ਇਬਰਾਨੀਆਂ 4
4
ਸਬਤ-ਪਰਮੇਸ਼ਵਰ ਦੇ ਲੋਕਾਂ ਲਈ ਆਰਾਮ
1ਇਸ ਲਈ, ਕਿਉਂਕਿ ਪਰਮੇਸ਼ਵਰ ਦੇ ਆਰਾਮ ਵਿੱਚ ਦਾਖਲ ਹੋਣ ਦਾ ਵਾਅਦਾ ਅਜੇ ਵੀ ਕਾਇਮ ਹੈ, ਸਾਵਧਾਨ ਰਹੋ ਕਿ ਤੁਹਾਡੇ ਵਿੱਚੋਂ ਕੋਈ ਵੀ ਉਸ ਤੋਂ ਰਹਿ ਨਾ ਜਾਵੇ। 2ਕਿਉਂਕਿ ਸਾਨੂੰ ਵੀ ਉਸੇ ਤਰ੍ਹਾਂ ਖੁਸ਼ਖ਼ਬਰੀ ਸੁਣਾਈ ਗਈ, ਜਿਵੇਂ ਉਹਨਾਂ ਨੂੰ; ਪਰ ਉਹਨਾਂ ਨੇ ਜਿਹੜਾ ਸੰਦੇਸ਼ ਸੁਣਾਇਆ ਉਹ ਉਹਨਾਂ ਲਈ ਕੋਈ ਲਾਭਵੰਤ ਨਾ ਹੋਇਆ, ਕਿਉਂਕਿ ਸੁਣਨ ਵਾਲਿਆਂ ਨੇ ਉਸ ਨੂੰ ਵਿਸ਼ਵਾਸ ਨਾਲ ਨਾ ਮੰਨਿਆ, 3ਹੁਣ ਅਸੀਂ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਹੈ ਉਹ ਉਸ ਆਰਾਮ ਵਿੱਚ ਦਾਖਲ ਹੁੰਦੇ ਹਾਂ, ਜਿਵੇਂ ਪਰਮੇਸ਼ਵਰ ਨੇ ਕਿਹਾ ਹੈ,
“ਇਸ ਲਈ ਮੈਂ ਆਪਣੇ ਗੁੱਸੇ ਵਿੱਚ ਸਹੁੰ ਖਾਧੀ,
‘ਉਹ ਕਦੇ ਵੀ ਮੇਰੇ ਆਰਾਮ ਵਿੱਚ ਦਾਖਲ ਨਹੀਂ ਹੋਣਗੇ।’ ”
ਅਤੇ ਫਿਰ ਵੀ ਸੰਸਾਰ ਦੀ ਸ੍ਰਿਸ਼ਟੀ ਤੋਂ ਹੀ ਉਸ ਦੇ ਕੰਮ ਪੂਰੇ ਹੋ ਗਏ ਸਨ। 4ਬਚਨ ਵਿੱਚ ਪਰਮੇਸ਼ਵਰ ਨੇ ਸੱਤਵੇਂ ਦਿਨ ਬਾਰੇ ਇਨ੍ਹਾਂ ਸ਼ਬਦਾਂ ਵਿੱਚ ਗੱਲ ਕੀਤੀ ਹੈ: “ਸੱਤਵੇਂ ਦਿਨ ਪਰਮੇਸ਼ਵਰ ਨੇ ਆਪਣੇ ਸਾਰੇ ਕੰਮਾਂ ਤੋਂ ਆਰਾਮ ਕੀਤਾ।” 5ਅਤੇ ਦੁਬਾਰਾ ਇਸ ਉਪਰੋਕਤ ਹਵਾਲੇ ਵਿੱਚ ਉਹ ਕਹਿੰਦਾ ਹੈ, “ਉਹ ਕਦੇ ਵੀ ਮੇਰੇ ਆਰਾਮ ਵਿੱਚ ਦਾਖਲ ਨਹੀਂ ਹੋਣਗੇ।”
6ਇਸ ਲਈ ਕਿਉਂਕਿ ਅਜੇ ਵੀ ਕੁਝ ਲੋਕਾਂ ਲਈ ਉਸ ਆਰਾਮ ਵਿੱਚ ਦਾਖਲ ਹੋਣ ਦਾ ਸੱਦਾ ਖੁਲਿਆ ਹੋਇਆ ਹੈ, ਕਿਉਂਕਿ ਜਿਨ੍ਹਾਂ ਨੂੰ ਪਹਿਲਾਂ ਖੁਸ਼ਖ਼ਬਰੀ ਸੁਣਾਈ ਗਈ ਸੀ ਉਹ ਆਪਣੀ ਅਣ-ਆਗਿਆਕਾਰੀ ਦੇ ਕਾਰਨ ਦਾਖਲ ਨਾ ਹੋ ਸਕੇ, 7ਪਰਮੇਸ਼ਵਰ ਨੇ ਫਿਰ ਇੱਕ ਪੱਕਾ ਦਿਨ ਨਿਰਧਾਰਤ ਕੀਤਾ, ਇਸ ਨੂੰ “ਅੱਜ” ਕਿਹਾ ਜਾਂਦਾ ਹੈ। ਇਹ ਉਸ ਨੇ ਉਦੋਂ ਕੀਤਾ ਜਦੋਂ ਇੱਕ ਲੰਮੇ ਸਮੇਂ ਬਾਅਦ ਉਸ ਨੇ ਦਾਵੀਦ ਦੁਆਰਾ ਗੱਲ ਕੀਤੀ, ਜਿਵੇਂ ਕਿ ਪਹਿਲਾਂ ਹੀ ਹਵਾਲਾ ਦਿੱਤਾ ਗਿਆ ਸੀ:
“ਅੱਜ, ਜੇ ਤੁਸੀਂ ਉਸ ਦੀ ਆਵਾਜ਼ ਸੁਣੋ,
ਅਤੇ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ।”#4:7 ਜ਼ਬੂ 95:7-8
8ਕਿਉਂਕਿ ਜੇ ਯੇਹੋਸ਼ੁਆ ਨੇ ਉਹਨਾਂ ਨੂੰ ਆਰਾਮ ਦਿੱਤਾ ਹੁੰਦਾ, ਤਾਂ ਪਰਮੇਸ਼ਵਰ ਨੇ ਬਾਅਦ ਵਿੱਚ ਕਿਸੇ ਹੋਰ ਦਿਨ ਬਾਰੇ ਗੱਲ ਨਾ ਕੀਤੀ ਹੁੰਦੀ।#4:8 ਬਿਵ 31:7; ਯੇਹੋ 22:4 9ਤਾਂ ਫਿਰ, ਪਰਮੇਸ਼ਵਰ ਦੇ ਲੋਕਾਂ ਲਈ ਇੱਕ ਸਬਤ ਦਾ ਆਰਾਮ ਅਜੇ ਬਾਕੀ ਰਹਿੰਦਾ ਹੈ; 10ਕਿਉਂਕਿ ਜਿਹੜਾ ਪਰਮੇਸ਼ਵਰ ਦੇ ਆਰਾਮ ਵਿੱਚ ਦਾਖਲ ਹੁੰਦਾ ਹੈ ਉਹ ਆਪਣੇ ਕੰਮਾਂ ਤੋਂ ਵੀ ਆਰਾਮ ਕਰਦਾ ਹੈ, ਜਿਵੇਂ ਕਿ ਪਰਮੇਸ਼ਵਰ ਨੇ ਆਪਣੇ ਕੰਮਾਂ ਤੋਂ ਆਰਾਮ ਕੀਤਾ ਸੀ।#4:10 ਉਤ 2:2; ਪ੍ਰਕਾ 14:13 11ਇਸ ਲਈ, ਆਓ, ਅਸੀਂ ਉਸ ਆਰਾਮ ਵਿੱਚ ਦਾਖਲ ਹੋਣ ਦੀ ਹਰ ਕੋਸ਼ਿਸ਼ ਕਰੀਏ, ਤਾਂ ਜੋ ਕੋਈ ਵੀ ਉਹਨਾਂ ਦੀ ਅਣ-ਆਗਿਆਕਾਰੀ ਦੀ ਉਦਾਹਰਣ ਤੇ ਚੱਲ ਕੇ ਨਾਸ਼ ਨਾ ਹੋਵੇ।
12ਕਿਉਂਕਿ ਪਰਮੇਸ਼ਵਰ ਦਾ ਬਚਨ ਜੀਉਂਦਾ ਅਤੇ ਕਿਰਿਆਸ਼ੀਲ ਹੈ। ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ, ਇਹ ਪ੍ਰਾਣ ਅਤੇ ਆਤਮਾ, ਜੋੜ ਅਤੇ ਗੁੱਦੇ ਨੂੰ ਅੱਡੋ ਅੱਡ ਕਰਕੇ ਵਿੰਨ੍ਹ ਸੁੱਟਦਾ ਹੈ; ਇਹ ਦਿਲ ਦੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਜਾਣ ਲੈਂਦਾ ਹੈ।