32
ਸੋਨੇ ਦਾ ਵੱਛਾ
1ਜਦੋਂ ਲੋਕਾਂ ਨੇ ਦੇਖਿਆ ਕਿ ਮੋਸ਼ੇਹ ਨੇ ਪਹਾੜ ਤੋਂ ਹੇਠਾਂ ਆਉਣ ਵਿੱਚ ਬਹੁਤ ਲੰਮਾ ਸਮਾਂ ਲਾ ਦਿੱਤਾ ਹੈ, ਤਾਂ ਉਹ ਲੋਕ ਹਾਰੋਨ ਦੇ ਆਲੇ-ਦੁਆਲੇ ਇਕੱਠੇ ਹੋ ਗਏ ਅਤੇ ਬੋਲੇ, “ਆ, ਸਾਡੇ ਲਈ ਦੇਵਤਾ ਬਣਾ ਜਿਹੜਾ ਸਾਡੇ ਅੱਗੇ-ਅੱਗੇ ਚੱਲੇ। ਕਿਉਂ ਜੋ ਇਹ ਮੋਸ਼ੇਹ ਜਿਹੜਾ ਸਾਨੂੰ ਮਿਸਰ ਦੇਸ਼ ਵਿੱਚੋਂ ਤਾਂ ਕੱਢ ਲਿਆਇਆ, ਪਰ ਸਾਨੂੰ ਨਹੀਂ ਪਤਾ ਕਿ ਉਸਨੂੰ ਕੀ ਹੋਇਆ ਹੈ।”
2ਹਾਰੋਨ ਨੇ ਉਹਨਾਂ ਨੂੰ ਉੱਤਰ ਦਿੱਤਾ, “ਉਹ ਸੋਨੇ ਦੀਆਂ ਵਾਲੀਆਂ ਲਾਹ ਦਿਓ ਜਿਹੜੀਆਂ ਤੁਹਾਡੀਆਂ ਪਤਨੀਆਂ, ਤੁਹਾਡੇ ਪੁੱਤਰਾਂ ਅਤੇ ਤੁਹਾਡੀਆਂ ਧੀਆਂ ਪਹਿਨਦੀਆਂ ਹਨ ਅਤੇ ਮੇਰੇ ਕੋਲ ਲਿਆਓ।” 3ਇਸ ਲਈ ਸਾਰੇ ਲੋਕ ਆਪਣੇ ਕੰਨਾਂ ਦੀਆਂ ਵਾਲੀਆਂ ਲਾਹ ਕੇ ਹਾਰੋਨ ਕੋਲ ਲੈ ਆਏ। 4ਹਾਰੋਨ ਨੇ ਜੋ ਕੁਝ ਲੋਕਾਂ ਨੇ ਉਸ ਨੂੰ ਸੌਂਪਿਆ ਸੀ ਉਹ ਲੈ ਲਿਆ ਅਤੇ ਇਸ ਨੂੰ ਇੱਕ ਔਜ਼ਾਰ ਨਾਲ ਘੜ ਕੇ, ਇੱਕ ਵੱਛੇ ਦੀ ਸ਼ਕਲ ਵਿੱਚ ਇੱਕ ਮੂਰਤੀ ਬਣਾ ਦਿੱਤੀ। ਫਿਰ ਉਹਨਾਂ ਨੇ ਆਖਿਆ, “ਹੇ ਇਸਰਾਏਲ, ਇਹ ਤੁਹਾਡਾ ਦੇਵਤਾ ਹੈ, ਜੋ ਤੁਹਾਨੂੰ ਮਿਸਰ ਵਿੱਚੋਂ ਬਾਹਰ ਕੱਢ ਲਿਆਇਆ ਹੈ।”
5ਜਦੋਂ ਹਾਰੋਨ ਨੇ ਇਹ ਦੇਖਿਆ, ਉਸਨੇ ਵੱਛੇ ਦੇ ਸਾਹਮਣੇ ਇੱਕ ਜਗਵੇਦੀ ਬਣਾਈ ਅਤੇ ਘੋਸ਼ਣਾ ਕੀਤੀ, “ਕੱਲ੍ਹ ਯਾਹਵੇਹ ਲਈ ਇੱਕ ਤਿਉਹਾਰ ਹੋਵੇਗਾ।” 6ਇਸ ਲਈ ਅਗਲੇ ਦਿਨ ਲੋਕ ਤੜਕੇ ਉੱਠੇ ਅਤੇ ਹੋਮ ਦੀਆਂ ਭੇਟਾਂ ਚੜ੍ਹਾਈਆਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ। ਇਸ ਤੋਂ ਬਾਅਦ ਉਹ ਖਾਣ-ਪੀਣ ਲਈ ਬੈਠ ਗਏ ਅਤੇ ਖੜ੍ਹੇ ਹੋ ਕੇ ਹੱਸਣ ਖੇਡਣ ਲੱਗੇ।
7ਫਿਰ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਹੇਠਾਂ ਜਾ, ਕਿਉਂਕਿ ਤੇਰੇ ਲੋਕ, ਜਿਨ੍ਹਾਂ ਨੂੰ ਤੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ, ਭ੍ਰਿਸ਼ਟ ਹੋ ਗਏ ਹਨ। 8ਜੋ ਮੈਂ ਉਹਨਾਂ ਨੂੰ ਹੁਕਮ ਦਿੱਤਾ ਸੀ, ਉਹਨਾਂ ਨੇ ਉਸ ਤੋਂ ਮੂੰਹ ਮੋੜ ਲਿਆ ਹੈ ਅਤੇ ਆਪਣੇ ਲਈ ਇੱਕ ਵੱਛੇ ਦੀ ਸ਼ਕਲ ਵਰਗੀ ਮੂਰਤੀ ਬਣਾ ਲਈ ਹੈ। ਉਹਨਾਂ ਨੇ ਉਹ ਦੇ ਅੱਗੇ ਮੱਥਾ ਟੇਕਿਆ ਅਤੇ ਬਲੀਆਂ ਚੜ੍ਹਾਈਆਂ ਅਤੇ ਆਖਿਆ, ‘ਹੇ ਇਸਰਾਏਲ, ਇਹ ਤੇਰੇ ਦੇਵਤੇ ਹਨ, ਜਿਨ੍ਹਾਂ ਨੇ ਤੈਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ ਹੈ।’
9“ਮੈਂ ਇਨ੍ਹਾਂ ਲੋਕਾਂ ਨੂੰ ਦੇਖਿਆ ਹੈ, ਯਾਹਵੇਹ ਨੇ ਮੋਸ਼ੇਹ ਨੂੰ ਕਿਹਾ ਕਿ ਇਹ ਕਠੋਰ ਲੋਕ ਹਨ। 10ਹੁਣ ਮੈਨੂੰ ਇਕੱਲਾ ਛੱਡ ਦੇ ਤਾਂ ਜੋ ਮੇਰਾ ਕ੍ਰੋਧ ਉਹਨਾਂ ਉੱਤੇ ਭੜਕ ਜਾਵੇ ਅਤੇ ਮੈਂ ਉਹਨਾਂ ਦਾ ਨਾਸ ਕਰਾਂ। ਫਿਰ ਮੈਂ ਤੁਹਾਨੂੰ ਇੱਕ ਮਹਾਨ ਕੌਮ ਬਣਾਵਾਂਗਾ।”
