YouVersion Logo
Search Icon

ਇਬਰਾਨੀਆਂ 10

10
ਇੱਕ ਵਾਰ ਹੀ ਮਸੀਹ ਦਾ ਬਲੀਦਾਨ ਸਾਰਿਆਂ ਲਈ
1ਬਿਵਸਥਾ ਸਿਰਫ ਉਹਨਾਂ ਚੰਗੀਆਂ ਵਸਤਾਂ ਦਾ ਪਰਛਾਵਾਂ ਹੈ ਜੋ ਆ ਰਹੀਆਂ ਹਨ ਪਰ ਇਹਨਾਂ ਵਸਤਾਂ ਦਾ ਅਸਲੀ ਸਰੂਪ ਨਹੀਂ। ਇਸ ਕਾਰਨ ਇਹ ਕਦੇ ਵੀ, ਜੋ ਲਗਾਤਾਰ ਕੁਰਬਾਨੀਆਂ ਸਾਲ ਦਰ ਸਾਲ ਦੁਹਰਾਈਆ ਜਾਂਦੀਆਂ ਸਨ, ਉਹਨਾਂ ਨੂੰ ਸੰਪੂਰਨ ਨਹੀਂ ਬਣਾ ਸਕਦਾ ਜੋ ਅਰਾਧਨਾ ਦੇ ਨੇੜੇ ਆਉਂਦੇ ਹਨ। 2ਨਹੀਂ ਤਾਂ, ਉਹ ਭੇਂਟ ਦੇਣਾ ਬੰਦ ਨਾ ਕਰਦੇ? ਕਿਉਂਕਿ ਇੱਕੋ ਵਾਰ ਸ਼ੁੱਧ ਹੋ ਜਾਣ ਤੋਂ ਬਾਦ ਅਰਾਧਕਾਂ ਵਿੱਚ ਉਹਨਾਂ ਦੇ ਪਾਪਾਂ ਲਈ ਕੋਈ ਦੋਸ਼ ਮਹਿਸੂਸ ਕਰਨ ਦਾ ਕਾਰਨ ਹੀ ਨਹੀਂ ਰਹਿ ਜਾਂਦਾ। 3ਪਰ ਇਨ੍ਹਾਂ ਬਲੀਦਾਨਾਂ ਦੁਆਰਾ ਲੋਕਾਂ ਨੂੰ ਪਾਪ ਸਾਲਾਨਾ ਯਾਦ ਆਉਂਦੇ ਹਨ। 4ਕਿਉਂ ਜੋ ਇਹ ਅਣਹੋਣਾ ਹੈ ਜੋ ਬਲਦਾਂ ਅਤੇ ਬੱਕਰਿਆਂ ਦਾ ਲਹੂ ਪਾਪਾਂ ਨੂੰ ਲੈ ਜਾਵੇ।
5ਇਸ ਲਈ, ਜਦੋਂ ਮਸੀਹ ਸੰਸਾਰ ਵਿੱਚ ਆਇਆ, ਉਸ ਨੇ ਪਰਮੇਸ਼ਵਰ ਨੂੰ ਕਿਹਾ:
“ਬਲੀਦਾਨ ਅਤੇ ਭੇਂਟ ਨੂੰ ਤੂੰ ਨਾ ਚਾਹਿਆ,
ਪਰ ਇੱਕ ਸਰੀਰ ਜਿਸ ਨੂੰ ਤੂੰ ਮੇਰੇ ਲਈ ਤਿਆਰ ਕੀਤਾ ਸੀ;
6ਹੋਮ ਦੀਆਂ ਭੇਟਾਂ ਅਤੇ ਪਾਪ ਦੀਆਂ ਭੇਟਾਂ ਨਾਲ
ਤੂੰ ਖੁਸ਼ ਨਹੀਂ ਹੁੰਦਾ।
7ਫਿਰ ਮਸੀਹ ਨੇ ਪਰਮੇਸ਼ਵਰ ਨੂੰ ਆਖਿਆ,
‘ਮੈਂ ਇੱਥੇ ਹਾਂ ਇਹ ਮੇਰੇ ਬਾਰੇ ਪੋਥੀ ਵਿੱਚ ਲਿਖਿਆ ਹੋਇਆ ਹੈ