#4:12 ਯਿਰ 23:29; ਯਸ਼ਾ 55:11 13ਸਾਰੀ ਸ੍ਰਿਸ਼ਟੀ ਦੀ ਰਚਨਾ ਵਿੱਚੋਂ ਕੁਝ ਵੀ ਪਰਮੇਸ਼ਵਰ ਦੀ ਨਜ਼ਰ ਤੋਂ ਲੁਕਿਆ ਹੋਇਆ ਨਹੀਂ ਹੈ। ਅਤੇ ਹਰ ਇੱਕ ਚੀਜ਼ ਉਸ ਦੀਆਂ ਅੱਖਾਂ ਦੇ ਸਾਹਮਣੇ ਖੁੱਲੀ ਪਈ ਹੈ ਜਿਸ ਦਾ ਸਾਨੂੰ ਲੇਖਾ ਦੇਣਾ ਪੈਣਾ ਹੈ।
ਯਿਸ਼ੂ ਮਹਾਨ ਮਹਾਂ ਜਾਜਕ
14ਇਸ ਲਈ, ਸਾਡੇ ਕੋਲ ਇੱਕ ਮਹਾਨ ਮਹਾਂ ਜਾਜਕ ਹੈ ਜੋ ਸਵਰਗ ਵਿੱਚ ਉੱਠਾਇਆ ਗਿਆ, ਜੇ ਯਿਸ਼ੂ ਪਰਮੇਸ਼ਵਰ ਦਾ ਪੁੱਤਰ ਹੈ, ਤਾਂ ਆਓ ਅਸੀਂ ਉਸ ਵਿਸ਼ਵਾਸ ਨੂੰ ਦ੍ਰਿੜਤਾ ਨਾਲ ਫੜੀਏ ਜਿਸ ਦਾ ਅਸੀਂ ਦਾਅਵਾ ਕਰਦੇ ਹਾਂ। 15ਕਿਉਂਕਿ ਸਾਡੇ ਕੋਲ ਕੋਈ ਮਹਾਂ ਜਾਜਕ ਨਹੀਂ ਹੈ ਜੋ ਸਾਡੀਆਂ ਕਮਜ਼ੋਰੀਆਂ ਨਾਲ ਹਮਦਰਦੀ ਰੱਖਣ ਵਿੱਚ ਅਸਮਰੱਥ ਹੋਵੇ, ਪਰ ਸਾਡੇ ਕੋਲ ਇੱਕ ਅਜਿਹਾ ਹੈ ਜਿਸ ਨੂੰ ਹਰ ਤਰੀਕੇ ਨਾਲ ਸਾਡੇ ਵਾਂਗ ਪਰਖਿਆ ਗਿਆ ਹੈ, ਫਿਰ ਵੀ ਉਹ ਨੇ ਪਾਪ ਨਾ ਕੀਤਾ। 16ਆਓ ਫਿਰ ਅਸੀਂ ਪਰਮੇਸ਼ਵਰ ਦੀ ਕਿਰਪਾ ਦੇ ਸਿੰਘਾਸਣ ਦੇ ਅੱਗੇ ਦਲੇਰੀ ਨਾਲ ਪਹੁੰਚੀਏ, ਤਾਂ ਜੋ ਅਸੀਂ ਦਯਾ ਪ੍ਰਾਪਤ ਕਰ ਸਕੀਏ ਅਤੇ ਲੋੜ ਦੇ ਸਮੇਂ ਸਾਡੀ ਮਦਦ ਕਰਨ ਲਈ ਕਿਰਪਾ ਪਾ ਸਕੀਏ।
Currently Selected:
ਇਬਰਾਨੀਆਂ 4: PCB
Highlight
Share
Compare
Copy
Want to have your highlights saved across all your devices? Sign up or sign in
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.