Bible App logo
Search Icon

ਬਿਵਸਥਾ 12

12
ਉਪਾਸਨਾ ਦਾ ਇੱਕ ਹੀ ਸਥਾਨ
1ਇਹ ਉਹ ਫ਼ਰਮਾਨ ਅਤੇ ਕਾਨੂੰਨ ਹਨ ਜਿਨ੍ਹਾਂ ਦਾ ਤੁਸੀਂ ਉਸ ਧਰਤੀ ਵਿੱਚ ਪਾਲਣਾ ਕਰਨੀ ਅਤੇ ਧਿਆਨ ਰੱਖਣਾ ਹੈ ਜੋ ਯਾਹਵੇਹ ਤੁਹਾਡੇ ਪੁਰਖਿਆਂ ਦਾ ਪਰਮੇਸ਼ਵਰ, ਤੁਹਾਨੂੰ ਕਬਜ਼ਾ ਕਰਨ ਲਈ ਦਿੰਦਾ ਹੈ ਜਿੰਨਾ ਚਿਰ ਜਿਵੇਂ ਤੁਸੀਂ ਧਰਤੀ ਵਿੱਚ ਰਹਿੰਦੇ ਹੋ। 2ਜਿਨ੍ਹਾਂ ਕੌਮਾਂ ਨੂੰ ਤੁਸੀਂ ਕੱਢਣਾ ਹੈ, ਉਹਨਾਂ ਦੇ ਲੋਕ ਉੱਚੇ ਪਹਾੜਾਂ ਉੱਤੇ, ਟਿੱਲਿਆਂ ਉੱਤੇ, ਹਰੇਕ ਹਰੇ ਰੁੱਖ ਦੇ ਹੇਠ ਅਰਥਾਤ ਜਿਸ ਕਿਸੇ ਸਥਾਨ ਵਿੱਚ ਆਪਣੇ ਦੇਵਤਿਆਂ ਦੀ ਪੂਜਾ ਕਰਦੇ, ਤੁਸੀਂ ਉਹਨਾਂ ਸਥਾਨਾਂ ਦਾ ਪੂਰੀ ਤਰ੍ਹਾਂ ਨਾਲ ਨਾਸ ਕਰਨਾ ਹੈ। 3ਉਹਨਾਂ ਦੀਆਂ ਜਗਵੇਦੀਆਂ ਨੂੰ ਢਾਹ ਦਿਓ, ਉਹਨਾਂ ਦੇ ਪੱਥਰਾਂ ਨੂੰ ਭੰਨ ਸੁੱਟੋ ਅਤੇ ਉਹਨਾਂ ਦੇ ਅਸ਼ੇਰਾਹ ਦੇਵੀ ਦੇ ਥੰਮ੍ਹਾਂ ਨੂੰ ਅੱਗ ਵਿੱਚ ਸਾੜ ਦਿਓ ਅਤੇ ਉਹਨਾਂ ਦੇ ਦੇਵਤਿਆਂ ਦੀਆਂ ਮੂਰਤੀਆਂ ਨੂੰ ਵੱਢ ਸੁੱਟੋ ਅਤੇ ਉਹਨਾਂ ਥਾਵਾਂ ਤੋਂ ਉਹਨਾਂ ਦੇ ਨਾਮ ਮਿਟਾ ਦਿਓ।
4ਜਿਸ ਤਰੀਕੇ ਨਾਲ ਉਹ ਕਰਦੇ ਹਨ, ਉਸ ਤਰ੍ਹਾਂ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੀ ਮਹਿਮਾ ਨਾ ਕਰਨਾ। 5ਪਰ ਤੁਸੀਂ ਉਸ ਥਾਂ ਦੀ ਭਾਲ ਕਰੋ ਜੋ ਤੁਹਾਡਾ ਯਾਹਵੇਹ ਪਰਮੇਸ਼ਵਰ ਤੁਹਾਡੇ ਸਾਰੇ ਗੋਤਾਂ ਵਿੱਚੋਂ ਆਪਣਾ ਨਾਮ ਆਪਣੇ ਨਿਵਾਸ ਲਈ ਚੁਣੇਗਾ ਅਤੇ ਉਸ ਥਾਂ ਤੇ ਤੁਸੀਂ ਜਾਇਆ ਕਰਨਾ, 6ਉੱਥੇ ਆਪਣੀਆਂ ਹੋਮ ਦੀਆਂ ਭੇਟਾਂ, ਬਲੀਆਂ, ਆਪਣਾ ਦਸਵੰਧ ਅਤੇ ਖਾਸ ਸੁਗਾਤਾਂ, ਜਿਹੜੀਆਂ ਦੇਣ ਦੀ ਤੁਸੀਂ ਸੁੱਖਣਾ ਸੁੱਖੀ ਹੈ ਅਤੇ ਆਪਣੇ ਇੱਜੜ ਅਤੇ ਚੌਣੇ ਦੇ ਪਹਿਲੌਠੇ ਦੇ ਬੱਚਿਆ ਨੂੰ ਲਿਆਓ। 