29
ਜਾਜਕਾਂ ਦੀ ਪਵਿੱਤਰਤਾਈ
1“ਇਹ ਉਹ ਹੈ ਜੋ ਤੁਸੀਂ ਉਹਨਾਂ ਨੂੰ ਪਵਿੱਤਰ ਕਰਨ ਲਈ ਕਰਨਾ ਹੈ, ਤਾਂ ਜੋ ਉਹ ਜਾਜਕਾਂ ਵਜੋਂ ਮੇਰੀ ਸੇਵਾ ਕਰ ਸਕਣ ਜਿਸ ਵਿੱਚ ਇੱਕ ਬਲਦ ਅਤੇ ਦੋ ਭੇਡੂ ਬਿਨਾਂ ਕਿਸੇ ਨੁਕਸ ਦੇ ਲਵੀਂ। 2ਅਤੇ ਸਭ ਤੋਂ ਵਧੀਆ ਕਣਕ ਦੇ ਆਟੇ ਤੋਂ ਗੋਲ ਰੋਟੀਆਂ ਜੋ ਬਿਨਾਂ ਖਮੀਰ ਤੋਂ ਹੋਣ ਫਿਰ ਜ਼ੈਤੂਨ ਦੇ ਤੇਲ ਨਾਲ ਚੋਪੜੇ ਹੋਏ ਪੂੜੇ ਬਣਾਈ। 3ਉਹਨਾਂ ਨੂੰ ਇੱਕ ਟੋਕਰੀ ਵਿੱਚ ਪਾਓ ਅਤੇ ਉਹਨਾਂ ਨੂੰ ਬਲਦ ਅਤੇ ਦੋ ਭੇਡੂਆਂ ਸਮੇਤ ਨੇੜੇ ਲਿਆਵੀਂ। 4ਫਿਰ ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਲਿਆਓ ਅਤੇ ਉਹਨਾਂ ਨੂੰ ਪਾਣੀ ਨਾਲ ਧੋਵੋ। 5ਬਸਤਰ ਲੈ ਕੇ ਹਾਰੋਨ ਨੂੰ ਕੁੜਤਾ, ਏਫ਼ੋਦ ਦਾ ਚੋਗਾ, ਏਫ਼ੋਦ ਅਤੇ ਸੀਨੇ ਬੰਦ ਪਹਿਨਾਓ। ਏਫ਼ੋਦ ਨੂੰ ਉਸ ਉੱਤੇ ਕੁਸ਼ਲਤਾ ਨਾਲ ਬੁਣੇ ਹੋਏ ਕਮਰਬੰਦ ਨਾਲ ਬੰਨ੍ਹੋ। 6ਉਸਦੇ ਸਿਰ ਉੱਤੇ ਪੱਗੜੀ ਬੰਨ੍ਹੀ ਅਤੇ ਪਵਿੱਤਰ ਮੁਕਟ ਪੱਗੜੀ ਦੇ ਉੱਤੇ ਰੱਖਿਆ। 7ਮਸਹ ਕਰਨ ਵਾਲਾ ਤੇਲ ਲੈ ਕੇ ਅਤੇ ਉਸ ਦੇ ਸਿਰ ਉੱਤੇ ਡੋਲ੍ਹ ਕੇ ਉਸ ਨੂੰ ਮਸਹ ਕਰੀ। 8ਉਸ ਦੇ ਪੁੱਤਰਾਂ ਨੂੰ ਲਿਆਓ ਅਤੇ ਉਹਨਾਂ ਨੂੰ ਕੁੜਤੇ ਪਹਿਨਾਈ 9ਤੂੰ ਹਾਰੋਨ ਅਤੇ ਉਸਦੇ ਪੁੱਤਰਾਂ ਦੇ ਲੱਕ ਪੇਟੀਆ ਨਾਲ ਬੰਨ੍ਹੀ ਅਤੇ ਉਹਨਾਂ ਨੂੰ ਪੱਗੜੀਆਂ ਬੰਨ੍ਹੀ ਅਤੇ ਜਾਜਕਪੁਣਾ ਉਹਨਾਂ ਲਈ ਸਦਾ ਦੀ ਬਿਧੀ ਅਨੁਸਾਰ ਹੋਵੇਗਾ।
“ਇਸ ਤਰ੍ਹਾਂ ਤੂੰ ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਨਿਯੁਕਤ ਕਰੀ।
