10
ਟਿੱਡੀਆਂ ਦੀ ਮਹਾਂਮਾਰੀ
1ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਫ਼ਿਰਾਊਨ ਕੋਲ ਜਾ, ਕਿਉਂ ਜੋ ਮੈਂ ਉਸ ਦੇ ਦਿਲ ਅਤੇ ਉਸ ਦੇ ਅਧਿਕਾਰੀਆਂ ਦੇ ਦਿਲਾਂ ਨੂੰ ਕਠੋਰ ਕਰ ਦਿੱਤਾ ਹੈ ਤਾਂ ਜੋ ਮੈਂ ਆਪਣੇ ਇਨ੍ਹਾਂ ਚਮਤਕਾਰਾਂ ਨੂੰ ਉਹਨਾਂ ਵਿੱਚ ਕਰਾਂ। 2ਤਾਂ ਜੋ ਤੁਸੀਂ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਨੂੰ ਦੱਸ ਸਕੋ ਕਿ ਮੈਂ ਮਿਸਰੀਆਂ ਨਾਲ ਕਿਵੇਂ ਕਠੋਰਤਾ ਨਾਲ ਪੇਸ਼ ਆਇਆ ਅਤੇ ਕਿਵੇਂ ਮੈਂ ਉਹਨਾਂ ਵਿੱਚ ਆਪਣੇ ਚਮਤਕਾਰ ਵਿਖਾਏ ਸਨ ਅਤੇ ਤੁਸੀਂ ਜਾਣ ਸਕੋ ਕਿ ਮੈਂ ਯਾਹਵੇਹ ਹਾਂ।”
3ਇਸ ਲਈ ਮੋਸ਼ੇਹ ਅਤੇ ਹਾਰੋਨ ਫ਼ਿਰਾਊਨ ਕੋਲ ਗਏ ਅਤੇ ਉਸਨੂੰ ਕਿਹਾ, “ਯਾਹਵੇਹ, ਇਬਰਾਨੀਆਂ ਦਾ ਪਰਮੇਸ਼ਵਰ, ਇਹ ਆਖਦਾ ਹੈ ਕਿ ‘ਤੂੰ ਕਦ ਤੱਕ ਮੇਰੇ ਅੱਗੇ ਨਿਮਰ ਹੋਣ ਤੋਂ ਇਨਕਾਰ ਕਰੇਂਗਾ? ਮੇਰੇ ਲੋਕਾਂ ਨੂੰ ਜਾਣ ਦੇ, ਤਾਂ ਜੋ ਉਹ ਮੇਰੀ ਉਪਾਸਨਾ ਕਰਨ। 4ਜੇ ਤੂੰ ਉਹਨਾਂ ਨੂੰ ਜਾਣ ਦੇਣ ਤੋਂ ਇਨਕਾਰ ਕਰ ਦਿੱਤਾ, ਤਾਂ ਮੈਂ ਕੱਲ੍ਹ ਨੂੰ ਤੇਰੇ ਦੇਸ਼ ਵਿੱਚ ਟਿੱਡੀਆਂ ਲਿਆਵਾਂਗਾ। 5ਉਹ ਜ਼ਮੀਨ ਨੂੰ ਢੱਕ ਦੇਵੇਗੀ ਇੱਥੋਂ ਤੱਕ ਕੇ ਕੁਝ ਨਜ਼ਰ ਨਾ ਆ ਸਕੇ। ਗੜਿਆਂ ਤੋਂ ਬਾਅਦ ਤੁਹਾਡੇ ਕੋਲ ਜੋ ਕੁਝ ਬਚਿਆ ਹੈ, ਉਹ ਤੁਹਾਡੇ ਖੇਤਾਂ ਵਿੱਚ ਉੱਗ ਰਹੇ ਹਰ ਰੁੱਖ ਨੂੰ ਵੀ ਖਾ ਜਾਣਗੇ। 