YouVersion Logo
Search Icon

ਕੂਚ 6

6
1ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਹੁਣ ਤੁਸੀਂ ਵੇਖੋਂਗੇ ਕਿ ਮੈਂ ਫ਼ਿਰਾਊਨ ਨਾਲ ਕੀ ਕਰਾਂਗਾ ਕਿਉਂ ਜੋ ਮੇਰੇ ਸ਼ਕਤੀਸ਼ਾਲੀ ਹੱਥ ਦੇ ਕਾਰਨ ਉਹ ਉਹਨਾਂ ਨੂੰ ਜਾਣ ਦੇਵੇਗਾ, ਮੇਰੇ ਬਲਵਾਨ ਹੱਥ ਦੇ ਕਾਰਨ ਉਹ ਉਹਨਾਂ ਨੂੰ ਆਪਣੇ ਦੇਸ਼ ਵਿੱਚੋਂ ਬਾਹਰ ਕੱਢ ਦੇਵੇਗਾ।”
2ਪਰਮੇਸ਼ਵਰ ਨੇ ਮੋਸ਼ੇਹ ਨੂੰ ਇਹ ਵੀ ਕਿਹਾ, “ਮੈਂ ਯਾਹਵੇਹ ਹਾਂ। 3ਮੈਂ ਆਪਣੇ ਆਪ ਨੂੰ ਅਬਰਾਹਾਮ, ਇਸਹਾਕ ਅਤੇ ਯਾਕੋਬ ਅੱਗੇ ਸਰਵਸ਼ਕਤੀਮਾਨ ਪਰਮੇਸ਼ਵਰ ਦੇ ਰੂਪ ਦੇ ਵਿੱਚ ਪ੍ਰਗਟ ਕੀਤਾ, ਪਰ ਮੈਂ ਆਪਣੇ ਨਾਮ ਯਾਹਵੇਹ ਨੂੰ ਪੂਰੀ ਤਰ੍ਹਾਂ ਨਾਲ ਪ੍ਰਗਟ ਨਹੀਂ ਕੀਤਾ। 4ਮੈਂ ਉਹਨਾਂ ਨਾਲ ਆਪਣਾ ਨੇਮ ਵੀ ਉਹਨਾਂ ਨੂੰ ਕਨਾਨ ਦੀ ਧਰਤੀ ਦੇਣ ਲਈ ਸਥਾਪਿਤ ਕੀਤਾ, ਜਿੱਥੇ ਉਹ ਪਰਦੇਸੀਆਂ ਵਜੋਂ ਰਹਿੰਦੇ ਸਨ। 5ਇਸ ਤੋਂ ਇਲਾਵਾ, ਮੈਂ ਇਸਰਾਏਲੀਆਂ ਦੇ ਹਾਉਂਕੇ ਸੁਣੇ ਹਨ, ਜਿਨ੍ਹਾਂ ਨੂੰ ਮਿਸਰੀਆਂ ਨੇ ਗੁਲਾਮ ਬਣਾਇਆ ਹੈ, ਅਤੇ ਮੈਂ ਆਪਣੇ ਨੇਮ ਨੂੰ ਚੇਤੇ ਕੀਤਾ ਹੈ।
6“ਇਸ ਲਈ, ਇਸਰਾਏਲੀਆਂ ਨੂੰ ਆਖੋ ਕਿ ‘ਮੈਂ ਯਾਹਵੇਹ ਹਾਂ ਅਤੇ ਮੈਂ ਤੁਹਾਨੂੰ ਮਿਸਰੀਆਂ ਦੇ ਜੂਲੇ ਹੇਠੋਂ ਬਾਹਰ ਲਿਆਵਾਂਗਾ। ਮੈਂ ਤੁਹਾਨੂੰ ਉਹਨਾਂ ਦੇ ਗੁਲਾਮ ਹੋਣ ਤੋਂ ਅਜ਼ਾਦ ਕਰ ਦਿਆਂਗਾ ਅਤੇ ਮੈਂ ਤੁਹਾਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਅਤੇ ਨਿਆਉਂ ਦੇ ਸ਼ਕਤੀਸ਼ਾਲੀ ਕੰਮਾਂ ਨਾਲ ਛੁਡਾਵਾਂਗਾ। 