10“ਬਲਦ ਨੂੰ ਮੰਡਲੀ ਵਾਲੇ ਤੰਬੂ ਦੇ ਸਾਹਮਣੇ ਲਿਆਓ ਅਤੇ ਹਾਰੋਨ ਅਤੇ ਉਸਦੇ ਪੁੱਤਰ ਇਸ ਦੇ ਸਿਰ ਉੱਤੇ ਆਪਣੇ ਹੱਥ ਰੱਖਣ। 11ਉਸ ਬਲਦ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਤੇ ਯਾਹਵੇਹ ਦੀ ਹਜ਼ੂਰੀ ਵਿੱਚ ਵੱਢ ਸੁੱਟੀ। 12ਬਲਦ ਦੇ ਲਹੂ ਵਿੱਚੋਂ ਕੁਝ ਲੈ ਕੇ ਆਪਣੀ ਉਂਗਲੀ ਨਾਲ ਜਗਵੇਦੀ ਦੇ ਸਿੰਗਾਂ ਉੱਤੇ ਲਗਾਈ ਅਤੇ ਬਾਕੀ ਬਚਿਆ ਹੋਇਆ ਖੂਨ ਜਗਵੇਦੀ ਦੇ ਹੇਠਾਂ ਡੋਲ੍ਹ ਦੇਈ। 13ਤੂੰ ਸਾਰੀ ਚਰਬੀ ਜਿਹੜੀ ਆਂਦਰਾਂ ਨੂੰ ਢੱਕਦੀ ਹੈ ਅਤੇ ਕਲੇਜੇ ਦੇ ਉੱਪਰ ਵਾਲੀ ਚਰਬੀ ਅਤੇ ਦੋਹਾਂ ਗੁਰਦਿਆਂ ਨੂੰ ਅਤੇ ਉਹਨਾਂ ਦੇ ਉੱਤੇ ਹੈ ਲੈ ਕੇ ਜਗਵੇਦੀ ਉੱਤੇ ਸਾੜ ਦੇਣਾ। 14ਪਰ ਬਲਦ ਦੇ ਮਾਸ ਅਤੇ ਉਸ ਦੀ ਖੱਲ ਅਤੇ ਉਸ ਦੀਆਂ ਅੰਤੜੀਆਂ ਨੂੰ ਡੇਰੇ ਦੇ ਬਾਹਰ ਸਾੜ ਦਿਓ। ਇਹ ਇੱਕ ਪਾਪ ਦੀ ਭੇਟ#29:14 ਪਾਪ ਦੀ ਭੇਟ ਅਰਥਾਤ ਸ਼ੁੱਧੀਕਰਨ ਦੀ ਭੇਟ ਹੈ।
15“ਇੱਕ ਭੇਡੂ ਨੂੰ ਲੈ ਅਤੇ ਹਾਰੋਨ ਅਤੇ ਉਸਦੇ ਪੁੱਤਰ ਇਸ ਦੇ ਸਿਰ ਉੱਤੇ ਆਪਣੇ ਹੱਥ ਰੱਖਣ। 16ਇਸ ਭੇਡੂ ਨੂੰ ਵੱਢ ਕੇ ਅਤੇ ਇਸ ਦਾ ਲਹੂ ਨੂੰ ਲੈ ਕੇ ਜਗਵੇਦੀ ਦੇ ਪਾਸਿਆਂ ਉੱਤੇ ਛਿੜਕ ਦਿਓ। 17ਭੇਡੂ ਨੂੰ ਟੁਕੜਿਆਂ ਵਿੱਚ ਕੱਟੋ ਅਤੇ ਅੰਦਰੂਨੀ ਅੰਗਾਂ ਅਤੇ ਲੱਤਾਂ ਨੂੰ ਧੋਵੋ, ਉਹਨਾਂ ਨੂੰ ਸਿਰ ਅਤੇ ਦੂਜੇ ਟੁਕੜਿਆਂ ਨਾਲ ਪਾਓ। 18ਫਿਰ ਸਾਰੇ ਭੇਡੂ ਨੂੰ ਜਗਵੇਦੀ ਉੱਤੇ ਸਾੜ ਦਿਓ। ਇਹ ਯਾਹਵੇਹ ਲਈ ਇੱਕ ਹੋਮ ਦੀ ਭੇਟ ਹੈ, ਇੱਕ ਸੁਗੰਧਤਾ ਹੈ ਅਤੇ ਇੱਕ ਭੋਜਨ ਦੀ ਭੇਟ ਹੈ ਜੋ ਯਾਹਵੇਹ ਨੂੰ ਭੇਟ ਕੀਤੀ ਜਾਂਦੀ ਹੈ।
