11
ਇਸਰਾਏਲ ਲਈ ਪਰਮੇਸ਼ਵਰ ਦਾ ਪਿਆਰ
1“ਜਦੋਂ ਇਸਰਾਏਲ ਇੱਕ ਬੱਚਾ ਸੀ, ਮੈਂ ਉਸਨੂੰ ਪਿਆਰ ਕੀਤਾ,
ਅਤੇ ਮਿਸਰ ਦੇਸ਼ ਵਿੱਚੋਂ ਮੈਂ ਆਪਣੇ ਪੁੱਤਰ ਨੂੰ ਬੁਲਾਇਆ।
2ਪਰ ਜਿੰਨਾ ਜ਼ਿਆਦਾ ਉਨ੍ਹਾਂ ਨੂੰ ਬੁਲਾਇਆ ਗਿਆ,
ਉਹ ਮੇਰੇ ਤੋਂ ਦੂਰ ਹੁੰਦੇ ਗਏ। ਉਨ੍ਹਾਂ ਨੇ ਬਆਲ ਨੂੰ ਬਲੀਆਂ ਚੜ੍ਹਾਈਆਂ
ਅਤੇ ਮੂਰਤੀਆਂ ਨੂੰ ਧੂਪ ਧੁਖਾਈ।
3ਇਹ ਮੈਂ ਹੀ ਸੀ ਜਿਸ ਨੇ ਇਫ਼ਰਾਈਮ ਨੂੰ ਤੁਰਨਾ ਸਿਖਾਇਆ,
ਉਨ੍ਹਾਂ ਨੂੰ ਬਾਹਾਂ ਫੜ ਕੇ;
ਪਰ ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਸੀ,
ਕਿ ਮੈਂ ਹੀ ਉਨ੍ਹਾਂ ਨੂੰ ਚੰਗਾ ਕੀਤਾ ਹੈ।
4ਮੈਂ ਉਨ੍ਹਾਂ ਨੂੰ ਮਨੁੱਖੀ ਦਿਆਲਤਾ ਦੀਆਂ ਰੱਸੀਆਂ ਨਾਲ,
ਪ੍ਰੇਮ ਦੇ ਬੰਧਨਾਂ ਨਾਲ ਅਗਵਾਈ ਕੀਤੀ।
ਉਨ੍ਹਾਂ ਲਈ ਮੈਂ ਉਸ ਵਰਗਾ ਸੀ ਜੋ
ਇੱਕ ਛੋਟੇ ਬੱਚੇ ਦੀ ਗੱਲ੍ਹ ਤੇ ਚੁੱਕਦਾ ਹੈ,
ਅਤੇ ਮੈਂ ਉਨ੍ਹਾਂ ਨੂੰ ਖਾਣ ਲਈ ਝੁਕਦਾ ਹਾਂ।
5“ਕੀ ਉਹ ਮਿਸਰ ਨੂੰ ਵਾਪਸ ਨਹੀਂ ਆਉਣਗੇ,
ਅਤੇ ਅੱਸ਼ੂਰ ਉਨ੍ਹਾਂ ਉੱਤੇ ਰਾਜ ਨਹੀਂ ਕਰਨਗੇ
ਕਿਉਂਕਿ ਉਨ੍ਹਾਂ ਨੇ ਤੋਬਾ ਕਰਨ ਤੋਂ ਇਨਕਾਰ ਕੀਤਾ ਹੈ?
6ਇੱਕ ਤਲਵਾਰ ਉਨ੍ਹਾਂ ਦੇ ਸ਼ਹਿਰਾਂ ਵਿੱਚ ਚਮਕੇਗੀ;
ਇਹ ਉਨ੍ਹਾਂ ਦੇ ਝੂਠੇ ਨਬੀਆਂ ਨੂੰ ਖਾ ਜਾਵੇਗਾ,
ਅਤੇ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਖਤਮ ਕਰ ਦੇਵੇਗਾ।
7ਮੇਰੇ ਲੋਕ ਮੇਰੇ ਤੋਂ ਮੁੜਨ ਲਈ ਦ੍ਰਿੜ੍ਹ ਹਨ।
ਭਾਵੇਂ ਉਹ ਮੈਨੂੰ ਅੱਤ ਮਹਾਨ ਪਰਮੇਸ਼ਵਰ ਆਖਦੇ ਹਨ,
ਮੈਂ ਉਨ੍ਹਾਂ ਨੂੰ ਕਦੇ ਵੀ ਉੱਚਾ ਨਹੀਂ ਕਰਾਂਗਾ।
8“ਇਫ਼ਰਾਈਮ, ਮੈਂ ਤੈਨੂੰ ਕਿਵੇਂ ਛੱਡ ਸਕਦਾ ਹਾਂ?
