7
ਟਿੱਡੀਆਂ, ਅੱਗ ਅਤੇ ਸਾਹਲ ਦਾ ਦਰਸ਼ਣ
1ਇਹ ਉਹ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਨੇ ਮੈਨੂੰ ਵਿਖਾਇਆ: ਜਦੋਂ ਰਾਜੇ ਦੇ ਹਿੱਸੇ ਦੀ ਵਾਢੀ ਹੋ ਚੁੱਕੀ ਸੀ ਅਤੇ ਅਗਲੀ ਵਾਢੀ ਆਉਣ ਵਾਲੀ ਸੀ, ਤਾਂ ਯਾਹਵੇਹ ਟਿੱਡੀਆਂ ਦੀ ਭੀੜ ਤਿਆਰ ਕਰ ਰਿਹਾ ਸੀ। 2ਜਦੋਂ ਉਨ੍ਹਾਂ ਨੇ ਧਰਤੀ ਨੂੰ ਸਾਫ਼ ਕਰ ਦਿੱਤਾ, ਤਾਂ ਮੈਂ ਉੱਚੀ-ਉੱਚੀ ਪੁਕਾਰਿਆ, “ਹੇ ਪ੍ਰਭੂ ਯਾਹਵੇਹ, ਮਾਫ਼ ਕਰ! ਯਾਕੋਬ ਕਿਵੇਂ ਬਚ ਸਕਦਾ ਹੈ? ਉਹ ਬਹੁਤ ਛੋਟਾ ਹੈ!”
3ਇਸ ਲਈ ਯਾਹਵੇਹ ਆਪਣਾ ਮਨ ਬਦਲ ਲਿਆ।
ਉਸਨੇ ਨਹੀਂ ਕਿਹਾ, “ਇਹ ਨਹੀਂ ਹੋਵੇਗਾ।”
4ਇਹ ਉਹ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਨੇ ਮੈਨੂੰ ਵਿਖਾਇਆ: ਸਰਬਸ਼ਕਤੀਮਾਨ ਯਾਹਵੇਹ ਅੱਗ ਦੁਆਰਾ ਨਿਆਂ ਲਈ ਬੁਲਾ ਰਿਹਾ ਸੀ; ਇਸ ਨੇ ਵੱਡੀ ਡੂੰਘਾਈ ਨੂੰ ਸੁੱਕਾ ਦਿੱਤਾ ਅਤੇ ਧਰਤੀ ਨੂੰ ਭਸਮ ਕਰ ਦਿੱਤਾ। 5ਤਦ ਮੈਂ ਉੱਚੀ-ਉੱਚੀ ਪੁਕਾਰਿਆ, “ਹੇ ਪ੍ਰਭੂ ਯਾਹਵੇਹ, ਮੈਂ ਬੇਨਤੀ ਕਰਦਾ ਹਾਂ, ਰੁਕ ਜਾ! ਯਾਕੋਬ ਕਿਵੇਂ ਸਥਿਰ ਰਹਿ ਸਕਦਾ ਹੈ? ਉਹ ਬਹੁਤ ਛੋਟਾ ਹੈ!”
6ਇਸ ਲਈ ਯਾਹਵੇਹ ਆਪਣਾ ਮਨ ਬਦਲ ਲਿਆ।
ਸਰਬਸ਼ਕਤੀਮਾਨ ਯਾਹਵੇਹ ਨੇ ਕਿਹਾ, “ਇਹ ਵੀ ਨਹੀਂ ਹੋਵੇਗਾ।”
7ਇਹ ਉਹ ਹੈ ਜੋ ਉਸਨੇ ਮੈਨੂੰ ਵਿਖਾਇਆ: ਪ੍ਰਭੂ ਸਾਹਲ ਨਾਲ ਬਣੀ ਹੋਈ ਇੱਕ ਕੰਧ ਉੱਤੇ ਖੜ੍ਹਾ ਸੀ ਅਤੇ ਉਸ ਦੇ ਹੱਥ ਵਿੱਚ ਸਾਹਲ ਸੀ। 8ਅਤੇ ਯਾਹਵੇਹ ਨੇ ਮੈਨੂੰ ਪੁੱਛਿਆ, “ਆਮੋਸ, ਤੂੰ ਕੀ ਵੇਖਦਾ ਹੈ?”