6ਉਹ ਤੁਹਾਡੇ ਘਰ, ਤੁਹਾਡੇ ਸਾਰੇ ਅਧਿਕਾਰੀਆਂ ਅਤੇ ਸਾਰੇ ਮਿਸਰੀ ਲੋਕਾਂ ਨੂੰ ਭਰ ਦੇਣਗੇ, ਇਸ ਤਰਾਂ ਦੀ ਮਹਾਂਮਾਰੀ ਨਾ ਤਾਂ ਤੁਹਾਡੇ ਮਾਤਾ ਪਿਤਾ ਨੇ ਅਤੇ ਨਾ ਹੀ ਤੁਹਾਡੇ ਪਿਉ-ਦਾਦਿਆਂ ਨੇ ਉਸ ਦਿਨ ਤੋਂ ਲੈ ਕੇ ਹੁਣ ਤੱਕ ਕਦੇ ਦੇਖਿਆ ਹੈ ਜਦੋਂ ਦੇ ਉਹ ਇਸ ਦੇਸ਼ ਵਿੱਚ ਵੱਸੇ ਹਨ।’ ” ਤਦ ਮੋਸ਼ੇਹ ਮੁੜਿਆ ਅਤੇ ਫ਼ਿਰਾਊਨ ਕੋਲੋ ਚਲਾ ਗਿਆ।
7ਫ਼ਿਰਾਊਨ ਦੇ ਅਧਿਕਾਰੀਆਂ ਨੇ ਉਸਨੂੰ ਕਿਹਾ, “ਕਦ ਤੱਕ ਇਹ ਆਦਮੀ ਸਾਡੇ ਲਈ ਫਾਹੀ ਰਹੇਗਾ? ਲੋਕਾਂ ਨੂੰ ਜਾਣ ਦਿਓ, ਤਾਂ ਜੋ ਉਹ ਆਪਣੇ ਯਾਹਵੇਹ ਪਰਮੇਸ਼ਵਰ ਦੀ ਉਪਾਸਨਾ ਕਰਨ। ਕੀ ਤੁਸੀਂ ਅਜੇ ਤੱਕ ਨਹੀਂ ਜਾਣਦੇ ਕਿ ਮਿਸਰ ਬਰਬਾਦ ਹੋ ਗਿਆ ਹੈ?”
8ਫਿਰ ਮੋਸ਼ੇਹ ਅਤੇ ਹਾਰੋਨ ਨੂੰ ਫ਼ਿਰਾਊਨ ਕੋਲ ਵਾਪਸ ਲਿਆਂਦਾ ਗਿਆ। ਉਸਨੇ ਕਿਹਾ “ਜਾਓ, ਆਪਣੇ ਯਾਹਵੇਹ ਪਰਮੇਸ਼ਵਰ ਦੀ ਅਰਾਧਨਾ ਕਰੋ। ਪਰ ਮੈਨੂੰ ਦੱਸੋ ਕੌਣ-ਕੌਣ ਜਾਵੇਗਾ।”
9ਮੋਸ਼ੇਹ ਨੇ ਜਵਾਬ ਦਿੱਤਾ, “ਅਸੀਂ ਆਪਣੇ ਜਵਾਨਾਂ ਅਤੇ ਬੁੱਢਿਆਂ, ਆਪਣੇ ਪੁੱਤਰਾਂ ਅਤੇ ਧੀਆਂ ਅਤੇ ਆਪਣੇ ਇੱਜੜਾਂ ਅਤੇ ਝੁੰਡਾਂ ਨਾਲ ਜਾਵਾਂਗੇ ਕਿਉਂਕਿ ਅਸੀਂ ਯਾਹਵੇਹ ਦਾ ਤਿਉਹਾਰ ਮਨਾਉਣਾ ਹੈ।”
10ਫ਼ਿਰਾਊਨ ਨੇ ਆਖਿਆ, “ਯਾਹਵੇਹ ਤੇਰੇ ਅੰਗ-ਸੰਗ ਹੋਵੇ, ਜੇ ਮੈਂ ਤੈਨੂੰ ਤੇਰੀਆਂ ਔਰਤਾਂ ਅਤੇ ਬੱਚਿਆਂ ਸਮੇਤ ਜਾਣ ਦੇਵਾਂ! ਸਪੱਸ਼ਟ ਹੈ ਕਿ ਤੁਹਾਡੇ ਮਨ ਵਿੱਚ ਕੋਈ ਹੋਰ ਬੁਰਾਈ ਛੁਪੀ ਹੈ। 11ਨਹੀਂ! ਸਿਰਫ ਆਦਮੀਆਂ ਨੂੰ ਹੀ ਲੈ ਜਾਵੋ ਅਤੇ ਯਾਹਵੇਹ ਦੀ ਉਪਾਸਨਾ ਕਰੋ, ਕਿਉਂਕਿ ਤੁਸੀਂ ਇਹੀ ਮੰਗ ਰਹੇ ਹੋ।” ਫਿਰ ਮੋਸ਼ੇਹ ਅਤੇ ਹਾਰੋਨ ਨੂੰ ਫ਼ਿਰਾਊਨ ਦੀ ਮੌਜੂਦਗੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ।