19“ਦੂਜੇ ਭੇਡੂ ਨੂੰ ਲੈ ਅਤੇ ਹਾਰੋਨ ਅਤੇ ਉਸਦੇ ਪੁੱਤਰ ਇਸ ਦੇ ਸਿਰ ਉੱਤੇ ਆਪਣੇ ਹੱਥ ਰੱਖਣ। 20ਇਸ ਭੇਡੂ ਨੂੰ ਵੱਢ ਕੇ ਅਤੇ ਉਸ ਦਾ ਕੁਝ ਲਹੂ ਲੈ ਕੇ ਹਾਰੋਨ ਅਤੇ ਉਸਦੇ ਪੁੱਤਰਾਂ ਦੇ ਸੱਜੇ ਕੰਨਾਂ ਦੇ ਸਿਰੇ ਉੱਤੇ, ਉਹਨਾਂ ਦੇ ਸੱਜੇ ਹੱਥਾਂ ਦੇ ਅੰਗੂਠਿਆਂ ਉੱਤੇ ਅਤੇ ਉਹਨਾਂ ਦੇ ਸੱਜੇ ਪੈਰਾਂ ਦੀਆਂ ਵੱਡੀਆਂ ਉਂਗਲੀਆਂ ਉੱਤੇ ਲਗਾਵੀ। ਫਿਰ ਜਗਵੇਦੀ ਦੇ ਆਲੇ-ਦੁਆਲੇ ਛਿੜਕ ਦੇਈ। 21ਅਤੇ ਜਗਵੇਦੀ ਤੋਂ ਕੁਝ ਲਹੂ ਅਤੇ ਮਸਹ ਕਰਨ ਵਾਲੇ ਤੇਲ ਵਿੱਚੋਂ ਕੁਝ ਲੈ ਕੇ ਹਾਰੋਨ ਅਤੇ ਉਸ ਦੇ ਬਸਤਰਾਂ ਉੱਤੇ ਅਤੇ ਉਸ ਦੇ ਪੁੱਤਰਾਂ ਅਤੇ ਉਹਨਾਂ ਦੇ ਕੱਪੜਿਆਂ ਉੱਤੇ ਛਿੜਕ ਦਿਓ। ਫਿਰ ਉਸਨੂੰ ਅਤੇ ਉਸਦੇ ਪੁੱਤਰਾਂ ਅਤੇ ਉਸਦੇ ਕੱਪੜਿਆਂ ਨੂੰ ਪਵਿੱਤਰ ਕੀਤਾ ਜਾਵੇਗਾ।
22“ਤੂੰ ਭੇਡੂ ਦੀ ਚਰਬੀ ਅਤੇ ਉਸਦੀ ਪੂਛ ਅਤੇ ਚਰਬੀ ਜਿਹੜੀ ਆਂਦਰਾਂ ਨੂੰ ਢੱਕਦੀ ਹੈ ਅਤੇ ਕਲੇਜੇ ਦੀ ਉੱਪਰਲੀ ਚਰਬੀ ਅਤੇ ਦੋਵੇਂ ਗੁਰਦੇ ਨਾਲੇ ਉਹ ਚਰਬੀ ਜਿਹੜੀ ਉਹਨਾਂ ਦੇ ਉੱਤੇ ਹੈ ਅਤੇ ਸੱਜੇ ਪੱਟ ਲਈ ਕਿਉਂਕਿ ਉਹ ਭੇਡੂ ਅਭਿਸ਼ੇਕ ਕਰਨ ਲਈ ਹੈ। 23ਪਤੀਰੀ ਰੋਟੀ ਦੀ ਟੋਕਰੀ ਵਿੱਚੋਂ ਬਿਨਾਂ ਖਮੀਰ ਤੋਂ ਬਣੀ ਹੋਈ, ਜੋ ਯਾਹਵੇਹ ਦੇ ਅੱਗੇ ਹੈ, ਇੱਕ ਗੋਲ ਰੋਟੀ, ਇੱਕ ਮੋਟੀ ਰੋਟੀ ਜ਼ੈਤੂਨ ਦੇ ਤੇਲ ਨਾਲ ਚੋਪੜੀ ਹੋਈ, ਅਤੇ ਇੱਕ ਪਤਲੀ ਰੋਟੀ ਲਓ। 