YouVersion Logo
Search Icon

ਇਬਰਾਨੀਆਂ 11

11
ਕਿਰਿਆ ਵਿੱਚ ਵਿਸ਼ਵਾਸ
1ਹੁਣ ਵਿਸ਼ਵਾਸ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਅਤੇ ਨਾ ਦਿਸਣ ਵਾਲੀਆਂ ਵਸਤੂਆਂ ਦਾ ਸਬੂਤ ਹੈ। 2ਅਤੇ ਵਿਸ਼ਵਾਸ ਦੇ ਹੀ ਕਾਰਨ ਸਾਡੇ ਪ੍ਰਾਚੀਨ ਦੀ ਪ੍ਰਸ਼ੰਸਾ ਕੀਤੀ ਗਈ।
3ਵਿਸ਼ਵਾਸ ਦੁਆਰਾ ਅਸੀਂ ਜਾਣਦੇ ਹਾਂ ਕਿ ਪੂਰੇ ਵਿਸ਼ਵ ਦਾ ਨਿਰਮਾਣ ਪਰਮੇਸ਼ਵਰ ਦੇ ਹੁਕਮ ਨਾਲ ਹੋਇਆ ਹੈ, ਇਸ ਲਈ ਜੋ ਕੁਝ ਦਿਖਾਈ ਦਿੰਦਾ ਹੈ ਉਹ ਉਸ ਤੋਂ ਰਚਿਆ ਗਿਆ ਹੈ ਜਿਸ ਨੂੰ ਵੇਖਿਆ ਨਹੀਂ ਜਾ ਸਕਦਾ।#11:3 ਉਤ 1:1; ਜ਼ਬੂ 33:6,9
4ਵਿਸ਼ਵਾਸ ਨਾਲ ਹੀ ਹਾਬਿਲ ਪਰਮੇਸ਼ਵਰ ਅੱਗੇ ਕਾਇਨ ਨਾਲੋਂ ਉੱਤਮ ਭੇਂਟ ਲੈ ਕੇ ਆਇਆ। ਅਤੇ ਵਿਸ਼ਵਾਸ ਨਾਲ ਹੀ ਉਹ ਧਰਮੀ ਮੰਨਿਆ ਗਿਆ, ਜਦੋਂ ਪਰਮੇਸ਼ਵਰ ਨੇ ਉਸ ਦੀਆਂ ਭੇਂਟਾਂ ਬਾਰੇ ਵਧੀਆ ਗੱਲ ਕੀਤੀ ਅਤੇ ਵਿਸ਼ਵਾਸ ਦੁਆਰਾ ਹਾਬਿਲ ਅਜੇ ਵੀ ਬੋਲਦਾ ਹੈ, ਭਾਵੇਂ ਉਹ ਮਰ ਗਿਆ ਹੈ।
5ਵਿਸ਼ਵਾਸ ਨਾਲ ਹਨੋਖ ਨੂੰ ਪਰਮੇਸ਼ਵਰ ਦੁਆਰਾ ਉੱਪਰ ਉੱਠਾਇਆ ਗਿਆ ਸੀ, ਤਾਂ ਜੋ ਉਸ ਨੂੰ ਮੌਤ ਦਾ ਅਨੁਭਵ ਨਾ ਹੋਵੇ: “ਅਤੇ ਉਸ ਦਾ ਪਤਾ ਨਾਂ ਲੱਗਾ ਕਿਉਂਕਿ ਪਰਮੇਸ਼ਵਰ ਨੇ ਉਸ ਨੂੰ ਉੱਪਰ ਉਠਾ ਲਿਆ।” ਕਿਉਂਕਿ ਉਸ ਦੇ ਉੱਪਰ ਉੱਠਾਏ ਜਾਣ ਤੋਂ ਪਹਿਲਾਂ, ਉਸ ਦੀ ਪ੍ਰਸ਼ੰਸਾ ਕੀਤੀ ਗਈ ਜਿਸ ਨੇ ਪਰਮੇਸ਼ਵਰ ਨੂੰ ਖੁਸ਼ ਕੀਤਾ ਸੀ।