7ਉੱਥੇ ਤੁਸੀਂ ਅਤੇ ਤੁਹਾਡੇ ਪਰਿਵਾਰ ਯਾਹਵੇਹ ਆਪਣੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਖਾਓਗੇ ਅਤੇ ਹਰ ਉਸ ਚੀਜ਼ ਵਿੱਚ ਖੁਸ਼ੀ ਮਨਾਓਗੇ ਜਿਸ ਵਿੱਚ ਤੁਸੀਂ ਆਪਣਾ ਹੱਥ ਰੱਖਿਆ ਹੈ, ਕਿਉਂਕਿ ਤੁਹਾਡੇ ਯਾਹਵੇਹ ਨੇ ਤੁਹਾਨੂੰ ਅਸੀਸ ਦਿੱਤੀ ਹੈ।
8ਜਿਵੇਂ ਅਸੀਂ ਅੱਜ ਇੱਥੇ ਕਰਦੇ ਹਾਂ ਉੱਥੇ ਅਜਿਹਾ ਨਾ ਕਰਨਾ ਅਰਥਾਤ ਜੋ ਕੁਝ ਕਿਸੇ ਨੂੰ ਠੀਕ ਲੱਗਦਾ ਹੈ, ਉਹ ਉਹੀ ਕਰਦਾ ਹੈ। 9ਕਿਉਂਕਿ ਤੁਸੀਂ ਅਜੇ ਆਰਾਮ ਸਥਾਨ ਅਤੇ ਵਿਰਾਸਤ ਵਿੱਚ ਨਹੀਂ ਪਹੁੰਚੇ ਜੋ ਤੁਹਾਡਾ ਯਾਹਵੇਹ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ। 10ਪਰ ਤੁਸੀਂ ਯਰਦਨ ਪਾਰ ਕਰਕੇ ਉਸ ਧਰਤੀ ਵਿੱਚ ਵੱਸੋਗੇ ਜਿਹੜਾ ਤੁਹਾਡਾ ਯਾਹਵੇਹ ਪਰਮੇਸ਼ਵਰ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹੈ ਅਤੇ ਉਹ ਤੁਹਾਨੂੰ ਤੁਹਾਡੇ ਆਲੇ-ਦੁਆਲੇ ਦੇ ਸਾਰੇ ਦੁਸ਼ਮਣਾਂ ਤੋਂ ਅਰਾਮ ਦੇਵੇਗਾ ਤਾਂ ਜੋ ਤੁਸੀਂ ਸੁਰੱਖਿਅਤ ਰਹੋ। 11ਤਦ ਉਸ ਥਾਂ ਨੂੰ ਜਿੱਥੇ ਤੁਹਾਡਾ ਪਰਮੇਸ਼ਵਰ ਆਪਣੇ ਨਾਮ ਲਈ ਨਿਵਾਸ ਸਥਾਨ ਵਜੋਂ ਚੁਣੇਗਾ, ਉੱਥੇ ਤੁਸੀਂ ਉਹ ਸਭ ਕੁਝ ਲਿਆਉਣਾ ਹੈ ਜਿਸਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਜਿਵੇਂ ਕਿ ਤੁਹਾਡੀਆਂ ਹੋਮ ਦੀਆਂ ਭੇਟਾਂ, ਬਲੀਆਂ, ਤੁਹਾਡੇ ਦਸਵੰਧ, ਖਾਸ ਸੁਗਾਤਾਂ ਅਤੇ ਸਾਰੀਆਂ ਚੀਜ਼ਾਂ ਨਾਲੇ ਆਪਣੀਆਂ ਮਨ ਭਾਉਂਦੀਆਂ ਚੀਜ਼ਾਂ ਜੋ ਤੁਸੀਂ ਯਾਹਵੇਹ ਲਈ ਸੁੱਖਣਾ ਸੁੱਖੀਆਂ ਹਨ। 12ਅਤੇ ਉੱਥੇ ਯਾਹਵੇਹ ਤੁਹਾਡੇ ਪਰਮੇਸ਼ਵਰ ਦੇ ਅੱਗੇ ਖੁਸ਼ੀ ਮਨਾਓ, ਤੁਸੀਂ, ਤੁਹਾਡੇ ਪੁੱਤਰ ਅਤੇ ਧੀਆਂ, ਤੁਹਾਡੇ ਦਾਸ-ਦਾਸੀਆਂ ਅਤੇ ਤੁਹਾਡੇ ਨਗਰਾਂ ਦੇ ਲੇਵੀਆਂ ਨੂੰ ਜਿਨ੍ਹਾਂ ਦੀ ਆਪਣੀ ਕੋਈ ਵੰਡ ਜਾਂ ਵਿਰਾਸਤ ਨਹੀਂ ਹੈ। 13ਸਾਵਧਾਨ ਰਹੋ ਕਿ ਕਿਤੇ ਵੀ ਤੁਸੀਂ ਆਪਣੀ ਮਰਜ਼ੀ ਨਾਲ ਹੋਮ ਦੀਆਂ ਭੇਟਾਂ ਨਾ ਚੜ੍ਹਾਓ। 14ਉਹਨਾਂ ਨੂੰ ਸਿਰਫ ਉਸ ਥਾਂ ਉੱਤੇ ਚੜ੍ਹਾਓ ਜਿੱਥੇ ਯਾਹਵੇਹ ਤੁਹਾਡੇ ਗੋਤ ਵਿੱਚੋਂ ਕਿਸੇ ਇੱਕ ਨੂੰ ਚੁਣੇਗਾ, ਅਤੇ ਉੱਥੇ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰੋ ਜੋ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ।
15ਤਾਂ ਤੁਸੀਂ ਆਪਣੇ ਕਿਸੇ ਵੀ ਨਗਰ ਵਿੱਚ ਆਪਣੇ ਜਾਨਵਰਾਂ ਨੂੰ ਵੱਢੋ ਅਤੇ ਜਿੰਨਾ ਚਾਹੋ ਮਾਸ ਖਾ ਸਕਦੇ ਹੋ, ਜਿਵੇਂ ਕਿ ਉਹ ਚਿਕਾਰੇ ਜਾਂ ਹਿਰਨ ਦਾ ਹੋਵੇ, ਤੁਹਾਡੇ ਯਾਹਵੇਹ ਪਰਮੇਸ਼ਵਰ ਦੀ ਅਸੀਸ ਦੇ ਅਨੁਸਾਰ ਤੁਸੀਂ ਰਸਮੀ ਤੌਰ ਉੱਤੇ ਅਸ਼ੁੱਧ ਅਤੇ ਸ਼ੁੱਧ ਦੋਵੇਂ ਇਸਨੂੰ ਖਾ ਸਕਦੇ ਹਨ। 16ਪਰ ਤੁਹਾਨੂੰ ਖੂਨ ਨਹੀਂ ਖਾਣਾ ਚਾਹੀਦਾ। ਇਸਨੂੰ ਪਾਣੀ ਵਾਂਗ ਧਰਤੀ ਉੱਤੇ ਡੋਲ੍ਹ ਦਿਓ। 