30
ਧੂਪ ਦੀ ਵੇਦੀ
1“ਧੂਪ ਧੁਖਾਉਣ ਲਈ ਕਿੱਕਰ ਦੀ ਲੱਕੜ ਦੀ ਇੱਕ ਜਗਵੇਦੀ ਬਣਾਈ। 2ਇਹ ਚੌਰਸ, ਇੱਕ ਹੱਥ ਲੰਬਾ ਅਤੇ ਇੱਕ ਹੱਥ ਚੌੜਾ ਅਤੇ ਦੋ ਹੱਥ ਉੱਚਾ ਹੋਣਾ ਚਾਹੀਦਾ ਹੈ, ਉਸਦੇ ਸਿੰਙ ਉਸੇ ਤੋਂ ਹੋਣ। 3ਉੱਪਰਲੇ ਪਾਸੇ ਅਤੇ ਚਾਰੇ ਪਾਸਿਆਂ ਅਤੇ ਸਿੰਙਾਂ ਨੂੰ ਸ਼ੁੱਧ ਸੋਨੇ ਨਾਲ ਮੜ੍ਹੋ ਅਤੇ ਇਸਦੇ ਦੁਆਲੇ ਸੋਨੇ ਦੀ ਕਿਨਾਰੀ ਬਣਾਉ। 4ਜਗਵੇਦੀ ਦੇ ਕਿਨਾਰਿਆਂ ਦੇ ਹੇਠਾਂ ਸੋਨੇ ਦੇ ਦੋ ਕੜੇ ਬਣਾਈ। ਉਸ ਨੂੰ ਚੁੱਕਣ ਲਈ ਵਰਤੇ ਜਾਂਦੇ ਦੋ ਖੰਭੇ ਅਤੇ ਦੋ ਕੜੇ ਆਹਮੋ-ਸਾਹਮਣੇ ਬਣਾਈ। 5ਕਿੱਕਰ ਦੀ ਲੱਕੜ ਦੇ ਖੰਭਿਆਂ ਨੂੰ ਬਣਾਉ ਅਤੇ ਉਹਨਾਂ ਨੂੰ ਸੋਨੇ ਨਾਲ ਮੜ੍ਹ ਦਿਓ। 6ਜਗਵੇਦੀ ਨੂੰ ਉਸ ਪਰਦੇ ਦੇ ਸਾਹਮਣੇ ਰੱਖਣਾ ਜੋ ਨੇਮ ਦੇ ਸੰਦੂਕ ਦੇ ਕੋਲ ਹੈ ਪ੍ਰਾਸਚਿਤ ਦੇ ਢੱਕਣ ਦੇ ਅੱਗੇ ਜੋ ਨੇਮ ਦੇ ਕਾਨੂੰਨ ਦੀਆਂ ਫੱਟੀਆਂ ਉੱਤੇ ਹੈ, ਪ੍ਰਾਸਚਿਤ ਦੇ ਸਰਪੋਸ਼ ਦੇ ਅੱਗੇ ਜਿੱਥੇ ਨੇਮ ਦੇ ਕਾਨੂੰਨ ਦੀਆਂ ਫੱਟੀਆਂ ਹਨ। ਉੱਥੇ ਮੈ ਤੇਰੇ ਨਾਲ ਮਿਲਾਂਗਾ।
7“ਹਾਰੋਨ ਉਸ ਉੱਤੇ ਸੁਗੰਧੀ ਧੂਪ ਹਰ ਸਵੇਰੇ ਦੇ ਸਮੇਂ ਧੁਖਾਵੇ। ਜਦ ਉਹ ਦੀਵਿਆਂ ਨੂੰ ਸੁਆਰੇ ਤਦ ਉਹ ਇਹ ਧੁਖਾਵੇ। 8ਜਦੋਂ ਹਾਰੋਨ ਸਵੇਰ ਦੇ ਵੇਲੇ ਦੀਵੇ ਜਗਾਉਂਦਾ ਹੈ ਤਾਂ ਉਸਨੂੰ ਦੁਬਾਰਾ ਧੂਪ ਧੁਖਾਉਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਧੂਪ ਨਿਯਮਿਤ ਤੌਰ ਤੇ ਯਾਹਵੇਹ ਦੇ ਅੱਗੇ ਬਲਦੀ ਰਹੇ। 