਦੇ ਦਿਨਾਂ ਵਿੱਚ ਸੀ।
ਪਰਮੇਸ਼ਵਰ ਉਨ੍ਹਾਂ ਦੀਆਂ ਬੁਰਾਈਆਂ ਨੂੰ ਯਾਦ ਕਰੇਗਾ,
ਅਤੇ ਉਨ੍ਹਾਂ ਦੇ ਪਾਪਾਂ ਲਈ ਉਨ੍ਹਾਂ ਨੂੰ ਸਜ਼ਾ ਦੇਵੇਗਾ।
10“ਜਦੋਂ ਮੈਂ ਇਸਰਾਏਲ ਨੂੰ ਲੱਭਿਆ,
ਇਹ ਮਾਰੂਥਲ ਵਿੱਚ ਅੰਗੂਰ ਲੱਭਣ ਵਰਗਾ ਸੀ;
ਜਦੋਂ ਮੈਂ ਤੁਹਾਡੇ ਪੁਰਖਿਆਂ ਨੂੰ ਦੇਖਿਆ,
ਇਹ ਹੰਜੀਰ ਦੇ ਰੁੱਖ ਉੱਤੇ ਸ਼ੁਰੂਆਤੀ ਫਲ ਦੇਖਣ ਵਰਗਾ ਸੀ।
ਪਰ ਜਦੋਂ ਉਹ ਬਆਲ ਪਓਰ ਕੋਲ ਆਏ,
ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਉਸ ਸ਼ਰਮਨਾਕ ਮੂਰਤੀ ਲਈ ਅਰਪਿਤ ਕੀਤਾ
ਅਤੇ ਜਿਸ ਚੀਜ਼ ਨੂੰ ਉਹ ਪਿਆਰ ਕਰਦੇ ਸਨ, ਉਹੋ ਜਿਹੇ ਘਟੀਆ ਹੋ ਗਏ।
11ਇਫ਼ਰਾਈਮ ਦਾ ਪਰਤਾਪ ਪੰਛੀ ਵਾਂਗ ਉੱਡ ਜਾਵੇਗਾ,
ਨਾ ਕੋਈ ਜੰਮੇਗਾ, ਨਾ ਕੋਈ ਗਰਭਵਤੀ ਹੋਵੇਗੀ ਅਤੇ ਨਾ ਕੋਈ ਗਰਭ ਧਾਰਨ ਕਰੇਗਾ।
12ਭਾਵੇਂ ਉਹ ਬੱਚੇ ਪਾਲਦੇ ਹਨ,
ਮੈਂ ਉਨ੍ਹਾਂ ਨੂੰ ਹਰ ਇੱਕ ਤੋਂ ਦੁਖੀ ਕਰਾਂਗਾ।
ਉਨ੍ਹਾਂ ਉੱਤੇ ਹਾਏ
ਜਦੋਂ ਮੈਂ ਉਨ੍ਹਾਂ ਤੋਂ ਮੂੰਹ ਮੋੜਾਂਗਾ!
13ਮੈਂ ਅਫ਼ਰਾਈਮ ਨੂੰ ਸੂਰ ਵਾਂਗੂੰ ਇੱਕ ਸੁਹਾਵਣੇ ਥਾਂ ਵਿੱਚ ਲਾਇਆ ਹੋਇਆ ਵੇਖਿਆ ਹੈ।
ਪਰ ਇਫ਼ਰਾਈਮ ਆਪਣੇ ਬੱਚਿਆਂ ਨੂੰ ਕਾਤਲ ਲਈ ਬਾਹਰ ਲਿਆਵੇਗਾ।”
14ਹੇ ਯਾਹਵੇਹ, ਉਨ੍ਹਾਂ ਨੂੰ ਦੇ ਦਿਓ,
ਤੁਸੀਂ ਉਨ੍ਹਾਂ ਨੂੰ ਕੀ ਦੇਵੋਗੇ?
ਉਨ੍ਹਾਂ ਨੂੰ ਗਰਭਪਾਤ ਕਰਨ ਵਾਲੀਆਂ ਕੁੱਖਾਂ
ਅਤੇ ਸੁੱਕੀਆਂ ਛਾਤੀਆਂ ਦਿਓ।
15“ਗਿਲਗਾਲ ਵਿੱਚ ਉਨ੍ਹਾਂ ਦੀਆਂ ਸਾਰੀਆਂ ਬੁਰਾਈਆਂ ਦੇ ਕਾਰਨ,
ਮੈਂ ਉੱਥੇ ਉਨ੍ਹਾਂ ਨਾਲ ਨਫ਼ਰਤ ਕੀਤੀ।
ਉਨ੍ਹਾਂ ਦੇ ਪਾਪਾਂ ਦੇ ਕਾਰਨ,
ਮੈਂ ਉਨ੍ਹਾਂ ਨੂੰ ਆਪਣੇ ਘਰੋਂ ਕੱਢ ਦਿਆਂਗਾ।
ਮੈਂ ਹੁਣ ਉਨ੍ਹਾਂ ਨੂੰ ਪਿਆਰ ਨਹੀਂ ਕਰਾਂਗਾ;
ਉਨ੍ਹਾਂ ਦੇ ਸਾਰੇ ਆਗੂ ਬਾਗ਼ੀ ਹਨ।
16ਇਫ਼ਰਾਈਮ ਝੁਲਸ ਗਿਆ,
ਉਨ੍ਹਾਂ ਦੀ ਜੜ੍ਹ ਸੁੱਕ ਗਈ,
ਉਹ ਕੋਈ ਫਲ ਨਹੀਂ ਦਿੰਦੇ।
ਭਾਵੇਂ ਉਹ ਬੱਚੇ ਪੈਦਾ ਕਰਨ,
ਮੈਂ ਉਨ੍ਹਾਂ ਦੀ ਲਾਡਲੀ ਔਲਾਦ ਨੂੰ ਮਾਰ ਦਿਆਂਗਾ।”
17ਮੇਰਾ ਪਰਮੇਸ਼ਵਰ ਉਨ੍ਹਾਂ ਨੂੰ ਰੱਦ ਕਰ ਦੇਵੇਗਾ,
ਕਿਉਂਕਿ ਉਨ੍ਹਾਂ ਨੇ ਉਸ ਦੀ ਗੱਲ ਨਹੀਂ ਮੰਨੀ।
ਉਹ ਕੌਮਾਂ ਵਿੱਚ ਭਟਕਣ ਵਾਲੇ ਹੋਣਗੇ।