Bible App logo
Search Icon

ਬਿਵਸਥਾ 11

11
ਯਾਹਵੇਹ ਨੂੰ ਪਿਆਰ ਕਰੋ ਅਤੇ ਉਸ ਦੀ ਪਾਲਣਾ ਕਰੋ
1ਯਾਹਵੇਹ ਆਪਣੇ ਪਰਮੇਸ਼ਵਰ ਨੂੰ ਪਿਆਰ ਕਰੋ ਅਤੇ ਉਸ ਦੀਆਂ ਬਿਧੀਆਂ, ਉਸ ਦੇ ਹੁਕਮਾਂ, ਉਸ ਦੇ ਕਾਨੂੰਨਾਂ ਅਤੇ ਉਸ ਦੇ ਨਿਰਦੇਸ਼ਾਂ ਦੀ ਹਮੇਸ਼ਾ ਪਾਲਣਾ ਕਰੋ। 2ਅੱਜ ਯਾਦ ਰੱਖੋ ਕਿ ਤੁਹਾਡੇ ਬੱਚੇ ਉਹ ਨਹੀਂ ਹਨ ਜਿਨ੍ਹਾਂ ਨੇ ਯਾਹਵੇਹ ਤੁਹਾਡੇ ਪਰਮੇਸ਼ਵਰ ਦੇ ਅਨੁਸ਼ਾਸਨ ਨੂੰ ਦੇਖਿਆ ਅਤੇ ਨਾ ਅਨੁਭਵ ਕੀਤਾ, ਨਾ ਉਸਦੀ ਮਹਿਮਾ, ਨਾ ਉਸਦੇ ਸ਼ਕਤੀਸ਼ਾਲੀ ਹੱਥ ਨੂੰ, ਨਾ ਉਸਦੀ ਫੈਲੀ ਹੋਈ ਬਾਂਹ ਨੂੰ ਵੇਖਿਆ, 3ਨਾਲ ਹੀ ਉਸ ਦੇ ਨਿਸ਼ਾਨ ਅਤੇ ਉਸ ਦੇ ਕੰਮ ਜਿਹੜੇ ਉਸ ਨੇ ਮਿਸਰ ਵਿੱਚ ਉੱਥੋਂ ਦੇ ਰਾਜੇ ਫ਼ਿਰਾਊਨ ਅਤੇ ਉਸ ਦੇ ਦੇਸ਼ ਨਾਲ ਕੀਤੇ। 4ਉਸ ਨੇ ਮਿਸਰ ਦੀ ਫ਼ੌਜ ਨਾਲ, ਉਸ ਦੇ ਘੋੜਿਆਂ ਅਤੇ ਰਥਾਂ ਨਾਲ ਕੀ ਕੀਤਾ, ਕਿਵੇਂ ਉਸ ਨੇ ਲਾਲ ਸਾਗਰ ਦੇ ਪਾਣੀਆਂ ਨਾਲ ਉਹਨਾਂ ਨੂੰ ਦੱਬ ਦਿੱਤਾ ਜਦੋਂ ਉਹ ਤੁਹਾਡਾ ਪਿੱਛਾ ਕਰ ਰਹੇ ਸਨ ਅਤੇ ਕਿਵੇਂ ਯਾਹਵੇਹ ਨੇ ਉਹਨਾਂ ਉੱਤੇ ਸਦਾ ਲਈ ਤਬਾਹੀ ਲਿਆਂਦੀ। 5ਇਹ ਤੁਹਾਡੇ ਬੱਚਿਆਂ ਨੇ ਨਹੀਂ ਸੀ ਵੇਖਿਆ ਕਿ ਉਸ ਨੇ ਉਜਾੜ ਵਿੱਚ ਤੁਹਾਡੇ ਲਈ ਕੀ ਕੀਤਾ ਜਦ ਤੱਕ ਤੁਸੀਂ ਇਸ ਸਥਾਨ ਉੱਤੇ ਨਾ ਪਹੁੰਚੇ। 6ਅਤੇ ਉਸ ਨੇ ਅਲੀਆਬ ਰਊਬੇਨੀ ਦੇ ਪੁੱਤਰਾਂ ਦਾਥਾਨ ਅਤੇ ਅਬੀਰਾਮ ਨਾਲ ਕੀ ਕੀਤਾ, ਜਦੋਂ ਧਰਤੀ ਨੇ ਸਾਰੇ ਇਸਰਾਏਲ ਦੇ ਵਿਚਕਾਰ ਆਪਣਾ ਮੂੰਹ ਖੋਲ੍ਹਿਆ ਅਤੇ ਉਹਨਾਂ ਨੂੰ ਉਹਨਾਂ ਦੇ ਘਰਾਣਿਆਂ, ਉਹਨਾਂ ਦੇ ਤੰਬੂਆਂ ਅਤੇ ਉਹਨਾਂ ਦੇ ਸਾਰੇ ਜੀਵਾਂ ਨੂੰ ਨਿਗਲ ਲਿਆ। 7ਪਰ ਇਹ ਸਭ ਤੁਹਾਡੀਆਂ ਆਪਣੀਆਂ ਅੱਖਾਂ ਸਨ ਜਿਨ੍ਹਾਂ ਨੇ ਇਹ ਸਾਰੀਆਂ ਮਹਾਨ ਗੱਲਾਂ ਵੇਖੀਆਂ ਹਨ ਜੋ ਯਾਹਵੇਹ ਨੇ ਕੀਤੀਆਂ ਹਨ।