11ਪਰ ਮੋਸ਼ੇਹ ਨੇ ਯਾਹਵੇਹ ਆਪਣੇ ਪਰਮੇਸ਼ਵਰ ਤੋਂ ਕਿਰਪਾ ਮੰਗੀ। ਉਸਨੇ ਕਿਹਾ, “ਹੇ ਯਾਹਵੇਹ, ਤੇਰਾ ਕ੍ਰੋਧ ਤੇਰੇ ਲੋਕਾਂ ਉੱਤੇ ਕਿਉਂ ਭੜਕਦਾ ਹੈ, ਜਿਨ੍ਹਾਂ ਨੂੰ ਤੂੰ ਮਹਾਨ ਸ਼ਕਤੀ ਅਤੇ ਬਲਵਾਨ ਹੱਥ ਨਾਲ ਮਿਸਰ ਵਿੱਚੋਂ ਕੱਢ ਲਿਆਇਆ ਸੀ? 12ਮਿਸਰੀ ਕਿਉਂ ਕਹਿਣ, ‘ਉਹ ਉਹਨਾਂ ਨੂੰ ਬੁਰਿਆਈ ਦੇ ਲਈ ਬਾਹਰ ਲੈ ਲਿਆਇਆ, ਪਹਾੜਾਂ ਵਿੱਚ ਉਹਨਾਂ ਨੂੰ ਮਾਰ ਸੁੱਟੇ ਅਤੇ ਉਹਨਾਂ ਨੂੰ ਧਰਤੀ ਤੋਂ ਮੁਕਾ ਦੇਵੇ’? ਤੂੰ ਆਪਣੇ ਭਿਆਨਕ ਗੁੱਸੇ ਤੋਂ ਮੁੜ; ਹੌਂਸਲਾ ਰੱਖ ਅਤੇ ਆਪਣੇ ਲੋਕਾਂ ਉੱਤੇ ਬਿਪਤਾ ਨਾ ਲਿਆ। 13ਆਪਣੇ ਸੇਵਕਾਂ ਅਬਰਾਹਾਮ, ਇਸਹਾਕ ਅਤੇ ਇਸਰਾਏਲ ਨੂੰ ਚੇਤੇ ਕਰ, ਜਿਨ੍ਹਾਂ ਨਾਲ ਤੂੰ ਆਪਣੇ ਆਪ ਦੀ ਸਹੁੰ ਖਾਧੀ ਸੀ, ‘ਮੈਂ ਤੁਹਾਡੀ ਸੰਤਾਨ ਨੂੰ ਅਕਾਸ਼ ਦੇ ਤਾਰਿਆਂ ਦੇ ਬਰਾਬਰ ਬਣਾਵਾਂਗਾ ਅਤੇ ਮੈਂ ਤੁਹਾਡੀ ਸੰਤਾਨ ਨੂੰ ਇਹ ਸਾਰੀ ਧਰਤੀ ਦਿਆਂਗਾ, ਜਿਸਦਾ ਮੈਂ ਉਹਨਾਂ ਨਾਲ ਇਕਰਾਰ ਕੀਤਾ ਸੀ, ਅਤੇ ਇਹ ਉਹਨਾਂ ਦੀ ਵਿਰਾਸਤ ਸਦਾ ਲਈ ਹੋਵੇਗੀ।’ ” 14ਤਦ ਯਾਹਵੇਹ ਨੇ ਪਛਤਾਵਾ ਕੀਤਾ ਅਤੇ ਆਪਣੇ ਲੋਕਾਂ ਉੱਤੇ ਉਹ ਬਿਪਤਾ ਨਾ ਲਿਆਂਦੀ ਜਿਸਦੀ ਉਸਨੇ ਧਮਕੀ ਦਿੱਤੀ ਸੀ।
