31
ਬਸਲਏਲ ਅਤੇ ਆਹਾਲੀਆਬ
1ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 2“ਵੇਖੋ, ਮੈਂ ਯਹੂਦਾਹ ਦੇ ਗੋਤ ਵਿੱਚੋਂ ਊਰੀ ਦੇ ਪੁੱਤਰ ਬਸਲਏਲ ਨੂੰ, ਹੂਰ ਦਾ ਪੁੱਤਰ ਚੁਣਿਆ ਹੈ, 3ਅਤੇ ਮੈਂ ਉਸਨੂੰ ਪਰਮੇਸ਼ਵਰ ਦੇ ਆਤਮਾ ਨਾਲ, ਬੁੱਧੀ, ਸਮਝ, ਗਿਆਨ ਅਤੇ ਹਰ ਕਿਸਮ ਦੇ ਹੁਨਰ ਨਾਲ ਭਰ ਦਿੱਤਾ ਹੈ 4ਤਾਂ ਕਿ ਉਹ ਸੋਨੇ, ਚਾਂਦੀ ਅਤੇ ਪਿੱਤਲ ਦੇ ਕੰਮ ਲਈ ਕਾਰੀਗਰੀ ਕਰੇ, 5ਪੱਥਰਾਂ ਨੂੰ ਕੱਟਣਾ ਅਤੇ ਜੜਨਾ, ਲੱਕੜ ਦਾ ਕੰਮ ਕਰਨਾ, ਅਤੇ ਹਰ ਕਿਸਮ ਦੇ ਚਿੱਤਰਕਾਰੀ ਅਤੇ ਸਾਰੀ ਕਾਰੀਗਰੀ ਨਾਲ ਕੰਮ ਕਰੇ। 6ਇਸ ਤੋਂ ਇਲਾਵਾ, ਮੈਂ ਦਾਨ ਦੇ ਗੋਤ ਵਿੱਚੋਂ ਅਹੀਸਾਮਾਕ ਦੇ ਪੁੱਤਰ ਆਹਾਲੀਆਬ ਨੂੰ ਉਹ ਦੀ ਸਹਾਇਕ ਲਈ ਨਿਯੁਕਤ ਕੀਤਾ ਹੈ।
“ਮੈਂ ਸਾਰੇ ਹੁਨਰਮੰਦ ਕਾਮਿਆਂ ਨੂੰ ਉਹ ਸਭ ਕੁਝ ਬਣਾਉਣ ਦੀ ਯੋਗਤਾ ਦਿੱਤੀ ਹੈ ਜਿਸਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।
7“ਮੰਡਲ ਦਾ ਤੰਬੂ, ਨੇਮ ਦਾ ਸੰਦੂਕ ਜਿਸ ਉੱਤੇ ਪ੍ਰਾਸਚਿਤ ਦਾ ਢੱਕਣ ਹੈ, ਅਤੇ ਤੰਬੂ ਦਾ ਹੋਰ ਸਾਰਾ ਸਮਾਨ,
8ਮੇਜ਼ ਅਤੇ ਉਸ ਦੀਆਂ ਵਸਤਾਂ,
ਸ਼ੁੱਧ ਸੋਨੇ ਦਾ ਸ਼ਮਾਦਾਨ ਅਤੇ ਉਸ ਦੇ ਸਾਰੇ ਸਮਾਨ,
ਧੂਪ ਦੀ ਜਗਵੇਦੀ,
9ਹੋਮ ਬਲੀ ਦੀ ਜਗਵੇਦੀ ਅਤੇ ਇਸ ਦੇ ਸਾਰੇ ਭਾਂਡੇ,
ਅਤੇ ਹੌਦ ਅਤੇ ਉਸ ਦੀ ਚੌਂਕੀ
10ਅਤੇ ਬੁਣੇ ਹੋਏ ਕੱਪੜੇ, ਹਾਰੋਨ ਜਾਜਕ ਲਈ ਪਵਿੱਤਰ ਬਸਤਰ ਅਤੇ ਉਸਦੇ ਪੁੱਤਰਾਂ ਲਈ ਕੱਪੜੇ ਜਦੋਂ ਉਹ ਜਾਜਕ ਵਜੋਂ ਸੇਵਾ ਕਰਦੇ ਹਨ,
11ਅਤੇ ਪਵਿੱਤਰ ਸਥਾਨ ਲਈ ਮਸਹ ਕਰਨ ਵਾਲਾ ਤੇਲ ਅਤੇ ਸੁਗੰਧਿਤ ਧੂਪ।
“ਉਹ ਉਹਨਾਂ ਨੂੰ ਉਵੇਂ ਹੀ ਬਣਾਉਣ ਜਿਵੇਂ ਮੈਂ ਤੁਹਾਨੂੰ ਹੁਕਮ ਦਿੱਤਾ ਸੀ।”
ਸਬਤ ਦਾ ਦਿਨ
12ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 13“ਇਸਰਾਏਲੀਆਂ ਨੂੰ ਆਖ, ‘ਤੁਹਾਨੂੰ ਮੇਰੇ ਸਬਤ#31:13 ਸਬਤ ਅਰਥਾਤ ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ ਦੀ ਪਾਲਣਾ ਕਰਨੀ ਚਾਹੀਦੀ ਹੈ। ਇਹ ਮੇਰੇ ਅਤੇ ਤੁਹਾਡੇ ਵਿਚਕਾਰ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਨਿਸ਼ਾਨੀ ਹੋਵੇਗੀ, ਤਾਂ ਜੋ ਤੁਸੀਂ ਜਾਣ ਸਕੋ ਕਿ ਮੈਂ ਯਾਹਵੇਹ ਹਾਂ, ਜੋ ਤੁਹਾਨੂੰ ਪਵਿੱਤਰ ਬਣਾਉਂਦਾ ਹੈ।
14“ ‘ਸਬਤ#31:14 ਸਬਤ ਅਰਥਾਤ ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ ਦੀ ਪਾਲਣਾ ਕਰੋ, ਕਿਉਂਕਿ ਇਹ ਤੁਹਾਡੇ ਲਈ ਪਵਿੱਤਰ ਹੈ। ਕੋਈ ਵੀ ਜੋ ਇਸ ਨੂੰ ਅਪਵਿੱਤਰ ਕਰਦਾ ਹੈ ਉਹ ਮਾਰਿਆ ਜਾਵੇ, ਜਿਹੜੇ ਲੋਕ ਉਸ ਦਿਨ ਕੋਈ ਕੰਮ ਕਰਦੇ ਹਨ ਉਹਨਾਂ ਨੂੰ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ। 15ਛੇ ਦਿਨ ਕੰਮ ਕੀਤਾ ਜਾਵੇ, ਪਰ ਸੱਤਵਾਂ ਦਿਨ ਸਬਤ ਦੇ ਅਰਾਮ ਦਾ ਦਿਨ ਹੈ, ਜੋ ਯਾਹਵੇਹ ਲਈ ਪਵਿੱਤਰ ਹੈ। ਜੋ ਕੋਈ ਸਬਤ ਦੇ ਦਿਨ ਕੋਈ ਕੰਮ ਕਰਦਾ ਹੈ ਉਹ ਜ਼ਰੂਰ ਮਾਰਿਆ ਜਾਵੇ। 16ਇਸਰਾਏਲੀਆਂ ਨੇ ਸਬਤ ਨੂੰ ਮਨਾਉਣ, ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਆਰਾਮ ਦਾ ਦਿਨ ਕਰਕੇ ਮਨਾਉਣ ਕਿਉਂ ਜੋ ਇਹ ਸਦਾ ਲਈ ਇੱਕ ਨੇਮ ਹੈ। 17ਇਹ ਮੇਰੇ ਅਤੇ ਇਸਰਾਏਲੀਆਂ ਵਿਚਕਾਰ ਸਦਾ ਲਈ ਇੱਕ ਨਿਸ਼ਾਨ ਰਹੇਗਾ, ਕਿਉਂਕਿ ਛੇ ਦਿਨਾਂ ਵਿੱਚ ਯਾਹਵੇਹ ਨੇ ਅਕਾਸ਼ ਅਤੇ ਧਰਤੀ ਨੂੰ ਬਣਾਇਆ ਅਤੇ ਸੱਤਵੇਂ ਦਿਨ ਉਸ ਨੇ ਆਰਾਮ ਕੀਤਾ ਅਤੇ ਸ਼ਾਂਤੀ ਪਾਈ।’ ”
18ਜਦੋਂ ਯਾਹਵੇਹ ਨੇ ਮੋਸ਼ੇਹ ਨਾਲ ਸੀਨਾਈ ਪਰਬਤ ਤੇ ਗੱਲ ਕਰਨੀ ਪੂਰੀ ਕੀਤੀ, ਤਾਂ ਉਸਨੇ ਮੋਸ਼ੇਹ ਨੂੰ ਨੇਮ ਦੇ ਕਾਨੂੰਨ ਦੀਆਂ ਦੋ ਫੱਟੀਆਂ ਦਿੱਤੀਆਂ, ਪੱਥਰ ਦੀਆਂ ਫੱਟੀਆਂ ਜੋ ਪਰਮੇਸ਼ਵਰ ਦੀ ਉਂਗਲੀ ਦੁਆਰਾ ਲਿਖੀਆਂ ਗਈਆਂ ਸਨ।