12ਅਤੇ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਮਿਸਰ ਉੱਤੇ ਆਪਣਾ ਹੱਥ ਪਸਾਰ ਤਾਂ ਜੋ ਟਿੱਡੀਆਂ ਧਰਤੀ ਉੱਤੇ ਝੁਲਸ ਜਾਣ ਅਤੇ ਖੇਤਾਂ ਵਿੱਚ ਉੱਗਣ ਵਾਲੀ ਹਰ ਚੀਜ਼, ਗੜਿਆਂ ਦੁਆਰਾ ਬਚੀ ਹੋਈ ਹਰ ਚੀਜ਼ ਨੂੰ ਖਾ ਜਾਣ।”
13ਇਸ ਲਈ ਮੋਸ਼ੇਹ ਨੇ ਆਪਣੀ ਸੋਟੀ ਮਿਸਰ ਉੱਤੇ ਫੈਲਾਈ, ਅਤੇ ਯਾਹਵੇਹ ਨੇ ਉਸ ਦਿਨ ਅਤੇ ਸਾਰੀ ਰਾਤ ਪੂਰੇ ਦੇਸ਼ ਵਿੱਚ ਪੂਰਬੀ ਹਵਾ ਚਲਾਈ। ਸਵੇਰ ਤੱਕ ਹਵਾ ਟਿੱਡੀਆਂ ਨੂੰ ਲੈ ਆਈ ਸੀ। 14ਉਹਨਾਂ ਨੇ ਸਾਰੇ ਮਿਸਰ ਉੱਤੇ ਹਮਲਾ ਕੀਤਾ ਅਤੇ ਦੇਸ਼ ਦੇ ਹਰ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਵੱਸ ਗਏ। ਟਿੱਡੀਆਂ ਦੀ ਅਜਿਹੀ ਮਹਾਂਮਾਰੀ ਪਹਿਲਾਂ ਕਦੇ ਨਹੀਂ ਹੋਈ ਸੀ ਅਤੇ ਨਾ ਹੀ ਕਦੇ ਹੋਵੇਗੀ। 15ਉਹਨਾਂ ਨੇ ਸਾਰੀ ਜ਼ਮੀਨ ਨੂੰ ਉਦੋਂ ਤੱਕ ਢੱਕ ਲਿਆ ਜਦੋਂ ਤੱਕ ਇਹ ਕਾਲਾ ਨਾ ਹੋ ਗਿਆ। ਉਹਨਾਂ ਨੇ ਗੜਿਆਂ ਦੇ ਬਾਅਦ ਬਚਿਆ ਹੋਇਆ ਸਭ ਕੁਝ ਖਾ ਲਿਆ, ਖੇਤਾਂ ਵਿੱਚ ਉੱਗ ਰਹੀ ਹਰ ਚੀਜ਼ ਅਤੇ ਰੁੱਖਾਂ ਉੱਤੇ ਫਲਾਂ ਨੂੰ ਵੀ। ਮਿਸਰ ਦੇ ਸਾਰੇ ਦੇਸ਼ ਵਿੱਚ ਬਿਰਛਾਂ ਅਤੇ ਖੇਤ ਦੇ ਸਾਗ ਪੱਤ ਉੱਤੇ ਕੋਈ ਹਰਿਆਲੀ ਨਾ ਰਹੀ।
