23
ਨਿਆਂ ਅਤੇ ਰਹਿਮ ਦੇ ਕਾਨੂੰਨ
1“ਝੂਠੀਆਂ ਗੱਲਾਂ ਨਾ ਫੈਲਾਓ ਅਤੇ ਨਾ ਹੀ ਝੂਠੇ ਗਵਾਹ ਬਣ ਕੇ ਕਿਸੇ ਦੋਸ਼ੀ ਦੀ ਮਦਦ ਕਰੋ।
2“ਨਾ ਬੁਰਾਈ ਕਰਨ ਲਈ ਭੀੜ ਨਾਲ ਜੁੜੋ, ਨਾ ਹੀ ਝਗੜੇ ਵਿੱਚ ਭੀੜ ਨਾਲ ਝੂਠ ਬੋਲੋ। 3ਅਤੇ ਮੁਕੱਦਮੇ ਵਿੱਚ ਕਿਸੇ ਗਰੀਬ ਵਿਅਕਤੀ ਦਾ ਪੱਖਪਾਤ ਨਾ ਕਰੋ।
4“ਜੇ ਤੁਸੀਂ ਆਪਣੇ ਦੁਸ਼ਮਣ ਦੇ ਬਲਦ ਜਾਂ ਗਧੇ ਨੂੰ ਭਟਕਦਾ ਹੋਇਆ ਦੇਖਦੇ ਹੋ, ਤਾਂ ਉਸਨੂੰ ਵਾਪਸ ਕਰ ਦਿਓ। 5ਜੇ ਤੁਸੀਂ ਆਪਣੇ ਦੁਸ਼ਮਣ ਦੇ ਗਧੇ ਤੇ ਬਹੁਤ ਜ਼ਿਆਦਾ ਬੋਝ ਦੇਖਦੇ ਹੋ, ਤਾਂ ਇਸ ਨੂੰ ਉੱਥੇ ਨਾ ਛੱਡੋ ਅਤੇ ਬਲਕਿ ਤੁਸੀਂ ਇਸ ਵਿੱਚ ਉਹਨਾਂ ਦੀ ਮਦਦ ਕਰੋ।
6“ਇਹ ਸੋਚ ਕੇ ਇਨਸਾਫ਼ ਨੂੰ ਖਰਾਬ ਨਾ ਕਰੋ ਕਿ ਮੁਕੱਦਮਾ ਗਰੀਬ ਦਾ ਹੈ। 7ਝੂਠੇ ਦੋਸ਼ ਨਾਲ ਕੋਈ ਲੈਣਾ-ਦੇਣਾ ਨਾ ਰੱਖੋ ਅਤੇ ਕਿਸੇ ਨਿਰਦੋਸ਼ ਜਾਂ ਇਮਾਨਦਾਰ ਨੂੰ ਮੌਤ ਦੇ ਘਾਟ ਨਾ ਉਤਾਰੋ ਕਿਉਂ ਜੋ ਮੈਂ ਦੋਸ਼ੀ ਨੂੰ ਬਰੀ ਨਹੀਂ ਕਰਾਂਗਾ।
8“ਰਿਸ਼ਵਤ ਨਾ ਲਓ ਕਿਉਂਕਿ ਰਿਸ਼ਵਤ ਉਹਨਾਂ ਨੂੰ ਅੰਨ੍ਹਾ ਕਰ ਦਿੰਦੀ ਹੈ ਅਤੇ ਧਰਮੀਆਂ ਦੇ ਸ਼ਬਦਾ ਨੂੰ ਉਲਟਾ ਦਿੰਦੀਆਂ ਹਨ।
9“ਕਿਸੇ ਵਿਦੇਸ਼ੀ ਉੱਤੇ ਜ਼ੁਲਮ ਨਾ ਕਰੋ, ਤੁਸੀਂ ਖੁਦ ਜਾਣਦੇ ਹੋ ਕਿ ਪਰਦੇਸੀ ਹੋਣਾ ਕਿਹੋ ਜਿਹਾ ਮਹਿਸੂਸ ਹੁੰਦਾ ਹੈ, ਕਿਉਂਕਿ ਤੁਸੀਂ ਮਿਸਰ ਵਿੱਚ ਪਰਦੇਸੀ ਸੀ।
ਸਬਤ ਦੇ ਨਿਯਮ
