ਹਿਜ਼ਕੀਏਲ 7
7
ਅੰਤ ਦਾ ਸਮਾਂ ਗਿਆ ਹੈ
1ਯਾਹਵੇਹ ਦਾ ਬਚਨ ਮੇਰੇ ਕੋਲ ਆਇਆ: 2“ਮਨੁੱਖ ਦੇ ਪੁੱਤਰ, ਸਰਬਸ਼ਕਤੀਮਾਨ ਯਾਹਵੇਹ ਇਸਰਾਏਲ ਦੀ ਧਰਤੀ ਨੂੰ ਇਸ ਤਰ੍ਹਾਂ ਆਖਦਾ ਹੈ:
“ ‘ਅੰਤ! ਧਰਤੀ ਦੇ ਚਾਰੇ ਕੋਨਿਆਂ ਉੱਤੇ
ਅੰਤ ਆ ਗਿਆ ਹੈ!
3ਅੰਤ ਹੁਣ ਤੇਰੇ ਉੱਤੇ ਹੈ,
ਅਤੇ ਮੈਂ ਆਪਣਾ ਗੁੱਸਾ ਤੇਰੇ ਉੱਤੇ ਉਤਾਰਾਂਗਾ।
ਮੈਂ ਤੁਹਾਡੇ ਚਾਲ-ਚਲਣ ਦੇ ਅਨੁਸਾਰ ਤੁਹਾਡਾ ਨਿਆਂ ਕਰਾਂਗਾ
ਅਤੇ ਤੁਹਾਡੇ ਸਾਰੇ ਘਿਣਾਉਣੇ ਕੰਮਾਂ ਦਾ ਬਦਲਾ ਦਿਆਂਗਾ।
4ਮੈਂ ਤੈਨੂੰ ਤਰਸ ਨਾਲ ਨਹੀਂ ਵੇਖਾਂਗਾ;
ਮੈਂ ਤੈਨੂੰ ਨਹੀਂ ਬਖ਼ਸ਼ਾਗਾ।
ਮੈਂ ਤੈਨੂੰ ਤੇਰੇ ਚਾਲ-ਚਲਣ
ਅਤੇ ਤੁਹਾਡੇ ਵਿੱਚ ਘਿਣਾਉਣੇ ਕੰਮਾਂ ਦਾ ਬਦਲਾ ਜ਼ਰੂਰ ਦਿਆਂਗਾ।
ਫਿਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਾਹਵੇਹ ਹਾਂ।’
5“ਇਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ:
“ ‘ਕਿ ਇੱਕ ਬਿਪਤਾ! ਹਾਂ,
ਇੱਕ ਬਿਪਤਾ ਵੇਖੋ, ਉਹ ਆਉਂਦੀ ਹੈ!
6ਅੰਤ ਆ ਗਿਆ ਹੈ!
ਅੰਤ ਆ ਗਿਆ ਹੈ!
ਇਹ ਤੇਰੇ ਵਿਰੁੱਧ ਉੱਠਿਆ ਹੈ।
ਵੇਖੋ, ਇਹ ਆਉਂਦਾ ਹੈ!
7ਤੁਹਾਡੇ ਉੱਤੇ ਤਬਾਹੀ ਆ ਗਈ ਹੈ,
ਤੁਹਾਡੇ ਉੱਤੇ ਜਿਹੜੇ ਧਰਤੀ ਵਿੱਚ ਰਹਿੰਦੇ ਹਨ।
ਸਮਾਂ ਆ ਗਿਆ ਹੈ! ਵਿਨਾਸ਼ ਦਾ ਦਿਨ ਨੇੜੇ ਹੈ!