ਹੇ ਮੇਰੇ ਪਰਮੇਸ਼ਵਰ ਮੈਂ ਤੇਰੀ ਇੱਛਾ ਪੂਰੀ ਕਰਨ ਆਇਆ ਹਾਂ।’ ”#10:7 ਜ਼ਬੂ 40:6-8
8ਪਹਿਲਾਂ ਮਸੀਹ ਨੇ ਪਰਮੇਸ਼ਵਰ ਨੂੰ ਕਿਹਾ, “ਬਲੀਦਾਨ ਅਤੇ ਭੇਂਟਾਂ, ਹੋਮ ਦੀਆਂ ਭੇਂਟਾਂ ਅਤੇ ਪਾਪ ਬਲੀ ਦੀਆਂ ਭੇਟਾਂ ਜਿਨ੍ਹਾਂ ਦੀ ਤੂੰ ਇੱਛਾ ਨਹੀਂ ਕੀਤੀ ਸੀ ਅਤੇ ਨਾ ਹੀ ਤੂੰ ਉਹਨਾਂ ਤੋਂ ਖੁਸ਼ ਸੀ,” ਹਾਲਾਂਕਿ ਉਹ ਬਿਵਸਥਾ ਦੇ ਅਨੁਸਾਰ ਭੇਟ ਕੀਤੇ ਗਏ ਸਨ। 9ਫਿਰ ਉਸ ਨੇ ਕਿਹਾ, “ਮੈਂ ਇੱਥੇ ਹਾਂ, ਮੈਂ ਤੇਰੀ ਇੱਛਾ ਪੂਰੀ ਕਰਨ ਆਇਆ ਹਾਂ।” ਪਰਮੇਸ਼ਵਰ ਦੂਜੇ ਨੂੰ ਸਥਾਪਤ ਕਰਨ ਲਈ ਪਹਿਲੇ ਨੂੰ ਹਟਾਉਂਦਾ ਹੈ। 10ਅਤੇ ਇਸ ਇੱਛਾ ਦੁਆਰਾ, ਸਾਨੂੰ ਯਿਸ਼ੂ ਮਸੀਹ ਦੇ ਸਰੀਰ ਦੇ ਬਲੀਦਾਨ ਕਰਨ ਦੁਆਰਾ ਪਵਿੱਤਰ ਕੀਤਾ ਗਿਆ ਹੈ।#10:10 ਇਬ 10:14
11ਹਰ ਇੱਕ ਦਿਨ ਜਾਜਕ ਖੜ੍ਹਾ ਹੁੰਦਾ ਹੈ ਅਤੇ ਆਪਣੇ ਧਾਰਮਿਕ ਫਰਜ਼ ਨਿਭਾਉਂਦਾ ਹੈ; ਬਾਰ-ਬਾਰ ਜਾਜਕ ਉਹੀ ਬਲੀਆਂ ਚੜ੍ਹਾਉਂਦਾ ਹੈ, ਜੋ ਕਦੇ ਵੀ ਪਾਪਾਂ ਨੂੰ ਦੂਰ ਨਹੀਂ ਲੈ ਜਾ ਸਕਦੀਆਂ।#10:11 ਕੂਚ 29:38-39 12ਪਰ ਜਦੋਂ ਮਸੀਹ ਨੇ ਹਰ ਸਮੇਂ ਦੇ ਪਾਪਾਂ ਲਈ ਇੱਕ ਬਲੀਦਾਨ ਚੜ੍ਹਾ ਕੇ, ਉਹ ਪਰਮੇਸ਼ਵਰ ਦੇ ਸੱਜੇ ਪਾਸੇ ਬੈਠ ਗਿਆ, 13ਅਤੇ ਉਸ ਸਮੇਂ ਤੋਂ ਉਹ ਉਡੀਕ ਕਰਦਾ ਹੈ ਕਿ ਕਦੋਂ ਉਸ ਦੇ ਦੁਸ਼ਮਣ ਉਸ ਦੇ ਪੈਰ ਰੱਖਣ ਦੀ ਚੌਂਕੀ ਕੀਤੇ ਜਾਣ।#10:13 ਜ਼ਬੂ 110:1 14ਕਿਉਂਕਿ ਇੱਕ ਕੁਰਬਾਨੀ ਦੁਆਰਾ ਉਸ ਨੇ ਉਹਨਾਂ ਨੂੰ ਸਦਾ ਲਈ ਸੰਪੂਰਨ ਬਣਾ ਦਿੱਤਾ ਹੈ ਜਿਹੜੇ ਪਵਿੱਤਰ ਕੀਤੇ ਗਏ ਹਨ।