9ਇਸ ਜਗਵੇਦੀ ਉੱਤੇ ਕੋਈ ਹੋਰ ਧੂਪ ਜਾਂ ਕੋਈ ਹੋਮ ਬਲੀ ਜਾਂ ਮੈਦੇ ਦੀ ਭੇਟ ਨਾ ਚੜ੍ਹਾਏ ਅਤੇ ਨਾ ਇਸ ਉੱਤੇ ਪੀਣ ਦੀ ਭੇਟ ਨਾ ਡੋਲ੍ਹੋ। 10ਸਾਲ ਵਿੱਚ ਇੱਕ ਵਾਰ ਹਾਰੋਨ ਆਪਣੇ ਸਿੰਗਾਂ ਉੱਤੇ ਪ੍ਰਾਸਚਿਤ ਕਰੇ। ਇਹ ਸਾਲਾਨਾ ਪ੍ਰਾਸਚਿਤ ਪਾਪ ਦੀ ਭੇਟ#30:10 ਪਾਪ ਦੀ ਭੇਟ ਅਰਥਾਤ ਸ਼ੁੱਧੀਕਰਨ ਦੀ ਭੇਟ ਦੇ ਲਹੂ ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਕੀਤਾ ਜਾਣਾ ਚਾਹੀਦਾ ਹੈ। ਇਹ ਯਾਹਵੇਹ ਲਈ ਸਭ ਤੋਂ ਪਵਿੱਤਰ ਹੈ।”
ਪ੍ਰਾਸਚਿਤ ਧਨ
11ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 12“ਜਦੋਂ ਤੂੰ ਇਸਰਾਏਲੀਆਂ ਦੀ ਗਿਣਤੀ ਕਰਨ ਲਈ ਉਹਨਾਂ ਦੀ ਜਨਗਣਨਾ ਕਰਦੇ ਹੋ, ਤਾਂ ਹਰੇਕ ਨੂੰ ਉਸ ਦੀ ਗਿਣਤੀ ਦੇ ਸਮੇਂ ਯਾਹਵੇਹ ਨੂੰ ਆਪਣੀ ਜਾਨ ਦੀ ਰਿਹਾਈ ਦੀ ਕੀਮਤ ਅਦਾ ਕਰੇ। ਜਦੋਂ ਤੂੰ ਉਨ੍ਹਾਂ ਦੀ ਗਿਣਤੀ ਕਰੇਂਗਾ ਤਾਂ ਉਨ੍ਹਾਂ ਉੱਤੇ ਕੋਈ ਬਿਪਤਾ ਨਹੀਂ ਆਵੇਗੀ। 13ਹਰੇਕ ਜਿਹੜਾ ਪਹਿਲਾਂ ਤੋਂ ਗਿਣੇ ਗਏ ਲੋਕਾਂ ਨੂੰ ਪਾਰ ਲੰਘਦਾ ਹੈ, ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ, ਜਿਸ ਦਾ ਵਜ਼ਨ ਵੀਹ ਗੇਰਾਹ ਹੈ, ਅੱਧਾ ਸ਼ੈਕੇਲ#30:13 ਅੱਧਾ ਸ਼ੈਕੇਲ ਲਗਭਗ 12 ਗ੍ਰਾਮ ਦੇਣਾ ਚਾਹੀਦਾ ਹੈ। ਇਹ ਅੱਧਾ ਸ਼ੈਕੇਲ ਯਾਹਵੇਹ ਲਈ ਭੇਟ ਹੈ। 14ਉਹ ਸਾਰੇ ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਪਾਰ ਲੰਘਦੇ ਹਨ, ਉਹ ਯਾਹਵੇਹ ਦੀ ਚੁੱਕਣ ਦੀ ਭੇਟ ਦੇਣ। 