17ਤੁਸੀਂ ਆਪਣੇ ਨਗਰਾਂ ਵਿੱਚ ਆਪਣੇ ਅੰਨ ਅਤੇ ਨਵੀਂ ਦਾਖ਼ਰਸ ਅਤੇ ਜ਼ੈਤੂਨ ਦੇ ਤੇਲ ਦਾ ਦਸਵੰਧ, ਆਪਣੇ ਇੱਜੜਾਂ ਅਤੇ ਚੌਣੇ ਦੇ ਪਹਿਲੌਠੇ, ਜੋ ਕੁਝ ਤੁਸੀਂ ਦੇਣ ਦੀ ਸਹੁੰ ਖਾਧੀ ਹੈ, ਆਪਣੀ ਮਰਜ਼ੀ ਦੀਆਂ ਭੇਟਾਂ ਜਾਂ ਖਾਸ ਸੁਗਾਤਾਂ ਨੂੰ ਨਹੀਂ ਖਾਣਾ। 18ਇਸ ਦੀ ਬਜਾਏ, ਤੁਸੀਂ ਉਹਨਾਂ ਨੂੰ ਆਪਣੇ ਯਾਹਵੇਹ ਦੀ ਹਜ਼ੂਰੀ ਵਿੱਚ ਉਸ ਥਾਂ ਉੱਤੇ ਖਾਓ ਜਿੱਥੇ ਤੁਹਾਡਾ ਪਰਮੇਸ਼ਵਰ ਚੁਣੇਗਾ, ਤੁਸੀਂ, ਤੁਹਾਡੇ ਪੁੱਤਰ ਅਤੇ ਧੀਆਂ, ਤੁਹਾਡੇ ਦਾਸ-ਦਾਸੀਆਂ, ਤੁਹਾਡੇ ਕਸਬਿਆਂ ਦੇ ਲੇਵੀ, ਤੁਸੀਂ ਹਰ ਉਸ ਚੀਜ਼ ਵਿੱਚ ਜੋ ਤੁਸੀਂ ਆਪਣਾ ਹੱਥ ਰੱਖਦੇ ਹੋ, ਯਾਹਵੇਹ ਆਪਣੇ ਪਰਮੇਸ਼ਵਰ ਦੇ ਅੱਗੇ ਅਨੰਦ ਕਰਨਾ ਹੈ। 19ਧਿਆਨ ਰੱਖੋ ਕਿ ਜਿੰਨਾ ਚਿਰ ਤੁਸੀਂ ਆਪਣੇ ਦੇਸ਼ ਵਿੱਚ ਰਹਿੰਦੇ ਹੋ, ਲੇਵੀਆਂ ਨੂੰ ਕਦੇ ਨਾ ਭੁੱਲਿਓ।
20ਜਦੋਂ ਤੁਹਾਡੇ ਯਾਹਵੇਹ ਪਰਮੇਸ਼ਵਰ ਨੇ ਆਪਣੇ ਕੀਤੇ ਵਾਅਦੇ ਅਨੁਸਾਰ ਤੁਹਾਡੇ ਖੇਤਰ ਨੂੰ ਵੱਡਾ ਕੀਤਾ ਹੈ, ਅਤੇ ਤੁਸੀਂ ਮਾਸ ਨੂੰ ਲੋਚਦੇ ਹੋ ਅਤੇ ਕਹਿੰਦੇ ਹੋ, “ਮੈਨੂੰ ਕੁਝ ਮਾਸ ਚਾਹੀਦਾ ਹੈ,” ਤਾਂ ਤੁਸੀਂ ਇਸ ਵਿੱਚੋਂ ਜਿੰਨਾ ਚਾਹੋ ਖਾ ਸਕਦੇ ਹੋ। 21ਪਰ ਜੇਕਰ ਉਹ ਸਥਾਨ ਜਿਹੜਾ ਯਾਹਵੇਹ ਤੁਹਾਡਾ ਪਰਮੇਸ਼ਵਰ ਆਪਣਾ ਨਾਮ ਵਸਾਉਣ ਲਈ ਚੁਣੇਗਾ, ਤੁਹਾਡੇ ਤੋਂ ਬਹੁਤ ਦੂਰ ਹੋਵੇ ਤਾਂ ਤੁਸੀਂ ਆਪਣੇ ਇੱਜੜ ਅਤੇ ਚੌਣੇ ਵਿੱਚੋਂ ਜਿਹੜਾ ਯਾਹਵੇਹ ਨੇ ਤੁਹਾਨੂੰ ਦਿੱਤਾ, ਪਸ਼ੂ ਵੱਢ ਲੈਣਾ ਜਿਵੇਂ ਮੈਂ ਤੁਹਾਨੂੰ ਹੁਕਮ ਦਿੱਤਾ ਹੈ, ਅਤੇ ਆਪਣੇ ਫਾਟਕਾਂ ਦੇ ਅੰਦਰ ਆਪਣੇ ਮਨ ਦੀ ਇੱਛਾ ਅਨੁਸਾਰ ਖਾ ਲਿਆ ਕਰਿਓ। 