10“ਛੇ ਸਾਲਾਂ ਤੱਕ ਤੁਸੀਂ ਆਪਣੇ ਖੇਤ ਵਿੱਚ ਬੀਜੋ ਅਤੇ ਫ਼ਸਲ ਵੱਢੋ, 11ਪਰ ਸੱਤਵੇਂ ਸਾਲ ਦੇ ਦੌਰਾਨ ਜ਼ਮੀਨ ਨੂੰ ਬਿਨਾਂ ਵਾਹੀ ਅਤੇ ਅਣਵਰਤੀ ਪਈ ਰਹਿਣ ਦਿਓ। ਫਿਰ ਤੁਹਾਡੇ ਲੋਕਾਂ ਵਿੱਚੋਂ ਗਰੀਬ ਲੋਕ ਉਸ ਵਿੱਚੋਂ ਭੋਜਨ ਪ੍ਰਾਪਤ ਕਰ ਸਕਦੇ ਹਨ, ਅਤੇ ਜੰਗਲੀ ਜਾਨਵਰ ਜੋ ਬਚਿਆ ਹੋਇਆ ਹੈ ਉਸਨੂੰ ਖਾ ਸਕਦੇ ਹਨ। ਆਪਣੇ ਅੰਗੂਰੀ ਬਾਗ ਅਤੇ ਜ਼ੈਤੂਨ ਦੇ ਬਾਗ ਨਾਲ ਵੀ ਅਜਿਹਾ ਹੀ ਕਰੋ।
12“ਛੇ ਦਿਨ ਆਪਣਾ ਕੰਮ ਕਰੋ, ਪਰ ਸੱਤਵੇਂ ਦਿਨ ਕੰਮ ਨਾ ਕਰੋ, ਤਾਂ ਜੋ ਤੁਹਾਡਾ ਬਲਦ ਅਤੇ ਤੁਹਾਡਾ ਗਧਾ ਅਰਾਮ ਕਰ ਸਕੇ, ਅਤੇ ਤੁਹਾਡੇ ਘਰ ਵਿੱਚ ਜੰਮਿਆ ਨੌਕਰ ਅਤੇ ਤੁਹਾਡੇ ਵਿੱਚ ਰਹਿਣ ਵਾਲਾ ਪਰਦੇਸੀ ਆਰਾਮ ਕਰ ਸਕੇ।
13“ਉਹ ਸਭ ਕੁਝ ਕਰਨ ਲਈ ਸਾਵਧਾਨ ਰਹੋ ਜੋ ਮੈਂ ਤੁਹਾਨੂੰ ਕਿਹਾ ਹੈ। ਹੋਰ ਦੇਵਤਿਆਂ ਨਾ ਨਾਮ ਨਾ ਜਪੋ, ਉਹਨਾਂ ਨੂੰ ਤੁਹਾਡੇ ਬੁੱਲ੍ਹਾਂ ਤੋਂ ਸੁਣਨ ਵੀ ਨਾ ਦਿਓ।
ਤਿੰਨ ਸਲਾਨਾ ਤਿਉਹਾਰ
14“ਸਾਲ ਵਿੱਚ ਤਿੰਨ ਵਾਰ ਤੁਸੀਂ ਮੇਰੇ ਲਈ ਇੱਕ ਤਿਉਹਾਰ ਮਨਾਉਣਾ ਹੈ।
15“ਪਤੀਰੀ ਰੋਟੀ ਦਾ ਤਿਉਹਾਰ ਮਨਾਓ ਅਤੇ ਸੱਤ ਦਿਨਾਂ ਤੱਕ ਬਿਨਾਂ ਖਮੀਰ ਦੀ ਰੋਟੀ ਖਾਓ, ਜਿਵੇਂ ਮੈਂ ਤੁਹਾਨੂੰ ਹੁਕਮ ਦਿੱਤਾ ਸੀ। ਇਹ ਅਵੀਵ ਦੇ ਮਹੀਨੇ ਵਿੱਚ ਨਿਸ਼ਚਿਤ ਸਮੇਂ ਉੱਤੇ ਕਰੋ ਕਿਉਂ ਜੋ ਤੁਸੀਂ ਉਸੇ ਮਹੀਨੇ ਮਿਸਰ ਵਿੱਚੋਂ ਨਿੱਕਲ ਆਏ ਹੋ।