15ਮੋਸ਼ੇਹ ਮੁੜਿਆ ਅਤੇ ਆਪਣੇ ਹੱਥਾਂ ਵਿੱਚ ਨੇਮ ਦੀਆਂ ਦੋ ਫੱਟੀਆਂ ਲੈ ਕੇ ਪਹਾੜ ਤੋਂ ਹੇਠਾਂ ਚਲਾ ਗਿਆ। ਉਹ ਦੋਵੇਂ ਪਾਸੇ, ਅੱਗੇ ਅਤੇ ਪਿੱਛੇ ਲਿਖੀਆਂ ਹੋਈਆ ਸਨ। 16ਫੱਟੀਆਂ ਪਰਮੇਸ਼ਵਰ ਦਾ ਕੰਮ ਸੀ ਅਤੇ ਲਿਖਤ ਪਰਮੇਸ਼ਵਰ ਦੀ ਲਿਖਤ ਸੀ, ਜਿਹੜੀ ਫੱਟੀਆਂ ਉੱਤੇ ਲਿਖੀ ਹੋਈ ਸੀ।
17ਜਦੋਂ ਯੇਹੋਸ਼ੁਆ ਨੇ ਲੋਕਾਂ ਦੇ ਚੀਕਣ ਦੀ ਆਵਾਜ਼ ਸੁਣੀ ਤਾਂ ਉਸਨੇ ਮੋਸ਼ੇਹ ਨੂੰ ਕਿਹਾ, “ਡੇਰੇ ਵਿੱਚ ਲੜਾਈ ਦੀ ਆਵਾਜ਼ ਆ ਰਹੀ ਹੈ।”
18ਮੋਸ਼ੇਹ ਨੇ ਜਵਾਬ ਦਿੱਤਾ,
“ਇਹ ਜਿੱਤ ਦੀ ਆਵਾਜ਼ ਨਹੀਂ ਹੈ,
ਨਾ ਹੀ ਇਹ ਹਾਰ ਦੀ ਆਵਾਜ਼ ਹੈ,
ਪਰ ਇਹ ਗਾਉਣ ਦੀ ਆਵਾਜ਼ ਹੈ ਜੋ ਮੈਂ ਸੁਣਦਾ ਹਾਂ।”
19ਜਦੋਂ ਮੋਸ਼ੇਹ ਡੇਰੇ ਦੇ ਕੋਲ ਪਹੁੰਚਿਆ ਤਦ ਉਸਨੇ ਵੱਛੇ ਸਾਹਮਣੇ ਨੱਚਦੇ ਹੋਏ ਲੋਕਾਂ ਨੂੰ ਦੇਖਿਆ, ਤਾਂ ਉਸ ਦਾ ਗੁੱਸਾ ਭੜਕ ਉੱਠਿਆ ਅਤੇ ਉਸ ਨੇ ਫੱਟੀਆਂ ਆਪਣੇ ਹੱਥਾਂ ਵਿੱਚੋਂ ਸੁੱਟ ਦਿੱਤੀਆਂ ਅਤੇ ਉਹਨਾਂ ਨੂੰ ਪਹਾੜ ਤੋਂ ਹੇਠਾਂ ਸੁੱਟ ਕੇ ਤੋੜ ਦਿੱਤਾ। 20ਫਿਰ ਉਸਨੇ ਲੋਕਾਂ ਵੱਲੋਂ ਬਣਾਏ ਵੱਛੇ ਨੂੰ ਲੈ ਕੇ ਅੱਗ ਵਿੱਚ ਸਾੜ ਦਿੱਤਾ। ਫਿਰ ਉਸਨੇ ਇਸਨੂੰ ਪੀਸ ਕੇ ਸੁਆਹ ਵਿੱਚ ਪਾ ਦਿੱਤਾ ਅਤੇ ਇਸਨੂੰ ਪਾਣੀ ਉੱਤੇ ਖਿਲਾਰ ਦਿੱਤਾ ਅਤੇ ਇਸਰਾਏਲ ਦੇ ਲੋਕਾਂ ਨੂੰ ਪਿਲਾਇਆ।
21ਮੋਸ਼ੇਹ ਨੇ ਹਾਰੋਨ ਨੂੰ ਕਿਹਾ, “ਇਨ੍ਹਾਂ ਲੋਕਾਂ ਨੇ ਤੇਰੇ ਨਾਲ ਕੀ ਕੀਤਾ ਜੋ ਤੂੰ ਉਹਨਾਂ ਨੂੰ ਇੰਨੇ ਵੱਡੇ ਪਾਪ ਵਿੱਚ ਲਿਆਇਆ?”