ਮੈਂ ਜਵਾਬ ਦਿੱਤਾ, “ਇੱਕ ਸਾਹਲ ਦੇਖਦਾ ਹਾਂ।”
ਫਿਰ ਯਾਹਵੇਹ ਨੇ ਆਖਿਆ, “ਵੇਖ, ਮੈਂ ਆਪਣੀ ਪਰਜਾ ਇਸਰਾਏਲ ਦੇ ਵਿਚਕਾਰ ਸਾਹਲ ਲਾਵਾਂਗਾ, ਮੈਂ ਹੁਣ ਉਨ੍ਹਾਂ ਨੂੰ ਹੋਰ ਨਹੀਂ ਬਖ਼ਸ਼ਾਂਗਾ।
9“ਇਸਹਾਕ ਦੀਆਂ ਉੱਚੀਆਂ ਥਾਵਾਂ ਤਬਾਹ ਹੋ ਜਾਣਗੀਆਂ,
ਅਤੇ ਇਸਰਾਏਲ ਦੇ ਪਵਿੱਤਰ ਅਸਥਾਨ ਤਬਾਹ ਹੋ ਜਾਣਗੇ।
ਅਤੇ ਮੈਂ ਆਪਣੀ ਤਲਵਾਰ ਲੈ ਕੇ ਯਾਰਾਬੁਆਮ ਦੇ ਘਰਾਣੇ ਉੱਤੇ ਹਮਲਾ ਕਰਾਂਗਾ।”
ਆਮੋਸ ਅਤੇ ਅਮਸਯਾਹ
10ਤਦ ਬੈਤਏਲ ਦੇ ਜਾਜਕ ਅਮਸਯਾਹ ਨੇ ਇਸਰਾਏਲ ਦੇ ਰਾਜਾ ਯਾਰਾਬੁਆਮ ਨੂੰ ਸੁਨੇਹਾ ਭੇਜਿਆ, “ਆਮੋਸ ਇਸਰਾਏਲ ਦੇ ਦਿਲ ਵਿੱਚ ਤੁਹਾਡੇ ਵਿਰੁੱਧ ਇੱਕ ਸਾਜ਼ਿਸ਼ ਰਚ ਰਿਹਾ ਹੈ। ਧਰਤੀ ਉਸਦੇ ਸਾਰੇ ਸ਼ਬਦਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ। 11ਕਿਉਂਕਿ ਆਮੋਸ ਇਹ ਆਖ ਰਿਹਾ ਹੈ:
“ਯਾਰਾਬੁਆਮ ਤਲਵਾਰ ਨਾਲ ਮਰ ਜਾਵੇਗਾ,
ਅਤੇ ਇਸਰਾਏਲ ਜ਼ਰੂਰ ਗ਼ੁਲਾਮੀ ਵਿੱਚ ਜਾਵੇਗਾ,
ਆਪਣੇ ਦੇਸ਼ ਤੋਂ ਦੂਰ ਹੋ ਜਾਵੇਗਾ।”