ਪਹਾੜਾਂ ਉੱਤੇ ਦਹਿਸ਼ਤ ਅੱਗੇ ਤੋਂ ਖੁਸ਼ ਨਹੀਂ ਹੋਵੇਗੀ।
8ਮੈਂ ਆਪਣਾ ਕ੍ਰੋਧ ਤੇਰੇ ਉੱਤੇ ਡੋਲ੍ਹਣ ਵਾਲਾ ਹਾਂ
ਅਤੇ ਆਪਣਾ ਕ੍ਰੋਧ ਤੁਹਾਡੇ ਉੱਤੇ ਖਰਚ ਕਰਨ ਵਾਲਾ ਹਾਂ।
ਮੈਂ ਤੇਰੀਆਂ ਚਾਲ-ਚਲਣ ਦੇ ਅਨੁਸਾਰ ਤੇਰਾ ਨਿਆਂ ਕਰਾਂਗਾ
ਅਤੇ ਤੁਹਾਡੇ ਸਾਰੇ ਘਿਣਾਉਣੇ ਕੰਮਾਂ ਦਾ ਬਦਲਾ ਦਿਆਂਗਾ।
9ਮੈਂ ਤੈਨੂੰ ਤਰਸ ਨਾਲ ਨਹੀਂ ਦੇਖਾਂਗਾ;
ਮੈਂ ਤੁਹਾਨੂੰ ਨਹੀਂ ਬਖ਼ਸ਼ਾਗਾ।
ਮੈਂ ਤੁਹਾਨੂੰ ਤੁਹਾਡੇ ਚਾਲ-ਚਲਣ
ਅਤੇ ਤੁਹਾਡੇ ਵਿੱਚ ਘਿਣਾਉਣੇ ਕੰਮਾਂ ਦਾ ਬਦਲਾ ਦਿਆਂਗਾ।
“ ‘ਫਿਰ ਤੁਹਾਨੂੰ ਪਤਾ ਲੱਗੇਗਾ ਕਿ ਇਹ ਮੈਂ ਹੀ ਯਾਹਵੇਹ ਹਾਂ ਜੋ ਤੁਹਾਨੂੰ ਮਾਰਦਾ ਹਾਂ।
10“ ‘ਵੇਖੋ, ਉਹ ਦਿਨ!
ਵੇਖੋ, ਉਹ ਆਉਂਦਾ ਹੈ!
ਕਿਆਮਤ ਫੁੱਟ ਪਈ ਹੈ,
ਸੋਟੀ ਵਿੱਚ ਕਲੀਆਂ ਨਿੱਕਲੀਆਂ ਹਨ,
ਹੰਕਾਰ ਖਿੜ ਗਿਆ ਹੈ!
11ਜ਼ੁਲਮ ਵੱਧ ਕੇ ਦੁਸ਼ਟਪੁਣੇ ਲਈ ਸੋਟੀ ਬਣ ਗਿਆ।
ਹੁਣ ਉਹਨਾਂ ਵਿੱਚੋਂ ਕੋਈ ਨਹੀਂ ਬਚੇਗਾ,
ਨਾ ਉਹਨਾਂ ਦੇ ਜੱਥੇ ਵਿੱਚੋਂ ਕੋਈ ਅਤੇ ਨਾ ਉਹਨਾਂ ਦੇ ਧਨ ਵਿੱਚੋਂ ਕੁਝ ਬਚੇਗਾ
ਅਤੇ ਨਾ ਉਹਨਾਂ ਵਿੱਚੋਂ ਕਿਸੇ ਦਾ ਆਦਰ ਰਹੇਗਾ।
12ਸਮਾਂ ਆ ਗਿਆ ਹੈ!
ਦਿਨ ਆ ਗਿਆ ਹੈ!
ਨਾ ਮੁੱਲ ਲੈਣ ਵਾਲਾ ਅਨੰਦ ਕਰੇ, ਨਾ ਵੇਚਣ ਵਾਲਾ ਉਦਾਸ ਹੋਵੇ,
ਕਿਉਂਕਿ ਮੇਰਾ ਕ੍ਰੋਧ ਸਾਰੀ ਭੀੜ ਉੱਤੇ ਹੈ।
13ਵੇਚਣ ਵਾਲਾ
ਵੇਚੀ ਗਈ ਜਾਇਦਾਦ ਨੂੰ ਮੁੜ ਪ੍ਰਾਪਤ ਨਹੀਂ ਕਰੇਗਾ,
ਜਿੰਨਾ ਚਿਰ ਖਰੀਦਣ ਵਾਲਾ ਅਤੇ ਵੇਚਣ ਵਾਲਾ ਦੋਵੇਂ ਜਿਉਂਦੇ ਹਨ।
ਕਿਉਂਕਿ ਸਾਰੀ ਭੀੜ ਦਾ ਦਰਸ਼ਣ
ਬਦਲਿਆ ਨਹੀਂ ਜਾਵੇਗਾ।
ਉਹਨਾਂ ਦੇ ਪਾਪਾਂ ਦੇ ਕਾਰਨ,
ਉਹਨਾਂ ਵਿੱਚੋਂ ਇੱਕ ਵੀ ਆਪਣੀ ਜਾਨ ਨਹੀਂ ਬਚਾ ਸਕੇਗਾ।
14“ ‘ਉਹਨਾਂ ਨੇ ਤੁਰ੍ਹੀ ਵਜਾਈ,
ਉਹਨਾਂ ਨੇ ਸਭ ਕੁਝ ਤਿਆਰ ਕਰ ਲਿਆ,
ਪਰ ਕੋਈ ਵੀ ਲੜਾਈ ਲਈ ਨਹੀਂ ਜਾਂਦਾ,
ਕਿਉਂਕਿ ਮੇਰਾ ਕ੍ਰੋਧ ਸਾਰੀ ਭੀੜ ਉੱਤੇ ਹੈ।