8ਸੋ ਤੁਸੀਂ ਸਾਰੇ ਹੁਕਮਾਂ ਦੀ ਪਾਲਨਾ ਕਰੋ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਤਾਂ ਜੋ ਤੁਸੀਂ ਅੰਦਰ ਜਾ ਕੇ ਉਸ ਧਰਤੀ ਉੱਤੇ ਕਬਜ਼ਾ ਕਰਨ ਦੀ ਤਾਕਤ ਪ੍ਰਾਪਤ ਕਰੋ ਜਿਸ ਉੱਤੇ ਤੁਸੀਂ ਕਬਜ਼ਾ ਕਰਨ ਲਈ ਯਰਦਨ ਦੇ ਪਾਰ ਜਾ ਰਹੇ ਹੋ, 9ਅਤੇ ਇਸ ਲਈ ਤੁਹਾਡੀ ਉਮਰ ਉਸ ਧਰਤੀ ਵਿੱਚ ਬਹੁਤ ਲੰਬੀ ਹੋਵੇ, ਜੋ ਯਾਹਵੇਹ ਨੇ ਤੁਹਾਡੇ ਪੁਰਖਿਆਂ ਨੂੰ ਅਤੇ ਉਹਨਾਂ ਦੇ ਉੱਤਰਾਧਿਕਾਰੀਆਂ ਨੂੰ ਦੇਣ ਦੀ ਸਹੁੰ ਖਾਧੀ ਸੀ, ਇੱਕ ਅਜਿਹੀ ਧਰਤੀ ਹੈ ਜਿਸ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ। 10ਜਿਸ ਧਰਤੀ ਉੱਤੇ ਤੁਸੀਂ ਕਬਜ਼ਾ ਕਰਨ ਲਈ ਜਾ ਰਹੇ ਹੋ, ਉਹ ਮਿਸਰ ਦੀ ਧਰਤੀ ਵਰਗਾ ਨਹੀਂ ਹੈ, ਜਿਸ ਤੋਂ ਤੁਸੀਂ ਆਏ ਹੋ, ਜਿੱਥੇ ਤੁਸੀਂ ਆਪਣਾ ਬੀਜ ਬੀਜਦੇ ਸੀ ਅਤੇ ਸਾਗ ਪੱਤ ਦੀ ਕਿਆਰੀ ਵਾਂਗੂੰ ਆਪਣੇ ਪੈਰ ਨਾਲ ਨਾਲੀਆਂ ਬਣਾ ਕੇ ਪਾਣੀ ਦਿੰਦੇ ਸੀ। 11ਪਰ ਜਿਸ ਧਰਤੀ ਉੱਤੇ ਤੁਸੀਂ ਕਬਜ਼ਾ ਕਰਨ ਲਈ ਯਰਦਨ ਦੇ ਪਾਰ ਜਾ ਰਹੇ ਹੋ, ਉਹ ਪਹਾੜਾਂ ਅਤੇ ਵਾਦੀਆਂ ਦੀ ਧਰਤੀ ਹੈ ਜੋ ਅਕਾਸ਼ ਤੋਂ ਵਰਖਾ ਦਾ ਪਾਣੀ ਪੀਂਦੀਆਂ ਹਨ। 12ਇਹ ਇੱਕ ਅਜਿਹੀ ਧਰਤੀ ਹੈ, ਜਿਸ ਦਾ ਯਾਹਵੇਹ ਤੁਹਾਡਾ ਪਰਮੇਸ਼ਵਰ ਧਿਆਨ ਰੱਖਦਾ ਹੈ ਅਤੇ ਜਿਸ ਤੇ ਯਾਹਵੇਹ ਤੁਹਾਡੇ ਪਰਮੇਸ਼ਵਰ ਦੀ ਨਜ਼ਰ ਸਾਲ ਦੇ ਅਰੰਭ ਤੋਂ ਲੈ ਕੇ ਸਾਲ ਦੇ ਅੰਤ ਤੱਕ ਲੱਗੀ ਰਹਿੰਦੀ ਹੈ।
