ਹਿਜ਼ਕੀਏਲ 8
8
ਮੰਦਰ ਵਿੱਚ ਮੂਰਤੀ ਪੂਜਾ
1ਛੇਵੇਂ ਸਾਲ ਦੇ ਛੇਵੇਂ ਮਹੀਨੇ ਦੇ ਪੰਜਵੇਂ ਦਿਨ, ਜਦੋਂ ਮੈਂ ਆਪਣੇ ਘਰ ਵਿੱਚ ਬੈਠਾ ਸੀ ਅਤੇ ਯਹੂਦਾਹ ਦੇ ਬਜ਼ੁਰਗ ਮੇਰੇ ਅੱਗੇ ਬੈਠੇ ਹੋਏ ਸਨ, ਸਰਬਸ਼ਕਤੀਮਾਨ ਯਾਹਵੇਹ ਦਾ ਹੱਥ ਉੱਥੇ ਮੇਰੇ ਉੱਤੇ ਆਇਆ। 2ਮੈਂ ਵੇਖਿਆ ਤਾਂ ਵੇਖੋ, ਇੱਕ ਰੂਪ ਅੱਗ ਵਰਗਾ ਦਿਸਦਾ ਹੈ, ਉਸ ਦੇ ਲੱਕ ਤੋਂ ਹੇਠਾਂ ਤੱਕ ਅੱਗ ਅਤੇ ਉਸ ਦੇ ਲੱਕ ਤੋਂ ਉੱਪਰ ਤੱਕ ਚਾਨਣ ਦੀ ਚਮਕ ਦਿਖਾਈ ਦਿੱਤੀ, ਜਿਸ ਦਾ ਰੰਗ ਚਮਕਦੇ ਹੋਏ ਪਿੱਤਲ ਵਰਗਾ ਸੀ। 3ਉਸ ਨੇ ਇੱਕ ਹੱਥ ਵਧਾ ਕੇ ਮੇਰੇ ਸਿਰ ਦੇ ਵਾਲਾਂ ਤੋਂ ਮੈਨੂੰ ਫੜਿਆ, ਪਰਮੇਸ਼ਵਰ ਆਤਮਾ ਨੇ ਮੈਨੂੰ ਅਕਾਸ਼ ਅਤੇ ਧਰਤੀ ਦੇ ਵਿਚਾਲੇ ਉੱਚਾ ਕੀਤਾ। ਆਤਮਾ ਨੇ ਮੈਨੂੰ ਧਰਤੀ ਅਤੇ ਸਵਰਗ ਦੇ ਵਿਚਕਾਰ ਉੱਚਾ ਕੀਤਾ ਅਤੇ ਪਰਮੇਸ਼ਵਰ ਦੇ ਦਰਸ਼ਨਾਂ ਵਿੱਚ ਉਹ ਮੈਨੂੰ ਯੇਰੂਸ਼ਲੇਮ ਵਿੱਚ ਲੈ ਗਿਆ, ਅੰਦਰਲੇ ਵੇਹੜੇ ਦੇ ਉੱਤਰੀ ਦਰਵਾਜ਼ੇ ਦੇ ਪ੍ਰਵੇਸ਼ ਦੁਆਰ ਤੱਕ, ਜਿੱਥੇ ਈਰਖਾ ਨੂੰ ਭੜਕਾਉਣ ਵਾਲੀ ਮੂਰਤੀ ਖੜੀ ਸੀ। 4ਅਤੇ ਉੱਥੇ ਮੇਰੇ ਸਾਮ੍ਹਣੇ ਇਸਰਾਏਲ ਦੇ ਪਰਮੇਸ਼ਵਰ ਦੀ ਮਹਿਮਾ ਸੀ, ਜਿਵੇਂ ਮੈਂ ਦਰਸ਼ਣ ਵਿੱਚ ਮੈਦਾਨ ਵਿੱਚ ਵੇਖਿਆ ਸੀ।