22ਹਾਰੋਨ ਨੇ ਜਵਾਬ ਦਿੱਤਾ, “ਮੇਰੇ ਸੁਆਮੀ, ਗੁੱਸੇ ਨਾ ਹੋਵੋ! ਤੂੰ ਜਾਣਦਾ ਹੈ ਕਿ ਇਹ ਲੋਕ ਬੁਰਾਈ ਲਈ ਕਿੰਨੇ ਤਿਆਰ ਹਨ। 23ਉਹਨਾਂ ਨੇ ਮੈਨੂੰ ਕਿਹਾ, ‘ਸਾਡੇ ਲਈ ਦੇਵਤਾ ਬਣਾ ਜਿਹੜਾ ਸਾਡੇ ਅੱਗੇ-ਅੱਗੇ ਚੱਲੇ। ਕਿਉਂ ਜੋ ਇਹ ਮੋਸ਼ੇਹ ਜਿਹੜਾ ਸਾਨੂੰ ਮਿਸਰ ਦੇਸ਼ ਵਿੱਚੋਂ ਤਾਂ ਕੱਢ ਲਿਆਇਆ, ਪਰ ਸਾਨੂੰ ਉਸ ਦਾ ਕੁਝ ਪਤਾ ਨਹੀਂ ਹੈ।’ 24ਇਸ ਲਈ ਮੈਂ ਉਹਨਾਂ ਨੂੰ ਕਿਹਾ, ‘ਜਿਸ ਕੋਲ ਸੋਨੇ ਦੇ ਗਹਿਣੇ ਹਨ, ਉਹ ਲਾਹ ਦਿਓ।’ ਤਦ ਉਹਨਾਂ ਨੇ ਮੈਨੂੰ ਸੋਨਾ ਦਿੱਤਾ ਅਤੇ ਮੈਂ ਅੱਗ ਵਿੱਚ ਸੁੱਟ ਦਿੱਤਾ ਅਤੇ ਇਹ ਵੱਛਾ ਬਾਹਰ ਆ ਗਿਆ!”
25ਮੋਸ਼ੇਹ ਨੇ ਦੇਖਿਆ ਕਿ ਲੋਕ ਬੇ-ਲਾਗਮ ਹੋ ਗਏ ਸਨ ਅਤੇ ਹਾਰੋਨ ਨੇ ਉਹਨਾਂ ਨੂੰ ਕਾਬੂ ਤੋਂ ਬਾਹਰ ਜਾਣ ਦਿੱਤਾ ਸੀ ਅਤੇ ਇਸ ਲਈ ਉਹ ਉਹਨਾਂ ਦੇ ਦੁਸ਼ਮਣਾਂ ਲਈ ਮਜ਼ਾਕ ਬਣ ਗਏ ਸਨ। 26ਇਸ ਲਈ ਮੋਸ਼ੇਹ ਡੇਰੇ ਦੇ ਪ੍ਰਵੇਸ਼ ਦੁਆਰ ਤੇ ਖੜ੍ਹਾ ਹੋ ਗਿਆ ਅਤੇ ਕਿਹਾ, “ਜੋ ਕੋਈ ਯਾਹਵੇਹ ਦੇ ਲਈ ਹੈ ਉਹ ਮੇਰੇ ਕੋਲ ਆਵੇ।” ਅਤੇ ਸਾਰੇ ਲੇਵੀ ਉਸ ਕੋਲ ਇਕੱਠੇ ਹੋਏ।
27ਫਿਰ ਉਸਨੇ ਉਹਨਾਂ ਨੂੰ ਕਿਹਾ, “ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਹ ਆਖਦਾ ਹੈ, ‘ਹਰੇਕ ਆਦਮੀ ਆਪਣੀਆਂ ਤਲਵਾਰਾਂ ਲੱਕ ਨਾਲ ਬੰਨ੍ਹ ਕੇ। ਡੇਰੇ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਅੱਗੇ-ਪਿੱਛੇ ਜਾਵੇ, ਹਰ ਇੱਕ ਆਪਣੇ ਭਰਾ ਅਤੇ ਦੋਸਤ ਅਤੇ ਗੁਆਂਢੀ ਨੂੰ ਮਾਰ ਦਾਉ।’ ” 28ਲੇਵੀਆਂ ਨੇ ਮੋਸ਼ੇਹ ਦੇ ਹੁਕਮ ਅਨੁਸਾਰ ਕੀਤਾ ਅਤੇ ਉਸ ਦਿਨ ਲਗਭਗ ਤਿੰਨ ਹਜ਼ਾਰ ਲੋਕ ਮਾਰੇ ਗਏ। 