13ਇਸ ਲਈ ਜੇਕਰ ਤੁਸੀਂ ਵਫ਼ਾਦਾਰੀ ਨਾਲ ਉਹਨਾਂ ਹੁਕਮਾਂ ਦੀ ਪਾਲਣਾ ਕਰੋ ਜੋ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ, ਅਤੇ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਪਿਆਰ ਕਰੋ ਅਤੇ ਆਪਣੇ ਸਾਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਉਸਦੀ ਸੇਵਾ ਕਰੋ। 14ਤਦ ਮੈਂ ਤੁਹਾਡੀ ਧਰਤੀ ਉੱਤੇ ਪਤਝੜ ਅਤੇ ਬਸੰਤ ਰੁੱਤ ਵਿੱਚ ਮੀਂਹ ਵਰ੍ਹਾਵਾਂਗਾ, ਤਾਂ ਜੋ ਤੁਸੀਂ ਆਪਣੇ ਅੰਨ, ਨਵੀਂ ਦਾਖ਼ਰਸ ਜ਼ੈਤੂਨ ਦੇ ਤੇਲ ਨੂੰ ਇਕੱਠਾ ਕਰ ਸਕੋ। 15ਮੈਂ ਤੁਹਾਡੇ ਪਸ਼ੂਆਂ ਲਈ ਖੇਤਾਂ ਵਿੱਚ ਘਾਹ ਦਿਆਂਗਾ ਅਤੇ ਤੁਸੀਂ ਰੱਜ ਕੇ ਖਾਓਗੇ।
16ਸਾਵਧਾਨ ਰਹੋ, ਕਿਤੇ ਅਜਿਹਾ ਨਾ ਹੋਵੇ ਤੁਸੀਂ ਹੋਰ ਦੇਵਤਿਆਂ ਦੀ ਉਪਾਸਨਾ ਕਰਨ ਅਤੇ ਉਹਨਾਂ ਨੂੰ ਮੱਥਾ ਟੇਕਣ ਲੱਗ ਜਾਓ। 17ਤਦ ਯਾਹਵੇਹ ਦਾ ਕ੍ਰੋਧ ਤੁਹਾਡੇ ਉੱਤੇ ਭੜਕੇਗਾ ਅਤੇ ਉਹ ਅਕਾਸ਼ ਨੂੰ ਬੰਦ ਕਰ ਦੇਵੇਗਾ ਤਾਂ ਜੋ ਮੀਂਹ ਨਾ ਪਵੇ ਅਤੇ ਜ਼ਮੀਨ ਵਿੱਚ ਕੋਈ ਉਪਜ ਨਾ ਹੋਵੇ ਅਤੇ ਤੁਸੀਂ ਛੇਤੀ ਹੀ ਚੰਗੀ ਧਰਤੀ ਤੋਂ ਨਾਸ ਹੋ ਜਾਓਗੇ, ਜੋ ਯਾਹਵੇਹ ਤੁਹਾਨੂੰ ਦੇ ਰਿਹਾ ਹੈ। 18ਮੇਰੀਆਂ ਇਨ੍ਹਾਂ ਗੱਲਾਂ ਨੂੰ ਆਪਣੇ ਦਿਲਾਂ ਅਤੇ ਜਾਨਾਂ ਵਿੱਚ ਪੱਕਾ ਰੱਖੋ। ਉਹਨਾਂ ਨੂੰ ਨਿਸ਼ਾਨੀਆਂ ਲਈ ਆਪਣੇ ਹੱਥ ਉੱਤੇ ਬੰਨ੍ਹਣਾ ਅਤੇ ਉਹ ਤੁਹਾਡੀਆਂ ਅੱਖਾਂ ਦੇ ਵਿਚਕਾਰ ਟਿੱਕੇ ਵਾਂਗ ਹੋਣ। 19ਉਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਾਓ ਅਤੇ ਉਹਨਾਂ ਬਾਰੇ ਗੱਲ ਕਰੋ ਜਦੋਂ ਤੁਸੀਂ ਘਰ ਵਿੱਚ ਬੈਠਦੇ ਹੋ ਅਤੇ ਜਦੋਂ ਤੁਸੀਂ ਰਾਹ ਵਿੱਚ ਤੁਰਦੇ ਹੋ, ਜਦੋਂ ਤੁਸੀਂ ਲੇਟਦੇ ਹੋ ਅਤੇ ਜਦੋਂ ਤੁਸੀਂ ਉੱਠਦੇ ਹੋ। 