5ਤਦ ਉਸਨੇ ਮੈਨੂੰ ਕਿਹਾ, “ਹੇ ਮਨੁੱਖ ਦੇ ਪੁੱਤਰ, ਉੱਤਰ ਵੱਲ ਵੇਖ।” ਆਪਣੀਆਂ ਅੱਖਾਂ ਉਤਰ ਵੱਲ ਚੁੱਕ। ਤਦ ਮੈਂ ਉਤਰ ਵੱਲ ਆਪਣੀਆਂ ਅੱਖਾਂ ਚੁੱਕੀਆਂ, ਤਾਂ ਵੇਖੋ, ਉਤਰ ਵੱਲ ਜਗਵੇਦੀ ਦੇ ਦਰਵਾਜ਼ੇ ਉੱਪਰ ਅਣਖ ਦੀ ਉਹੀ ਮੂਰਤੀ ਰਸਤੇ ਵਿੱਚ ਸੀ।
6ਅਤੇ ਉਸਨੇ ਮੈਨੂੰ ਕਿਹਾ, “ਹੇ ਮਨੁੱਖ ਦੇ ਪੁੱਤਰ, ਕੀ ਤੂੰ ਵੇਖਦਾ ਹੈ ਕਿ ਉਹ ਕੀ ਕਰ ਰਹੇ ਹਨ, ਇਸਰਾਏਲ ਦੇ ਲੋਕ ਇੱਥੇ ਬਹੁਤ ਹੀ ਘਿਣਾਉਣੇ ਕੰਮ ਕਰ ਰਹੇ ਹਨ, ਉਹ ਕੰਮ ਜੋ ਮੈਨੂੰ ਮੇਰੇ ਪਵਿੱਤਰ ਸਥਾਨ ਤੋਂ ਦੂਰ ਲੈ ਜਾਣਗੇ? ਪਰ ਤੂੰ ਉਹ ਚੀਜ਼ਾਂ ਵੇਖੇਗਾ ਜਿਹੜੀਆਂ ਹੋਰ ਵੀ ਘਿਣਾਉਣੀਆਂ ਹਨ।”
7ਫਿਰ ਉਹ ਮੈਨੂੰ ਵਿਹੜੇ ਦੇ ਪ੍ਰਵੇਸ਼ ਦੁਆਰ ਤੇ ਲੈ ਆਇਆ। ਤਾਂ ਮੈਂ ਵੇਖਿਆ ਕਿ ਕੰਧ ਵਿੱਚ ਇੱਕ ਛੇਕ ਹੈ। 8ਉਸ ਨੇ ਮੈਨੂੰ ਕਿਹਾ, “ਹੇ ਮਨੁੱਖ ਦੇ ਪੁੱਤਰ, ਹੁਣ ਕੰਧ ਨੂੰ ਤੋੜ।” ਇਸ ਲਈ ਮੈਂ ਕੰਧ ਤੋੜਿਆ ਅਤੇ ਉੱਥੇ ਇੱਕ ਦਰਵਾਜ਼ਾ ਦੇਖਿਆ।
9ਅਤੇ ਉਸ ਨੇ ਮੈਨੂੰ ਕਿਹਾ, “ਅੰਦਰ ਜਾਹ ਅਤੇ ਉਹਨਾਂ ਦੁਸ਼ਟ ਅਤੇ ਘਿਣਾਉਣੇ ਕੰਮਾਂ ਨੂੰ ਵੇਖ ਜੋ ਉਹ ਇੱਥੇ ਕਰ ਰਹੇ ਹਨ।” 10ਇਸ ਲਈ ਮੈਂ ਅੰਦਰ ਜਾ ਕੇ ਵੇਖਿਆ ਹਰ ਕਿਸਮ ਦੇ ਸਾਰੇ ਘਿੱਸਰਨ ਵਾਲੇ ਅਤੇ ਪਲੀਤ ਪਸ਼ੂਆਂ ਦੀਆਂ ਸਾਰੀਆਂ ਮੂਰਤਾਂ ਅਤੇ ਇਸਰਾਏਲ ਦੇ ਘਰਾਣੇ ਦੇ ਬੁੱਤ ਆਲੇ-ਦੁਆਲੇ ਦੀ ਕੰਧ ਉੱਤੇ ਬਣੇ ਹੋਏ ਹਨ। 