#11:5 ਉਤ 5:21-24 6ਅਤੇ ਵਿਸ਼ਵਾਸ ਤੋਂ ਬਿਨ੍ਹਾਂ ਪਰਮੇਸ਼ਵਰ ਨੂੰ ਪ੍ਰਸੰਨ ਕਰਨਾ ਅਸੰਭਵ ਹੈ, ਕਿਉਂਕਿ ਜੋ ਕੋਈ ਵੀ ਪਰਮੇਸ਼ਵਰ ਕੋਲ ਆਉਂਦਾ ਹੈ ਉਸ ਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਉਹ ਮੌਜੂਦ ਹੈ ਅਤੇ ਉਹ ਉਹਨਾਂ ਨੂੰ ਇਨਾਮ ਦਿੰਦਾ ਹੈ ਜੋ ਦਿਲੋਂ ਉਸ ਦੀ ਭਾਲ ਕਰਦੇ ਹਨ।
7ਵਿਸ਼ਵਾਸ ਦੁਆਰਾ ਨੋਹ ਨੇ, ਨਾ ਦਿਸਣ ਵਾਲੀਆਂ ਚੀਜ਼ਾਂ ਬਾਰੇ ਪਰਮੇਸ਼ਵਰ ਕੋਲੋ ਚੇਤਾਵਨੀ ਪਾ ਕੇ, ਪਵਿੱਤਰ ਡਰ ਨਾਲ ਆਪਣੇ ਪਰਿਵਾਰ ਨੂੰ ਬਚਾਉਣ ਲਈ ਇੱਕ ਕਿਸ਼ਤੀ ਬਣਾਈ। ਆਪਣੇ ਵਿਸ਼ਵਾਸ ਦੁਆਰਾ ਉਸ ਨੇ ਸੰਸਾਰ ਦੀ ਨਿੰਦਾ ਕੀਤੀ ਅਤੇ ਧਾਰਮਿਕਤਾ ਦੇ ਵਾਰਸ ਬਣ ਗਏ ਜੋ ਵਿਸ਼ਵਾਸ ਦੇ ਅਨੁਸਾਰ ਹੈ।#11:7 ਉਤ 6:13-22; 7:1
8ਵਿਸ਼ਵਾਸ ਨਾਲ ਹੀ ਅਬਰਾਹਾਮ ਨੂੰ ਜਦੋਂ ਕਿਸੇ ਜਗ੍ਹਾ ਤੇ ਪਰਮੇਸ਼ਵਰ ਦੁਆਰਾ ਜਾਣ ਲਈ ਬੁਲਾਇਆ ਗਿਆ ਸੀ ਤਾਂ ਉਸ ਨੇ ਹੁਕਮ ਮੰਨਿਆ ਅਤੇ ਚਲਾ ਗਿਆ, ਜਦ ਕੀ ਉਸ ਨੂੰ ਨਹੀਂ ਪਤਾ ਸੀ ਕਿ ਉਹ ਕਿੱਥੇ ਜਾ ਰਿਹਾ ਸੀ ਜਿਸ ਕਾਰਨ ਉਸ ਨੂੰ ਬਾਅਦ ਵਿੱਚ ਉਹੀ ਜਗ੍ਹਾ ਵਿਰਾਸਤ ਕਰਕੇ ਪ੍ਰਾਪਤ ਹੋਈ ਸੀ।#11:8 ਉਤ 12:1 9ਵਿਸ਼ਵਾਸ ਦੁਆਰਾ ਉਸ ਨੇ ਵਾਅਦਾ ਕੀਤੇ ਹੋਏ ਦੇਸ਼ ਵਿੱਚ ਆਪਣਾ ਘਰ ਇੱਕ ਅਜਨਬੀ ਵਾਂਗ ਬਣਾਇਆ ਵਿਦੇਸ਼ੀ ਦੇਸ਼ ਵਿੱਚ; ਉਹ ਤੰਬੂਆਂ ਵਿੱਚ ਰਹਿੰਦਾ ਸੀ, ਜਿਵੇਂ ਕਿ ਇਸਹਾਕ ਅਤੇ ਯਾਕੋਬ, ਜੋ ਉਸ ਦੇ ਨਾਲ ਉਸੇ ਵਾਅਦੇ ਦੇ ਵਾਰਸ ਸਨ। 