20ਉਹਨਾਂ ਨੂੰ ਆਪਣੇ ਘਰਾਂ ਦੇ ਦਰਵਾਜ਼ੇ ਅਤੇ ਚੁਗਾਠਾਂ ਉੱਤੇ ਲਿਖੋ। 21ਤਾਂ ਜੋ ਤੁਹਾਡੇ ਦਿਨ ਅਤੇ ਤੁਹਾਡੇ ਬੱਚਿਆ ਦੇ ਦਿਨ ਉਸ ਧਰਤੀ ਉੱਤੇ ਬਹੁਤ ਹੋਣ ਜੋ ਯਾਹਵੇਹ ਨੇ ਤੁਹਾਡੇ ਪੁਰਖਿਆਂ ਨੂੰ ਦੇਣ ਦੀ ਸਹੁੰ ਖਾਧੀ ਸੀ, ਜਦ ਤੱਕ ਅਕਾਸ਼ ਅਤੇ ਧਰਤੀ ਬਣੀ ਰਹੇ ਤਦ ਤੱਕ ਉਹ ਵੀ ਬਣੇ ਰਹਿਣ।
22ਜੇਕਰ ਤੁਸੀਂ ਇਨ੍ਹਾਂ ਸਾਰੇ ਹੁਕਮਾਂ ਦੀ ਧਿਆਨ ਨਾਲ ਪਾਲਣਾ ਕਰਕੇ ਪੂਰਾ ਕਰੋ, ਜੋ ਮੈਂ ਤੁਹਾਨੂੰ ਦੇ ਰਿਹਾ ਹਾਂ ਅਤੇ ਯਾਹਵੇਹ ਆਪਣੇ ਪਰਮੇਸ਼ਵਰ ਨੂੰ ਪਿਆਰ ਕਰੋ, ਉਸਦੀ ਆਗਿਆਕਾਰੀ ਵਿੱਚ ਚੱਲੋ ਅਤੇ ਉਸਨੂੰ ਫੜੀ ਰੱਖੋ 23ਯਾਹਵੇਹ ਇਨ੍ਹਾਂ ਸਾਰੀਆਂ ਕੌਮਾਂ ਨੂੰ ਤੁਹਾਡੇ ਅੱਗੇ ਤੋਂ ਬਾਹਰ ਕੱਢ ਦੇਵੇਗਾ, ਅਤੇ ਤੁਸੀਂ ਆਪਣੇ ਨਾਲੋਂ ਵੱਡੀਆਂ ਅਤੇ ਤਾਕਤਵਰ ਕੌਮਾਂ ਉੱਤੇ ਕਬਜ਼ਾ ਕਰੋਗੇ। 24ਹਰ ਉਹ ਥਾਂ ਜਿੱਥੇ ਤੁਹਾਡੇ ਪੈਰ ਰੱਖੇ ਜਾਣਗੇ ਤੁਹਾਡਾ ਹੋਵੇਗਾ, ਤੁਹਾਡਾ ਇਲਾਕਾ ਮਾਰੂਥਲ ਤੋਂ ਲੈ ਕੇ ਲਬਾਨੋਨ ਤੱਕ ਅਤੇ ਫ਼ਰਾਤ ਨਦੀ ਤੋਂ ਲੈ ਕੇ ਮਹਾ ਸਾਗਰ#11:24 ਮਹਾ ਸਾਗਰ ਅਰਥਾਤ: ਭੂਮੱਧ ਸਾਗਰ ਤੱਕ ਹੋਵੇਗਾ। 25ਕੋਈ ਵੀ ਤੁਹਾਡੇ ਵਿਰੁੱਧ ਖੜ੍ਹਾ ਨਹੀਂ ਹੋ ਸਕੇਗਾ। ਤੁਹਾਡਾ ਯਾਹਵੇਹ ਪਰਮੇਸ਼ਵਰ, ਜਿਵੇਂ ਉਸ ਨੇ ਤੁਹਾਡੇ ਨਾਲ ਵਾਅਦਾ ਕੀਤਾ ਸੀ, ਸਾਰੀ ਧਰਤੀ ਉੱਤੇ, ਜਿੱਥੇ ਵੀ ਤੁਸੀਂ ਜਾਵੋਂਗੇ, ਤੁਹਾਡੇ ਲਈ ਦਹਿਸ਼ਤ ਅਤੇ ਡਰ ਪਾ ਦੇਵੇਗਾ।
26ਵੇਖੋ, ਮੈਂ ਅੱਜ ਤੁਹਾਡੇ ਸਾਮ੍ਹਣੇ ਇੱਕ ਬਰਕਤ ਅਤੇ ਸਰਾਪ ਰੱਖ ਰਿਹਾ ਹਾਂ, 27ਜੇਕਰ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੇ ਹੁਕਮਾਂ ਨੂੰ ਮੰਨਦੇ ਹੋ ਜੋ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ, 