7ਮੈਂ ਤੁਹਾਨੂੰ ਆਪਣੇ ਲੋਕਾਂ ਵਜੋਂ ਲੈ ਲਵਾਂਗਾ ਅਤੇ ਮੈਂ ਤੁਹਾਡਾ ਪਰਮੇਸ਼ਵਰ ਹੋਵਾਂਗਾ। ਫਿਰ ਤੁਸੀਂ ਜਾਣ ਜਾਵੋਂਗੇ ਕਿ ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ, ਜਿਸ ਨੇ ਤੁਹਾਨੂੰ ਮਿਸਰੀਆਂ ਦੇ ਜੂਲੇ ਹੇਠੋਂ ਕੱਢਿਆ। 8ਅਤੇ ਮੈਂ ਤੁਹਾਨੂੰ ਉਸ ਧਰਤੀ ਉੱਤੇ ਲਿਆਵਾਂਗਾ ਜਿਸ ਦੀ ਮੈਂ ਹੱਥ ਚੁੱਕ ਕੇ ਅਬਰਾਹਾਮ, ਇਸਹਾਕ ਅਤੇ ਯਾਕੋਬ ਨੂੰ ਦੇਣ ਦੀ ਸਹੁੰ ਖਾਧੀ ਸੀ, ਮੈਂ ਤੁਹਾਨੂੰ ਇਹ ਮਿਲਖ ਵਿੱਚ ਦਿਆਂਗਾ। ਮੈਂ ਹੀ ਯਾਹਵੇਹ ਹਾਂ।’ ”
9ਮੋਸ਼ੇਹ ਨੇ ਇਸਰਾਏਲੀਆਂ ਨੂੰ ਇਸ ਬਾਰੇ ਦੱਸਿਆ, ਪਰ ਉਹਨਾਂ ਨੇ ਨਿਰਾਸ਼ਾ ਅਤੇ ਸਖ਼ਤ ਮਿਹਨਤ ਦੇ ਕਾਰਨ ਉਸ ਦੀ ਗੱਲ ਨਹੀਂ ਸੁਣੀ।
10ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 11ਜਾ, ਮਿਸਰ ਦੇ ਰਾਜਾ ਫ਼ਿਰਾਊਨ ਨੂੰ ਆਖ ਕਿ ਇਸਰਾਏਲੀਆਂ ਨੂੰ ਉਸ ਦੇ ਦੇਸ਼ ਵਿੱਚੋਂ ਬਾਹਰ ਜਾਣ ਦੇਵੇ।
12ਪਰ ਮੋਸ਼ੇਹ ਨੇ ਯਾਹਵੇਹ ਨੂੰ ਕਿਹਾ, “ਜੇ ਇਸਰਾਏਲੀ ਮੇਰੀ ਗੱਲ ਨਹੀਂ ਸੁਣਨਗੇ, ਤਾਂ ਫ਼ਿਰਾਊਨ ਮੇਰੀ ਕਿਉਂ ਸੁਣੇਗਾ, ਮੈਂ ਤਾਂ ਹਕਲਾਉਂਦੇ ਬੁੱਲ੍ਹਾਂ ਨਾਲ ਬੋਲਦਾ ਹਾਂ?”
ਮੋਸ਼ੇਹ ਅਤੇ ਹਾਰੋਨ ਦਾ ਪਰਿਵਾਰਕ ਦਰਜ
13ਹੁਣ ਯਾਹਵੇਹ ਨੇ ਮੋਸ਼ੇਹ ਅਤੇ ਹਾਰੋਨ ਨਾਲ ਇਸਰਾਏਲੀਆਂ ਅਤੇ ਮਿਸਰ ਦੇ ਰਾਜੇ ਫ਼ਿਰਾਊਨ ਬਾਰੇ ਗੱਲ ਕੀਤੀ ਅਤੇ ਉਸਨੇ ਉਹਨਾਂ ਨੂੰ ਇਸਰਾਏਲੀਆਂ ਨੂੰ ਮਿਸਰ ਵਿੱਚੋਂ ਬਾਹਰ ਲਿਆਉਣ ਦਾ ਹੁਕਮ ਦਿੱਤਾ।
