YouVersion Logo
Search Icon

ਕੂਚ 8

8
1ਫਿਰ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਫ਼ਿਰਾਊਨ ਕੋਲ ਜਾ ਅਤੇ ਉਸਨੂੰ ਆਖ, ‘ਯਾਹਵੇਹ ਇਹ ਆਖਦਾ ਹੈ ਕਿ ਮੇਰੇ ਲੋਕਾਂ ਨੂੰ ਜਾਣ ਦੇ, ਤਾਂ ਜੋ ਉਹ ਮੇਰੀ ਅਰਾਧਨਾ ਕਰਨ। 2ਜੇਕਰ ਤੂੰ ਉਹਨਾਂ ਨੂੰ ਜਾਣ ਦੇਣ ਤੋਂ ਇਨਕਾਰ ਕਰੇਂਗਾ, ਤਾਂ ਮੈਂ ਤੇਰੇ ਸਾਰੇ ਦੇਸ਼ ਵਿੱਚ ਡੱਡੂਆਂ ਦੀ ਮਹਾਂਮਾਰੀ ਭੇਜਾਂਗਾ। 3ਨੀਲ ਨਦੀ ਡੱਡੂਆਂ ਨਾਲ ਭਰ ਜਾਵੇਗੀ। ਉਹ ਤੁਹਾਡੇ ਮਹਿਲ ਅਤੇ ਤੁਹਾਡੇ ਸੌਣ ਵਾਲੇ ਕਮਰੇ ਵਿੱਚ ਅਤੇ ਤੁਹਾਡੇ ਬਿਸਤਰੇ ਉੱਤੇ, ਤੁਹਾਡੇ ਅਧਿਕਾਰੀਆਂ ਦੇ ਘਰਾਂ ਵਿੱਚ ਅਤੇ ਤੁਹਾਡੇ ਲੋਕਾਂ ਦੇ ਘਰਾਂ ਵਿੱਚ ਅਤੇ ਤੁਹਾਡੇ ਤੰਦੂਰਾਂ ਅਤੇ ਤੁਹਾਡੇ ਗੁੰਨ੍ਹਣ ਦੀਆਂ ਪਰਾਤਾਂ ਵਿੱਚ ਆਉਣਗੇ। 4ਡੱਡੂ ਤੇਰੇ ਅਤੇ ਤੇਰੇ ਲੋਕਾਂ ਅਤੇ ਤੇਰੇ ਸਾਰੇ ਅਧਿਕਾਰੀਆਂ ਉੱਤੇ ਚੜ੍ਹ ਆਉਣਗੇ।’ ”
5ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਹਾਰੋਨ ਨੂੰ ਆਖ, ‘ਆਪਣੀ ਸੋਟੀ ਨਾਲ ਨਦੀਆਂ, ਨਹਿਰਾਂ ਅਤੇ ਤਾਲਾਬਾਂ ਉੱਤੇ ਆਪਣਾ ਹੱਥ ਵਧਾ ਅਤੇ ਮਿਸਰ ਦੀ ਧਰਤੀ ਉੱਤੇ ਡੱਡੂਆਂ ਨੂੰ ਚੜ੍ਹਾ।’ ”
6ਇਸ ਲਈ ਹਾਰੋਨ ਨੇ ਮਿਸਰ ਦੇ ਪਾਣੀਆਂ ਉੱਤੇ ਆਪਣਾ ਹੱਥ ਪਸਾਰਿਆ ਅਤੇ ਡੱਡੂ ਆਏ ਅਤੇ ਧਰਤੀ ਨੂੰ ਢੱਕ ਲਿਆ। 7ਪਰ ਜਾਦੂਗਰਾਂ ਨੇ ਆਪਣੀਆਂ ਗੁਪਤ ਕਲਾਵਾਂ ਦੁਆਰਾ ਉਹੀ ਕੰਮ ਕੀਤੇ, ਉਹਨਾਂ ਨੇ ਵੀ ਮਿਸਰ ਦੀ ਧਰਤੀ ਉੱਤੇ ਡੱਡੂਆਂ ਨੂੰ ਚੜ੍ਹਾਇਆ।
