24
ਨੇਮ ਦੀ ਪੁਸ਼ਟੀ
1ਫਿਰ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਤੂੰ ਅਤੇ ਹਾਰੋਨ, ਨਾਦਾਬ ਅਤੇ ਅਬੀਹੂ ਅਤੇ ਇਸਰਾਏਲ ਦੇ ਸੱਤਰ ਬਜ਼ੁਰਗ ਯਾਹਵੇਹ ਦੇ ਕੋਲ ਉੱਪਰ ਆ ਕੇ ਦੂਰੋਂ ਖਲੋ ਕੇ ਯਾਹਵੇਹ ਅੱਗੇ ਮੱਥਾ ਟੇਕਣਾ, 2ਪਰ ਸਿਰਫ ਮੋਸ਼ੇਹ ਹੀ ਯਾਹਵੇਹ ਕੋਲ ਜਾਵੇ, ਬਾਕੀ ਨੇੜੇ ਨਾ ਆਉਣ ਅਤੇ ਉਹ ਲੋਕ ਵੀ ਜੋ ਉਸ ਦੇ ਨਾਲ ਹਨ ਉਤਾਹਾਂ ਨਾ ਆਉਣਗੇ।”
3ਜਦੋਂ ਮੋਸ਼ੇਹ ਨੇ ਜਾ ਕੇ ਲੋਕਾਂ ਨੂੰ ਯਾਹਵੇਹ ਦੇ ਸਾਰੇ ਬਚਨ ਅਤੇ ਕਾਨੂੰਨ ਦੱਸੇ, ਤਾਂ ਉਹਨਾਂ ਨੇ ਇੱਕ ਆਵਾਜ਼ ਵਿੱਚ ਜਵਾਬ ਦਿੱਤਾ, “ਜੋ ਕੁਝ ਯਾਹਵੇਹ ਨੇ ਕਿਹਾ ਹੈ ਅਸੀਂ ਉਹੀ ਕਰਾਂਗੇ।” 4ਮੋਸ਼ੇਹ ਨੇ ਫਿਰ ਉਹ ਸਭ ਕੁਝ ਲਿਖ ਦਿੱਤਾ ਜੋ ਯਾਹਵੇਹ ਨੇ ਕਿਹਾ ਸੀ।
ਅਗਲੀ ਸਵੇਰ ਉਹ ਉੱਠਿਆ ਅਤੇ ਪਹਾੜ ਦੇ ਪੈਰਾਂ ਵਿੱਚ ਇੱਕ ਜਗਵੇਦੀ ਬਣਾਈ ਅਤੇ ਇਸਰਾਏਲ ਦੇ ਬਾਰਾਂ ਗੋਤਾਂ ਨੂੰ ਦਰਸਾਉਣ ਵਾਲੇ ਬਾਰਾਂ ਪੱਥਰਾਂ ਦੇ ਥੰਮ੍ਹਾਂ ਨੂੰ ਸਥਾਪਿਤ ਕੀਤਾ। 5ਫਿਰ ਉਸ ਨੇ ਨੌਜਵਾਨ ਇਸਰਾਏਲੀ ਆਦਮੀਆਂ ਨੂੰ ਭੇਜਿਆ, ਅਤੇ ਉਹਨਾਂ ਨੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਵਜੋਂ ਜਵਾਨ ਬਲਦਾਂ ਨੂੰ ਯਾਹਵੇਹ ਦੇ ਅੱਗੇ ਚੜ੍ਹਾਇਆ। 6ਮੋਸ਼ੇਹ ਨੇ ਅੱਧਾ ਲਹੂ ਲੈ ਕੇ ਕਟੋਰਿਆਂ ਵਿੱਚ ਪਾ ਦਿੱਤਾ ਅਤੇ ਬਾਕੀ ਅੱਧਾ ਉਸ ਨੇ ਜਗਵੇਦੀ ਉੱਤੇ ਛਿੜਕਿਆ। 7ਫਿਰ ਉਸਨੇ ਨੇਮ ਦੀ ਪੋਥੀ ਚੁੱਕੀ ਅਤੇ ਲੋਕਾਂ ਨੂੰ ਪੜ੍ਹ ਕੇ ਸੁਣਾਈ। ਉਹਨਾਂ ਨੇ ਜਵਾਬ ਦਿੱਤਾ, “ਅਸੀਂ ਉਹ ਸਭ ਕੁਝ ਕਰਾਂਗੇ ਜੋ ਯਾਹਵੇਹ ਨੇ ਕਿਹਾ ਹੈ, ਅਸੀਂ ਮੰਨਾਂਗੇ।”
8ਮੋਸ਼ੇਹ ਨੇ ਫਿਰ ਲਹੂ ਲਿਆ, ਲੋਕਾਂ ਉੱਤੇ ਛਿੜਕਿਆ ਅਤੇ ਕਿਹਾ, “ਇਹ ਉਸ ਨੇਮ ਦਾ ਲਹੂ ਹੈ ਜੋ ਯਾਹਵੇਹ ਨੇ ਤੁਹਾਡੇ ਨਾਲ ਇਨ੍ਹਾਂ ਸਾਰੀਆਂ ਗੱਲਾਂ ਦੇ ਅਨੁਸਾਰ ਕੀਤਾ ਹੈ।”