15ਪਵਿੱਤਰ ਆਤਮਾ ਵੀ ਸਾਨੂੰ ਇਸ ਬਾਰੇ ਗਵਾਹੀ ਦਿੰਦਾ ਹੈ। ਪਹਿਲਾਂ ਉਹ ਕਹਿੰਦਾ ਹੈ:
16“ਇਹ ਵਾਚਾ ਹੈ ਜੋ ਮੈਂ ਉਸ ਸਮੇਂ ਤੋਂ ਬਾਅਦ
ਉਹਨਾਂ ਨਾਲ ਕਰਾਂਗਾ, ਪ੍ਰਭੂ ਆਖਦਾ ਹੈ।
ਮੈਂ ਆਪਣੀ ਬਿਵਸਥਾ ਉਹਨਾਂ ਦੇ ਮਨਾਂ ਵਿੱਚ ਪਾਵਾਂਗਾ,
ਅਤੇ ਮੈਂ ਉਹਨਾਂ ਦਿਆਂ ਦਿਲਾਂ ਉੱਤੇ ਉਨ੍ਹਾਂ ਨੂੰ ਲਿਖਾਂਗਾ।”
17ਫਿਰ ਉਹ ਅੱਗੇ ਕਹਿੰਦਾ ਹੈ:
“ਮੈਂ ਉਹਨਾਂ ਦੇ ਪਾਪਾਂ ਅਤੇ ਅਧਰਮ ਦੇ ਕੰਮਾਂ
ਨੂੰ ਕਦੇ ਚੇਤੇ ਨਹੀਂ ਕਰਾਂਗਾ।”#10:17 ਇਬ 8:12; ਯਿਰ 31:34
18ਅਤੇ ਜਿੱਥੇ ਇਨ੍ਹਾਂ ਨੂੰ ਮਾਫ਼ ਕਰ ਦਿੱਤਾ ਗਿਆ ਹੈ, ਉੱਥੇ ਪਾਪਾਂ ਲਈ ਬਲੀਦਾਨ ਦੀ ਹੁਣ ਲੋੜ ਨਹੀਂ ਹੈ।
ਵਿਸ਼ਵਾਸ ਵਿੱਚ ਦ੍ਰਿੜ ਰਹਿਣ ਲਈ ਇੱਕ ਬੁਲਾਵਾ
19ਇਸ ਲਈ, ਹੇ ਭਰਾਵੋ ਅਤੇ ਭੈਣੋ, ਕਿਉਂਕਿ ਸਾਨੂੰ ਯਿਸ਼ੂ ਦੇ ਲਹੂ ਦੁਆਰਾ ਸਭ ਤੋਂ ਪਵਿੱਤਰ ਸਥਾਨ ਵਿੱਚ ਦਾਖਲ ਹੋਣ ਦਾ ਵਿਸ਼ਵਾਸ ਹੈ। 20ਇੱਕ ਨਵੇਂ ਅਤੇ ਜਿਉਂਦੇ ਰਾਹ ਨੂੰ, ਜੋ ਉਸ ਨੇ ਪਰਦੇ ਵਿੱਚ ਦੀ ਆਪਣੇ ਸਰੀਰ ਦੇ ਦੁਆਰਾ ਸਾਡੇ ਲਈ ਖੋਲ੍ਹ ਦਿੱਤਾ, 21ਅਤੇ ਕਿਉਂਕਿ ਸਾਡੇ ਕੋਲ ਪਰਮੇਸ਼ਵਰ ਦੇ ਘਰ ਦਾ ਇੱਕ ਮਹਾਨ ਜਾਜਕ ਹੈ। 