8ਫ਼ਿਰਾਊਨ ਨੇ ਮੋਸ਼ੇਹ ਅਤੇ ਹਾਰੋਨ ਨੂੰ ਬੁਲਾਇਆ ਅਤੇ ਕਿਹਾ, “ਯਾਹਵੇਹ ਅੱਗੇ ਬੇਨਤੀ ਕਰੋ ਕਿ ਉਹ ਡੱਡੂਆਂ ਨੂੰ ਮੇਰੇ ਅਤੇ ਮੇਰੇ ਲੋਕਾਂ ਤੋਂ ਦੂਰ ਕਰ ਦੇਵੇ ਅਤੇ ਮੈਂ ਤੁਹਾਡੇ ਲੋਕਾਂ ਨੂੰ ਯਾਹਵੇਹ ਨੂੰ ਬਲੀਆਂ ਚੜ੍ਹਾਉਣ ਲਈ ਜਾਣ ਦੇਵਾਂਗਾ।”
9ਮੋਸ਼ੇਹ ਨੇ ਫ਼ਿਰਾਊਨ ਨੂੰ ਕਿਹਾ, “ਮੈਨੂੰ ਦੱਸੋ, ਮੈਂ ਤੁਹਾਡੇ ਲਈ ਕਦੋਂ ਪ੍ਰਾਰਥਨਾ ਕਰਾਂ ਤਾਂ ਜੋ ਇਹ ਡੱਡੂ ਤੁਹਾਨੂੰ ਅਤੇ ਤੁਹਾਡੇ ਘਰਾਂ ਨੂੰ ਛੱਡ ਕੇ ਸਿਰਫ ਨੀਲ ਨਦੀ ਵਿੱਚ ਹੀ ਰਹਿਣ।”
10ਫ਼ਿਰਾਊਨ ਨੇ ਕਿਹਾ, “ਕੱਲ ਤੋਂ ਕਰਾਂਗੇ।”
ਮੋਸ਼ੇਹ ਨੇ ਉੱਤਰ ਦਿੱਤਾ, “ਜਿਵੇਂ ਤੂੰ ਆਖਦਾ ਹੈ, ਉਸੇ ਤਰ੍ਹਾਂ ਹੀ ਹੋਵੇਗਾ, ਤਾਂ ਜੋ ਤੂੰ ਜਾਣੇ ਸਾਡੇ ਪਰਮੇਸ਼ਵਰ ਵਰਗਾ ਕੋਈ ਨਹੀਂ ਹੈ। 11ਡੱਡੂ ਤੁਹਾਨੂੰ ਅਤੇ ਤੁਹਾਡੇ ਘਰਾਂ, ਤੁਹਾਡੇ ਅਧਿਕਾਰੀਆਂ ਅਤੇ ਤੁਹਾਡੇ ਲੋਕਾਂ ਨੂੰ ਛੱਡ ਜਾਣਗੇ; ਉਹ ਸਿਰਫ ਨੀਲ ਨਦੀ ਵਿੱਚ ਹੀ ਰਹਿਣਗੇ।”
12ਮੋਸ਼ੇਹ ਅਤੇ ਹਾਰੋਨ ਨੇ ਫ਼ਿਰਾਊਨ ਨੂੰ ਛੱਡਣ ਤੋਂ ਬਾਅਦ, ਡੱਡੂ ਲਈ ਯਾਹਵੇਹ ਅੱਗੇ ਦੁਹਾਈ ਦਿੱਤੀ ਜੋ ਉਹ ਫ਼ਿਰਾਊਨ ਉੱਤੇ ਲਿਆਇਆ ਸੀ। 13ਅਤੇ ਯਾਹਵੇਹ ਨੇ ਉਹੀ ਕੀਤਾ ਜੋ ਮੋਸ਼ੇਹ ਨੇ ਕਿਹਾ ਘਰਾਂ ਵਿੱਚ, ਵਿਹੜਿਆਂ ਵਿੱਚ ਅਤੇ ਖੇਤਾਂ ਵਿੱਚ ਡੱਡੂ ਮੁੱਕ ਗਏ। 14ਉਹ ਢੇਰਾਂ ਦੇ ਢੇਰ ਹੋ ਗਏ ਸਨ, ਜਿਹਦੇ ਨਾਲ ਪੂਰੇ ਦੇਸ਼ ਵਿੱਚ ਬਦਬੂ ਫੈਲ ਗਈ ਸੀ। 15ਪਰ ਜਦੋਂ ਫ਼ਿਰਾਊਨ ਨੇ ਦੇਖਿਆ ਕਿ ਸਾਰੇ ਡੱਡੂ ਮਰੇ ਗਏ ਹਨ ਤਾਂ ਉਸਨੇ ਆਪਣਾ ਦਿਲ ਕਠੋਰ ਕਰ ਲਿਆ ਅਤੇ ਮੋਸ਼ੇਹ ਅਤੇ ਹਾਰੋਨ ਦੀ ਗੱਲ ਨਾ ਸੁਣੀ, ਜਿਵੇਂ ਕਿ ਯਾਹਵੇਹ ਨੇ ਕਿਹਾ ਸੀ।