11ਉਹਨਾਂ ਦੇ ਸਾਮ੍ਹਣੇ ਇਸਰਾਏਲ ਦੇ ਸੱਤਰ ਬਜ਼ੁਰਗ ਖੜ੍ਹੇ ਸਨ ਅਤੇ ਸ਼ਾਫਾਨ ਦਾ ਪੁੱਤਰ ਯਅਜ਼ਨਯਾਹ ਉਹਨਾਂ ਦੇ ਵਿਚਕਾਰ ਖੜ੍ਹਾ ਸੀ। ਹਰੇਕ ਦੇ ਹੱਥ ਵਿੱਚ ਧੂਪਦਾਨ ਸੀ, ਅਤੇ ਧੂਪ ਦਾ ਇੱਕ ਸੁਗੰਧਿਤ ਬੱਦਲ ਉੱਠ ਰਿਹਾ ਸੀ।
12ਤਦ ਉਸ ਨੇ ਮੈਨੂੰ ਆਖਿਆ, “ਹੇ ਮਨੁੱਖ ਦੇ ਪੁੱਤਰ, ਕੀ ਤੂੰ ਵੇਖਿਆ ਕਿ ਇਸਰਾਏਲ ਦੇ ਘਰਾਣੇ ਦੇ ਬਜ਼ੁਰਗ ਹਨ੍ਹੇਰੇ ਵਿੱਚ ਅਰਥਾਤ ਆਪਣੀ-ਆਪਣੀ ਚਿੱਤਰਕਾਰੀ ਵਾਲੀ ਕੋਠੜੀ ਵਿੱਚ ਕੀ ਕਰਦੇ ਹਨ? ਕਿਉਂ ਜੋ ਉਹ ਆਖਦੇ ਹਨ, ‘ਕਿ ਯਾਹਵੇਹ ਸਾਨੂੰ ਨਹੀਂ ਵੇਖਦਾ; ਯਾਹਵੇਹ ਨੇ ਦੇਸ ਨੂੰ ਛੱਡ ਦਿੱਤਾ ਹੈ।’ ” 13ਫਿਰ, ਉਸਨੇ ਕਿਹਾ, “ਤੁਸੀਂ ਉਹਨਾਂ ਨੂੰ ਉਹ ਕੰਮ ਕਰਦੇ ਵੇਖੋਂਗੇ ਜੋ ਹੋਰ ਵੀ ਘਿਣਾਉਣੇ ਹਨ।”
14ਫਿਰ ਉਹ ਮੈਨੂੰ ਯਾਹਵੇਹ ਦੇ ਘਰ ਦੇ ਉੱਤਰੀ ਦਰਵਾਜ਼ੇ ਦੇ ਪ੍ਰਵੇਸ਼ ਦੁਆਰ ਕੋਲ ਲੈ ਆਇਆ, ਅਤੇ ਮੈਂ ਉੱਥੇ ਔਰਤਾਂ ਨੂੰ ਤਮੂਜ਼ ਦੇਵਤੇ ਦਾ ਸੋਗ ਮਨਾਉਂਦੇ ਹੋਏ ਦੇਖਿਆ। 15ਉਸ ਨੇ ਮੈਨੂੰ ਕਿਹਾ, “ਹੇ ਮਨੁੱਖ ਦੇ ਪੁੱਤਰ! ਕੀ ਤੂੰ ਇਹ ਵੇਖਿਆ ਹੈ? ਤੂੰ ਇਹਨਾਂ ਤੋਂ ਵੀ ਵੱਡੇ ਘਿਣਾਉਣੇ ਕੰਮ ਵੇਖੇਗਾ।”