14ਇਹ ਉਹਨਾਂ ਦੇ ਪਰਿਵਾਰਾਂ ਦੇ ਮੁੱਖੀ ਸਨ।
ਇਸਰਾਏਲ ਦੇ ਜੇਠੇ ਪੁੱਤਰ ਰਊਬੇਨ ਦੇ ਪੁੱਤਰ
ਹਨੋਕ ਅਤੇ ਪੱਲੂ, ਹੇਜ਼ਰੋਨ ਅਤੇ ਕਰਮੀ।
ਇਹ ਰਊਬੇਨ ਦੇ ਗੋਤ ਸਨ।
15ਸ਼ਿਮਓਨ ਦੇ ਪੁੱਤਰ
ਯਮੂਏਲ, ਯਾਮੀਨ, ਓਹਦ, ਯਾਕੀਨ, ਜ਼ੋਹਰ ਅਤੇ ਇੱਕ ਕਨਾਨੀ ਔਰਤ ਦਾ ਪੁੱਤਰ ਸ਼ਾਊਲ।
ਇਹ ਸ਼ਿਮਓਨ ਦੇ ਗੋਤ ਸਨ।
16ਲੇਵੀ ਦੇ ਪੁੱਤਰਾਂ ਦੇ ਨਾਮ ਲਿਖਤਾਂ ਅਨੁਸਾਰ ਇਹ ਸਨ:
ਗੇਰਸ਼ੋਨ, ਕੋਹਾਥ ਅਤੇ ਮੇਰਾਰੀ।
(ਲੇਵੀ ਇੱਕ ਸੌ ਸੈਂਤੀ ਸਾਲ ਜੀਉਂਦਾ ਰਿਹਾ।)
17ਗੇਰਸ਼ੋਨ ਦੇ ਪੁੱਤਰ, ਗੋਤਾਂ ਅਨੁਸਾਰ
ਲਿਬਨੀ ਅਤੇ ਸ਼ਿਮਈ।
18ਕਹਾਥ ਦੇ ਪੁੱਤਰ
ਅਮਰਾਮ, ਇਜ਼ਹਾਰ, ਹੇਬਰੋਨ ਅਤੇ ਉਜ਼ੀਏਲ।
(ਕੋਹਾਥ ਇੱਕ ਸੌ ਤੇਤੀ ਸਾਲ ਜੀਉਂਦਾ ਰਿਹਾ।)
19ਮੇਰਾਰੀ ਦੇ ਪੁੱਤਰ:
ਮਹਲੀ ਅਤੇ ਮੂਸ਼ੀ।
ਇਹ ਲੇਵੀ ਦੇ ਪਰਿਵਾਰ-ਸਮੂਹ ਸਨ।
20ਅਮਰਾਮ ਨੇ ਆਪਣੇ ਪਿਤਾ ਦੀ ਭੈਣ ਯੋਕੇਬਦ ਨਾਲ ਵਿਆਹ ਕੀਤਾ, ਜਿਸ ਤੋਂ ਹਾਰੋਨ ਅਤੇ ਮੋਸ਼ੇਹ ਜਮੇਂ।
(ਅਮਰਾਮ ਇੱਕ ਸੌ ਸੈਂਤੀ ਸਾਲ ਜੀਉਂਦਾ ਰਿਹਾ।)
21ਇਜ਼ਹਾਰ ਦੇ ਪੁੱਤਰ:
ਕੋਰਾਹ, ਨੇਫੇਗ ਅਤੇ ਜ਼ਿਕਰੀ।
22ਉਜ਼ੀਏਲ ਦੇ ਪੁੱਤਰ:
ਮੀਸ਼ਾਏਲ, ਅਲਸਾਫ਼ਾਨ ਅਤੇ ਸਿਥਰੀ।
23ਹਾਰੋਨ ਨੇ ਅੰਮੀਨਾਦਾਬ ਦੀ ਧੀ ਅਤੇ ਨਾਹਸ਼ੋਨ ਦੀ ਭੈਣ ਅਲੀਸ਼ਬਾ ਨਾਲ ਵਿਆਹ ਕੀਤਾ ਅਤੇ ਉਸ ਨੇ ਨਾਦਾਬ ਅਤੇ ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਨੂੰ ਜਨਮ ਦਿੱਤਾ।