12ਤਦ ਅਮਸਯਾਹ ਨੇ ਆਮੋਸ ਨੂੰ ਆਖਿਆ, “ਹੇ ਦਰਸ਼ਣ ਦੇਖਣ ਵਾਲੇ ਬਾਹਰ ਨਿਕਲ ਜਾ! ਯਹੂਦਾਹ ਦੀ ਧਰਤੀ ਉੱਤੇ ਵਾਪਸ ਜਾਓ। ਉੱਥੇ ਆਪਣੀ ਰੋਟੀ ਕਮਾਓ ਅਤੇ ਉੱਥੇ ਆਪਣੀ ਭਵਿੱਖਬਾਣੀ ਕਰੋ। 13ਹੁਣ ਬੈਤਏਲ ਵਿੱਚ ਅਗੰਮਵਾਕ ਨਾ ਕਰੀ ਕਿਉਂ ਜੋ ਇਹ ਰਾਜੇ ਦਾ ਪਵਿੱਤਰ ਸਥਾਨ ਅਤੇ ਸ਼ਾਹੀ ਮਹਿਲ ਹੈ।”
14ਆਮੋਸ ਨੇ ਅਮਸਯਾਹ ਨੂੰ ਉੱਤਰ ਦਿੱਤਾ, “ਮੈਂ ਨਾ ਤਾਂ ਨਬੀ ਸੀ ਅਤੇ ਨਾ ਹੀ ਕਿਸੇ ਨਬੀ ਦਾ ਪੁੱਤਰ, ਸਗੋਂ ਮੈਂ ਇੱਕ ਆਜੜੀ ਸੀ ਅਤੇ ਮੈਂ ਗੁੱਲਰ ਦੇ ਰੁੱਖਾਂ ਦੀ ਵੀ ਦੇਖਭਾਲ ਕਰਨ ਵਾਲਾ ਸੀ। 15ਪਰ ਯਾਹਵੇਹ ਨੇ ਮੈਨੂੰ ਇੱਜੜ ਦੀ ਦੇਖਭਾਲ ਕਰਨ ਤੋਂ ਹਟਾ ਕੇ ਅਤੇ ਮੈਨੂੰ ਕਿਹਾ, ‘ਜਾ, ਮੇਰੀ ਪਰਜਾ ਇਸਰਾਏਲ ਨੂੰ ਅਗੰਮਵਾਕ ਕਰ।’ 16ਇਸ ਲਈ ਹੁਣ, ਯਾਹਵੇਹ ਦਾ ਬਚਨ ਸੁਣੋ। ਤੁਸੀਂ ਆਖਦੇ ਹੋ,
“ ‘ਇਸਰਾਏਲ ਦੇ ਵਿਰੁੱਧ ਅਗੰਮਵਾਕ ਨਾ ਕਰੋ,
ਅਤੇ ਇਸਹਾਕ ਦੇ ਘਰਾਣੇ ਦੇ ਵਿਰੁੱਧ ਪ੍ਰਚਾਰ ਕਰਨਾ ਬੰਦ ਕਰ।’
17“ਇਸ ਲਈ ਯਾਹਵੇਹ ਇਹ ਫ਼ਰਮਾਉਂਦਾ ਹੈ:
“ ‘ਤੇਰੀ ਪਤਨੀ ਸ਼ਹਿਰ ਵਿੱਚ ਵੇਸਵਾ ਬਣ ਜਾਵੇਗੀ
ਅਤੇ ਤੇਰੇ ਪੁੱਤਰ ਅਤੇ ਧੀਆਂ ਤਲਵਾਰ ਨਾਲ ਮਾਰੇ ਜਾਣਗੇ
ਅਤੇ ਤੇਰੀ ਭੂਮੀ ਮਾਪ ਕੇ ਵੰਡ ਲਈ ਜਾਵੇਗੀ
ਅਤੇ ਤੂੰ ਆਪ ਇੱਕ ਅਣਜਾਣੇ ਦੇਸ਼ ਵਿੱਚ ਮਰੇਂਗਾ
ਅਤੇ ਇਸਰਾਏਲ ਆਪਣੇ ਦੇਸ਼ ਵਿੱਚੋਂ
ਜ਼ਰੂਰ ਹੀ ਗ਼ੁਲਾਮੀ ਵਿੱਚ ਜਾਵੇਗਾ।’ ”