“ਕੋਈ ਵੀ ਮੇਰੇ ਸਾਹਮਣੇ ਖਾਲੀ ਹੱਥ ਨਾ ਆਵੇ।
16“ਤੁਹਾਡੇ ਖੇਤ ਵਿੱਚ ਬੀਜੀ ਫ਼ਸਲ ਦੇ ਪਹਿਲੇ ਫਲਾਂ ਨਾਲ ਵਾਢੀ ਦਾ ਤਿਉਹਾਰ ਮਨਾਓ।
“ਸਾਲ ਦੇ ਅੰਤ ਵਿੱਚ ਇਕੱਠੇ ਹੋਣ ਦਾ ਤਿਉਹਾਰ ਮਨਾਓ, ਜਦੋਂ ਤੁਸੀਂ ਖੇਤ ਵਿੱਚੋਂ ਆਪਣੀਆਂ ਫ਼ਸਲਾਂ ਇਕੱਠੀਆਂ ਕਰਦੇ ਹੋ।
17“ਸਾਲ ਵਿੱਚ ਤਿੰਨ ਵਾਰ ਸਾਰੇ ਆਦਮੀ ਸਰਬਸ਼ਕਤੀਮਾਨ ਯਾਹਵੇਹ ਦੇ ਅੱਗੇ ਹਾਜ਼ਰ ਹੋਣ।
18“ਮੇਰੇ ਅੱਗੇ ਖਮੀਰ ਵਾਲੀ ਰੋਟੀ ਦੇ ਨਾਲ ਕੋਈ ਵੀ ਜਾਨਵਰ ਬਲੀ ਨਾ ਚੜ੍ਹਾਓ।
“ਮੇਰੇ ਤਿਉਹਾਰ ਦੀਆਂ ਭੇਟਾਂ ਦੀ ਚਰਬੀ ਸਵੇਰ ਤੱਕ ਨਾ ਰੱਖੀ ਜਾਵੇ।
19“ਆਪਣੀ ਜ਼ਮੀਨ ਦੇ ਸਭ ਤੋਂ ਉੱਤਮ ਫਲਾਂ ਨੂੰ ਯਾਹਵੇਹ ਆਪਣੇ ਪਰਮੇਸ਼ਵਰ ਦੇ ਘਰ ਲਿਆਓ।
“ਬੱਕਰੀ ਦੇ ਬੱਚੇ ਨੂੰ ਉਸਦੀ ਮਾਂ ਦੇ ਦੁੱਧ ਵਿੱਚ ਨਾ ਪਕਾਓ।
ਰਸਤਾ ਤਿਆਰ ਕਰਨ ਲਈ ਪਰਮੇਸ਼ਵਰ ਦਾ ਦੂਤ
20“ਵੇਖੋ, ਮੈਂ ਇੱਕ ਦੂਤ ਨੂੰ ਤੁਹਾਡੇ ਅੱਗੇ ਭੇਜ ਰਿਹਾ ਹਾਂ ਜੋ ਰਸਤੇ ਵਿੱਚ ਤੁਹਾਡੀ ਰਾਖੀ ਕਰੇਗਾ ਅਤੇ ਤੁਹਾਨੂੰ ਉਸ ਥਾਂ ਤੇ ਲੈ ਜਾਵੇਗਾ ਜਿਹੜਾ ਮੈਂ ਤਿਆਰ ਕੀਤਾ ਹੈ। 21ਉਸ ਵੱਲ ਧਿਆਨ ਦਿਓ ਅਤੇ ਸੁਣੋ ਕਿ ਉਹ ਕੀ ਕਹਿੰਦਾ ਹੈ। ਉਸ ਦੇ ਵਿਰੁੱਧ ਬਗਾਵਤ ਨਾ ਕਰੋ, ਉਹ ਤੁਹਾਡੀ ਬਗਾਵਤ ਨੂੰ ਮਾਫ਼ ਨਹੀਂ ਕਰੇਗਾ, ਕਿਉਂਕਿ ਮੇਰਾ ਨਾਮ ਉਸ ਵਿੱਚ ਹੈ। 