22ਉਹਨਾਂ ਨੂੰ ਉਸੇ ਤਰ੍ਹਾਂ ਖਾਓ ਜਿਵੇਂ ਤੁਸੀਂ ਚਿਕਾਰੇ ਜਾਂ ਹਿਰਨ ਨੂੰ ਖਾਂਦੇ ਹੋ, ਰਸਮੀ ਤੌਰ ਉੱਤੇ ਅਸ਼ੁੱਧ ਅਤੇ ਸ਼ੁੱਧ ਦੋਵੇਂ ਖਾ ਸਕਦੇ ਹਨ। 23ਪਰ ਧਿਆਨ ਰੱਖੋ ਕਿ ਤੁਸੀਂ ਲਹੂ ਨਾ ਖਾਓ ਕਿਉਂ ਜੋ ਲਹੂ ਜੀਵਨ ਹੈ ਅਤੇ ਜੀਵਨ ਨੂੰ ਮਾਸ ਨਾਲ ਨਾ ਖਾਓ। 24ਤੁਹਾਨੂੰ ਲਹੂ ਨਹੀਂ ਖਾਣਾ ਚਾਹੀਦਾ, ਇਸਨੂੰ ਪਾਣੀ ਵਾਂਗ ਧਰਤੀ ਉੱਤੇ ਡੋਲ੍ਹ ਦਿਓ। 25ਆਪਣੀ ਭਲਾਈ ਲਈ ਅਤੇ ਤੁਹਾਡੇ ਤੋਂ ਬਾਅਦ ਆਪਣੇ ਬੱਚਿਆਂ ਲਈ ਤੁਸੀਂ ਖੂਨ ਨਹੀਂ ਖਾਓਗੇ, ਅਜਿਹਾ ਕਰਨ ਨਾਲ ਤੁਸੀਂ ਉਹ ਕਰੋਗੇ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਹੈ।
26ਪਰ ਤੁਸੀਂ ਆਪਣੀਆਂ ਪਵਿੱਤਰ ਚੀਜ਼ਾਂ ਅਤੇ ਜੋ ਕੁਝ ਵੀ ਦੇਣ ਦੀ ਸੁੱਖਣਾ ਖਾਧੀ ਹੈ ਲੈ ਜਾਓ ਅਤੇ ਉਸ ਥਾਂ ਨੂੰ ਜਾਓ ਜਿਸ ਨੂੰ ਯਾਹਵੇਹ ਚੁਣੇਗਾ। 27ਆਪਣੀਆਂ ਹੋਮ ਦੀਆਂ ਭੇਟਾਂ ਆਪਣੇ ਪਰਮੇਸ਼ਵਰ ਯਾਹਵੇਹ ਦੀ ਜਗਵੇਦੀ ਉੱਤੇ ਚੜ੍ਹਾਓ, ਮਾਸ ਅਤੇ ਲਹੂ ਦੋਵੇਂ ਅਤੇ ਤੁਹਾਡੀਆਂ ਬਲੀਆਂ ਦਾ ਲਹੂ ਤੁਹਾਡੇ ਪਰਮੇਸ਼ਵਰ ਦੀ ਜਗਵੇਦੀ ਦੇ ਕੋਲ ਡੋਲ੍ਹਿਆ ਜਾਣਾ ਚਾਹੀਦਾ ਹੈ, ਪਰ ਤੁਸੀਂ ਮਾਸ ਖਾ ਸਕਦੇ ਹੋ। 28ਇਨ੍ਹਾਂ ਸਾਰੀਆਂ ਬਿਧੀਆਂ ਦੀ ਪਾਲਣਾ ਕਰਨ ਵਿੱਚ ਜੋ ਮੈਂ ਤੁਹਾਨੂੰ ਦਿੰਦਾ ਹਾਂ ਧਿਆਨ ਨਾਲ ਰੱਖੋ ਤਾਂ ਜੋ ਤੁਹਾਡੇ ਤੋਂ ਬਾਅਦ ਤੁਹਾਡੇ ਅਤੇ ਤੁਹਾਡੇ ਬੱਚਿਆਂ ਦਾ ਹਮੇਸ਼ਾ ਭਲਾ ਹੋਵੇ ਕਿਉਂਕਿ ਤੁਸੀਂ ਉਹ ਕੰਮ ਕਰੋਗੇ ਜੋ ਯਾਹਵੇਹ ਤੁਹਾਡੇ ਪਰਮੇਸ਼ਵਰ ਦੀ ਨਿਗਾਹ ਵਿੱਚ ਚੰਗਾ ਅਤੇ ਸਹੀ ਹੈ।