29ਫਿਰ ਮੋਸ਼ੇਹ ਨੇ ਆਖਿਆ, “ਅੱਜ ਤੁਹਾਨੂੰ ਯਾਹਵੇਹ ਤੋਂ ਵੱਖ ਕੀਤਾ ਗਿਆ ਹੈ, ਕਿਉਂਕਿ ਤੁਸੀਂ ਆਪਣੇ ਹੀ ਪੁੱਤਰਾਂ ਅਤੇ ਭਰਾਵਾਂ ਦੇ ਵਿਰੁੱਧ ਸੀ ਅਤੇ ਉਸ ਨੇ ਅੱਜ ਤੁਹਾਨੂੰ ਅਸੀਸ ਦਿੱਤੀ ਹੈ।”
30ਅਗਲੇ ਦਿਨ ਮੋਸ਼ੇਹ ਨੇ ਲੋਕਾਂ ਨੂੰ ਆਖਿਆ, “ਤੁਸੀਂ ਬਹੁਤ ਵੱਡਾ ਪਾਪ ਕੀਤਾ ਹੈ। ਪਰ ਹੁਣ ਮੈਂ ਯਾਹਵੇਹ ਕੋਲ ਜਾਵਾਂਗਾ, ਸ਼ਾਇਦ ਮੈਂ ਤੁਹਾਡੇ ਪਾਪ ਦੀ ਭੇਟ ਲਈ ਪ੍ਰਾਸਚਿਤ ਕਰ ਸਕਾਂ।”
31ਇਸ ਲਈ ਮੋਸ਼ੇਹ ਯਾਹਵੇਹ ਦੇ ਕੋਲ ਵਾਪਸ ਗਿਆ ਅਤੇ ਆਖਿਆ, “ਹਾਏ, ਇਨ੍ਹਾਂ ਲੋਕਾਂ ਨੇ ਕਿੰਨਾ ਵੱਡਾ ਪਾਪ ਕੀਤਾ ਹੈ! ਉਹਨਾਂ ਨੇ ਆਪਣੇ ਆਪ ਲਈ ਸੋਨੇ ਦਾ ਦੇਵਤਾ ਬਣਾ ਲਿਆ ਹੈ। 32ਪਰ ਹੁਣ, ਕਿਰਪਾ ਕਰਕੇ ਉਹਨਾਂ ਦੇ ਗੁਨਾਹ ਨੂੰ ਮਾਫ਼ ਕਰ ਦੇ, ਪਰ ਜੇ ਨਹੀਂ ਤਾਂ ਮੇਰੇ ਨਾਮ ਨੂੰ ਉਸ ਕਿਤਾਬ ਵਿੱਚੋਂ ਮਿਟਾ ਦੇ ਜੋ ਤੂੰ ਲਿਖੀ ਹੈ।”
33ਯਾਹਵੇਹ ਨੇ ਮੋਸ਼ੇਹ ਨੂੰ ਜਵਾਬ ਦਿੱਤਾ, “ਜਿਸ ਨੇ ਵੀ ਮੇਰੇ ਵਿਰੁੱਧ ਪਾਪ ਕੀਤਾ ਹੈ, ਮੈਂ ਆਪਣੀ ਕਿਤਾਬ ਵਿੱਚੋਂ ਮਿਟਾ ਦਿਆਂਗਾ। 34ਹੁਣ ਜਾ, ਲੋਕਾਂ ਨੂੰ ਉਸ ਥਾਂ ਵੱਲ ਲੈ ਜਾ ਜਿਸ ਬਾਰੇ ਮੈਂ ਕਿਹਾ ਸੀ, ਅਤੇ ਮੇਰਾ ਦੂਤ ਤੁਹਾਡੇ ਅੱਗੇ ਚੱਲੇਗਾ। ਹਾਲਾਂਕਿ, ਜਦੋਂ ਮੇਰੇ ਲਈ ਸਜ਼ਾ ਦੇਣ ਦਾ ਸਮਾਂ ਆਵੇਗਾ, ਮੈਂ ਉਹਨਾਂ ਨੂੰ ਉਹਨਾਂ ਦੇ ਪਾਪ ਲਈ ਸਜ਼ਾ ਦਿਆਂਗਾ।”
35ਅਤੇ ਯਾਹਵੇਹ ਨੇ ਲੋਕਾਂ ਨੂੰ ਇੱਕ ਬਿਪਤਾ ਨਾਲ ਮਾਰਿਆ ਕਿਉਂਕਿ ਉਹਨਾਂ ਨੇ ਹਾਰੋਨ ਨੂੰ ਇੱਕ ਵੱਛਾ ਬਣਾਉਣ ਅਤੇ ਉਸਦੀ ਪੂਜਾ ਕਰਨ ਲਈ ਕਿਹਾ ਸੀ।