3
ਇਸਰਾਏਲ ਦੇ ਵਿਰੁੱਧ ਗਵਾਹਾਂ ਨੂੰ ਬੁਲਾਇਆ ਜਾਣਾ
1ਹੇ ਇਸਰਾਏਲ ਦੇ ਲੋਕੋ, ਇਹ ਸ਼ਬਦ ਸੁਣੋ, ਉਹ ਸ਼ਬਦ ਜੋ ਯਾਹਵੇਹ ਨੇ ਤੁਹਾਡੇ ਵਿਰੁੱਧ ਬੋਲਿਆ ਹੈ; ਉਸ ਸਾਰੇ ਪਰਿਵਾਰ ਦੇ ਵਿਰੁੱਧ ਜਿਸ ਨੂੰ ਮੈਂ ਮਿਸਰ ਵਿੱਚੋਂ ਲਿਆਇਆ ਹਾਂ:
2“ਮੈਂ ਧਰਤੀ ਦੇ ਸਾਰੇ ਪਰਿਵਾਰਾਂ ਵਿੱਚੋਂ ਸਿਰਫ ਤੁਹਾਨੂੰ ਹੀ ਚੁਣਿਆ ਹੈ;
ਇਸ ਲਈ ਮੈਂ ਤੁਹਾਨੂੰ ਤੁਹਾਡੇ ਸਾਰੇ ਪਾਪਾਂ ਦੀ ਸਜ਼ਾ ਦਿਆਂਗਾ।”
3ਕੀ ਦੋ ਵਿਅਕਤੀ ਇਕੱਠੇ ਚੱਲਦੇ ਹਨ
ਜਦ ਤੱਕ ਉਹ ਸਹਿਮਤ ਨਹੀਂ ਹੁੰਦੇ?
4ਕੀ ਸ਼ੇਰ ਝਾੜੀਆਂ ਵਿੱਚ ਗਰਜਦਾ ਹੈ
ਜਦੋਂ ਉਸਦਾ ਕੋਈ ਸ਼ਿਕਾਰ ਨਹੀਂ ਹੁੰਦਾ?
ਕੀ ਇਹ ਆਪਣੇ ਡੇਰੇ ਵਿੱਚ ਗੂੰਜਦਾ ਹੈ
ਜਦੋਂ ਇਸ ਨੇ ਕੁਝ ਫੜਿਆ ਹੀ ਨਹੀਂ ਹੁੰਦਾ?
5ਕੀ ਕੋਈ ਪੰਛੀ ਜ਼ਮੀਨ ਉੱਤੇ ਜਾਲ ਵਿੱਚ ਝੁਕਦਾ ਹੈ,
ਜਦੋਂ ਕੋਈ ਦਾਣਾ ਨਹੀਂ ਹੁੰਦਾ?
ਕੀ ਕੋਈ ਜਾਲ ਜ਼ਮੀਨ ਤੋਂ ਉੱਗਦਾ ਹੈ,
ਜੇ ਉਸ ਨੇ ਕੁਝ ਨਾ ਫੜਿਆ ਹੋਵੇ?
6ਜਦੋਂ ਨਗਰ ਵਿੱਚ ਤੁਰ੍ਹੀ ਵੱਜਦੀ ਹੈ,
ਕੀ ਲੋਕ ਕੰਬਦੇ ਨਹੀਂ?
ਜਦੋਂ ਕਿਸੇ ਸ਼ਹਿਰ ਵਿੱਚ ਬਿਪਤਾ ਆਉਂਦੀ ਹੈ,
ਤਾਂ ਕੀ ਇਹ ਯਾਹਵੇਹ ਵੱਲੋਂ ਨਹੀਂ ਆਉਂਦੀ?
7ਸੱਚਮੁੱਚ ਸਰਬਸ਼ਕਤੀਮਾਨ ਯਾਹਵੇਹ ਆਪਣੇ ਸੇਵਕਾਂ ਨਬੀਆਂ ਨੂੰ
ਆਪਣੀ ਯੋਜਨਾ ਨੂੰ ਪ੍ਰਗਟ ਕੀਤੇ ਬਿਨਾਂ
ਕੁਝ ਨਹੀਂ ਕਰਦਾ।
8ਜਦੋਂ ਸ਼ੇਰ ਗਰਜਦਾ ਹੈ,
ਕੌਣ ਹੈ ਜੋ ਨਹੀਂ ਡਰਦਾ?
ਸਰਬਸ਼ਕਤੀਮਾਨ ਯਾਹਵੇਹ ਨੇ ਬੋਲਿਆ ਹੈ,
ਸੋ ਕੌਣ ਹੈ ਜੋ ਅਗੰਮਵਾਕ ਨਾ ਕਰੇ?