15ਤਾਂ ਧਨੀ ਅੱਠ ਆਨੇ ਤੋਂ ਵੱਧ ਅਤੇ ਕੰਗਾਲ ਉਸ ਤੋਂ ਘੱਟ ਨਾ ਦੇਣ ਜਦ ਤੁਹਾਡੇ ਪ੍ਰਾਣਾਂ ਦੇ ਪ੍ਰਾਸਚਿਤ ਲਈ ਯਾਹਵੇਹ ਦੀ ਚੁੱਕਣ ਦੀ ਭੇਟ ਦੇਣ। 16ਇਸਰਾਏਲੀਆਂ ਤੋਂ ਪ੍ਰਾਸਚਿਤ ਦੀ ਚਾਂਦੀ ਲੈ ਕੇ ਅਤੇ ਇਸ ਨੂੰ ਮੰਡਲੀ ਵਾਲੇ ਤੰਬੂ ਦੀ ਸੇਵਾ ਲਈ ਵਰਤੋਂ। ਇਹ ਇਸਰਾਏਲੀਆਂ ਲਈ ਯਾਹਵੇਹ ਅੱਗੇ ਇੱਕ ਯਾਦਗਾਰ ਹੋਵੇਗਾ, ਜੋ ਤੁਹਾਡੀਆਂ ਜਾਨਾਂ ਲਈ ਭੇਟ ਹੋਵੇ।”
ਧੋਣ ਲਈ ਭਾਂਡਾ
17ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 18“ਧੋਣ ਲਈ ਪਿੱਤਲ ਦਾ ਇੱਕ ਭਾਂਡਾ ਬਣਾਉ, ਇਸ ਦੇ ਪਿੱਤਲ ਦੀ ਇੱਕ ਹੌਦ ਬਣਾਈ। ਇਸਨੂੰ ਮੰਡਲੀ ਦੇ ਤੰਬੂ ਅਤੇ ਜਗਵੇਦੀ ਦੇ ਵਿਚਕਾਰ ਰੱਖੀ ਅਤੇ ਇਸ ਵਿੱਚ ਪਾਣੀ ਭਰੀ। 19ਹਾਰੋਨ ਅਤੇ ਉਸਦੇ ਪੁੱਤਰ ਉਸ ਪਾਣੀ ਨਾਲ ਆਪਣੇ ਹੱਥ ਪੈਰ ਧੋਣ। 20ਜਦੋਂ ਵੀ ਉਹ ਮੰਡਲੀ ਦੇ ਤੰਬੂ ਵਿੱਚ ਦਾਖਲ ਹੋਣ, ਅਤੇ ਨਾਲ ਹੀ ਜਦੋਂ ਉਹ ਯਾਹਵੇਹ ਨੂੰ ਭੋਜਨ ਦੀ ਭੇਟ ਚੜ੍ਹਾ ਕੇ ਸੇਵਾ ਕਰਨ ਲਈ ਜਗਵੇਦੀ ਕੋਲ ਜਾਂਦੇ ਹਨ, ਉਹਨਾਂ ਨੂੰ ਪਾਣੀ ਨਾਲ ਧੋਣਾ ਤਾਂ ਜੋ ਉਹ ਮਰ ਨਾ ਜਾਣ। 21ਉਹ ਆਪਣੇ ਹੱਥ ਪੈਰ ਧੋ ਲੈਣ ਤਾਂ ਜੋ ਉਹ ਮਰ ਨਾ ਜਾਣ। ਇਹ ਹਾਰੋਨ ਅਤੇ ਉਸਦੇ ਉੱਤਰਾਧਿਕਾਰੀਆਂ ਲਈ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਥਾਈ ਨਿਯਮ ਹੋਵੇਗਾ।”
ਮਸਹ ਕਰਨ ਵਾਲਾ ਤੇਲ