ਜੂੰਆਂ ਦੀ ਮਹਾਂਮਾਰੀ
16ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਹਾਰੋਨ ਨੂੰ ਆਖ, ‘ਆਪਣੀ ਸੋਟੀ ਫੈਲਾ ਕੇ ਜ਼ਮੀਨ ਦੀ ਧੂੜ ਨੂੰ ਮਾਰ,’ ਅਤੇ ਤਾਂ ਜੋ ਉਹ ਸਾਰੇ ਮਿਸਰ ਦੇਸ਼ ਵਿੱਚ ਜੂੰਆਂ ਬਣ ਜਾਵੇ।” 17ਉਹਨਾਂ ਨੇ ਅਜਿਹਾ ਹੀ ਕੀਤਾ ਅਤੇ ਜਦੋਂ ਹਾਰੋਨ ਨੇ ਸੋਟੀ ਨਾਲ ਆਪਣਾ ਹੱਥ ਵਧਾਇਆ ਅਤੇ ਜ਼ਮੀਨ ਦੀ ਧੂੜ ਨੂੰ ਮਾਰਿਆ, ਤਾਂ ਲੋਕਾਂ ਅਤੇ ਜਾਨਵਰਾਂ ਉੱਤੇ ਜੂੰਆਂ ਆ ਗਈਆਂ। ਮਿਸਰ ਦੀ ਸਾਰੀ ਧਰਤੀ ਤੇ ਜੂੰਆਂ ਹੋ ਗਈਆਂ।
18ਪਰ ਜਦੋਂ ਜਾਦੂਗਰਾਂ ਨੇ ਆਪਣੀਆਂ ਗੁਪਤ ਕਲਾਵਾਂ ਦੁਆਰਾ ਕੋਸ਼ਿਸ਼ ਕੀਤੀ, ਕਿ ਜੂੰਆਂ ਨੂੰ ਲੈ ਆਉਣ ਪਰ ਉਹ ਨਾ ਲਿਆ ਸਕੇ, ਅਤੇ ਆਦਮੀ ਅਤੇ ਡੰਗਰਾਂ ਉੱਤੇ ਜੂੰਆਂ ਹੀ ਜੂੰਆਂ ਸਨ। 19ਜਾਦੂਗਰਾਂ ਨੇ ਫ਼ਿਰਾਊਨ ਨੂੰ ਕਿਹਾ, “ਇਹ ਪਰਮੇਸ਼ਵਰ ਦੀ ਉਂਗਲ ਹੈ।” ਪਰ ਫ਼ਿਰਾਊਨ ਦਾ ਦਿਲ ਕਠੋਰ ਸੀ ਅਤੇ ਉਸ ਨੇ ਨਾ ਸੁਣੀ, ਜਿਵੇਂ ਯਾਹਵੇਹ ਨੇ ਕਿਹਾ ਸੀ।
ਮੱਖੀਆਂ ਦੀ ਮਹਾਂਮਾਰੀ
20ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਤੜਕੇ ਉੱਠ ਅਤੇ ਨਦੀ ਉੱਤੇ ਜਦ ਫ਼ਿਰਾਊਨ ਜਾਂਦਾ ਹੈ ਉਸਨੂੰ ਮਿਲ ਅਤੇ ਉਸਨੂੰ ਆਖ, ‘ਯਾਹਵੇਹ ਇਹ ਆਖਦਾ ਹੈ: ਮੇਰੇ ਲੋਕਾਂ ਨੂੰ ਜਾਣ ਦੇ, ਤਾਂ ਜੋ ਉਹ ਮੇਰੀ ਉਪਾਸਨਾ ਕਰ ਸਕਣ। 