22ਆਓ ਅਸੀਂ ਸੱਚੇ ਦਿਲ ਨਾਲ ਅਤੇ ਪੂਰੇ ਭਰੋਸੇ ਨਾਲ ਪਰਮੇਸ਼ਵਰ ਦੇ ਨੇੜੇ ਜਾਈਏ, ਜੋ ਵਿਸ਼ਵਾਸ ਲਿਆਉਂਦਾ ਹੈ, ਸਾਡੇ ਦਿਲਾਂ ਨੂੰ ਇੱਕ ਦੋਸ਼ੀ ਜ਼ਮੀਰ ਤੋਂ ਸ਼ੁੱਧ ਕਰਨ ਅਤੇ ਸਾਡੇ ਸਰੀਰ ਨੂੰ ਸ਼ੁੱਧ ਪਾਣੀ ਨਾਲ ਧੋਣ ਲਈ ਛਿੜਕਿਆ ਜਾਂਦਾ ਹੈ।#10:22 ਅਫ਼ 5:26; 1 ਪਤ 3:21; ਹਿਜ਼ 36:25 23ਆਓ ਅਸੀਂ ਉਸ ਆਸ ਦੇ ਸੱਚੇ ਇਕਰਾਰ ਨੂੰ ਫੜੀ ਰੱਖੀਏ ਜਿਸ ਦਾ ਅਸੀਂ ਦਾਅਵਾ ਕਰਦੇ ਹਾਂ, ਕਿਉਂਕਿ ਜਿਸ ਨੇ ਵਾਅਦਾ ਕੀਤਾ ਹੈ ਉਹ ਪਰਮੇਸ਼ਵਰ ਵਫ਼ਾਦਾਰ ਹੈ। 24ਅਤੇ ਆਓ ਵਿਚਾਰ ਕਰੀਏ ਕਿ ਅਸੀਂ ਇੱਕ-ਦੂਜੇ ਨੂੰ ਪਿਆਰ ਅਤੇ ਚੰਗੇ ਕੰਮਾਂ ਲਈ ਕਿਵੇਂ ਉਤਸ਼ਾਹਿਤ ਕਰ ਸਕਦੇ ਹਾਂ, 25ਇਕੱਠੇ ਹੋਣਾ ਨਾ ਛੱਡੋ, ਜਿਵੇਂ ਕਿ ਕਈਆਂ ਦੀ ਆਦਤ ਹੈ, ਪਰ ਇੱਕ-ਦੂਜੇ ਨੂੰ ਉਤਸ਼ਾਹਿਤ ਕਰਦੇ ਰਹੋ ਅਤੇ ਹੋਰ ਵੀ ਜਿਵੇਂ ਤੁਸੀਂ ਪਰਮੇਸ਼ਵਰ ਦੇ ਦਿਨ ਨੇੜੇ ਆਉਂਦੇ ਵੇਖਦੇ ਹੋ।
26ਜੇ ਅਸੀਂ ਸੱਚ ਦਾ ਗਿਆਨ ਪ੍ਰਾਪਤ ਕਰਨ ਤੋਂ ਬਾਅਦ ਜਾਣ ਬੁੱਝ ਕੇ ਪਾਪ ਕਰਦੇ ਰਹਿੰਦੇ ਹਾਂ, ਤਾਂ ਪਾਪਾਂ ਦੇ ਲਈ ਫਿਰ ਹੋਰ ਕੋਈ ਬਲੀਦਾਨ ਨਹੀਂ, 27ਪਰ ਸਿਰਫ ਨਿਆਂ ਅਤੇ ਭਿਆਨਕ ਅੱਗ ਦੀ ਇੱਕ ਡਰਾਉਣੀ ਉਡੀਕ ਜੋ ਪਰਮੇਸ਼ਵਰ ਦੇ ਦੁਸ਼ਮਣਾਂ ਨੂੰ ਭਸਮ ਕਰ ਦੇਵੇਗੀ।