22ਤਦ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, 23“ਹੇਠ ਦਿੱਤੇ ਬਰੀਕ ਮਸਾਲੇ ਲਵੀਂ ਜਿਸ ਵਿੱਚ ਪੰਜ ਸੌ ਸ਼ੈਕੇਲ ਤਰਲ ਗੰਧਰਸ, ਅੱਧਾ (ਯਾਨੀ ਦੋ ਸੌ ਪੰਜਾਹ ਸ਼ੈਕੇਲ) ਸੁਗੰਧਿਤ ਦਾਲਚੀਨੀ, ਦੋ ਸੌ ਪੰਜਾਹ ਸ਼ੈਕੇਲ ਸੁਗੰਧਿਤ ਕੈਲਾਮਸ, 24ਪੰਜ ਸੌ ਸ਼ੈਕੇਲ ਕੈਸੀਆ ਸਭ ਕੁਝ ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ ਅਤੇ ਜ਼ੈਤੂਨ ਦਾ ਤੇਲ ਦਾ ਇੱਕ ਹੀਨ। 25ਇਹਨਾਂ ਨੂੰ ਇੱਕ ਪਵਿੱਤਰ ਮਸਹ ਕਰਨ ਵਾਲੇ ਤੇਲ ਵਿੱਚ, ਇੱਕ ਸੁਗੰਧਿਤ ਮਿਸ਼ਰਣ, ਇੱਕ ਅਤਰ ਦਾ ਕੰਮ ਬਣਾਈ। ਇਹ ਮਸਹ ਕਰਨ ਵਾਲਾ ਪਵਿੱਤਰ ਤੇਲ ਹੋਵੇਗਾ। 26ਫਿਰ ਇਸ ਤੇਲ ਦੇ ਨਾਲ ਮੰਡਲੀ ਦੇ ਤੰਬੂ, ਨੇਮ ਦੇ ਸੰਦੂਕ ਨੂੰ, 27ਮੇਜ਼ ਅਤੇ ਉਸ ਦੀਆਂ ਸਾਰੀਆਂ ਵਸਤਾਂ, ਸ਼ਮਾਦਾਨ ਅਤੇ ਉਸ ਦਾ ਸਮਾਨ, ਧੂਪ ਦੀ ਜਗਵੇਦੀ, 28ਹੋਮ ਬਲੀ ਦੀ ਜਗਵੇਦੀ ਨੂੰ, ਉਸ ਦੇ ਸਾਰੇ ਭਾਂਡੇ ਤੇ ਸਮਾਨ ਨੂੰ ਨਾਲ ਹੀ ਹੌਦ ਅਤੇ ਉਸ ਦੀ ਚੌਂਕੀ ਨੂੰ ਅਭਿਸ਼ੇਕ ਕਰਨ। 29ਤੂੰ ਉਹਨਾਂ ਨੂੰ ਪਵਿੱਤਰ ਕਰੀਂ ਤਾਂ ਜੋ ਉਹ ਬਹੁਤ ਪਵਿੱਤਰ ਹੋਣ ਅਤੇ ਜੋ ਵੀ ਉਹਨਾਂ ਨੂੰ ਛੂਹੇਗਾ ਉਹ ਪਵਿੱਤਰ ਹੋਵੇਗਾ।
30“ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਮਸਹ ਕਰੋ ਅਤੇ ਉਹਨਾਂ ਨੂੰ ਪਵਿੱਤਰ ਕਰੋ ਤਾਂ ਜੋ ਉਹ ਜਾਜਕਾਂ ਵਜੋਂ ਮੇਰੀ ਸੇਵਾ ਕਰ ਸਕਣ। 