16ਫ਼ਿਰਾਊਨ ਨੇ ਤੁਰੰਤ ਮੋਸ਼ੇਹ ਅਤੇ ਹਾਰੋਨ ਨੂੰ ਬੁਲਾਇਆ ਅਤੇ ਕਿਹਾ, “ਮੈਂ ਤੁਹਾਡੇ ਪਰਮੇਸ਼ਵਰ ਅਤੇ ਤੁਹਾਡੇ ਵਿਰੁੱਧ ਪਾਪ ਕੀਤਾ ਹੈ। 17ਹੁਣ ਮੇਰੇ ਪਾਪ ਨੂੰ ਇੱਕ ਵਾਰ ਫਿਰ ਮਾਫ਼ ਕਰ ਅਤੇ ਆਪਣੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰ ਕਿ ਉਹ ਇਸ ਮਾਰੂ ਬਿਪਤਾ ਨੂੰ ਮੇਰੇ ਤੋਂ ਦੂਰ ਕਰ ਦੇਵੇ।”
18ਮੋਸ਼ੇਹ ਫ਼ਿਰਾਊਨ ਕੋਲੋ ਨਿੱਕਲ ਗਿਆ ਅਤੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ। 19ਯਾਹਵੇਹ ਨੇ ਪੂਰਬ ਤੋਂ ਬਹੁਤ ਤੇਜ਼ ਹਵਾ ਮੋੜੀ ਜਿਸ ਨੇ ਟਿੱਡੀਆਂ ਨੂੰ ਚੁੱਕ ਕੇ ਲਾਲ ਸਾਗਰ ਵਿੱਚ ਸੁੱਟ ਦਿੱਤਾ। ਮਿਸਰ ਵਿੱਚ ਕਿਤੇ ਵੀ ਕੋਈ ਟਿੱਡੀ ਨਾ ਬਚੀ। 20ਪਰ ਯਾਹਵੇਹ ਨੇ ਫ਼ਿਰਾਊਨ ਦੇ ਦਿਲ, ਨੂੰ ਕਠੋਰ ਕਰ ਦਿੱਤਾ ਅਤੇ ਉਸ ਨੇ ਇਸਰਾਏਲੀਆਂ ਨੂੰ ਜਾਣ ਨਾ ਦਿੱਤਾ।
ਹਨੇਰੇ ਦੀ ਮਹਾਂਮਾਰੀ
21ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਆਪਣਾ ਹੱਥ ਅਕਾਸ਼ ਵੱਲ ਵਧਾ ਤਾਂ ਜੋ ਮਿਸਰ ਵਿੱਚ ਹਨੇਰਾ ਫੈਲ ਜਾਵੇ, ਅਜਿਹਾ ਹਨੇਰਾ ਜਿਸ ਵਿੱਚ ਕੁਝ ਨਾ ਦੇਖਿਆ ਜਾ ਸਕੇ।” 22ਇਸ ਲਈ ਮੋਸ਼ੇਹ ਨੇ ਆਪਣਾ ਹੱਥ ਅਕਾਸ਼ ਵੱਲ ਵਧਾਇਆ ਅਤੇ ਤਿੰਨ ਦਿਨਾਂ ਤੱਕ ਸਾਰੇ ਮਿਸਰ ਵਿੱਚ ਹਨੇਰਾ ਛਾ ਗਿਆ। 23ਤਿੰਨ ਦਿਨਾਂ ਤੱਕ ਨਾ ਕੋਈ ਕਿਸੇ ਨੂੰ ਦੇਖ ਸਕਦਾ ਸੀ ਅਤੇ ਨਾ ਹੀ ਘੁੰਮ ਸਕਦਾ ਸੀ। ਫਿਰ ਵੀ ਸਾਰੇ ਇਸਰਾਏਲੀਆਂ ਕੋਲ ਉਹਨਾਂ ਥਾਵਾਂ ਤੇ ਰੌਸ਼ਨੀ ਸੀ ਜਿੱਥੇ ਉਹ ਰਹਿੰਦੇ ਸਨ।