9ਅਸ਼ਦੋਦ ਦੇ ਕਿਲ੍ਹਿਆਂ ਵਿੱਚ ਅਤੇ ਮਿਸਰ ਦੇ ਕਿਲ੍ਹਿਆਂ ਵਿੱਚ ਐਲਾਨ ਕਰੋ:
ਸਾਮਰਿਯਾ ਦੇ ਪਹਾੜਾਂ ਉੱਤੇ ਇਕੱਠੇ ਹੋਵੋ;
ਉਸਦੇ ਅੰਦਰ ਵੱਡੀ ਬੇਚੈਨੀ ਅਤੇ ਉਸਦੇ ਲੋਕਾਂ ਵਿੱਚ ਜ਼ੁਲਮ ਵੇਖੋ।
10“ਉਹ ਨਹੀਂ ਜਾਣਦੇ ਕਿ ਕਿਵੇਂ ਸਹੀ ਕੰਮ ਕਰਨਾ ਹੈ,” ਯਾਹਵੇਹ ਦਾ ਵਾਕ ਹੈ,
“ਉਨ੍ਹਾਂ ਦੇ ਮਹਿਲਾਂ ਵਿੱਚ
ਉਨ੍ਹਾਂ ਦੀ ਲੁੱਟ ਅਤੇ ਖੋਹੀ ਹੋਈ ਦੌਲਤ ਕਿਸ ਨੇ ਇਕੱਠੀ ਕੀਤੀ ਹੈ?”
11ਇਸ ਲਈ ਪ੍ਰਭੂ ਯਾਹਵੇਹ ਇਹ ਆਖਦਾ ਹੈ:
“ਇੱਕ ਦੁਸ਼ਮਣ ਤੁਹਾਡੀ ਧਰਤੀ ਉੱਤੇ ਕਬਜ਼ਾ ਕਰ ਲਵੇਗਾ,
ਤੁਹਾਡੇ ਗੜ੍ਹਾਂ ਨੂੰ ਢਾਹ ਦੇਵੇਗਾ
ਅਤੇ ਤੁਹਾਡੇ ਕਿਲ੍ਹਿਆਂ ਨੂੰ ਲੁੱਟ ਲਵੇਗਾ।”
12ਯਾਹਵੇਹ ਇਹ ਆਖਦਾ ਹੈ:
“ਇੱਕ ਚਰਵਾਹਾ ਜੋ ਇੱਕ ਭੇਡ ਨੂੰ ਸ਼ੇਰ ਦੇ ਮੂੰਹ ਵਿੱਚੋਂ ਬਚਾਉਣ ਦੀ ਕੋਸ਼ਿਸ਼ ਕਰਦਾ ਹੈ
ਉਹ ਸਿਰਫ ਦੋ ਲੱਤਾਂ ਜਾਂ ਇੱਕ ਕੰਨ ਦਾ ਇੱਕ ਟੁਕੜਾ ਹੀ ਬਚਾ ਸਕਦਾ ਹੈ।
ਇਸੇ ਤਰ੍ਹਾਂ ਹੀ ਸਾਮਰਿਯਾ ਵਿੱਚ ਰਹਿਣ ਵਾਲੇ ਇਸਰਾਏਲੀਆਂ ਬਚੇ ਜਾਣਗੇ
ਜਿਵੇਂ ਮੰਜੇ ਦਾ ਸਰਾਨਾ
ਅਤੇ ਬਿਸਤਰੇ ਤੋਂ ਕੱਪੜੇ ਦੇ ਟੁਕੜੇ ਬਚਾਇਆ ਜਾਂਦਾ ਹੈ।
13“ਇਹ ਸੁਣੋ ਅਤੇ ਯਾਕੋਬ ਦੇ ਘਾਰਣੇ ਦੇ ਵਿਰੁੱਧ ਗਵਾਹੀ ਦਿਓ,” ਯਾਹਵੇਹ, ਸਰਬਸ਼ਕਤੀਮਾਨ ਪ੍ਰਭੂ ਦਾ ਵਾਕ ਹੈ।
14“ਜਿਸ ਦਿਨ ਮੈਂ ਇਸਰਾਏਲ ਨੂੰ ਉਸਦੇ ਪਾਪਾਂ ਦੀ ਸਜ਼ਾ ਦਿਆਂਗਾ,
ਮੈਂ ਬੈਤਏਲ ਦੀਆਂ ਜਗਵੇਦੀਆਂ ਨੂੰ ਤਬਾਹ ਕਰ ਦਿਆਂਗਾ।
ਜਗਵੇਦੀ ਦੇ ਸਿੰਗ ਕੱਟੇ ਜਾਣਗੇ
ਅਤੇ ਜ਼ਮੀਨ ਉੱਤੇ ਡਿੱਗ ਜਾਣਗੇ।
15ਮੈਂ ਸਰਦੀਆਂ ਦੇ ਘਰ ਅਤੇ ਗਰਮੀਆਂ ਦੇ ਘਰ ਨੂੰ ਢਾਹ ਦਿਆਂਗਾ।
ਹਾਥੀ ਦੰਦ ਨਾਲ ਸਜਾਏ ਹੋਏ ਘਰ ਤਬਾਹ ਹੋ ਜਾਣਗੇ
ਅਤੇ ਮਹਿਲ ਢਾਹ ਦਿੱਤੇ ਜਾਣਗੇ,”
ਇਹ ਯਾਹਵੇਹ ਦਾ ਐਲਾਨ ਹੈ।