9ਮੋਸ਼ੇਹ ਅਤੇ ਹਾਰੋਨ, ਨਾਦਾਬ ਅਤੇ ਅਬੀਹੂ ਅਤੇ ਇਸਰਾਏਲ ਦੇ ਸੱਤਰ ਆਗੂ ਪਹਾੜ ਉੱਤੇ ਚੜ੍ਹ ਗਏ 10ਅਤੇ ਇਸਰਾਏਲ ਦੇ ਪਰਮੇਸ਼ਵਰ ਨੂੰ ਦੇਖਿਆ। ਉਸ ਦੇ ਪੈਰਾਂ ਹੇਠ ਕੁਝ ਅਜਿਹਾ ਸੀ ਜਿਵੇਂ ਨੀਲਮ ਦੇ ਪੱਥਰਾਂ ਦਾ ਫਰਸ਼ ਅਤੇ ਉਸਦੀ ਚਮਕ ਅਕਾਸ਼ ਵਰਗੀ ਸੀ। 11ਪਰ ਪਰਮੇਸ਼ਵਰ ਨੇ ਇਸਰਾਏਲੀਆਂ ਦੇ ਇਨ੍ਹਾਂ ਆਗੂਆਂ ਦੇ ਵਿਰੁੱਧ ਆਪਣਾ ਹੱਥ ਨਹੀਂ ਉਠਾਇਆ, ਉਹਨਾਂ ਨੇ ਪਰਮੇਸ਼ਵਰ ਨੂੰ ਦੇਖਿਆ ਅਤੇ ਉਹਨਾਂ ਨੇ ਖਾਧਾ ਪੀਤਾ।
12ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, “ਫਿਰ ਮੇਰੇ ਕੋਲ ਪਹਾੜ ਉੱਤੇ ਆ ਅਤੇ ਇੱਥੇ ਠਹਿਰ, ਅਤੇ ਮੈਂ ਤੈਨੂੰ ਪੱਥਰ ਦੀਆਂ ਫੱਟੀਆਂ ਦੇ ਦਿਆਂਗਾ ਜਿਨ੍ਹਾਂ ਦੀ ਬਿਵਸਥਾ ਅਤੇ ਹੁਕਮ ਮੈਂ ਉਹਨਾਂ ਦੀ ਸਿੱਖਿਆ ਲਈ ਲਿਖੇ ਹਨ।”
13ਤਦ ਮੋਸ਼ੇਹ ਆਪਣੇ ਸਹਾਇਕ ਯੇਹੋਸ਼ੁਆ ਦੇ ਨਾਲ ਤੁਰ ਪਿਆ ਅਤੇ ਮੋਸ਼ੇਹ ਪਰਮੇਸ਼ਵਰ ਦੇ ਪਹਾੜ ਉੱਤੇ ਚੜ੍ਹ ਗਿਆ। 14ਉਸ ਨੇ ਬਜ਼ੁਰਗਾਂ ਨੂੰ ਕਿਹਾ, “ਸਾਡੇ ਲਈ ਇੱਥੇ ਇੰਤਜ਼ਾਰ ਕਰੋ ਜਦੋਂ ਤੱਕ ਅਸੀਂ ਤੁਹਾਡੇ ਕੋਲ ਵਾਪਸ ਨਹੀਂ ਆ ਜਾਂਦੇ। ਹਾਰੋਨ ਅਤੇ ਹੂਰ ਤੁਹਾਡੇ ਨਾਲ ਹਨ, ਅਤੇ ਜੇਕਰ ਕੋਈ ਗੱਲ ਹੋਵੇ ਤਾਂ ਤੁਸੀਂ ਉਹਨਾਂ ਕੋਲ ਜਾਣਾ।”
15ਜਦੋਂ ਮੋਸ਼ੇਹ ਪਹਾੜ ਉੱਤੇ ਚੜ੍ਹਿਆ, ਬੱਦਲ ਨੇ ਉਸ ਨੂੰ ਢੱਕ ਲਿਆ, 16ਅਤੇ ਯਾਹਵੇਹ ਦੀ ਮਹਿਮਾ ਸੀਨਾਈ ਪਹਾੜ ਤੇ ਟਿਕ ਗਈ। ਛੇ ਦਿਨਾਂ ਤੱਕ ਬੱਦਲ ਨੇ ਪਹਾੜ ਨੂੰ ਢੱਕਿਆ ਹੋਇਆ ਸੀ, ਅਤੇ ਸੱਤਵੇਂ ਦਿਨ ਯਾਹਵੇਹ ਨੇ ਮੋਸ਼ੇਹ ਨੂੰ ਬੱਦਲ ਦੇ ਅੰਦਰੋਂ ਬੁਲਾਇਆ। 17ਇਸਰਾਏਲੀਆਂ ਨੂੰ ਯਾਹਵੇਹ ਦੀ ਮਹਿਮਾ ਪਹਾੜ ਦੀ ਚੋਟੀ ਉੱਤੇ ਭਸਮ ਕਰਨ ਵਾਲੀ ਅੱਗ ਵਰਗੀ ਲੱਗਦੀ ਸੀ। 18ਫਿਰ ਮੋਸ਼ੇਹ ਪਹਾੜ ਉੱਤੇ ਚੜ੍ਹਦਿਆਂ ਹੀ ਬੱਦਲ ਵਿੱਚ ਦਾਖਲ ਹੋਇਆ ਅਤੇ ਉਹ ਚਾਲੀ ਦਿਨ ਅਤੇ ਚਾਲੀ ਰਾਤਾਂ ਪਹਾੜ ਉੱਤੇ ਰਿਹਾ।