10ਕਿਉਂਕਿ ਉਹ ਬੁਨਿਆਦ ਵਾਲੇ ਸ਼ਹਿਰ ਦੀ ਉਡੀਕ ਕਰ ਰਿਹਾ ਸੀ, ਜਿਸ ਨੂੰ ਬਣਾਉਂਣ ਵਾਲਾ ਅਤੇ ਨਿਰਮਾਣ ਕਰਨ ਵਾਲਾ ਪਰਮੇਸ਼ਵਰ ਹੈ। 11ਅਤੇ ਵਿਸ਼ਵਾਸ ਦੁਆਰਾ ਇੱਥੋਂ ਤੱਕ ਕਿ ਸਾਰਾਹ, ਜੋ ਕਿ ਬੱਚੇ ਪੈਦਾ ਕਰਨ ਦੀ ਉਮਰ ਤੋਂ ਪਾਰ ਹੋ ਗਈ ਸੀ, ਉਸ ਨੂੰ ਬੱਚੇ ਪੈਦਾ ਕਰਨ ਦੇ ਯੋਗ ਬਣਾਇਆ ਗਿਆ ਸੀ ਕਿਉਂਕਿ ਉਸ ਨੇ ਵਾਅਦਾ ਕਰਨ ਵਾਲੇ ਪਰਮੇਸ਼ਵਰ ਨੂੰ ਵਫ਼ਾਦਾਰ ਮੰਨਿਆ ਸੀ।#11:11 ਉਤ 17:19; 18:11; 21:2 12ਅਤੇ ਇਸ ਲਈ ਇੱਕ ਅਬਰਾਹਮ ਤੋਂ ਜੋ ਮਰੇ ਹੋਇਆ ਜਿਹਾ ਸੀ, ਇੰਨੀ ਸੰਤਾਨ ਪੈਦਾ ਹੋਈ ਜੋ ਅਕਾਸ਼ ਦੇ ਤਾਰਿਆਂ ਜਿੰਨੇ ਅਤੇ ਸਮੁੰਦਰ ਦੇ ਕਿਨਾਰੇ ਦੀ ਰੇਤ ਜਿੰਨੇ ਅਣਗਿਣਤ ਹਨ।#11:12 ਉਤ 15:5; 2:12
13ਵਿਸ਼ਵਾਸ ਵਿੱਚ ਰਹਿੰਦੇ ਹੋਇਆ ਹੀ ਇਹ ਸਾਰੇ ਮਰ ਗਏ। ਉਹਨਾਂ ਨੂੰ ਵਾਅਦਾ ਕੀਤੀਆਂ ਚੀਜ਼ਾਂ ਪ੍ਰਾਪਤ ਨਹੀਂ ਹੋਈਆਂ; ਉਹਨਾਂ ਨੇ ਸਿਰਫ ਉਹਨਾਂ ਨੂੰ ਵੇਖਿਆ ਅਤੇ ਦੂਰੋਂ ਉਹਨਾਂ ਦਾ ਸਵਾਗਤ ਕੀਤਾ ਅਤੇ ਮੰਨਿਆ ਕਿ ਉਹ ਧਰਤੀ ਉੱਤੇ ਵਿਦੇਸ਼ੀ ਅਤੇ ਅਜਨਬੀ ਸਨ।#11:13 ਉਤ 23:4; 1 ਇਤਿ 29:15 14ਜੋ ਲੋਕ ਅਜਿਹੀਆਂ ਗੱਲਾਂ ਕਹਿੰਦੇ ਹਨ ਉਹ ਦਿਖਾਉਂਦੇ ਹਨ ਕਿ ਉਹ ਆਪਣੇ ਖੁਦ ਦੇ ਦੇਸ਼ ਦੀ ਤਲਾਸ਼ ਕਰ ਰਹੇ ਹਨ। 15ਜੇ ਉਹ ਉਸ ਦੇਸ਼ ਬਾਰੇ ਸੋਚ ਰਹੇ ਹੁੰਦੇ ਜੋ ਉਹ ਛੱਡ ਗਏ ਸਨ, ਤਾਂ ਉਹਨਾਂ ਕੋਲ ਵਾਪਸ ਆਉਣ ਦਾ ਮੌਕਾ ਵੀ ਹੁੰਦਾ। 16ਇਸ ਦੀ ਬਜਾਏ, ਉਹ ਇੱਕ ਬਿਹਤਰ ਦੇਸ਼ ਇੱਕ ਸਵਰਗੀ ਦੇਸ਼ ਲਈ ਤਰਸਦੇ ਸਨ। ਇਸ ਲਈ ਪਰਮੇਸ਼ਵਰ ਉਹਨਾਂ ਦਾ ਪਰਮੇਸ਼ਵਰ ਅਖਵਾਣ ਤੋਂ ਸ਼ਰਮਿੰਦਾ ਨਹੀਂ ਹੁੰਦਾ, ਕਿਉਂਕਿ ਉਸ ਨੇ ਉਹਨਾਂ ਲਈ ਇੱਕ ਸ਼ਹਿਰ ਤਿਆਰ ਕੀਤਾ ਹੈ।#11:16 ਕੂਚ 3:6; 3:15