28ਸਰਾਪ ਹੈ ਜੇ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋ ਅਤੇ ਉਸ ਰਾਹ ਤੋਂ ਮੁੜਦੇ ਹੋ ਜਿਸਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਅਤੇ ਹੋਰ ਦੇਵਤਿਆਂ ਦੇ ਪਿੱਛੇ ਲੱਗ ਕੇ, ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਸੀ। 29ਜਦੋਂ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਉਸ ਧਰਤੀ ਉੱਤੇ ਲੈ ਆਵੇ ਜਿਸ ਉੱਤੇ ਤੁਸੀਂ ਕਬਜ਼ਾ ਕਰਨ ਲਈ ਜਾ ਰਹੇ ਹੋ, ਤਾਂ ਤੁਸੀਂ ਬਰਕਤ ਗਰਿੱਜ਼ੀਮ ਪਹਾੜ ਉੱਤੇ ਅਤੇ ਸਰਾਪ ਏਬਾਲ ਪਹਾੜ ਉੱਤੇ ਘੋਸ਼ਣਾ ਕਰੀਓ। 30ਜਿਵੇਂ ਤੁਸੀਂ ਜਾਣਦੇ ਹੋ, ਇਹ ਪਹਾੜ ਯਰਦਨ ਦੇ ਪਾਰ ਪੱਛਮ ਵੱਲ ਡੁੱਬਦੇ ਸੂਰਜ ਵੱਲ, ਮੋਰੇਹ ਦੇ ਵੱਡੇ ਰੁੱਖਾਂ ਦੇ ਕੋਲ ਗਿਲਗਾਲ ਦੇ ਨੇੜੇ ਅਰਾਬਾਹ ਵਿੱਚ ਰਹਿੰਦੇ ਕਨਾਨੀਆਂ ਦੇ ਇਲਾਕੇ ਵਿੱਚ ਹਨ। 31ਤੁਸੀਂ ਯਰਦਨ ਪਾਰ ਕਰਨ ਵਾਲੇ ਹੋ ਅਤੇ ਉਸ ਧਰਤੀ ਉੱਤੇ ਕਬਜ਼ਾ ਕਰ ਲਓ ਜਿਹੜਾ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਨੂੰ ਦੇ ਰਿਹਾ ਹੈ। ਜਦੋਂ ਤੁਸੀਂ ਇਸ ਉੱਤੇ ਕਬਜ਼ਾ ਕਰ ਲਵੋਂਗੇ ਅਤੇ ਉੱਥੇ ਵੱਸ ਜਾਓਗੇ, 32ਤਾਂ ਤੁਸੀਂ ਉਹਨਾਂ ਸਾਰੇ ਹੁਕਮਾਂ ਅਤੇ ਬਿਧੀਆਂ ਦੀ ਪਾਲਣਾ ਕਰੋ ਜੋ ਮੈਂ ਅੱਜ ਤੁਹਾਡੇ ਸਾਮ੍ਹਣੇ ਰੱਖ ਰਿਹਾ ਹਾਂ।

Currently Selected:

ਬਿਵਸਥਾ 11: PCB

Highlight

Copy

Compare

Share

None

Want to have your highlights saved across all your devices? Sign up or sign in