15ਬਾਹਰ ਤਲਵਾਰ ਹੈ;
ਅੰਦਰ ਮਹਾਂਮਾਰੀ ਅਤੇ ਕਾਲ ਹਨ।
ਜਿਹੜੇ ਦੇਸ਼ ਵਿੱਚ ਹਨ
ਤਲਵਾਰ ਨਾਲ ਮਰ ਜਾਣਗੇ।
ਜਿਹੜੇ ਸ਼ਹਿਰ ਵਿੱਚ ਹਨ
ਕਾਲ ਅਤੇ ਮਹਾਂਮਾਰੀ ਨਾਲ ਮਾਰਿਆ ਜਾਵੇਗਾ।
16ਭਗੌੜੇ ਜਿਹੜੇ ਬਚ ਜਾਂਦੇ ਹਨ
ਪਹਾੜਾਂ ਨੂੰ ਭੱਜ ਜਾਣਗੇ।
ਵਾਦੀਆਂ ਦੇ ਕਬੂਤਰਾਂ ਵਾਂਗ,
ਉਹ ਸਾਰੇ ਆਪਣੇ-ਆਪਣੇ ਪਾਪਾਂ ਲਈ ਰੋਣਗੇ।
17ਸਾਰੇ ਹੱਥ ਨਿਰਬਲ ਹੋਣਗੇ
ਅਤੇ ਸਾਰੇ ਗੋਡੇ ਪਾਣੀ ਵਾਂਗੂੰ ਕਮਜ਼ੋਰ ਹੋ ਜਾਣਗੇ।
18ਉਹ ਤੱਪੜ ਪਾਉਣ
ਅਤੇ ਡਰ ਦੇ ਕੱਪੜੇ ਵਾਲੇ ਪਹਿਨਣਗੇ।
ਹਰ ਮੂੰਹ ਸ਼ਰਮ ਨਾਲ ਢੱਕਿਆ ਜਾਵੇਗਾ,
ਅਤੇ ਹਰ ਇੱਕ ਸਿਰ ਮੁੰਨਿਆ ਜਾਵੇਗਾ।
19“ ‘ਉਹ ਆਪਣੀ ਚਾਂਦੀ ਨੂੰ ਗਲੀਆਂ ਵਿੱਚ ਸੁੱਟ ਦੇਣਗੇ,
ਅਤੇ ਉਹਨਾਂ ਦਾ ਸੋਨਾ ਅਸ਼ੁੱਧ ਚੀਜ਼ ਮੰਨਿਆ ਜਾਵੇਗਾ।
ਉਹਨਾਂ ਦਾ ਸੋਨਾ ਅਤੇ ਚਾਂਦੀ
ਯਾਹਵੇਹ ਦੇ ਕ੍ਰੋਧ ਦੇ ਦਿਨ
ਉਹਨਾਂ ਨੂੰ ਛੁਡਾਉਣ ਦੇ ਯੋਗ ਨਹੀਂ ਹੋਵੇਗਾ।
ਇਹ ਨਾ ਉਹਨਾਂ ਦੀ ਭੁੱਖ ਮਿਟਾਏਗਾ ਅਤੇ ਨਾ ਹੀ ਉਹਨਾਂ ਦਾ ਪੇਟ ਭਰੇਗਾ,
ਕਿਉਂ ਜੋ ਇਸ ਨੇ ਉਹਨਾਂ ਨੂੰ ਪਾਪ ਵਿੱਚ ਠੋਕਰ ਖਾਧੀ ਹੈ।
20ਉਹ ਆਪਣੇ ਸੁੰਦਰ ਗਹਿਣਿਆਂ ਉੱਤੇ ਮਾਣ ਕਰਦੇ ਸਨ
ਅਤੇ ਉਹਨਾਂ ਨੇ ਉਹਨਾਂ ਦੇ ਨਾਲ ਆਪਣੀਆਂ ਘਿਣਾਉਣੀਆਂ ਮੂਰਤਾਂ
ਅਤੇ ਭੈੜੀਆਂ ਵਸਤਾਂ ਬਣਾਈਆਂ;
ਇਸ ਲਈ ਮੈਂ ਉਸ ਨੂੰ ਉਹਨਾਂ ਲਈ ਅਸ਼ੁੱਧ ਠਹਿਰਾਵਾਂਗਾ।
21ਮੈਂ ਉਹਨਾਂ ਦੀ ਦੌਲਤ ਨੂੰ ਲੁੱਟਣ ਲਈ ਪਰਦੇਸੀਆਂ ਨੂੰ ਦੇ ਦਿਆਂਗਾ,
ਅਤੇ ਧਰਤੀ ਦੇ ਦੁਸ਼ਟ ਉਸ ਨੂੰ ਲੁੱਟ ਲੈਣਗੇ
ਉਹ ਉਹਨਾਂ ਨੂੰ ਭਰਿਸ਼ਟ ਕਰਨਗੇ।
22ਮੈਂ ਲੋਕਾਂ ਤੋਂ ਆਪਣਾ ਮੂੰਹ ਮੋੜ ਲਵਾਂਗਾ,
ਅਤੇ ਲੁਟੇਰੇ ਉਸ ਥਾਂ ਨੂੰ ਅਪਵਿੱਤਰ ਕਰਨਗੇ ਜਿਸਦਾ ਮੈਂ ਖ਼ਜ਼ਾਨਾ ਰੱਖਦਾ ਹਾਂ।
ਉਹ ਇਸ ਵਿੱਚ ਦਾਖਲ ਹੋਣਗੇ
ਅਤੇ ਇਸਨੂੰ ਅਸ਼ੁੱਧ ਕਰ ਦੇਣਗੇ।
23“ ‘ਜ਼ੰਜੀਰਾਂ ਤਿਆਰ ਕਰ!