16ਫਿਰ ਉਹ ਮੈਨੂੰ ਯਾਹਵੇਹ ਦੇ ਘਰ ਦੇ ਅੰਦਰਲੇ ਵੇਹੜੇ ਵਿੱਚ ਲੈ ਗਿਆ, ਅਤੇ ਵੇਖੋ, ਯਾਹਵੇਹ ਦੀ ਹੈਕਲ ਦੇ ਦਰਵਾਜ਼ੇ ਉੱਤੇ ਡਿਉੜ੍ਹੀ ਅਤੇ ਜਗਵੇਦੀ ਦੇ ਵਿਚਕਾਰ ਲੱਗਭੱਗ ਪੱਚੀ ਮਨੁੱਖ ਸਨ। ਜਿਹਨਾਂ ਦੀ ਪਿੱਠ ਯਾਹਵੇਹ ਦੀ ਹੈਕਲ ਵੱਲ ਅਤੇ ਉਹਨਾਂ ਦੇ ਮੂੰਹ ਪੂਰਬ ਵੱਲ ਸਨ ਅਤੇ ਪੂਰਬ ਵੱਲ ਮੂੰਹ ਕਰ ਕੇ ਸੂਰਜ ਨੂੰ ਮੱਥਾ ਟੇਕ ਰਹੇ ਸਨ।
17ਉਸ ਨੇ ਮੈਨੂੰ ਕਿਹਾ, “ਹੇ ਮਨੁੱਖ ਦੇ ਪੁੱਤਰ, ਕੀ ਤੂੰ ਇਹ ਵੇਖਿਆ ਹੈ? ਕੀ ਯਹੂਦਾਹ ਦੇ ਲੋਕਾਂ ਲਈ ਘਿਣਾਉਣੇ ਕੰਮ ਕਰਨਾ ਇੱਕ ਮਾਮੂਲੀ ਅਜਿਹੀ ਗੱਲ ਹੈ ਕਿ ਉਹ ਅਜਿਹੇ ਘਿਣਾਉਣੇ ਕੰਮ ਕਰਨ ਜਿਹੜੇ ਇੱਥੇ ਕਰਦੇ ਹਨ, ਕਿਉਂ ਜੋ ਉਹਨਾਂ ਨੇ ਤਾਂ ਦੇਸ਼ ਨੂੰ ਜ਼ੁਲਮ ਨਾਲ ਭਰ ਦਿੱਤਾ ਅਤੇ ਫਿਰ ਮੈਨੂੰ ਕ੍ਰੋਧ ਦਿਵਾਇਆ, ਅਤੇ ਵੇਖ, ਉਹ ਆਪਣੇ ਨੱਕ ਨਾਲ ਡਾਲੀਆਂ ਲਗਾਉਂਦੇ ਹਨ! 18ਇਸ ਲਈ ਮੈਂ ਵੀ ਕਹਿਰ ਨਾਲ ਵਰਤਾਓ ਕਰਾਂਗਾ, ਮੈਂ ਦਯਾ ਨਹੀਂ ਕਰਾਂਗਾ ਅਤੇ ਮੈਂ ਕਦੇ ਵੀ ਤਰਸ ਨਾ ਕਰਾਂਗਾ, ਅਤੇ ਭਾਵੇਂ ਉਹ ਚੀਕ-ਚੀਕ ਕੇ ਮੇਰੇ ਕੰਨਾਂ ਤੱਕ ਆਪਣੀ ਪੁਕਾਰ ਪਹੁੰਚਾਉਣ, ਤਾਂ ਵੀ ਉਹਨਾਂ ਦੀ ਨਹੀਂ ਸੁਣਾਂਗਾ।”
Currently Selected:
ਹਿਜ਼ਕੀਏਲ 8: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.