24ਇਹ ਸਭ ਹਾਰੋਨ ਅਤੇ ਉਸਦੇ ਪੁੱਤਰਾਂ ਦੇ ਹੱਥਾਂ ਵਿੱਚ ਪਾਓ ਅਤੇ ਉਹਨਾਂ ਨੂੰ ਹਿਲਾਉਣ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਹਿਲਾਉਣ ਵਾਲੀ ਭੇਟ ਹੋਵੇ। 25ਫਿਰ ਉਹਨਾਂ ਨੂੰ ਉਹਨਾਂ ਦੇ ਹੱਥਾਂ ਤੋਂ ਲੈ ਲਵੋ ਅਤੇ ਜਗਵੇਦੀ ਉੱਤੇ ਹੋਮ ਦੀ ਬਲੀ ਉੱਤੇ ਸਾੜ ਦੇਈ, ਇਹ ਯਾਹਵੇਹ ਦੇ ਅੱਗੇ ਇੱਕ ਸੁਗੰਧਤਾ ਹੈ, ਅਤੇ ਯਾਹਵੇਹ ਅੱਗੇ ਇੱਕ ਅੱਗ ਦੀ ਭੇਟ ਹੈ। 26ਜਦੋਂ ਤੁਸੀਂ ਹਾਰੋਨ ਦੇ ਅਭਿਸ਼ੇਕ ਲਈ ਭੇਡੂ ਦੀ ਛਾਤੀ ਲੈ ਲਵੋ, ਤਾਂ ਇਸਨੂੰ ਹਿਲਾਉਣ ਦੀ ਭੇਟ ਵਜੋਂ ਯਾਹਵੇਹ ਦੇ ਅੱਗੇ ਹਿਲਾਓ, ਅਤੇ ਇਹ ਤੁਹਾਡਾ ਹਿੱਸਾ ਹੋਵੇਗਾ।
27“ਤੂੰ ਹਿਲਾਉਣ ਵਾਲੀ ਭੇਟ ਦੀ ਛਾਤੀ ਅਤੇ ਚੁਕਣ ਦੀ ਭੇਟ ਦਾ ਪੱਟ ਜਿਹੜਾ ਹਿਲਾਇਆ ਜਾਵੇ ਅਤੇ ਚੁਕਿਆਂ ਜਾਵੇ, ਹਾਰੋਨ ਅਤੇ ਉਸਦੇ ਪੁੱਤਰ ਭੇਡੂ ਦੇ ਉਹਨਾਂ ਹਿੱਸਿਆ ਨੂੰ ਅਭਿਸ਼ੇਕ ਲਈ ਪਵਿੱਤਰ ਕਰਨ। 28ਇਹ ਨਿਯਮ ਹਾਰੋਨ ਅਤੇ ਉਸਦੇ ਪੁੱਤਰਾਂ ਲਈ ਇਸਰਾਏਲੀਆਂ ਤੋਂ ਹਮੇਸ਼ਾ ਲਈ ਹਿੱਸਾ ਰਹੇਗਾ। ਇਹ ਉਹ ਯੋਗਦਾਨ ਹੈ ਜੋ ਇਸਰਾਏਲੀਆਂ ਨੇ ਆਪਣੀਆਂ ਸੰਗਤੀ ਭੇਟਾਂ ਤੋਂ ਯਾਹਵੇਹ ਨੂੰ ਦੇਣਾ ਹੈ।
29“ਹਾਰੋਨ ਦੇ ਪਵਿੱਤਰ ਬਸਤਰ ਉਸਦੇ ਉੱਤਰਾਧਿਕਾਰੀਆਂ ਦੇ ਹੋਣਗੇ ਤਾਂ ਜੋ ਉਹਨਾਂ ਨੂੰ ਮਸਹ ਕੀਤਾ ਜਾ ਸਕੇ ਅਤੇ ਉਹਨਾਂ ਵਿੱਚ ਨਿਯੁਕਤ ਕੀਤਾ ਜਾ ਸਕੇ। 30ਜਿਹੜਾ ਪੁੱਤਰ ਉਸ ਤੋਂ ਬਾਅਦ ਜਾਜਕ ਬਣੇ ਅਤੇ ਪਵਿੱਤਰ ਸਥਾਨ ਵਿੱਚ ਸੇਵਾ ਕਰਨ ਲਈ ਮੰਡਲੀ ਦੇ ਤੰਬੂ ਵਿੱਚ ਆਵੇ, ਉਸਨੂੰ ਸੱਤ ਦਿਨ ਪਹਿਨਣਾ ਚਾਹੀਦਾ ਹੈ।