21ਜੇ ਤੂੰ ਮੇਰੇ ਲੋਕਾਂ ਨੂੰ ਨਾ ਜਾਣ ਦੇਵੇਂਗਾ ਤਾਂ ਮੈਂ ਤੇਰੇ ਉੱਤੇ ਅਤੇ ਤੇਰੇ ਅਧਿਕਾਰੀਆਂ ਉੱਤੇ, ਤੇਰੇ ਲੋਕਾਂ ਉੱਤੇ ਅਤੇ ਤੁਹਾਡੇ ਘਰਾਂ ਵਿੱਚ ਮੱਖੀਆਂ ਦੇ ਝੁੰਡ ਭੇਜਾਂਗਾ। ਮਿਸਰੀਆਂ ਦੇ ਘਰ ਮੱਖੀਆਂ ਨਾਲ ਭਰ ਜਾਣਗੇ, ਇੱਥੋਂ ਤੱਕ ਕਿ ਜ਼ਮੀਨ ਉਹਨਾਂ ਨਾਲ ਢੱਕੀ ਜਾਵੇਗੀ।
22“ ‘ਪਰ ਉਸ ਦਿਨ ਮੈਂ ਗੋਸ਼ੇਨ ਦੇਸ਼ ਦੀ ਧਰਤੀ ਨਾਲ ਵੱਖਰਾ ਵਿਹਾਰ ਕਰਾਂਗਾ, ਜਿੱਥੇ ਮੇਰੇ ਲੋਕ ਰਹਿੰਦੇ ਹਨ; ਉੱਥੇ ਮੱਖੀਆਂ ਦੇ ਝੁੰਡ ਨਹੀਂ ਹੋਣਗੇ, ਤਾਂ ਜੋ ਤੁਸੀਂ ਜਾਣ ਸਕੋ ਕਿ ਮੈਂ, ਯਾਹਵੇਹ, ਇਸ ਧਰਤੀ ਵਿੱਚ ਹਾਂ। 23ਮੈਂ ਆਪਣੇ ਲੋਕਾਂ ਅਤੇ ਤੁਹਾਡੇ ਲੋਕਾਂ ਵਿੱਚ ਫ਼ਰਕ ਬਣਾਵਾਂਗਾ। ਇਹ ਚਿੰਨ੍ਹ ਕੱਲ੍ਹ ਹੋਵੇਗਾ।’ ”
24ਅਤੇ ਯਾਹਵੇਹ ਨੇ ਇਹ ਹੀ ਕੀਤਾ। ਮੱਖੀਆਂ ਦੇ ਸੰਘਣੇ ਝੁੰਡ ਫ਼ਿਰਾਊਨ ਦੇ ਮਹਿਲ ਅਤੇ ਉਸ ਦੇ ਅਧਿਕਾਰੀਆਂ ਦੇ ਘਰਾਂ ਵਿੱਚ ਵਹਿ ਗਏ; ਮਿਸਰ ਦੇ ਸਾਰੇ ਦੇਸ਼ ਨੂੰ ਮੱਖੀਆਂ ਨੇ ਤਬਾਹ ਕਰ ਦਿੱਤਾ ਸੀ।
25ਤਦ ਫ਼ਿਰਾਊਨ ਨੇ ਮੋਸ਼ੇਹ ਅਤੇ ਹਾਰੋਨ ਨੂੰ ਬੁਲਾਇਆ ਅਤੇ ਕਿਹਾ, “ਜਾਓ, ਇਸ ਦੇਸ਼ ਵਿੱਚ ਆਪਣੇ ਪਰਮੇਸ਼ਵਰ ਨੂੰ ਬਲੀ ਚੜ੍ਹਾਓ।”
26ਪਰ ਮੋਸ਼ੇਹ ਨੇ ਕਿਹਾ, “ਇਹ ਠੀਕ ਨਹੀਂ ਹੋਵੇਗਾ। ਜੋ ਬਲੀਦਾਨ ਅਸੀਂ ਯਾਹਵੇਹ ਨੂੰ ਚੜ੍ਹਾਉਂਦੇ ਹਾਂ, ਉਹ ਮਿਸਰੀਆਂ ਲਈ ਘਿਣਾਉਣੇ ਹੋਣਗੇ, ਅਤੇ ਜੇ ਅਸੀਂ ਉਹ ਬਲੀਆਂ ਚੜ੍ਹਾਉਂਦੇ ਹਾਂ ਜੋ ਉਹਨਾਂ ਦੀ ਨਿਗਾਹ ਵਿੱਚ ਘਿਣਾਉਣੀਆਂ ਹਨ, ਤਾਂ ਕੀ ਉਹ ਸਾਨੂੰ ਪੱਥਰ ਨਹੀਂ ਮਾਰਨਗੇ? 27ਸਾਨੂੰ ਯਾਹਵੇਹ ਸਾਡੇ ਪਰਮੇਸ਼ਵਰ ਨੂੰ ਬਲੀਆਂ ਚੜ੍ਹਾਉਣ ਲਈ ਉਜਾੜ ਵਿੱਚ ਤਿੰਨ ਦਿਨਾਂ ਦੀ ਯਾਤਰਾ ਕਰਨੀ ਹੈ, ਜਿਵੇਂ ਉਹ ਸਾਨੂੰ ਹੁਕਮ ਦਿੰਦਾ ਹੈ।”