24ਫਿਰ ਫ਼ਿਰਾਊਨ ਨੇ ਮੋਸ਼ੇਹ ਨੂੰ ਬੁਲਾਇਆ ਅਤੇ ਕਿਹਾ, “ਜਾਓ, ਯਾਹਵੇਹ ਦੀ ਉਪਾਸਨਾ ਕਰੋ। ਤੁਹਾਡੀਆਂ ਔਰਤਾਂ ਅਤੇ ਬੱਚੇ ਵੀ ਤੁਹਾਡੇ ਨਾਲ ਜਾ ਸਕਦੇ ਹਨ, ਸਿਰਫ ਆਪਣੇ ਇੱਜੜਾਂ ਅਤੇ ਝੁੰਡਾਂ ਨੂੰ ਪਿੱਛੇ ਛੱਡ ਦਿਓ।”
25ਪਰ ਮੋਸ਼ੇਹ ਨੇ ਕਿਹਾ, “ਸਾਡੇ ਲਈ ਬਲੀਆਂ ਅਤੇ ਹੋਮ ਦੀਆਂ ਭੇਂਟਾਂ ਲੈ ਕੇ ਜਾਣਾ ਜ਼ਰੂਰੀ ਹੈ, ਤਾਂ ਜੋ ਅਸੀਂ ਆਪਣੇ ਪਰਮੇਸ਼ਵਰ ਯਾਹਵੇਹ ਨੂੰ ਭੇਟ ਕਰ ਸਕੀਏ। 26ਸਾਡੇ ਪਸ਼ੂਆਂ ਨੇ ਵੀ ਸਾਡੇ ਨਾਲ ਜਾਣਾ ਹੈ; ਇੱਕ ਵੀ ਪਸ਼ੂ ਪਿੱਛੇ ਨਹੀਂ ਛੱਡਿਆ ਜਾਵੇਗਾ। ਕਿਉਂ ਉਹਨਾਂ ਦੇ ਵਿੱਚੋਂ ਹੀ ਅਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੀ ਬਲੀ ਲਈ ਲਵਾਂਗੇ, ਅਤੇ ਜਦੋਂ ਤੱਕ ਅਸੀਂ ਉੱਥੇ ਨਹੀਂ ਪਹੁੰਚਦੇ, ਅਸੀਂ ਨਹੀਂ ਜਾਣਦੇ ਕਿ ਕਿਸ ਵਿਚੋਂ ਯਾਹਵੇਹ ਲਈ ਬਲੀ ਭੇਟ ਕਰਾਂਗੇ।”
27ਪਰ ਯਾਹਵੇਹ ਨੇ ਫ਼ਿਰਾਊਨ ਦੇ ਦਿਲ ਨੂੰ ਕਠੋਰ ਕਰ ਦਿੱਤਾ, ਅਤੇ ਉਹ ਉਹਨਾਂ ਨੂੰ ਜਾਣ ਦੇਣ ਲਈ ਤਿਆਰ ਨਹੀਂ ਸੀ। 28ਫ਼ਿਰਾਊਨ ਨੇ ਮੋਸ਼ੇਹ ਨੂੰ ਆਖਿਆ, “ਮੇਰੀ ਨਜ਼ਰ ਤੋਂ ਦੂਰ ਹੋ ਜਾ! ਧਿਆਨ ਰੱਖ ਕਿ ਤੂੰ ਦੁਬਾਰਾ ਮੇਰੇ ਸਾਹਮਣੇ ਪੇਸ਼ ਨਾ ਹੋਈ! ਜਿਸ ਦਿਨ ਤੂੰ ਮੇਰਾ ਚਿਹਰਾ ਵੇਖੇਗਾ ਤੂੰ ਮਰ ਜਾਵੇਂਗਾ।”
29ਮੋਸ਼ੇਹ ਨੇ ਜਵਾਬ ਦਿੱਤਾ, “ਜਿਵੇਂ ਤੂੰ ਕਹਿੰਦਾ ਹੈ, ਮੈਂ ਫਿਰ ਕਦੇ ਤੇਰੇ ਸਾਹਮਣੇ ਨਹੀਂ ਆਵਾਂਗਾ।”