#10:27 ਯਸ਼ਾ 26:11 28ਜਿਹੜਾ ਵੀ ਮੋਸ਼ੇਹ ਦੇ ਕਾਨੂੰਨ ਨੂੰ ਨਹੀਂ ਮੰਨਦਾ, ਉਹ ਦੋ ਜਾਂ ਤਿੰਨ ਗਵਾਹਾਂ ਦੀ ਗਵਾਹੀ ਦੇ ਕਾਰਨ ਉਸ ਨੂੰ ਬਿਨਾਂ ਕਿਸੇ ਰਹਿਮ ਦੇ ਮੌਤ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ।#10:28 ਬਿਵ 17:6; 19:15 29ਤਾਂ ਤੁਸੀਂ ਫਿਰ ਸੋਚੋ, ਕਿੰਨ੍ਹੀ ਜ਼ਿਆਦਾ ਬੁਰੀ ਸਜ਼ਾ ਦੇ ਯੋਗ ਠਹਿਰਾਇਆ ਜਾਵੇਗਾ ਜਿਸ ਨੇ ਪਰਮੇਸ਼ਵਰ ਦੇ ਪੁੱਤਰ ਨੂੰ ਪੈਰਾਂ ਹੇਠ ਲਤਾੜਿਆ ਹੈ, ਅਤੇ ਨੇਮ ਦੇ ਖੂਨ ਨੂੰ ਅਪਵਿੱਤਰ ਸਮਝਿਆ ਹੈ ਜਿਸ ਦੇ ਨਾਲ ਉਸ ਨੂੰ ਪਵਿੱਤਰ ਕੀਤਾ ਗਿਆ ਸੀ, ਅਤੇ ਜਿਸ ਨੇ ਕਿਰਪਾ ਦੀ ਆਤਮਾ ਦਾ ਅਪਮਾਨ ਕੀਤਾ ਹੈ?#10:29 ਇਬ 12:25 30ਕਿਉਂਕਿ ਅਸੀਂ ਉਸ ਨੂੰ ਜਾਣਦੇ ਹਾਂ ਜਿਸ ਨੇ ਕਿਹਾ ਸੀ, “ਬਦਲਾ ਲੈਣਾ ਮੇਰਾ ਕੰਮ ਹੈ; ਮੈਂ ਹੀ ਬਦਲਾ ਲਵਾਂਗਾ,” ਅਤੇ ਫਿਰ ਇਹ, “ਕਿ ਪ੍ਰਭੂ ਆਪਣੇ ਲੋਕਾਂ ਦਾ ਨਿਆਂ ਕਰੇਗਾ।”#10:30 ਬਿਵ 32:35-36; ਜ਼ਬੂ 135:14 31ਜੀਉਂਦੇ ਪਰਮੇਸ਼ਵਰ ਦੇ ਹੱਥਾਂ ਵਿੱਚ ਪੈਣਾ ਇੱਕ ਭਿਆਨਕ ਗੱਲ ਹੈ।
32ਪਰ ਦੁੱਖਾਂ ਦੇ ਪਹਿਲਿਆ ਦਿਨਾਂ ਨੂੰ ਯਾਦ ਕਰੋ ਜਦੋਂ ਤੁਸੀਂ ਰੋਸ਼ਨ ਕੀਤੇ ਜਾਣ ਤੋਂ ਬਾਅਦ ਦੁੱਖਾਂ ਦੇ ਵੱਡੇ ਸੰਘਰਸ਼ ਨੂੰ ਸਹਿਣ ਕੀਤਾ 33ਕਈ ਵਾਰ ਤੁਹਾਨੂੰ ਜਨਤਕ ਤੌਰ ਤੇ ਅਪਮਾਨ ਅਤੇ ਅੱਤਿਆਚਾਰ ਦਾ ਸਾਹਮਣਾ ਕਰਨਾ ਪਿਆ; ਕਿਸੇ ਹੋਰ ਸਮੇਂ ਤੁਸੀਂ ਉਹਨਾਂ ਦੇ ਨਾਲ ਖੜ੍ਹੇ ਹੁੰਦੇ ਸੀ ਜਿਨ੍ਹਾਂ ਨਾਲ ਅਜਿਹਾ ਸਲੂਕ ਕੀਤਾ ਜਾਂਦਾ ਸੀ। 