9
ਪਸ਼ੂਆਂ ਦੀ ਮਹਾਂਮਾਰੀ
1ਫਿਰ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਫ਼ਿਰਾਊਨ ਕੋਲ ਜਾ ਅਤੇ ਉਸਨੂੰ ਆਖ, ‘ਯਾਹਵੇਹ, ਇਬਰਾਨੀਆਂ ਦਾ ਪਰਮੇਸ਼ਵਰ ਇਹ ਆਖਦਾ ਹੈ ਕਿ “ਮੇਰੇ ਲੋਕਾਂ ਨੂੰ ਜਾਣ ਦਿਓ, ਤਾਂ ਜੋ ਉਹ ਮੇਰੀ ਉਪਾਸਨਾ ਕਰਨ।” 2ਜੇਕਰ ਤੂੰ ਉਹਨਾਂ ਨੂੰ ਜਾਣ ਦੇਣ ਤੋਂ ਇਨਕਾਰ ਕਰੇਂਗਾ ਅਤੇ ਉਹਨਾਂ ਨੂੰ ਰੋਕ ਕੇ ਰਖੇਂਗਾ, 3ਯਾਹਵੇਹ ਦਾ ਹੱਥ ਖੇਤਾਂ ਵਿੱਚ ਤੇਰੇ ਪਸ਼ੂਆਂ ਉੱਤੇ, ਤੁਹਾਡੇ ਘੋੜਿਆਂ, ਗਧਿਆਂ, ਊਠਾਂ ਅਤੇ ਤੁਹਾਡੇ ਪਸ਼ੂਆਂ, ਭੇਡਾਂ ਅਤੇ ਬੱਕਰੀਆਂ ਉੱਤੇ ਇੱਕ ਭਿਆਨਕ ਬਿਪਤਾ ਲਿਆਵੇਗਾ। 4ਪਰ ਯਾਹਵੇਹ ਇਸਰਾਏਲ ਅਤੇ ਮਿਸਰ ਦੇ ਪਸ਼ੂਆਂ ਵਿੱਚ ਫ਼ਰਕ ਕਰੇਗਾ, ਤਾਂ ਜੋ ਇਸਰਾਏਲੀਆਂ ਦਾ ਕੋਈ ਵੀ ਜਾਨਵਰ ਨਾ ਮਰੇ।’ ”
5ਯਾਹਵੇਹ ਨੇ ਇੱਕ ਸਮਾਂ ਠਹਿਰਿਆ ਅਤੇ ਕਿਹਾ, “ਕੱਲ੍ਹ ਨੂੰ ਯਾਹਵੇਹ ਇਸ ਧਰਤੀ ਵਿੱਚ ਅਜਿਹਾ ਕਰੇਗਾ।” 6ਅਤੇ ਅਗਲੇ ਦਿਨ ਯਾਹਵੇਹ ਨੇ ਇਹ ਕੀਤਾ ਮਿਸਰੀਆਂ ਦੇ ਸਾਰੇ ਪਸ਼ੂ ਮਰ ਗਏ, ਪਰ ਇਸਰਾਏਲੀਆਂ ਦਾ ਇੱਕ ਵੀ ਜਾਨਵਰ ਨਹੀਂ ਮਰਿਆ। 7ਫ਼ਿਰਾਊਨ ਨੇ ਜਾਂਚ ਕੀਤੀ ਅਤੇ ਦੇਖਿਆ ਕਿ ਇਸਰਾਏਲੀਆਂ ਦੇ ਜਾਨਵਰਾਂ ਵਿੱਚੋਂ ਇੱਕ ਵੀ ਨਹੀਂ ਮਰਿਆ ਸੀ। ਫਿਰ ਵੀ ਉਸਦਾ ਦਿਲ ਪੱਥਰ ਸੀ ਅਤੇ ਉਸਨੇ ਲੋਕਾਂ ਨੂੰ ਜਾਣ ਨਹੀਂ ਦਿੱਤਾ।
ਫੋੜਿਆਂ ਦੀ ਮਹਾਂਮਾਰੀ