17ਵਿਸ਼ਵਾਸ ਦੁਆਰਾ ਅਬਰਾਹਾਮ ਨੇ ਇਸਹਾਕ ਨੂੰ ਬਲੀ ਵਜੋਂ ਭੇਂਟ ਕੀਤਾ ਜਦੋਂ ਪਰਮੇਸ਼ਵਰ ਨੇ ਉਸ ਨੂੰ ਪਰਖਿਆ। ਜਿਸ ਨੂੰ ਵਾਅਦੇ ਦਿੱਤੇ ਗਏ ਸਨ ਉਹ ਆਪਣੇ ਇੱਕਲੌਤੇ ਪੁੱਤਰ ਦੀ ਕੁਰਬਾਨੀ ਦੇਣ ਵਾਲਾ ਸੀ, 18ਭਾਵੇਂ ਕਿ ਪਰਮੇਸ਼ਵਰ ਨੇ ਉਸ ਨੂੰ ਆਖਿਆ ਸੀ, ਕਿ, “ਇਸਹਾਕ ਉਹ ਪੁੱਤਰ ਹੈ ਜਿਸ ਦੁਆਰਾ ਤੇਰੀ ਸੰਤਾਨ ਗਿਣੀ ਜਾਵੇਗੀ।” 19ਅਬਰਾਹਾਮ ਨੇ ਇਹ ਸੋਚ ਕੇ ਕਿ ਪਰਮੇਸ਼ਵਰ ਮੁਰਦਿਆਂ ਨੂੰ ਵੀ ਜੀਉਂਦਾ ਕਰ ਸਕਦਾ ਹੈ, ਅਤੇ ਇਸ ਤਰ੍ਹਾਂ ਬੋਲਣ ਦੇ ਢੰਗ ਨਾਲ ਉਸ ਨੇ ਇਸਹਾਕ ਨੂੰ ਮੌਤ ਤੋਂ ਵਾਪਸ ਪ੍ਰਾਪਤ ਕੀਤਾ।
20ਵਿਸ਼ਵਾਸ ਨਾਲ ਹੀ ਇਸਹਾਕ ਨੇ ਯਾਕੋਬ ਅਤੇ ਏਸਾਓ ਨੂੰ ਉਹਨਾਂ ਦੇ ਭਵਿੱਖ ਦੇ ਸੰਬੰਧ ਵਿੱਚ ਅਸੀਸ ਦਿੱਤੀ।#11:20 ਉਤ 27:27-40
21ਵਿਸ਼ਵਾਸ ਨਾਲ ਯਾਕੋਬ, ਜਦੋਂ ਉਹ ਮਰ ਰਿਹਾ ਸੀ, ਯੋਸੇਫ਼ ਦੇ ਹਰੇਕ ਪੁੱਤਰ ਨੂੰ ਬਰਕਤ ਦਿੱਤੀ, ਅਤੇ ਆਪਣੀ ਲਾਠੀ ਦੇ ਸਿਰੇ ਉੱਤੇ ਝੁਕਦੇ ਹੋਏ ਮੱਥਾ ਟੇਕਿਆ।#11:21 ਉਤ 47:31; 48:15-16
22ਵਿਸ਼ਵਾਸ ਨਾਲ ਯੋਸੇਫ਼ ਨੇ, ਜਦੋਂ ਉਸ ਦਾ ਅੰਤ ਨੇੜੇ ਸੀ, ਮਿਸਰ ਤੋਂ ਇਸਰਾਏਲੀਆਂ ਦੇ ਕੂਚ ਦੇ ਬਾਰੇ ਗੱਲ ਕੀਤੀ ਅਤੇ ਉਸ ਦੀਆਂ ਹੱਡੀਆਂ ਨੂੰ ਦਫ਼ਨਾਉਣ ਸੰਬੰਧੀ ਆਦੇਸ਼ ਦਿੱਤੇ।#11:22 ਉਤ 50:24-25; ਕੂਚ 13:19