ਇਸ ਲਈ ਕਿ ਦੇਸ ਕਤਲ ਦੇ ਅਪਰਾਧਾਂ ਨਾਲ ਭਰਿਆ ਹੋਇਆ ਹੈ
ਅਤੇ ਸ਼ਹਿਰ ਜ਼ੁਲਮ ਨਾਲ ਭਰਿਆ ਹੋਇਆ ਹੈ।
24ਮੈਂ ਕੌਮਾਂ ਵਿੱਚੋਂ ਸਭ ਤੋਂ ਦੁਸ਼ਟ ਲੋਕਾਂ ਨੂੰ
ਉਹਨਾਂ ਦੇ ਘਰਾਂ ਉੱਤੇ ਕਬਜ਼ਾ ਕਰਨ ਲਈ ਲਿਆਵਾਂਗਾ।
ਮੈਂ ਬਲਵੰਤਾ ਦੇ ਹੰਕਾਰ ਨੂੰ ਖ਼ਤਮ ਕਰ ਦਿਆਂਗਾ,
ਅਤੇ ਉਹਨਾਂ ਦੇ ਪਵਿੱਤਰ ਸਥਾਨ ਭਰਿਸ਼ਟ ਕੀਤੇ ਜਾਣਗੇ।
25ਜਦੋਂ ਦਹਿਸ਼ਤ ਆਵੇਗੀ,
ਉਹ ਵਿਅਰਥ ਸ਼ਾਂਤੀ ਦੀ ਭਾਲ ਕਰਨਗੇ।
26ਬਿਪਤਾ ਉੱਤੇ ਬਿਪਤਾ ਆਵੇਗੀ,
ਅਤੇ ਅਫਵਾਹ ਉੱਤੇ ਅਫਵਾਹ।
ਉਹ ਨਬੀ ਦੇ ਦਰਸ਼ਨ ਦੀ ਭਾਲ ਵਿੱਚ ਜਾਣਗੇ,
ਪਰ ਜਾਜਕ ਕੋਲੋਂ ਬਿਵਸਥਾ
ਅਤੇ ਬਜ਼ੁਰਗਾਂ ਕੋਲੋਂ ਸਲਾਹ ਨਹੀਂ ਹੋਵੇਗੀ।
27ਰਾਜਾ ਸੋਗ ਕਰੇਗਾ,
ਸ਼ਹਿਜ਼ਾਦਾ ਵਿਰਾਨੀ ਪਹਿਨੇਗਾ,
ਅਤੇ ਦੇਸ ਦੇ ਲੋਕਾਂ ਦੇ ਹੱਥ ਕੰਬਣਗੇ।
ਮੈਂ ਉਹਨਾਂ ਨਾਲ ਉਹਨਾਂ ਦੇ ਚਾਲ-ਚਲਣ ਦੇ ਅਨੁਸਾਰ ਪੇਸ਼ ਆਵਾਂਗਾ,
ਅਤੇ ਉਹਨਾਂ ਦੇ ਕੰਮਾਂ ਦੇ ਅਨੁਸਾਰ ਮੈਂ ਉਹਨਾਂ ਦਾ ਨਿਆਂ ਕਰਾਂਗਾ।
“ ‘ਫਿਰ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ।’ ”
Currently Selected:
ਹਿਜ਼ਕੀਏਲ 7: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.