8ਤਦ ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨੂੰ ਕਿਹਾ, “ਇੱਕ ਭੱਠੀ ਵਿੱਚੋਂ ਮੁੱਠੀ ਭਰ ਸੁਆਹ ਲੈ ਕੇ ਮੋਸ਼ੇਹ ਨੂੰ ਫ਼ਿਰਾਊਨ ਦੀ ਮੌਜੂਦਗੀ ਵਿੱਚ ਹਵਾ ਵਿੱਚ ਉਛਾਲ ਦਿਓ। 9ਇਹ ਮਿਸਰ ਦੀ ਸਾਰੀ ਧਰਤੀ ਉੱਤੇ ਘੱਟਾ ਹੋ ਜਾਵੇਗੇ ਅਤੇ ਸਾਰੇ ਦੇਸ਼ ਦੇ ਲੋਕਾਂ ਅਤੇ ਜਾਨਵਰਾਂ ਉੱਤੇ ਫੋੜੇ ਨਿੱਕਲਣਗੇ।”
10ਇਸ ਲਈ ਉਹ ਭੱਠੀ ਵਿੱਚੋਂ ਸੁਆਹ ਲੈ ਕੇ ਫ਼ਿਰਾਊਨ ਦੇ ਸਾਹਮਣੇ ਖੜੇ ਹੋਏ, ਮੋਸ਼ੇਹ ਨੇ ਇਸ ਨੂੰ ਹਵਾ ਵਿੱਚ ਉਡਾ ਦਿੱਤਾ ਅਤੇ ਲੋਕਾਂ ਅਤੇ ਜਾਨਵਰਾਂ ਉੱਤੇ ਫੋੜੇ ਨਿਕਲ ਪਏ। 11ਜਾਦੂਗਰ ਮੋਸ਼ੇਹ ਦੇ ਸਾਹਮਣੇ ਖੜ੍ਹੇ ਨਾ ਹੋ ਸਕੇ ਕਿਉਂਕਿ ਉਹਨਾਂ ਉੱਤੇ ਅਤੇ ਸਾਰੇ ਮਿਸਰੀਆਂ ਉੱਤੇ ਫੋੜੇ ਸਨ। 12ਪਰ ਯਾਹਵੇਹ ਨੇ ਫ਼ਿਰਾਊਨ ਦੇ ਦਿਲ ਨੂੰ ਕਠੋਰ ਕਰ ਦਿੱਤਾ ਅਤੇ ਉਸਨੇ ਮੋਸ਼ੇਹ ਅਤੇ ਹਾਰੋਨ ਦੀ ਗੱਲ ਨਹੀਂ ਸੁਣੀ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ ਸੀ।
ਗੜਿਆਂ ਦੀ ਮਹਾਂਮਾਰੀ
13ਫਿਰ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਤੜਕੇ ਉੱਠ, ਫ਼ਿਰਾਊਨ ਦੇ ਸਾਹਮਣੇ ਜਾ ਅਤੇ ਉਸਨੂੰ ਆਖ, ‘ਯਾਹਵੇਹ ਇਬਰਾਨੀਆਂ ਦਾ ਪਰਮੇਸ਼ਵਰ ਇਹ ਆਖਦਾ ਹੈ,’ ਮੇਰੇ ਲੋਕਾਂ ਨੂੰ ਜਾਣ ਦੇ, ਤਾਂ ਜੋ ਉਹ ਮੇਰੀ ਉਪਾਸਨਾ ਕਰਨ, 14ਜਾਂ ਇਸ ਵਾਰ ਮੈਂ ਆਪਣੀਆਂ ਮਹਾਂਮਾਰੀ ਦੀ ਪੂਰੀ ਤਾਕਤ ਤੁਹਾਡੇ ਉੱਤੇ ਅਤੇ ਤੁਹਾਡੇ ਅਧਿਕਾਰੀਆਂ ਅਤੇ ਤੁਹਾਡੇ ਲੋਕਾਂ ਉੱਤੇ ਭੇਜਾਂਗਾ, ਤਾਂ ਜੋ ਤੁਸੀਂ ਜਾਣ ਸਕੋ ਕਿ ਸਾਰੀ ਧਰਤੀ ਉੱਤੇ ਮੇਰੇ ਵਰਗਾ ਕੋਈ ਨਹੀਂ ਹੈ। 