23ਵਿਸ਼ਵਾਸ ਨਾਲ ਮੋਸ਼ੇਹ ਦੇ ਮਾਪਿਆਂ ਨੇ ਉਸ ਦੇ ਜਨਮ ਤੋਂ ਬਾਅਦ ਤਿੰਨ ਮਹੀਨਿਆਂ ਤੱਕ ਉਸ ਨੂੰ ਛੁਪਾ ਕੇ ਰੱਖਿਆ, ਕਿਉਂਕਿ ਉਹਨਾਂ ਨੇ ਵੇਖਿਆ ਕਿ ਉਹ ਕੋਈ ਆਮ ਬੱਚਾ ਨਹੀਂ ਸੀ, ਅਤੇ ਉਹ ਰਾਜੇ ਦੇ ਹੁਕਮ ਤੋਂ ਨਹੀਂ ਡਰੇ।#11:23 ਕੂਚ 1:22; 2:2
24ਵਿਸ਼ਵਾਸ ਨਾਲ ਮੋਸ਼ੇਹ ਨੇ, ਜਦੋਂ ਉਹ ਵੱਡਾ ਹੋ ਗਿਆ ਸੀ, ਮਿਸਰੀ ਦੇ ਰਾਜਾ ਫ਼ਿਰਾਊਨ ਦੀ ਧੀ ਦਾ ਪੁੱਤਰ ਅਖਵਾਉਂਣ ਤੋਂ ਇਨਕਾਰ ਕਰ ਦਿੱਤਾ।#11:24 ਕੂਚ 2:11 25ਉਸ ਨੇ ਪਾਪ ਦੇ ਅਸਥਾਈ ਸੁੱਖਾਂ ਦਾ ਆਨੰਦ ਲੈਣ ਦੀ ਬਜਾਏ ਪਰਮੇਸ਼ਵਰ ਦੇ ਲੋਕਾਂ ਦੇ ਨਾਲ ਦੁੱਖ ਸਹਿਣ ਨੂੰ ਚੁਣਿਆ। 26ਉਹ ਮਸੀਹ ਦੀ ਖ਼ਾਤਰ ਬੇਇੱਜ਼ਤੀ ਨੂੰ ਮਿਸਰ ਦੇ ਖ਼ਜ਼ਾਨਿਆਂ ਨਾਲੋਂ ਵਧੇਰਾ ਕੀਮਤੀ ਸਮਝਦਾ ਸੀ, ਕਿਉਂਕਿ ਉਹ ਆਪਣੇ ਸਵਰਗੀ ਇਨਾਮ ਦੀ ਉਡੀਕ ਕਰ ਰਿਹਾ ਸੀ।#11:26 1 ਪਤ 4:14; ਮੱਤੀ 5:12 27ਵਿਸ਼ਵਾਸ ਨਾਲ ਉਸ ਨੇ ਰਾਜੇ ਦੇ ਗੁੱਸੇ ਤੋਂ ਨਾ ਡਰ ਕੇ ਮਿਸਰ ਨੂੰ ਛੱਡ ਦਿੱਤਾ; ਉਹ ਦ੍ਰਿੜ ਰਿਹਾ ਕਿਉਂਕਿ ਉਸ ਨੇ ਉਸ ਨੂੰ ਵੇਖਿਆ ਜੋ ਅਦਿੱਖ ਪਰਮੇਸ਼ਵਰ ਹੈ।#11:27 ਕੂਚ 2:15; 10:28-29 28ਵਿਸ਼ਵਾਸ ਦੁਆਰਾ ਉਸ ਨੇ ਪਸਾਹ ਦੇ ਤਿਉਹਾਰ ਨੂੰ ਅਤੇ ਲਹੂ ਛਿੜਕਣ ਦੀ ਵਿਧੀ ਨੂੰ ਮੰਨਿਆ, ਤਾਂ ਜੋ ਜੇਠੇ ਪੁੱਤਰਾਂ ਨੂੰ ਨਾਸ਼ ਕਰਨ ਵਾਲਾ ਮੌਤ ਦਾ ਦੂਤ ਇਸਰਾਏਲ ਦੇ ਜੇਠੇ ਪੁੱਤਰਾਂ ਨੂੰ ਨਾ ਛੂਹੇ।#11:28 ਕੂਚ 12:21-29