22ਜੇ ਤੁਸੀਂ ਉਸ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣੋ ਅਤੇ ਉਹ ਸਭ ਕੁਝ ਕਰੋ ਜੋ ਮੈਂ ਆਖਦਾ ਹਾਂ, ਤਾਂ ਮੈਂ ਤੁਹਾਡੇ ਦੁਸ਼ਮਣਾਂ ਦਾ ਵੈਰੀ ਹੋਵਾਂਗਾ ਅਤੇ ਤੁਹਾਡੇ ਵਿਰੋਧੀਆਂ ਦਾ ਵਿਰੋਧ ਕਰਾਂਗਾ। 23ਮੇਰਾ ਦੂਤ ਤੁਹਾਡੇ ਅੱਗੇ-ਅੱਗੇ ਜਾਵੇਗਾ ਅਤੇ ਤੁਹਾਨੂੰ ਅਮੋਰੀਆਂ, ਹਿੱਤੀਆਂ, ਪਰਿੱਜ਼ੀਆਂ, ਕਨਾਨੀਆਂ, ਹਿੱਵੀਆਂ ਅਤੇ ਯਬੂਸੀਆਂ ਦੇ ਦੇਸ਼ ਵਿੱਚ ਲਿਆਵੇਗਾ ਅਤੇ ਮੈਂ ਉਹਨਾਂ ਨੂੰ ਮਿਟਾ ਦਿਆਂਗਾ। 24ਉਹਨਾਂ ਦੇ ਦੇਵਤਿਆਂ ਅੱਗੇ ਮੱਥਾ ਨਾ ਟੇਕੋ, ਨਾ ਉਹਨਾਂ ਦੀ ਪੂਜਾ ਕਰੋ ਅਤੇ ਨਾ ਹੀ ਉਹਨਾਂ ਵਰਗੇ ਕੰਮ ਕਰੋ। ਤੁਹਾਨੂੰ ਉਹਨਾਂ ਨੂੰ ਢਾਹ ਦੇਣਾ ਚਾਹੀਦਾ ਹੈ ਅਤੇ ਉਹਨਾਂ ਦੇ ਪਵਿੱਤਰ ਪੱਥਰਾਂ ਨੂੰ ਤੋੜ ਦੇਣਾ ਚਾਹੀਦਾ ਹੈ। 25ਯਾਹਵੇਹ ਆਪਣੇ ਪਰਮੇਸ਼ਵਰ ਦੀ ਅਰਾਧਨਾ ਕਰੋ, ਅਤੇ ਉਸ ਦੀ ਅਸੀਸ ਤੁਹਾਡੇ ਭੋਜਨ ਅਤੇ ਪਾਣੀ ਤੇ ਹੋਵੇਗੀ। ਮੈਂ ਤੁਹਾਡੇ ਵਿੱਚੋਂ ਬੀਮਾਰੀਆਂ ਨੂੰ ਦੂਰ ਕਰ ਦਿਆਂਗਾ। 26ਤੁਹਾਡੀ ਧਰਤੀ ਵਿੱਚ ਕਿਸੇ ਦਾ ਗਰਭ ਨਾ ਡਿੱਗੇਗਾ ਨਾ ਕੋਈ ਬਾਂਝ ਰਹੇਗੀ। ਮੈਂ ਤੈਨੂੰ ਪੂਰੀ ਉਮਰ ਦਿਆਂਗਾ।