34ਤੁਸੀਂ ਜੇਲ੍ਹ ਵਿੱਚ ਬੰਦ ਲੋਕਾਂ ਦੇ ਨਾਲ ਦੁੱਖ ਝੱਲਿਆ ਅਤੇ ਆਪਣੇ ਧਨ ਦੇ ਲੁੱਟ ਜਾਣ ਨੂੰ ਅਨੰਦ ਮੰਨ ਲਿਆ, ਕਿਉਂਕਿ ਤੁਸੀਂ ਜਾਣਦੇ ਸੀ ਕਿ ਸਾਡੇ ਕੋਲ ਬਿਹਤਰ ਅਤੇ ਅਟੱਲ ਧਨ ਹੈ। 35ਇਸ ਲਈ ਆਪਣਾ ਵਿਸ਼ਵਾਸ ਨਾ ਛੱਡੋ; ਇਸ ਦਾ ਇੱਕ ਵੱਡਾ ਇਨਾਮ ਹੈ।
36ਤੁਹਾਨੂੰ ਦ੍ਰਿੜ ਰਹਿਣ ਦੀ ਜ਼ਰੂਰਤ ਹੈ ਤਾਂ ਜੋ ਜਦੋਂ ਤੁਸੀਂ ਪਰਮੇਸ਼ਵਰ ਦੀ ਇੱਛਾ ਪੂਰੀ ਕਰ ਲਓ, ਤੁਹਾਨੂੰ ਉਹ ਮਿਲੇਗਾ ਜੋ ਉਸ ਨੇ ਵਾਅਦਾ ਕੀਤਾ ਸੀ। 37ਜਿਵੇਂ ਬਚਨ ਕਹਿੰਦਾ ਹੈ, ਕੁਝ ਹੀ ਸਮੇਂ ਵਿੱਚ,
“ਜੋ ਆਉਣ ਵਾਲਾ ਹੈ
ਉਹ ਪ੍ਰਭੂ ਆਵੇਗਾ ਅਤੇ
ਦੇਰੀ ਨਹੀਂ ਕਰੇਗਾ।”
38ਪਰ,
“ਮੇਰਾ ਧਰਮੀ ਵਿਅਕਤੀ ਵਿਸ਼ਵਾਸ ਦੁਆਰਾ ਜੀਉਂਦਾ ਰਹੇਗਾ।
ਅਤੇ ਮੇਰਾ ਮਨ ਉਸ ਵਿਅਕਤੀ ਤੋਂ ਖੁਸ਼ ਨਹੀਂ ਹੁੰਦਾ ਜੋ ਪਿੱਛੇ ਹਟ ਜਾਂਦਾ ਹੈ।”#10:38 ਇਬ 2:4; ਗਲਾ 3:11
39ਪਰ ਅਸੀਂ ਉਹਨਾਂ ਵਿੱਚੋਂ ਨਹੀਂ ਜਿਹੜੇ ਪਿੱਛੇ ਹੱਟ ਕੇ ਨਸ਼ਟ ਹੋ ਜਾਂਦੇ ਹਨ, ਸਗੋਂ ਉਹਨਾਂ ਵਿੱਚੋਂ ਹਾਂ ਜਿਹੜੇ ਵਿਸ਼ਵਾਸ ਕਰ ਕੇ ਜਾਨ ਬਚਾ ਲੈਂਦੇ ਹਨ।

Highlight

Copy

Compare

Share

None

Want to have your highlights saved across all your devices? Sign up or sign in