29ਵਿਸ਼ਵਾਸ ਦੁਆਰਾ ਇਸਰਾਏਲੀ ਲਾਲ ਸਮੁੰਦਰ ਵਿੱਚੋਂ ਲੰਘਦੇ ਹੋਏ ਸੁੱਕੀ ਜ਼ਮੀਨ ਤੇ ਗਏ; ਪਰ ਜਦੋਂ ਮਿਸਰੀਆਂ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ, ਉਹ ਡੁੱਬ ਗਏ।#11:29 ਕੂਚ 14:21-31
30ਵਿਸ਼ਵਾਸ ਦੁਆਰਾ ਯੇਰੀਖ਼ੋ ਸ਼ਹਿਰ ਦੀਆਂ ਕੰਧਾਂ ਢਹਿ ਗਈਆਂ, ਜਦੋਂ ਇਸਰਾਏਲੀਆਂ ਨੇ ਸੱਤ ਦਿਨਾਂ ਤੱਕ ਉਸ ਦੇ ਦੁਆਲੇ ਚੱਕਰ ਲਗਾਏ ਸਨ।#11:30 ਯੇਹੋ 6:12-21; ਜ਼ਬੂ 106:9-11
31ਵਿਸ਼ਵਾਸ ਦੁਆਰਾ ਵੇਸਵਾ ਰਾਹਾਬ, ਕਿਉਂਕਿ ਉਸ ਨੇ ਜਾਸੂਸਾਂ ਦਾ ਸਵਾਗਤ ਕੀਤਾ ਸੀ, ਉਹਨਾਂ ਲੋਕਾਂ ਦੇ ਨਾਲ ਨਹੀਂ ਮਾਰੀ ਗਈ ਜੋ ਅਣ-ਆਗਿਆਕਾਰੀ ਸਨ।
32ਅਤੇ ਮੈਂ ਹੋਰ ਕੀ ਕਹਾਂ? ਮੇਰੇ ਕੋਲ ਗਿਦੌਨ, ਬਾਰਾਕ, ਸ਼ਿਮਸ਼ੋਨ, ਯਿਫ਼ਤਾਹ, ਦਾਵੀਦ, ਸਮੂਏਲ ਅਤੇ ਨਬੀਆਂ ਬਾਰੇ ਦੱਸਣ ਦਾ ਸਮਾਂ ਨਹੀਂ ਹੈ, 33ਜਿਸ ਨੇ ਵਿਸ਼ਵਾਸ ਦੁਆਰਾ ਰਾਜਿਆਂ ਨੂੰ ਜਿੱਤਿਆ, ਧਾਰਮਿਕ ਕੰਮ ਕੀਤੇ ਅਤੇ ਉਹਨਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪ੍ਰਾਪਤ ਕੀਤਾ; ਜਿਨ੍ਹਾਂ ਨੇ ਸ਼ੇਰਾਂ ਦੇ ਮੂੰਹ ਬੰਦ ਕਰ ਦਿੱਤੇ, 34ਅੱਗ ਦੇ ਕਹਿਰ ਨੂੰ ਬੁਝਾਇਆ ਅਤੇ ਤਲਵਾਰ ਦੀ ਧਾਰ ਤੋਂ ਬਚ ਗਏ; ਜਿਸ ਦੀ ਕਮਜ਼ੋਰੀ ਤਾਕਤ ਵਿੱਚ ਬਦਲ ਗਈ ਸੀ; ਅਤੇ ਲੜਾਈ ਵਿੱਚ ਸ਼ਕਤੀਸ਼ਾਲੀ ਬਣੇ ਅਤੇ ਵਿਦੇਸ਼ੀ ਫੌਜਾਂ ਨੂੰ ਹਰਾ ਦਿੱਤਾ। 