31“ਅਭਿਸ਼ੇਕ ਕਰਨ ਲਈ ਭੇਡੂ ਨੂੰ ਲੈ ਜਾਓ ਅਤੇ ਮਾਸ ਨੂੰ ਇੱਕ ਪਵਿੱਤਰ ਸਥਾਨ ਵਿੱਚ ਪਕਾਓ। 32ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ, ਹਾਰੋਨ ਅਤੇ ਉਸਦੇ ਪੁੱਤਰ ਭੇਡੂ ਦਾ ਮਾਸ ਅਤੇ ਟੋਕਰੀ ਵਿੱਚ ਪਈ ਹੋਈ ਰੋਟੀ ਖਾਣ। 33ਉਹਨਾਂ ਨੂੰ ਇਹ ਭੇਟਾਂ ਖਾਣੀਆਂ ਚਾਹੀਦੀਆਂ ਹਨ ਜਿਨ੍ਹਾਂ ਦੁਆਰਾ ਉਹਨਾਂ ਦੇ ਨਿਯਮ ਅਤੇ ਪਵਿੱਤਰਤਾ ਲਈ ਪ੍ਰਾਸਚਿਤ ਕੀਤਾ ਗਿਆ ਸੀ। ਪਰ ਕੋਈ ਹੋਰ ਉਹਨਾਂ ਨੂੰ ਨਹੀਂ ਖਾ ਸਕਦਾ, ਕਿਉਂਕਿ ਉਹ ਪਵਿੱਤਰ ਹਨ। 34ਅਤੇ ਜੇਕਰ ਅਭਿਸ਼ੇਕ ਦਾ ਕੋਈ ਮਾਸ ਜਾਂ ਕੋਈ ਰੋਟੀ ਸਵੇਰ ਤੱਕ ਬਚ ਜਾਵੇ, ਤਾਂ ਉਸ ਨੂੰ ਸਾੜ ਦਿਓ। ਇਸ ਨੂੰ ਨਹੀਂ ਖਾਣਾ ਚਾਹੀਦਾ, ਕਿਉਂਕਿ ਇਹ ਪਵਿੱਤਰ ਹੈ।
35“ਹਾਰੋਨ ਅਤੇ ਉਸਦੇ ਪੁੱਤਰਾਂ ਲਈ ਉਹ ਸਭ ਕੁਝ ਕਰੋ ਜੋ ਮੈਂ ਤੁਹਾਨੂੰ ਹੁਕਮ ਦਿੱਤਾ ਹੈ, ਉਹਨਾਂ ਨੂੰ ਨਿਯੁਕਤ ਕਰਨ ਲਈ ਸੱਤ ਦਿਨ ਪਵਿੱਤਰ ਕਰੋ। 36ਪ੍ਰਾਸਚਿਤ ਕਰਨ ਲਈ ਪਾਪ ਦੀ ਭੇਟ ਵਜੋਂ ਹਰ ਰੋਜ਼ ਇੱਕ ਬਲਦ ਦੀ ਬਲੀ ਚੜ੍ਹਾਓ। ਇਸ ਦੇ ਲਈ ਪ੍ਰਾਸਚਿਤ ਕਰਕੇ ਜਗਵੇਦੀ ਨੂੰ ਸ਼ੁੱਧ ਕਰੋ, ਅਤੇ ਇਸ ਨੂੰ ਪਵਿੱਤਰ ਕਰਨ ਲਈ ਮਸਹ ਕਰੋ। 37ਸੱਤ ਦਿਨਾਂ ਤੱਕ ਜਗਵੇਦੀ ਤੇ ਭੇਟ ਚੜਾਉ ਅਤੇ ਇਸਨੂੰ ਪਵਿੱਤਰ ਕਰੋ। ਫਿਰ ਜਗਵੇਦੀ ਸਭ ਤੋਂ ਪਵਿੱਤਰ ਹੋਵੇਗੀ, ਅਤੇ ਜੋ ਵੀ ਇਸ ਨੂੰ ਛੂਹੇਗਾ ਉਹ ਪਵਿੱਤਰ ਹੋਵੇਗਾ।
