8
ਪੱਕੇ ਫਲਾਂ ਦੀ ਇੱਕ ਟੋਕਰੀ
1ਇਹ ਉਹ ਹੈ ਜੋ ਯਾਹਵੇਹ ਨੇ ਮੈਨੂੰ ਦਿਖਾਇਆ: ਪੱਕੇ ਫਲਾਂ ਦੀ ਇੱਕ ਟੋਕਰੀ। 2ਉਸ ਨੇ ਪੁੱਛਿਆ, “ਆਮੋਸ, ਤੂੰ ਕੀ ਵੇਖਦਾ ਹੈ?”
ਮੈਂ ਜਵਾਬ ਦਿੱਤਾ, “ਪੱਕੇ ਫਲਾਂ ਦੀ ਇੱਕ ਟੋਕਰੀ।”
ਤਦ ਯਾਹਵੇਹ ਨੇ ਮੈਨੂੰ ਆਖਿਆ, “ਮੇਰੀ ਪਰਜਾ ਇਸਰਾਏਲ ਲਈ ਸਮਾਂ ਆ ਗਿਆ ਹੈ। ਮੈਂ ਉਨ੍ਹਾਂ ਨੂੰ ਹੁਣ ਬਖ਼ਸ਼ਾਂਗਾ ਨਹੀਂ।”
3ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ, “ਉਸ ਦਿਨ, ਮੰਦਰ ਦੇ ਗੀਤ ਵਿਰਲਾਪ ਵਿੱਚ ਬਦਲ ਜਾਣਗੇ। ਲਾਸ਼ਾਂ ਦਾ ਵੱਡਾ ਢੇਰ ਲੱਗੇਗਾ ਅਤੇ ਉਹ ਹਰੇਕ ਸਥਾਨ ਉੱਤੇ ਚੁੱਪ-ਚਾਪ ਸੁੱਟ ਦਿੱਤੀਆਂ ਜਾਣਗੀਆਂ!”
4ਹੇ ਲੋੜਵੰਦਾਂ ਨੂੰ ਮਿੱਧਣ ਵਾਲੇ,
ਅਤੇ ਦੇਸ਼ ਦੇ ਗਰੀਬਾਂ ਦਾ ਨਾਸ ਕਰਨ ਵਾਲੇ, ਇਹ ਸੁਣੋ,
5ਤੁਸੀਂ ਆਖਦੇ ਹੋਏ,
“ਨਵਾਂ ਚੰਦ ਕਦੋਂ ਪੂਰਾ ਹੋਵੇਗਾ,
ਤਾਂ ਜੋ ਅਸੀਂ ਅਨਾਜ ਵੇਚ ਸਕੀਏ,
ਅਤੇ ਸਬਤ#8:5 ਸਬਤ ਅਰਥਾਤ ਹਫ਼ਤੇ ਦਾ ਸਤਵਾਂ ਦਿਨ ਜੋ ਅਰਾਮ ਕਰਨ ਦਾ ਪਵਿੱਤਰ ਦਿਨ ਹੈ ਦਾ ਦਿਨ ਖਤਮ ਹੋ ਜਾਵੇਗਾ
ਤਾਂ ਜੋ ਅਸੀਂ ਕਣਕ ਦੀ ਖਰੀਦ ਦਾਰੀ ਕਰ ਸਕੀਏ?”
ਮਾਪ ਵਿੱਚ ਕਮੀ,
ਕੀਮਤ ਵਿੱਚ ਵਾਧਾ
ਅਤੇ ਬੇਈਮਾਨ ਦੀ ਤੱਕੜੀ ਨਾਲ ਧੋਖਾ ਕਰਦੇ ਹੋ,
6ਤਾਂ ਜੋ ਅਸੀਂ ਗਰੀਬਾਂ ਨੂੰ ਚਾਂਦੀ ਨਾਲ
ਅਤੇ ਕੰਗਾਲਾਂ ਨੂੰ ਜੁੱਤੀਆਂ ਦੇ ਇੱਕ ਜੋੜੇ ਨਾਲ ਮੁੱਲ ਲੈ ਲਈਏ
ਅਤੇ ਕਣਕ ਦਾ ਕੂੜਾ ਵੇਚੀਏ।
7ਯਾਹਵੇਹ ਨੇ ਆਪਣੇ ਆਪ ਦੀ, ਯਾਕੋਬ ਦੇ ਹੰਕਾਰ ਦੀ ਸਹੁੰ ਖਾਧੀ ਹੈ: “ਮੈਂ ਕਦੇ ਵੀ ਉਨ੍ਹਾਂ ਦੇ ਕੀਤੇ ਹੋਏ ਕੰਮਾਂ ਨੂੰ ਨਹੀਂ ਭੁੱਲਾਂਗਾ।
8“ਕੀ ਇਸ ਕਾਰਨ ਧਰਤੀ ਨਹੀਂ ਕੰਬੇਗੀ,
ਅਤੇ ਉਸ ਵਿੱਚ ਰਹਿਣ ਵਾਲੇ ਸਾਰੇ ਸੋਗ ਨਾ ਕਰਨਗੇ?