35ਵਿਸ਼ਵਾਸ ਦੁਆਰਾ ਔਰਤਾਂ ਨੇ ਆਪਣੇ ਮੁਰਦੇ ਵਾਪਸ ਪ੍ਰਾਪਤ ਕੀਤੇ ਜੋ ਦੁਬਾਰਾ ਜੀਉਂਦੇ ਕੀਤੇ ਗਏ। ਕੁਝ ਹੋਰ ਵੀ ਸਨ ਜਿਨ੍ਹਾਂ ਨੂੰ ਤਸੀਹੇ ਦਿੱਤੇ ਗਏ, ਉਹਨਾਂ ਨੇ ਰਿਹਾਈ ਤੋਂ ਇਨਕਾਰ ਕਰ ਦਿੱਤਾ ਤਾਂ ਜੋ ਉਹਨਾਂ ਨੂੰ ਹੋਰ ਵੀ ਵਧੀਆ ਪੁਨਰ-ਉਥਾਨ ਮਿਲ ਸਕੇ। 36ਕਈਆਂ ਨੂੰ ਮਖੌਲ, ਕੋਰੜਿਆਂ, ਜ਼ੰਜੀਰਾਂ ਅਤੇ ਕੈਦ ਦਾ ਵੀ ਸਾਹਮਣਾ ਕਰਨਾ ਪਿਆ। 37ਉਹਨਾਂ ਵਿੱਚੋਂ ਕੁਝ ਨੂੰ ਪੱਥਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ; ਆਰਿਆ ਨਾਲ ਚੀਰੇ ਗਏ; ਉਹ ਤਲਵਾਰਾਂ ਨਾਲ ਮਾਰੇ ਗਏ। ਉਹ ਭੇਡਾਂ ਦੀਆਂ ਖੱਲਾਂ ਅਤੇ ਬੱਕਰੀਆਂ ਦੀਆਂ ਖੱਲਾਂ ਪਹਿਨੇ ਮਾਰੇ-ਮਾਰੇ ਫਿਰਦੇ ਸਨ, ਬੇਸਹਾਰਾ, ਸਤਾਏ ਅਤੇ ਬਦਸਲੂਕੀ ਕੀਤੀ ਗਈ। 38ਦੁਨੀਆਂ ਉਹਨਾਂ ਦੇ ਯੋਗ ਨਹੀਂ ਸੀ। ਉਹ ਉਜਾੜਾਂ ਅਤੇ ਪਹਾੜਾਂ ਵਿੱਚ ਭਟਕਦੇ ਸਨ, ਗੁਫ਼ਾਂਵਾਂ ਵਿੱਚ ਅਤੇ ਧਰਤੀ ਦੀਆਂ ਖੁੱਡਾਂ ਵਿੱਚ ਰਹਿੰਦੇ ਸਨ।
39ਇਨ੍ਹਾਂ ਸਾਰਿਆਂ ਦੀ ਇਨ੍ਹਾਂ ਦੇ ਵਿਸ਼ਵਾਸ ਲਈ ਪ੍ਰਸ਼ੰਸਾ ਕੀਤੀ ਗਈ ਸੀ, ਫਿਰ ਵੀ ਇਨ੍ਹਾਂ ਵਿੱਚੋਂ ਕਿਸੇ ਨੂੰ ਉਹ ਨਹੀਂ ਮਿਲਿਆ ਜਿਸ ਦਾ ਪਰਮੇਸ਼ਵਰ ਦੁਆਰਾ ਵਾਅਦਾ ਕੀਤਾ ਗਿਆ ਸੀ, 40ਕਿਉਂਕਿ ਪਰਮੇਸ਼ਵਰ ਨੇ ਸਾਡੇ ਲਈ ਕੁਝ ਬਿਹਤਰ ਯੋਜਨਾ ਬਣਾਈ ਸੀ ਤਾਂ ਜੋ ਸਿਰਫ ਸਾਡੇ ਨਾਲ ਹੀ ਉਹਨਾਂ ਨੂੰ ਸੰਪੂਰਨ ਬਣਾਇਆ ਜਾ ਸਕੇ।

Highlight

Copy

Compare

Share

None

Want to have your highlights saved across all your devices? Sign up or sign in