38“ਇਹ ਉਹ ਚੀਜ਼ ਹੈ ਜੋ ਤੁਹਾਨੂੰ ਹਰ ਰੋਜ਼ ਲਗਾਤਾਰ ਜਗਵੇਦੀ ਉੱਤੇ ਇੱਕ ਸਾਲ ਦੇ ਦੋ ਲੇਲੇ ਚੜ੍ਹਾਉਣੇ ਹਨ। 39ਇੱਕ ਸਵੇਰੇ ਅਤੇ ਦੂਸਰਾ ਸ਼ਾਮ ਵੇਲੇ ਚੜ੍ਹਾਓ। 40ਪਹਿਲੇ ਲੇਲੇ ਦੇ ਨਾਲ ਸਭ ਤੋਂ ਵਧੀਆ ਆਟੇ ਦਾ ਦਸਵਾਂ ਹਿੱਸਾ ਜ਼ੈਤੂਨ ਦੇ ਤੇਲ ਦੇ ਇੱਕ ਚੌਥਾਈ ਵਿੱਚ ਮਿਲਾ ਕੇ ਅਤੇ ਇੱਕ ਚੌਥਾਈ ਹੀਨ ਦਾਖਰਸ ਪੀਣ ਦੀ ਭੇਟ ਵਜੋਂ ਚੜ੍ਹਾਓ। 41ਦੂਸਰਾ ਲੇਲਾ ਸ਼ਾਮ ਦੇ ਵੇਲੇ ਚੜ੍ਹਾਈ ਅਤੇ ਉਸ ਦੇ ਨਾਲ ਸਵੇਰ ਦੇ ਮੈਦੇ ਦੀ ਭੇਟ ਅਨੁਸਾਰ ਅਤੇ ਉਸ ਦੀ ਪੀਣ ਦੀ ਭੇਟ ਅਨੁਸਾਰ ਯਾਹਵੇਹ ਲਈ ਸੁਗੰਧਤਾ ਦੀ ਇੱਕ ਅੱਗ ਦੀ ਭੇਟ ਕਰਕੇ ਚੜ੍ਹਾਈ।
42“ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਹੋਮ ਦੀ ਭੇਟ ਸਦਾ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਤੇ, ਯਾਹਵੇਹ ਦੇ ਅੱਗੇ ਕੀਤੀ ਜਾਣੀ ਹੈ। ਉੱਥੇ ਮੈਂ ਤੁਹਾਨੂੰ ਮਿਲਾਂਗਾ ਅਤੇ ਤੁਹਾਡੇ ਨਾਲ ਗੱਲ ਕਰਾਂਗਾ। 43ਉੱਥੇ ਵੀ ਮੈਂ ਇਸਰਾਏਲੀਆਂ ਨੂੰ ਮਿਲਾਂਗਾ, ਅਤੇ ਉਹ ਸਥਾਨ ਮੇਰੀ ਮਹਿਮਾ ਨਾਲ ਪਵਿੱਤਰ ਕੀਤਾ ਜਾਵੇਗਾ।
44“ਇਸ ਲਈ ਮੈਂ ਮੰਡਲੀ ਦੇ ਤੰਬੂ ਅਤੇ ਜਗਵੇਦੀ ਨੂੰ ਪਵਿੱਤਰ ਕਰਾਂਗਾ ਅਤੇ ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਜਾਜਕਾਂ ਵਜੋਂ ਮੇਰੀ ਸੇਵਾ ਕਰਨ ਲਈ ਪਵਿੱਤਰ ਕਰਾਂਗਾ। 45ਫਿਰ ਮੈਂ ਇਸਰਾਏਲੀਆਂ ਵਿੱਚ ਵੱਸਾਂਗਾ ਅਤੇ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ। 46ਉਹ ਜਾਣ ਲੈਣਗੇ ਕਿ ਮੈਂ ਉਹਨਾਂ ਦਾ ਯਾਹਵੇਹ ਪਰਮੇਸ਼ਵਰ ਹਾਂ, ਜੋ ਉਹਨਾਂ ਨੂੰ ਮਿਸਰ ਵਿੱਚੋਂ ਬਾਹਰ ਲਿਆਇਆ ਤਾਂ ਜੋ ਮੈਂ ਉਹਨਾਂ ਵਿੱਚ ਵੱਸਾਂ। ਮੈਂ ਯਾਹਵੇਹ ਉਹਨਾਂ ਦਾ ਪਰਮੇਸ਼ਵਰ ਹਾਂ।