6
ਲਾਹਨਤ
1ਹਾਏ ਉਹਨਾਂ ਉੱਤੇ ਜੋ ਸੀਯੋਨ ਵਿੱਚ ਅਰਾਮ ਨਾਲ ਰਹਿੰਦੇ ਹਨ,
ਅਤੇ ਉਹਨਾਂ ਉੱਤੇ ਜਿਹੜੇ ਸਾਮਰਿਯਾ ਦੇ ਪਰਬਤ ਉੱਤੇ ਸੁੱਖ ਨਾਲ ਰਹਿੰਦੇ ਹਨ!
ਜਿਹੜੇ ਖ਼ਾਸ ਕੌਮਾਂ ਵਿੱਚ ਪ੍ਰਸਿੱਧ ਹਨ,
ਜਿਨ੍ਹਾਂ ਦੇ ਕੋਲ ਇਸਰਾਏਲ ਦਾ ਘਰਾਣਾ ਆਉਂਦਾ ਹੈ!
2ਕਾਲਨੇਹ ਸ਼ਹਿਰ ਨੂੰ ਜਾ ਕੇ ਵੇਖੋ;
ਉੱਥੋਂ ਵੱਡੇ ਹਮਾਥ ਨੂੰ ਜਾਓ,
ਅਤੇ ਫ਼ਿਰ ਫ਼ਲਿਸਤੀਆ ਵਿੱਚ ਗਾਥ ਨੂੰ ਜਾਓ।
ਕੀ ਉਹ ਤੁਹਾਡੀਆਂ ਦੋਹਾਂ ਪਾਤਸ਼ਾਹੀਆਂ ਨਾਲੋਂ ਚੰਗੇ ਹਨ?
ਕੀ ਉਨ੍ਹਾਂ ਦੀ ਜ਼ਮੀਨ ਤੁਹਾਡੇ ਨਾਲੋਂ ਵੱਡੀ ਹੈ?
3ਤੁਸੀਂ ਜੋ ਬਿਪਤਾ ਦਾ ਦਿਨ ਦੂਰ ਕਰਦੇ ਹੋ
ਅਤੇ ਜ਼ੁਲਮ ਦੀ ਗੱਦੀ ਨੂੰ ਨੇੜੇ ਲੈ ਆਉਂਦੇ ਹੋ।
4ਤੁਸੀਂ ਹਾਥੀ ਦੰਦ ਨਾਲ ਸਜੇ ਹੋਏ ਬਿਸਤਰੇ
ਅਤੇ ਆਪਣੇ ਵਿਛਾਉਣਿਆਂ ਉੱਤੇ ਲੇਟਦੇ ਹੋ
ਤੁਸੀਂ ਮਨ ਪਸੰਦੀ ਦੇ ਲੇਲੇ
ਅਤੇ ਮੋਟੇ ਵੱਛਿਆਂ ਵਿੱਚੋਂ ਭੋਜਨ ਕਰਦੇ ਹੋ।
5ਤੁਸੀਂ ਦਾਵੀਦ ਵਾਂਗ ਆਪਣੀਆਂ ਰਬਾਬੀਆਂ ਵਜਾਉਂਦੇ ਹੋ
ਅਤੇ ਸੰਗੀਤ ਦੇ ਸਾਜ਼ ਵਜਾਉਂਦੇ ਹੋ।
6ਤੁਸੀਂ ਕਟੋਰੇ ਭਰ ਕੇ ਦਾਖ਼ਰਸ ਪੀਂਦੇ ਹੋ,
ਅਤੇ ਉੱਤਮ ਤੇਲ ਵਰਤਦੇ ਹੋ,
ਪਰ ਤੁਸੀਂ ਯੋਸੇਫ਼ ਦੀ ਬਰਬਾਦੀ ਦਾ ਸੋਗ ਨਹੀਂ ਕਰਦੇ।
7ਇਸ ਲਈ ਤੁਸੀਂ ਗ਼ੁਲਾਮੀ ਵਿੱਚ ਜਾਣ ਵਾਲੇ ਪਹਿਲੇ ਲੋਕਾਂ ਵਿੱਚੋਂ ਹੋਵੋਗੇ।
ਤੁਹਾਡੀ ਦਾਅਵਤ ਅਤੇ ਆਰਾਮ ਖਤਮ ਹੋ ਜਾਣਗੇ।
ਯਾਹਵੇਹ ਇਸਰਾਏਲ ਦੇ ਹੰਕਾਰ ਨੂੰ ਨਫ਼ਰਤ ਕਰਦਾ ਹੈ
8ਸਰਬਸ਼ਕਤੀਮਾਨ ਯਾਹਵੇਹ ਨੇ ਆਪਣੇ ਆਪ ਦੀ ਸਹੁੰ ਖਾਧੀ ਹੈ, ਇਹ ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ ਦਾ ਵਾਕ ਹੈ:
“ਮੈਂ ਯਾਕੋਬ ਦੇ ਹੰਕਾਰ ਨੂੰ ਨਫ਼ਰਤ ਕਰਦਾ ਹਾਂ
ਅਤੇ ਉਸ ਦੇ ਕਿਲ੍ਹਿਆਂ ਨੂੰ ਨਫ਼ਰਤ ਕਰਦਾ ਹੈ।
ਮੈਂ ਸ਼ਹਿਰ ਅਤੇ ਉਸ ਵਿੱਚ ਸਭ ਕੁਝ ਦੇ ਹਵਾਲੇ ਕਰ ਦਿਆਂਗਾ।”
9ਜੇਕਰ ਇੱਕ ਘਰ ਵਿੱਚ ਦਸ ਲੋਕ ਰਹਿ ਜਾਣ ਤਾਂ ਉਹ ਵੀ ਮਰ ਜਾਣਗੇ। 10ਅਤੇ ਜੇ ਕੋਈ ਰਿਸ਼ਤੇਦਾਰ ਜੋ ਘਰੋਂ ਲਾਸ਼ਾਂ ਨੂੰ ਸਾੜਨ ਲਈ ਬਾਹਰ ਲਿਜਾਣ ਲਈ ਆਉਂਦਾ ਹੈ, ਕਿਸੇ ਨੂੰ ਜੋ ਸ਼ਾਇਦ ਉੱਥੇ ਲੁਕਿਆ ਹੋਵੇ, ਪੁੱਛਦਾ ਹੈ, “ਕੀ ਤੇਰੇ ਨਾਲ ਕੋਈ ਹੋਰ ਹੈ?” ਅਤੇ ਉਹ ਕਹਿੰਦਾ ਹੈ, “ਨਹੀਂ,” ਫਿਰ ਉਹ ਆਖੇਗਾ, “ਚੁੱਪ! ਸਾਨੂੰ ਯਾਹਵੇਹ ਦਾ ਨਾਮ ਨਹੀਂ ਲੈਣਾ ਚਾਹੀਦਾ।”
11ਕਿਉਂਕਿ ਯਾਹਵੇਹ ਨੇ ਹੁਕਮ ਦਿੱਤਾ ਹੈ,
ਅਤੇ ਉਹ ਵੱਡੇ ਘਰ ਨੂੰ ਤੋੜ ਦੇਵੇਗਾ
ਅਤੇ ਛੋਟੇ ਘਰ ਨੂੰ ਟੁਕੜੇ-ਟੁਕੜੇ ਕਰ ਦੇਵੇਗਾ।
12ਕੀ ਘੋੜੇ ਪਥਰੀਲੇ ਚਟਾਨਾਂ ਉੱਤੇ ਦੌੜਦੇ ਹਨ?
ਕੀ ਕੋਈ ਬਲਦਾਂ ਨਾਲ ਸਮੁੰਦਰ ਵਾਹੁੰਦਾ ਹੈ?
ਪਰ ਤੁਸੀਂ ਇਨਸਾਫ਼ ਨੂੰ ਜ਼ਹਿਰ
ਅਤੇ ਧਰਮ ਦੇ ਫਲ ਨੂੰ ਕੁੜੱਤਣ ਵਿੱਚ ਬਦਲ ਦਿੱਤਾ ਹੈ।
13ਤੁਸੀਂ ਜੋ ਲੋ-ਦੇਬਰ#6:13 ਲੋ-ਦੇਬਰ ਅਰਥ ਕੁਝ ਨਹੀਂ ਨੂੰ ਵੱਸ ਵਿੱਚ ਕਰ ਕੇ ਅਨੰਦ ਹੁੰਦੇ ਹੋ,
ਅਤੇ ਕਹਿੰਦੇ ਹੋ, “ਕੀ ਅਸੀਂ ਕਰਨਾਇਮ#6:13 ਕਰਨਾਇਮ ਅਰਥ ਸਿੰਗ (ਸ਼ਕਤੀ ਦਾ ਪ੍ਰਤੀਕ) ਨੂੰ ਆਪਣੀ ਤਾਕਤ ਨਾਲ ਨਹੀਂ ਲਿਆ ਸੀ?”
14ਕਿਉਂਕਿ ਯਾਹਵੇਹ ਸਰਬਸ਼ਕਤੀਮਾਨ ਦਾ ਵਾਕ ਹੈ,
“ਹੇ ਇਸਰਾਏਲ, ਮੈਂ ਇੱਕ ਕੌਮ ਨੂੰ ਤੇਰੇ ਵਿਰੁੱਧ ਭੜਕਾਵਾਂਗਾ,
ਜਿਹੜੀ ਹਮਾਥ ਦੇ ਪ੍ਰਵੇਸ਼ ਤੋਂ ਲੈ ਕੇ
ਅਰਾਬਾਹ ਦੀ ਵਾਦੀ ਤੱਕ ਤੁਹਾਨੂੰ ਸਤਾਏਗੀ।”