29ਤੁਹਾਡਾ ਯਾਹਵੇਹ ਪਰਮੇਸ਼ਵਰ ਤੁਹਾਡੇ ਅੱਗੇ ਉਹਨਾਂ ਕੌਮਾਂ ਨੂੰ ਵੱਢ ਸੁੱਟੇਗਾ ਜਿਨ੍ਹਾਂ ਉੱਤੇ ਤੁਸੀਂ ਹਮਲਾ ਕਰਨ ਜਾ ਰਹੇ ਹੋ। ਪਰ ਜਦੋਂ ਤੁਸੀਂ ਉਹਨਾਂ ਨੂੰ ਬਾਹਰ ਕੱਢ ਦੇਵੋਗੇ ਤਾਂ ਉਹਨਾਂ ਦੇ ਦੇਸ਼ ਵਿੱਚ ਵੱਸ ਜਾਓ, 30ਅਤੇ ਜਦੋਂ ਉਹ ਤੁਹਾਡੇ ਸਾਮ੍ਹਣੇ ਤਬਾਹ ਹੋ ਜਾਣ, ਤਾਂ ਸਾਵਧਾਨ ਰਹੋ ਕਿ ਤੁਸੀਂ ਉਹਨਾਂ ਦੇ ਦੇਵਤਿਆਂ ਬਾਰੇ ਪੁੱਛ-ਗਿੱਛ ਕਰਦੇ ਹੋਏ ਨਾ ਫਸੋ, “ਇਹ ਕੌਮਾਂ ਆਪਣੇ ਦੇਵਤਿਆਂ ਦੀ ਸੇਵਾ ਕਿਵੇਂ ਕਰਦੀਆਂ ਹਨ? ਅਸੀਂ ਵੀ ਅਜਿਹਾ ਹੀ ਕਰਾਂਗੇ।” 31ਤੁਹਾਨੂੰ ਯਾਹਵੇਹ ਆਪਣੇ ਪਰਮੇਸ਼ਵਰ ਦੀ ਉਹਨਾਂ ਦੇ ਤਰੀਕੇ ਨਾਲ ਉਪਾਸਨਾ ਨਹੀਂ ਕਰਨੀ ਚਾਹੀਦੀ ਕਿਉਂਕਿ ਉਹ ਆਪਣੇ ਦੇਵਤਿਆਂ ਦੀ ਉਪਾਸਨਾ ਕਰਦੇ ਹੋਏ ਹਰ ਤਰ੍ਹਾਂ ਦੇ ਘਿਣਾਉਣੇ ਕੰਮ ਕਰਦੇ ਹਨ ਯਾਹਵੇਹ ਜਿਨ੍ਹਾਂ ਨੂੰ ਨਫ਼ਰਤ ਕਰਦਾ ਹੈ। ਇੱਥੋਂ ਤੱਕ ਕਿ ਉਹ ਆਪਣੇ ਦੇਵਤਿਆਂ ਨੂੰ ਬਲੀਆਂ ਵਜੋਂ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਅੱਗ ਵਿੱਚ ਸਾੜ ਦਿੰਦੇ ਹਨ।
32ਜਿਹੜੇ ਹੁਕਮ ਮੈਂ ਤੁਹਾਨੂੰ ਦਿੰਦਾ ਹਾਂ ਤੁਸੀਂ ਉਹਨਾਂ ਦੀ ਪਾਲਣਾ ਕਰਨਾ ਇਨ੍ਹਾਂ ਵਿੱਚੋਂ ਨਾ ਕੁਝ ਵਧਾਓ ਨਾ ਕੁਝ ਘਟਾਓ।

Currently Selected:

ਬਿਵਸਥਾ 12: PCB

Highlight

Copy

Compare

Share

None

Want to have your highlights saved across all your devices? Sign up or sign in