15ਕਿਉਂਕਿ ਹੁਣ ਤੱਕ ਮੈਂ ਆਪਣਾ ਹੱਥ ਵਧਾ ਕੇ ਤੁਹਾਨੂੰ ਅਤੇ ਤੁਹਾਡੇ ਲੋਕਾਂ ਨੂੰ ਇੱਕ ਅਜਿਹੀ ਮਹਾਂਮਾਰੀ ਨਾਲ ਮਾਰ ਸਕਦਾ ਸੀ ਜੋ ਤੁਹਾਨੂੰ ਧਰਤੀ ਤੋਂ ਮਿਟਾ ਸਕਦੀ ਸੀ। 16ਪਰ ਮੈਂ ਤੈਨੂੰ ਇਸ ਉਦੇਸ਼ ਦੇ ਲਈ ਨਿਯੁਕਤ ਕੀਤਾ, ਤਾਂ ਜੋ ਮੈਂ ਤੈਨੂੰ ਆਪਣੀ ਸ਼ਕਤੀ ਵਿਖਾਵਾਂ ਅਤੇ ਮੇਰਾ ਨਾਮ ਸਾਰੀ ਧਰਤੀ ਉੱਤੇ ਸੁਣਾਇਆ ਜਾਵੇ। 17ਤੁਸੀਂ ਅਜੇ ਵੀ ਆਪਣੇ ਆਪ ਨੂੰ ਮੇਰੇ ਲੋਕਾਂ ਦੇ ਵਿਰੁੱਧ ਬਣਾਇਆ ਹੈ ਅਤੇ ਉਹਨਾਂ ਨੂੰ ਜਾਣ ਨਹੀਂ ਦਿੱਤਾ। 18ਇਸ ਲਈ, ਕੱਲ ਇਸੇ ਸਮੇਂ ਮੈਂ ਸਭ ਤੋਂ ਭੈੜੀ ਗੜੇਮਾਰੀ ਭੇਜਾਂਗਾ ਜੋ ਮਿਸਰ ਉੱਤੇ ਉਸ ਦਿਨ ਤੋਂ ਜੋ ਉਸ ਦੀ ਸਥਾਪਨਾ ਦੇ ਦਿਨ ਤੋਂ ਹੁਣ ਤੱਕ ਨਹੀਂ ਪਈ। 19ਹੁਣੇ ਹੁਕਮ ਦਿਓ ਕਿ ਤੁਸੀਂ ਆਪਣੇ ਪਸ਼ੂਆਂ ਨੂੰ ਅਤੇ ਤੁਹਾਡੇ ਕੋਲ ਜੋ ਕੁਝ ਵੀ ਖੇਤ ਵਿੱਚ ਹੈ ਉਸ ਨੂੰ ਪਨਾਹ ਦੇ ਸਥਾਨ ਵਿੱਚ ਲਿਆਓ, ਕਿਉਂਕਿ ਗੜੇ ਹਰ ਉਸ ਵਿਅਕਤੀ ਅਤੇ ਜਾਨਵਰ ਉੱਤੇ ਡਿੱਗਣਗੇ ਜਿਨ੍ਹਾਂ ਨੂੰ ਅੰਦਰ ਨਹੀਂ ਲਿਆਂਦਾ ਗਿਆ ਅਤੇ ਅਜੇ ਵੀ ਖੇਤ ਵਿੱਚ ਬਾਹਰ ਹੈ ਅਤੇ ਉਹ ਮਰ ਜਾਣਗੇ।”
20ਫ਼ਿਰਾਊਨ ਦੇ ਉਹ ਅਧਿਕਾਰੀ ਜਿਹੜੇ ਯਾਹਵੇਹ ਦੇ ਬਚਨ ਤੋਂ ਡਰਦੇ ਸਨ, ਆਪਣੇ ਨੌਕਰਾਂ ਅਤੇ ਪਸ਼ੂਆਂ ਨੂੰ ਅੰਦਰ ਲਿਆਉਣ ਲਈ ਕਾਹਲੀ ਨਾਲ ਆਏ। 21ਪਰ ਜਿਨ੍ਹਾਂ ਨੇ ਯਾਹਵੇਹ ਦੇ ਬਚਨ ਨੂੰ ਅਣਡਿੱਠ ਕੀਤਾ, ਉਹਨਾਂ ਨੇ ਆਪਣੇ ਨੌਕਰਾਂ ਅਤੇ ਪਸ਼ੂਆਂ ਨੂੰ ਖੇਤ ਵਿੱਚ ਛੱਡ ਦਿੱਤਾ।
22ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਆਪਣਾ ਹੱਥ ਅਕਾਸ਼ ਵੱਲ ਵਧਾ ਤਾਂ ਜੋ ਸਾਰੇ ਮਿਸਰ ਵਿੱਚ ਗੜੇ ਪੈ ਜਾਣ, ਮਨੁੱਖਾਂ, ਜਾਨਵਰਾਂ ਅਤੇ ਮਿਸਰ ਦੇ ਖੇਤਾਂ ਵਿੱਚ ਉੱਗਣ ਵਾਲੀ ਹਰ ਚੀਜ਼ ਉੱਤੇ।” 23ਜਦੋਂ ਮੋਸ਼ੇਹ ਨੇ ਆਪਣਾ ਡੰਡਾ ਅਕਾਸ਼ ਵੱਲ ਵਧਾਇਆ, ਤਾਂ ਯਾਹਵੇਹ ਨੇ ਗਰਜ ਅਤੇ ਗੜੇ ਭੇਜੇ, ਅਤੇ ਬਿਜਲੀ ਜ਼ਮੀਨ ਉੱਤੇ ਚਮਕੀ। ਇਸ ਲਈ ਯਾਹਵੇਹ ਨੇ ਮਿਸਰ ਦੀ ਧਰਤੀ ਉੱਤੇ ਗੜਿਆਂ ਦੀ ਵਰਖਾ ਕੀਤੀ। 24ਗੜੇ ਪਏ ਅਤੇ ਬਿਜਲੀ ਅੱਗੇ-ਪਿੱਛੇ ਚਮਕੀ, ਇਹ ਮਿਸਰ ਦੀ ਸਾਰੀ ਧਰਤੀ ਵਿੱਚ ਸਭ ਤੋਂ ਭੈੜਾ ਤੂਫ਼ਾਨ ਸੀ ਜਦੋਂ ਦਾ ਮਿਸਰ ਦੇਸ਼ ਬਣਿਆ ਸੀ। 25ਪੂਰੇ ਮਿਸਰ ਵਿੱਚ ਗੜਿਆਂ ਨੇ ਖੇਤਾਂ ਵਿੱਚ ਹਰ ਚੀਜ਼ ਨੂੰ ਮਾਰਿਆ, ਲੋਕ ਅਤੇ ਜਾਨਵਰ ਦੋਵੇਂ ਇਸ ਨੇ ਖੇਤਾਂ ਵਿੱਚ ਉੱਗ ਰਹੇ ਹਰ ਪੌਦੇ ਅਤੇ ਹਰ ਰੁੱਖ ਨੂੰ ਤੋੜ ਦਿੱਤਾ। 26ਗੋਸ਼ੇਨ ਦੀ ਧਰਤੀ ਜਿੱਥੇ ਇਸਰਾਏਲੀ ਸਨ, ਸਿਰਫ ਉਹੀ ਥਾਂ ਗੜੇ ਨਹੀਂ ਪਏ ਸਨ।
27ਫਿਰ ਫ਼ਿਰਾਊਨ ਨੇ ਮੋਸ਼ੇਹ ਅਤੇ ਹਾਰੋਨ ਨੂੰ ਬੁਲਾਇਆ। ਉਸਨੇ ਉਹਨਾਂ ਨੂੰ ਕਿਹਾ, “ਇਸ ਵਾਰ ਮੈਂ ਪਾਪ ਕੀਤਾ ਹੈ। ਯਾਹਵੇਹ ਮਹਾਨ ਹੈ ਅਤੇ ਮੈਂ ਅਤੇ ਮੇਰੇ ਲੋਕਾਂ ਨੇ ਗਲਤ ਕੀਤਾ ਹੈ। 28ਯਾਹਵੇਹ ਅੱਗੇ ਪ੍ਰਾਰਥਨਾ ਕਰੋ, ਕਿਉਂਕਿ ਹੁਣ ਪਰਮੇਸ਼ਵਰ ਦੀ ਗਰਜ ਅਤੇ ਗੜਿਆ ਦੀ ਹੱਦ ਹੋ ਗਈ ਹੈ। ਮੈਂ ਤੁਹਾਨੂੰ ਜਾਣ ਦਿਆਂਗਾ, ਤੁਹਾਨੂੰ ਹੁਣ ਹੋਰ ਮਿਸਰ ਵਿੱਚ ਰੁਕਣ ਦੀ ਲੋੜ ਨਹੀਂ ਹੈ।”