31ਇਸਰਾਏਲੀਆਂ ਨੂੰ ਆਖ, ‘ਇਹ ਆਉਣ ਵਾਲੀਆਂ ਪੀੜ੍ਹੀਆਂ ਲਈ ਮੇਰਾ ਪਵਿੱਤਰ ਮਸਹ ਕਰਨ ਵਾਲਾ ਤੇਲ ਹੋਵੇਗਾ। 32ਇਸ ਨੂੰ ਕਿਸੇ ਹੋਰ ਦੇ ਸਰੀਰ ਤੇ ਨਾ ਪਾਓ ਅਤੇ ਉਸੇ ਸਮੱਗਰੀ ਦੀ ਵਰਤੋਂ ਕਰਕੇ ਕੋਈ ਹੋਰ ਤੇਲ ਨਾ ਬਣਾਓ। ਇਹ ਪਵਿੱਤਰ ਹੈ, ਅਤੇ ਤੁਹਾਨੂੰ ਇਸ ਨੂੰ ਪਵਿੱਤਰ ਸਮਝਣਾ ਚਾਹੀਦਾ ਹੈ। 33ਜੋ ਕੋਈ ਵੀ ਇਸ ਵਰਗਾ ਅਤਰ ਬਣਾਉਂਦਾ ਹੈ ਅਤੇ ਇਸ ਨੂੰ ਜਾਜਕਾਂ ਤੋਂ ਇਲਾਵਾ ਕਿਸੇ ਹੋਰ ਉੱਤੇ ਲਾਉਂਦਾ ਹੈ, ਉਹ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।’ ”
ਧੂਪ
34ਤਦ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਸੁਗੰਧਿਤ ਮਸਾਲੇ, ਗੰਧਰਸ, ਲੌਨ ਅਤੇ ਮੁਰ ਮਸਤਕੀ ਅਤੇ ਸ਼ੁੱਧ ਲੁਬਾਨ, ਸਭ ਬਰਾਬਰ ਮਾਤਰਾ ਵਿੱਚ ਲੈ, 35ਤੂੰ ਇਸ ਨੂੰ ਸੁਗੰਧ ਵਾਲੀ ਧੂਪ ਗਾਂਧੀ ਦੀ ਕਾਰੀਗਰੀ ਦੀ ਬਣਾਈ। ਇਹ ਨਮਕੀਨ ਅਤੇ ਸ਼ੁੱਧ ਅਤੇ ਪਵਿੱਤਰ ਹੋਵੇ। 36ਇਸ ਵਿੱਚੋਂ ਕੁਝ ਬਹੁਤ ਮਹੀਨ ਪੀਸ ਕੇ ਇਸ ਨੂੰ ਮੰਡਲੀ ਵਾਲੇ ਤੰਬੂ ਵਿੱਚ ਨੇਮ ਦੇ ਸੰਦੂਕ ਦੇ ਸਾਹਮਣੇ ਰੱਖ, ਜਿੱਥੇ ਮੈਂ ਤੁਹਾਨੂੰ ਮਿਲਾਂਗਾ। ਇਹ ਤੁਹਾਡੇ ਲਈ ਸਭ ਤੋਂ ਪਵਿੱਤਰ ਹੋਵੇ। 37ਆਪਣੇ ਲਈ ਇਸ ਸਮੱਗਰੀ ਨਾਲ ਕੋਈ ਹੋਰ ਧੂਪ ਨਾ ਬਣਾਈ, ਇਸ ਨੂੰ ਯਾਹਵੇਹ ਲਈ ਪਵਿੱਤਰ ਸਮਝੋ। 38ਜੋ ਕੋਈ ਵੀ ਇਸ ਦੀ ਖੁਸ਼ਬੂ ਦਾ ਆਨੰਦ ਲੈਣ ਲਈ ਇਸ ਵਰਗੀ ਧੂਪ ਬਣਾਵੇ, ਉਹ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।”