ਹੇ ਇਸਰਾਏਲ, ਮੈਂ ਤੈਨੂੰ ਕਿਵੇਂ ਹਵਾਲੇ ਕਰਾਂ?
ਮੈਂ ਤੁਹਾਡੇ ਨਾਲ ਅਦਮਾਹ ਵਰਗਾ ਕਿਵੇਂ ਸਲੂਕ ਕਰ ਸਕਦਾ ਹਾਂ?
ਮੈਂ ਤੈਨੂੰ ਜ਼ਬੋਯੀਮ ਵਰਗਾ ਕਿਵੇਂ ਬਣਾ ਸਕਦਾ ਹਾਂ?
ਮੇਰਾ ਦਿਲ ਮੇਰੇ ਅੰਦਰ ਬਦਲ ਗਿਆ ਹੈ;
ਮੇਰੀ ਸਾਰੀ ਦਇਆ ਜਾਗ ਪਈ ਹੈ।
9ਮੈਂ ਆਪਣੇ ਭਿਆਨਕ ਕ੍ਰੋਧ ਨੂੰ ਬਰਦਾਸ਼ਤ ਨਹੀਂ ਕਰਾਂਗਾ, ਨਾ ਹੀ ਮੈਂ ਇਫ਼ਰਾਈਮ ਨੂੰ ਫੇਰ ਤਬਾਹ ਕਰਾਂਗਾ।
ਕਿਉਂਕਿ ਮੈਂ ਪਰਮੇਸ਼ਵਰ ਹਾਂ, ਮਨੁੱਖ ਨਹੀਂ।
ਮੈਂ ਤੁਹਾਡੇ ਵਿੱਚੋਂ ਪਵਿੱਤਰ ਪੁਰਖ ਵਾਂਗ ਹਾਂ।
ਮੈਂ ਉਨ੍ਹਾਂ ਦੇ ਸ਼ਹਿਰਾਂ ਦੇ ਵਿਰੁੱਧ ਨਹੀਂ ਆਵਾਂਗਾ।
10ਉਹ ਯਾਹਵੇਹ ਦੇ ਪਿੱਛੇ ਚੱਲਣਗੇ;
ਉਹ ਬੱਬਰ ਸ਼ੇਰ ਵਾਂਗੂੰ ਗੱਜੇਗਾ।
ਜਦੋਂ ਉਹ ਗਰਜਦਾ ਹੈ,
ਉਸਦੇ ਬੱਚੇ ਪੱਛਮ ਤੋਂ ਕੰਬਦੇ ਹੋਏ ਆਉਣਗੇ।
11ਉਹ ਮਿਸਰ ਤੋਂ ਆਉਣਗੇ,
ਚਿੜੀਆਂ ਵਾਂਗੂੰ ਕੰਬਦੇ ਹੋਏ,
ਅੱਸ਼ੂਰ ਤੋਂ, ਘੁੱਗੀਆਂ ਵਾਂਗ ਉੱਡਦਾ।
ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਵਸਾਵਾਂਗਾ,”
ਯਾਹਵੇਹ ਦਾ ਐਲਾਨ ਕਰਦਾ ਹੈ।
ਇਸਰਾਏਲ ਦਾ ਪਾਪ
12ਇਫ਼ਰਾਈਮ ਨੇ ਮੈਨੂੰ ਝੂਠ ਨਾਲ ਘੇਰ ਲਿਆ ਹੈ,
ਅਤੇ ਇਸਰਾਏਲ ਨੇ ਆਪਣੇ ਧੋਖੇ ਦਾ ਢੇਰ ਲਗਾ ਦਿੱਤਾ ਹੈ।
ਅਤੇ ਯਹੂਦਾਹ ਪਰਮੇਸ਼ਵਰ ਦੇ ਵਿਰੁੱਧ ਬਾਗ਼ੀ ਹੈ,
ਅਤੇ ਨਾਲ ਹੀ ਉਹ ਵਫ਼ਾਦਾਰ ਅਤੇ ਪਵਿੱਤਰ ਪੁਰਖ ਦੇ ਵਿਰੁੱਧ ਹੈ।