ਸਾਰੀ ਧਰਤੀ ਨੀਲ ਨਦੀ ਵਾਂਗ ਉੱਠੇਗੀ।
ਇਹ ਭੜਕਿਆ ਜਾਵੇਗਾ ਅਤੇ ਫਿਰ ਮਿਸਰ ਦੀ ਨਦੀ ਵਾਂਗ ਡੁੱਬ ਜਾਵੇਗਾ।”
9ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ,
“ਉਸ ਦਿਨ, ਮੈਂ ਸੂਰਜ ਨੂੰ ਦੁਪਹਿਰ ਵੇਲੇ ਡੁੱਬਣ ਦੇਵਾਂਗਾ,
ਅਤੇ ਦਿਨ ਦੇ ਚਾਨਣ ਵਿੱਚ ਧਰਤੀ ਤੇ ਹਨੇਰਾ ਕਰ ਦਿਆਂਗਾ।
10ਮੈਂ ਤੁਹਾਡੇ ਧਾਰਮਿਕ ਤਿਉਹਾਰਾਂ ਨੂੰ ਸੋਗ ਵਿੱਚ,
ਅਤੇ ਤੁਹਾਡੇ ਸਾਰੇ ਗਾਉਣ ਨੂੰ ਰੋਣ ਵਿੱਚ ਬਦਲ ਦਿਆਂਗਾ।
ਮੈਂ ਤੁਹਾਨੂੰ ਸਾਰਿਆਂ ਉੱਤੇ ਤੱਪੜ ਪਾਵਾਂਗਾ
ਅਤੇ ਤੁਹਾਡੇ ਸਿਰਾਂ ਨੂੰ ਗੰਜਾ ਕਰ ਦੇਵਾਂਗਾ।
ਮੈਂ ਉਸ ਸਮੇਂ ਨੂੰ ਇੱਕਲੌਤੇ ਪੁੱਤਰ ਦੇ ਸੋਗ ਵਰਗਾ ਬਣਾ ਦਿਆਂਗਾ,
ਅਤੇ ਉਸ ਦੇ ਅੰਤ ਨੂੰ ਇੱਕ ਕੌੜੇ ਦਿਨ ਵਾਂਗੂੰ ਕਰਾਂਗਾ।”
11ਪ੍ਰਭੂ ਯਾਹਵੇਹ ਦਾ ਵਾਕ ਹੈ, “ਉਹ ਦਿਨ ਆ ਰਹੇ ਹਨ,”
“ਜਦੋਂ ਮੈਂ ਦੇਸ਼ ਵਿੱਚ ਕਾਲ ਭੇਜਾਂਗਾ
ਭੋਜਨ ਦਾ ਕਾਲ ਜਾਂ ਪਾਣੀ ਦੀ ਪਿਆਸ ਦਾ ਨਹੀਂ,
ਪਰ ਯਾਹਵੇਹ ਦੇ ਬਚਨ ਸੁਣਨ ਦਾ ਕਾਲ ਹੋਵੇਗਾ।
12ਲੋਕ ਸਮੁੰਦਰ ਤੋਂ ਸਮੁੰਦਰ ਤੀਕ
ਅਤੇ ਉੱਤਰ ਤੋਂ ਪੂਰਬ ਤੱਕ ਭਟਕਦੇ ਫਿਰਨਗੇ,
ਯਾਹਵੇਹ ਦੇ ਬਚਨ ਨੂੰ ਭਾਲਣਗੇ,
ਪਰ ਉਹ ਨਹੀਂ ਲੱਭੇਗਾ।
13“ਉਸ ਦਿਨ
“ਸੁੰਦਰ ਮੁਟਿਆਰਾਂ ਅਤੇ ਤਕੜੇ ਜੁਆਨ
ਪਿਆਸ ਦੇ ਕਾਰਨ ਬੇਹੋਸ਼ ਹੋ ਜਾਣਗੇ।
14ਜਿਹੜੇ ਸਾਮਰਿਯਾ ਦੇ ਪਾਪ ਦੀ ਸਹੁੰ ਖਾਂਦੇ ਹਨ,
ਜੋ ਆਖਦੇ ਹਨ, ‘ਤੇਰੇ ਦੇਵਤੇ ਦਾਨ ਦੀ ਸਹੁੰ,’
ਅਤੇ ਬੇਰਸ਼ੇਬਾ ਦੇ ਦੇਵਤੇ ਦੀ ਸਹੁੰ
ਉਹ ਡਿੱਗਣਗੇ, ਫਿਰ ਕਦੇ ਨਹੀਂ ਉੱਠਣਗੇ।”