27“ਮੈਂ ਆਪਣੇ ਦਹਿਸ਼ਤ ਨੂੰ ਤੁਹਾਡੇ ਅੱਗੇ ਭੇਜਾਂਗਾ ਅਤੇ ਹਰ ਉਸ ਕੌਮ ਨੂੰ ਉਲਝਣ ਵਿੱਚ ਪਾ ਦਿਆਂਗਾ ਜਿਸਦਾ ਤੁਸੀਂ ਸਾਹਮਣਾ ਕਰੋਗੇ। ਮੈਂ ਤੇਰੇ ਸਾਰੇ ਦੁਸ਼ਮਣਾਂ ਨੂੰ ਮੂੰਹ ਮੋੜ ਕੇ ਭੱਜਣ ਲਈ ਮਜਬੂਰ ਕਰ ਦਿਆਂਗਾ। 28ਮੈਂ ਹਿੱਵੀਆਂ, ਕਨਾਨੀਆਂ ਅਤੇ ਹਿੱਤੀਆਂ ਨੂੰ ਤੁਹਾਡੇ ਰਾਹ ਤੋਂ ਭਜਾਉਣ ਲਈ ਤੁਹਾਡੇ ਅੱਗੇ ਸਿੰਗ ਭੇਜਾਂਗਾ। 29ਪਰ ਮੈਂ ਉਹਨਾਂ ਨੂੰ ਇੱਕ ਸਾਲ ਵਿੱਚ ਨਹੀਂ ਕੱਢਾਂਗਾ, ਕਿਉਂਕਿ ਧਰਤੀ ਵਿਰਾਨ ਹੋ ਜਾਵੇਗੀ ਅਤੇ ਜੰਗਲੀ ਜਾਨਵਰ ਤੁਹਾਡੇ ਲਈ ਬਹੁਤ ਸਾਰੇ ਹੋਣਗੇ। 30ਹੌਲੀ-ਹੌਲੀ ਮੈਂ ਉਹਨਾਂ ਨੂੰ ਤੁਹਾਡੇ ਅੱਗੋਂ ਬਾਹਰ ਕੱਢ ਦਿਆਂਗਾ, ਜਦੋਂ ਤੱਕ ਤੁਸੀਂ ਜ਼ਮੀਨ ਉੱਤੇ ਕਬਜ਼ਾ ਕਰਨ ਲਈ ਕਾਫ਼ੀ ਨਹੀਂ ਹੋ ਜਾਂਦੇ।
31“ਮੈਂ ਲਾਲ ਸਾਗਰ ਤੋਂ ਫ਼ਲਿਸਤੀਆਂ ਦੇ ਸਾਗਰ#23:31 ਫ਼ਲਿਸਤੀਆਂ ਦੇ ਸਾਗਰ ਅਰਥਾਤ ਮਹਾਂਸਾਗਰ ਤੱਕ ਅਤੇ ਮਾਰੂਥਲ ਤੋਂ ਫ਼ਰਾਤ ਨਦੀ ਤੱਕ ਤੁਹਾਡੀਆਂ ਹੱਦਾਂ ਨੂੰ ਸਥਾਪਿਤ ਕਰਾਂਗਾ। ਮੈਂ ਫ਼ਲਿਸਤੀਆਂ ਲੋਕਾਂ ਨੂੰ ਤੁਹਾਡੇ ਹੱਥਾਂ ਵਿੱਚ ਦੇ ਦਿਆਂਗਾ ਜਿਹੜੇ ਦੇਸ਼ ਵਿੱਚ ਰਹਿੰਦੇ ਹਨ, ਅਤੇ ਤੁਸੀਂ ਉਹਨਾਂ ਨੂੰ ਆਪਣੇ ਅੱਗੋਂ ਬਾਹਰ ਕੱਢ ਦੇਵੋਂਗੇ। 32ਪਰ ਤੁਸੀਂ ਉਹਨਾਂ ਦੇ ਨਾਲ ਜਾਂ ਉਹਨਾਂ ਦੇ ਦੇਵਤਿਆਂ ਨਾਲ ਇਕਰਾਰਨਾਮਾ ਨਾ ਕਰਨ। 33ਉਹਨਾਂ ਨੂੰ ਆਪਣੇ ਦੇਸ਼ ਵਿੱਚ ਨਾ ਰਹਿਣ ਦਿਓ ਨਹੀਂ ਤਾਂ ਉਹ ਤੁਹਾਡੇ ਤੋਂ ਮੇਰੇ ਵਿਰੁੱਧ ਪਾਪ ਕਰਾਉਣਗੇ ਕਿਉਂ ਜੋ ਉਹਨਾਂ ਦੇ ਦੇਵਤਿਆਂ ਦੀ ਪੂਜਾ ਤੁਹਾਡੇ ਲਈ ਇੱਕ ਫਾਹੀ ਹੋਵੇਗੀ।”