28ਫ਼ਿਰਾਊਨ ਨੇ ਆਖਿਆ, “ਮੈਂ ਤੁਹਾਨੂੰ ਉਜਾੜ ਵਿੱਚ ਆਪਣੇ ਯਾਹਵੇਹ ਪਰਮੇਸ਼ਵਰ ਨੂੰ ਬਲੀਆਂ ਚੜ੍ਹਾਉਣ ਲਈ ਜਾਣ ਦੇਵਾਂਗਾ, ਪਰ ਤੁਸੀਂ ਬਹੁਤ ਦੂਰ ਨਾ ਜਾਣਾ। ਹੁਣ ਮੇਰੇ ਲਈ ਪ੍ਰਾਰਥਨਾ ਕਰੋ।”
29ਮੋਸ਼ੇਹ ਨੇ ਜਵਾਬ ਦਿੱਤਾ, “ਜਿਵੇਂ ਹੀ ਮੈਂ ਜਾਵਾਂਗਾ, ਮੈਂ ਯਾਹਵੇਹ ਅੱਗੇ ਪ੍ਰਾਰਥਨਾ ਕਰਾਂਗਾ, ਅਤੇ ਕੱਲ੍ਹ ਮੱਖੀਆਂ ਫ਼ਿਰਾਊਨ ਅਤੇ ਉਸਦੇ ਅਧਿਕਾਰੀਆਂ ਅਤੇ ਉਸਦੇ ਲੋਕਾਂ ਨੂੰ ਛੱਡ ਦੇਣਗੀਆਂ। ਸਿਰਫ ਫ਼ਿਰਾਊਨ ਨੂੰ ਇਹ ਯਕੀਨ ਦੇਵੇ ਕਿ ਉਹ ਲੋਕਾਂ ਨੂੰ ਯਾਹਵੇਹ ਨੂੰ ਬਲੀਆਂ ਚੜ੍ਹਾਉਣ ਤੋਂ ਨਾ ਰੁਕੇ ਅਤੇ ਦੁਬਾਰਾ ਧੋਖੇ ਨਾਲ ਕੰਮ ਨਾ ਕਰੇ।”
30ਤਦ ਮੋਸ਼ੇਹ ਫ਼ਿਰਾਊਨ ਕੋਲੋਂ ਚਲਾ ਗਿਆ ਅਤੇ ਉਸਨੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ, 31ਅਤੇ ਯਾਹਵੇਹ ਨੇ ਉਹੀ ਕੀਤਾ ਜੋ ਮੋਸ਼ੇਹ ਨੇ ਕਿਹਾ। ਮੱਖੀਆਂ ਨੇ ਫ਼ਿਰਾਊਨ ਅਤੇ ਉਸਦੇ ਅਧਿਕਾਰੀਆਂ ਅਤੇ ਉਸਦੇ ਲੋਕਾਂ ਨੂੰ ਛੱਡ ਦਿੱਤਾ; ਇੱਕ ਵੀ ਮੱਖੀ ਨਹੀਂ ਬਚੀ। 32ਪਰ ਇਸ ਵਾਰ ਵੀ ਫ਼ਿਰਾਊਨ ਨੇ ਆਪਣਾ ਦਿਲ ਕਠੋਰ ਕਰ ਲਿਆ ਅਤੇ ਲੋਕਾਂ ਨੂੰ ਜਾਣ ਨਾ ਦਿੱਤਾ।

Currently Selected:

ਕੂਚ 8: PCB

Highlight

Share

Copy

None

Want to have your highlights saved across all your devices? Sign up or sign in