8
ਇਸਰਾਏਲ ਲਈ ਵਾਵਰੋਲੇ ਦਾ ਫ਼ਲ
1“ਤੁਰ੍ਹੀ ਨੂੰ ਆਪਣੇ ਬੁੱਲ੍ਹਾਂ ਉੱਤੇ ਰੱਖੋ!
ਯਾਹਵੇਹ ਦੇ ਘਰ ਉੱਤੇ ਇੱਕ ਬਾਜ਼ ਹੈ,
ਕਿਉਂਕਿ ਲੋਕਾਂ ਨੇ ਮੇਰੇ ਨੇਮ ਨੂੰ ਤੋੜਿਆ ਹੈ,
ਅਤੇ ਮੇਰੀ ਬਿਵਸਥਾ ਦੇ ਵਿਰੁੱਧ ਬਾਗ਼ੀ ਹੋ ਗਏ ਹਨ।
2ਇਸਰਾਏਲ ਮੈਨੂੰ ਪੁਕਾਰਦਾ ਹੈ,
‘ਹੇ ਸਾਡੇ ਪਰਮੇਸ਼ਵਰ, ਅਸੀਂ ਤੈਨੂੰ ਮੰਨਦੇ ਹਾਂ!’
3ਪਰ ਇਸਰਾਏਲ ਨੇ ਚੰਗੀਆਂ ਗੱਲਾਂ ਨੂੰ ਰੱਦ ਕਰ ਦਿੱਤਾ ਹੈ।
ਇੱਕ ਦੁਸ਼ਮਣ ਉਸਦਾ ਪਿੱਛਾ ਕਰੇਗਾ।
4ਉਨ੍ਹਾਂ ਨੇ ਮੇਰੀ ਮਰਜ਼ੀ ਤੋਂ ਬਿਨਾਂ ਰਾਜੇ ਬਣਾਏ।
ਉਹ ਮੇਰੀ ਮਨਜ਼ੂਰੀ ਤੋਂ ਬਿਨਾਂ ਸਰਦਾਰ ਚੁਣਦੇ ਹਨ।
ਉਹ ਆਪਣੇ ਚਾਂਦੀ ਅਤੇ ਸੋਨੇ ਨਾਲ
ਆਪਣੀ ਤਬਾਹੀ ਲਈ
ਮੂਰਤੀਆਂ ਬਣਾਉਂਦੇ ਹਨ।
5ਸਾਮਰਿਯਾ, ਆਪਣੇ ਵੱਛੇ ਦੀ ਮੂਰਤੀ ਨੂੰ ਬਾਹਰ ਸੁੱਟ!
ਮੇਰਾ ਕ੍ਰੋਧ ਉਨ੍ਹਾਂ ਉੱਤੇ ਭੜਕਦਾ ਹੈ।
ਉਹ ਕਦੋਂ ਤੱਕ ਸ਼ੁੱਧ ਰਹਿਣ ਦੇ ਅਯੋਗ ਰਹਿਣਗੇ?
6ਉਹ ਇਸਰਾਏਲ ਤੋਂ ਹਨ!
ਇਹ ਵੱਛਾ ਇੱਕ ਧਾਤੂ ਕਾਰੀਗਰ ਨੇ ਇਸਨੂੰ ਬਣਾਇਆ ਹੈ;
ਇਹ ਪਰਮੇਸ਼ਵਰ ਨਹੀਂ ਹੈ।
ਉਹ ਸਾਮਰਿਯਾ ਦਾ ਵੱਛਾ
ਉਹ ਟੁਕੜੇ-ਟੁਕੜੇ ਹੋ ਜਾਵੇਗਾ।
7“ਉਹ ਹਵਾ ਬੀਜਦੇ ਹਨ
ਅਤੇ ਵਾਵਰੋਲਾ ਵੱਢਦੇ ਹਨ।
ਡੰਡੀ ਦਾ ਕੋਈ ਸਿਰ ਨਹੀਂ ਹੁੰਦਾ;
ਇਹ ਕੋਈ ਆਟਾ ਪੈਦਾ ਨਹੀਂ ਕਰੇਗਾ।
ਜੇ ਇਹ ਅਨਾਜ ਪੈਦਾ ਕਰਦਾ,
ਪਰਦੇਸੀ ਇਸ ਨੂੰ ਨਿਗਲ ਜਾਣਗੇ।
8ਇਸਰਾਏਲ ਨਿਗਲ ਗਿਆ ਹੈ;
ਹੁਣ ਉਹ ਕੌਮਾਂ ਵਿੱਚ ਹੈ