29ਮੋਸ਼ੇਹ ਨੇ ਜਵਾਬ ਦਿੱਤਾ, “ਜਦੋਂ ਮੈਂ ਸ਼ਹਿਰ ਤੋਂ ਬਾਹਰ ਜਾਵਾਂਗਾ, ਮੈਂ ਯਾਹਵੇਹ ਦੇ ਅੱਗੇ ਪ੍ਰਾਰਥਨਾ ਵਿੱਚ ਆਪਣੇ ਹੱਥ ਫੈਲਾਵਾਂਗਾ। ਗਰਜ ਬੰਦ ਹੋ ਜਾਵੇਗੀ ਅਤੇ ਹੋਰ ਗੜੇ ਨਹੀਂ ਹੋਣਗੇ, ਤਾਂ ਜੋ ਤੁਸੀਂ ਜਾਣ ਸਕੋ ਕਿ ਧਰਤੀ ਯਾਹਵੇਹ ਦੀ ਹੈ। 30ਪਰ ਮੈਂ ਜਾਣਦਾ ਹਾਂ ਕਿ ਤੁਸੀਂ ਅਤੇ ਤੁਹਾਡੇ ਅਧਿਕਾਰੀ ਅਜੇ ਵੀ ਯਾਹਵੇਹ ਪਰਮੇਸ਼ਵਰ ਤੋਂ ਨਹੀਂ ਡਰਦੇ।”
31(ਅਲਸੀ ਅਤੇ ਜੌਂ ਨਸ਼ਟ ਹੋ ਗਏ ਸਨ, ਕਿਉਂਕਿ ਜਵਾਂ ਦੇ ਸਿੱਟੇ ਨਿੱਕਲੇ ਹੋਏ ਸਨ ਅਤੇ ਅਲਸੀ ਨੂੰ ਫੁੱਲ ਪਏ ਹੋਏ ਸਨ। 32ਪਰ ਕਣਕ ਅਤੇ ਮਸਰ ਨਸ਼ਟ ਨਹੀਂ ਹੋਏ, ਕਿਉਂਕਿ ਉਹ ਬਾਅਦ ਵਿੱਚ ਪੱਕਦੇ ਹਨ।)
33ਫਿਰ ਮੋਸ਼ੇਹ ਫ਼ਿਰਾਊਨ ਨੂੰ ਛੱਡ ਕੇ ਸ਼ਹਿਰ ਤੋਂ ਬਾਹਰ ਚਲਾ ਗਿਆ। ਉਸਨੇ ਆਪਣੇ ਹੱਥਾਂ ਨੂੰ ਯਾਹਵੇਹ ਵੱਲ ਫ਼ੈਲਾਇਆ; ਗਰਜ ਅਤੇ ਗੜੇ ਬੰਦ ਹੋ ਗਏ, ਅਤੇ ਧਰਤੀ ਉੱਤੇ ਮੀਂਹ ਨਹੀਂ ਪਿਆ। 34ਜਦੋਂ ਫ਼ਿਰਾਊਨ ਨੇ ਦੇਖਿਆ ਕਿ ਮੀਂਹ, ਗੜੇ ਅਤੇ ਗਰਜ ਰੁਕ ਗਈ ਹੈ, ਤਾਂ ਉਸਨੇ ਦੁਬਾਰਾ ਪਾਪ ਕੀਤਾ: ਉਸਨੇ ਅਤੇ ਉਸਦੇ ਅਧਿਕਾਰੀਆਂ ਨੇ ਆਪਣੇ ਦਿਲ ਕਠੋਰ ਕਰ ਲਏ। 35ਇਸ ਲਈ ਫ਼ਿਰਾਊਨ ਦਾ ਦਿਲ ਕਠੋਰ ਸੀ ਅਤੇ ਉਸਨੇ ਇਸਰਾਏਲੀਆਂ ਨੂੰ ਜਾਣ ਨਾ ਦਿੱਤਾ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਦੇ ਰਾਹੀਂ ਕਿਹਾ ਸੀ।