24ਕੋਰਹ ਦੇ ਪੁੱਤਰ ਸਨ:
ਅੱਸੀਰ, ਅਲਕਾਨਾਹ ਅਤੇ ਅਬਿਆਸਾਫ਼।
ਇਹ ਕੋਰਾਹੀਆਂ ਦੇ ਗੋਤ ਸਨ।
25ਹਾਰੋਨ ਦੇ ਪੁੱਤਰ ਅਲਆਜ਼ਾਰ ਨੇ ਪੂਤੀਏਲ ਦੀਆਂ ਧੀਆਂ ਵਿੱਚੋਂ ਇੱਕ ਨਾਲ ਵਿਆਹ ਕੀਤਾ ਅਤੇ ਉਸ ਨੇ ਫੀਨਹਾਸ ਨੂੰ ਜਨਮ ਦਿੱਤਾ।
ਇਹ ਲੇਵੀਆਂ ਦੇ ਪਰਿਵਾਰ, ਸਮੂਹਾਂ ਦੇ ਮੁੱਖੀ ਸਨ।
26ਇਹ ਹਾਰੋਨ ਅਤੇ ਮੋਸ਼ੇਹ ਸਨ ਜਿਨ੍ਹਾਂ ਨੂੰ ਯਾਹਵੇਹ ਨੇ ਕਿਹਾ ਸੀ, “ਇਸਰਾਏਲੀਆਂ ਨੂੰ ਉਹਨਾਂ ਦੇ ਭਾਗਾਂ ਵਿੱਚ ਵੰਡ ਕੇ ਮਿਸਰ ਵਿੱਚੋਂ ਬਾਹਰ ਲਿਆਓ।” 27ਇਹ ਉਹੀ ਸਨ ਜਿਨ੍ਹਾਂ ਨੇ ਮਿਸਰ ਦੇ ਰਾਜੇ ਫ਼ਿਰਾਊਨ ਨਾਲ ਇਸਰਾਏਲੀਆਂ ਨੂੰ ਮਿਸਰ ਵਿੱਚੋਂ ਬਾਹਰ ਲਿਆਉਣ ਬਾਰੇ ਗੱਲ ਕੀਤੀ ਸੀ, ਇਹ ਉਹੀ ਮੋਸ਼ੇਹ ਅਤੇ ਹਾਰੋਨ ਸਨ।
ਮੋਸ਼ੇਹ ਦਾ ਪ੍ਰਤੀਨਿਧੀ ਹਾਰੋਨ
28ਹੁਣ ਜਦੋਂ ਯਾਹਵੇਹ ਨੇ ਮਿਸਰ ਵਿੱਚ ਮੋਸ਼ੇਹ ਨਾਲ ਗੱਲ ਕੀਤੀ, 29ਤਾਂ ਉਸਨੇ ਮੋਸ਼ੇਹ ਨੂੰ ਕਿਹਾ, “ਮੈਂ ਯਾਹਵੇਹ ਹਾਂ, ਮਿਸਰ ਦੇ ਰਾਜੇ ਫ਼ਿਰਾਊਨ ਨੂੰ ਉਹ ਸਭ ਕੁਝ ਦੱਸੋ ਜੋ ਮੈਂ ਤੁਹਾਨੂੰ ਦੱਸਦਾ ਹਾਂ।”
30ਪਰ ਮੋਸ਼ੇਹ ਨੇ ਯਾਹਵੇਹ ਨੂੰ ਕਿਹਾ, “ਜਦ ਮੈਂ ਬੋਲਣ ਵਿੱਚ ਚੰਗਾ ਨਹੀਂ, ਤਾਂ ਫ਼ਿਰਾਊਨ ਮੇਰੀ ਕਿਉਂ ਸੁਣੇਗਾ?”

Currently Selected:

ਕੂਚ 6: PCB

Highlight

Share

Copy

None

Want to have your highlights saved across all your devices? Sign up or sign in