ਅਜਿਹਾ ਕੁਝ ਜੋ ਕੋਈ ਨਹੀਂ ਚਾਹੁੰਦਾ।
9ਕਿਉਂ ਜੋ ਉਹ ਅੱਸ਼ੂਰ ਉੱਤੇ ਚੜ੍ਹ ਗਏ ਹਨ
ਇੱਕ ਜੰਗਲੀ ਖੋਤੇ ਵਾਂਗੂੰ ਜੋ ਇਕੱਲਾ ਭਟਕਦਾ ਹੈ।
ਇਫ਼ਰਾਈਮ ਨੇ ਆਪਣੇ ਆਪ ਨੂੰ ਪ੍ਰੇਮੀਆਂ ਦੇ ਹੱਥ ਵੇਚ ਦਿੱਤਾ ਹੈ।
10ਭਾਵੇਂ ਉਨ੍ਹਾਂ ਨੇ ਆਪਣੇ ਆਪ ਨੂੰ ਕੌਮਾਂ ਵਿੱਚ ਵੇਚ ਦਿੱਤਾ ਹੈ,
ਹੁਣ ਮੈਂ ਉਨ੍ਹਾਂ ਨੂੰ ਇਕੱਠਾ ਕਰਾਂਗਾ।
ਉਹ ਬਲਵਾਨ ਰਾਜੇ ਦੇ ਜ਼ੁਲਮ ਹੇਠ ਉਜਾੜਨਾ ਸ਼ੁਰੂ ਕਰ ਦੇਣਗੇ।
11“ਭਾਵੇਂ ਇਫ਼ਰਾਈਮ ਨੇ ਪਾਪ ਦੀਆਂ ਭੇਟਾਂ ਲਈ ਬਹੁਤ ਸਾਰੀਆਂ ਜਗਵੇਦੀਆਂ ਬਣਾਈਆਂ,
ਇਹ ਪਾਪ ਕਰਨ ਦੀਆਂ ਜਗਵੇਦੀਆਂ ਬਣ ਗਈਆਂ ਹਨ।
12ਮੈਂ ਉਨ੍ਹਾਂ ਲਈ ਆਪਣੀ ਬਿਵਸਥਾ ਦੀਆਂ ਬਹੁਤ ਸਾਰੀਆਂ ਗੱਲਾਂ ਲਿਖੀਆਂ,
ਪਰ ਉਨ੍ਹਾਂ ਨੇ ਉਨ੍ਹਾਂ ਨੂੰ ਵਿਦੇਸ਼ੀ ਸਮਝਿਆ।
13ਭਾਵੇਂ ਉਹ ਮੇਰੇ ਲਈ ਬਲੀਆਂ ਚੜ੍ਹਾਉਂਦੇ ਹਨ,
ਅਤੇ ਭਾਵੇਂ ਉਹ ਮਾਸ ਖਾਂਦੇ ਹਨ,
ਯਾਹਵੇਹ ਉਨ੍ਹਾਂ ਤੋਂ ਪ੍ਰਸੰਨ ਨਹੀਂ ਹੁੰਦਾ।
ਹੁਣ ਉਹ ਉਨ੍ਹਾਂ ਦੀ ਦੁਸ਼ਟਤਾ ਨੂੰ ਚੇਤੇ ਕਰੇਗਾ ਅਤੇ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਦੇਵੇਗਾ:
ਉਹ ਮਿਸਰ ਨੂੰ ਮੁੜ ਜਾਣਗੇ।
14ਇਸਰਾਏਲ ਨੇ ਆਪਣੇ ਸਿਰਜਣਹਾਰ ਨੂੰ ਭੁੱਲ ਕੇ ਮਹਿਲ ਬਣਾਏ ਹਨ।
ਯਹੂਦਾਹ ਨੇ ਬਹੁਤ ਸਾਰੇ ਨਗਰਾਂ ਨੂੰ ਮਜ਼ਬੂਤ ਕੀਤਾ ਹੈ।
ਪਰ ਮੈਂ ਉਨ੍ਹਾਂ ਦੇ ਸ਼ਹਿਰਾਂ ਵਿੱਚ ਅੱਗ ਭੇਜਾਂਗਾ
ਜੋ ਉਨ੍ਹਾਂ ਦੇ ਕਿਲ੍ਹਿਆਂ ਨੂੰ ਭਸਮ ਕਰ ਦੇਵੇਗੀ।”