4
ਇਸਰਾਏਲ ਪਰਮੇਸ਼ਵਰ ਵੱਲ ਨਾ ਮੁੜਨਾ
1ਹੇ ਸਾਮਰਿਯਾ ਪਰਬਤ ਦੀਆਂ ਬਾਸ਼ਾਨ ਦੀਆਂ ਗਾਵਾਂ,
ਹੇ ਗਰੀਬਾਂ ਉੱਤੇ ਜ਼ੁਲਮ ਕਰਨ ਵਾਲੀਆਂ ਅਤੇ ਲੋੜਵੰਦਾਂ ਨੂੰ ਕੁਚਲਣ ਵਾਲੀਆਂ ਔਰਤਾਂ
ਅਤੇ ਆਪਣੇ ਪਤੀਆਂ ਨੂੰ ਆਖਦੀਆਂ ਹੋ, “ਸਾਡੇ ਲਈ ਕੁਝ ਪੀਣ ਲਈ ਲਿਆਓ!”
2ਸਰਬਸ਼ਕਤੀਮਾਨ ਯਾਹਵੇਹ ਨੇ ਆਪਣੀ ਪਵਿੱਤਰਤਾਈ ਦੀ ਸਹੁੰ ਖਾਧੀ ਹੈ:
“ਉਹ ਸਮਾਂ ਜ਼ਰੂਰ ਆਵੇਗਾ
ਕਿ ਉਹ ਤੁਹਾਨੂੰ ਕੁੰਡੀਆਂ ਨਾਲ ਲਿਜਾਇਆ ਜਾਵੇਗਾ,
ਸਗੋਂ ਤੁਹਾਡੇ ਵਿੱਚੋਂ ਹਰ ਇੱਕ ਨੂੰ ਮੱਛੀਆਂ ਦੀਆਂ ਕੁੰਡੀਆਂ ਨਾਲ ਖਿੱਚ ਕੇ ਲਿਜਾਇਆ ਜਾਵੇਗਾ।
3ਤੁਹਾਡੇ ਵਿੱਚੋਂ ਹਰ ਇੱਕ ਕੰਧ ਵਿੱਚ ਦਰਾੜਾਂ ਵਿੱਚੋਂ
ਸਿੱਧਾ ਖਿਸਕ ਜਾਵੇਗਾ,
ਅਤੇ ਤੁਹਾਨੂੰ ਹਰਮੋਨ ਪਰਬਤ ਵੱਲ ਸੁੱਟ ਦਿੱਤਾ ਜਾਵੇਗਾ।”
ਇਹ ਯਾਹਵੇਹ ਦਾ ਵਾਕ ਹੈ।
4“ਬੈਤਏਲ ਵਿੱਚ ਜਾਓ ਅਤੇ ਪਾਪ ਕਰੋ;
ਗਿਲਗਾਲ ਨੂੰ ਜਾਓ ਅਤੇ ਹੋਰ ਵੀ ਪਾਪ ਕਰੋ।
ਹਰ ਸਵੇਰ ਆਪਣੀਆਂ ਬਲੀਆਂ ਲਿਆਓ,
ਹਰ ਤਿੰਨ ਸਾਲਾਂ ਵਿੱਚ ਆਪਣਾ ਦਸਵੰਧ ਲਿਆਓ।
5ਧੰਨਵਾਦ ਦੀ ਭੇਟ ਵਜੋਂ ਖਮੀਰ ਵਾਲੀ ਰੋਟੀ ਨੂੰ ਸਾੜੋ
ਅਤੇ ਆਪਣੀ ਮਰਜ਼ੀ ਦੀਆਂ ਭੇਟਾਂ ਦਾ ਹੋਕਾ ਦਿਓ
ਹੇ ਇਸਰਾਏਲੀਓ,
ਤੁਸੀਂ ਇਹ ਕਰਨਾ ਚਾਹੁੰਦੇ ਹੋ।
ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।
6“ਮੈਂ ਤੈਨੂੰ ਹਰ ਸ਼ਹਿਰ ਵਿੱਚ ਭੁੱਖਾ ਰੱਖਿਆ,
ਅਤੇ ਹਰ ਕਸਬੇ ਵਿੱਚ ਰੋਟੀ ਦੀ ਘਾਟ ਰੱਖੀ ਸੀ,
ਤਾਂ ਵੀ ਤੁਸੀਂ ਮੇਰੇ ਕੋਲ ਵਾਪਸ ਨਹੀਂ ਆਏ,”
ਇਹ ਯਾਹਵੇਹ ਦਾ ਵਾਕ ਹੈ।
7“ਜਦੋਂ ਵਾਢੀ ਨੂੰ ਅਜੇ ਤਿੰਨ ਮਹੀਨੇ ਬਾਕੀ ਸਨ,
ਮੈਂ ਤੁਹਾਡੇ ਤੋਂ ਮੀਂਹ ਨੂੰ ਰੋਕਿਆ।
ਮੈਂ ਇੱਕ ਨਗਰ ਵਿੱਚ ਮੀਂਹ ਵਰ੍ਹਾਇਆ,
ਪਰ ਦੂਜੇ ਨਗਰ ਵਿੱਚ ਮੈਂ ਮੀਂਹ ਨੂੰ ਰੋਕ ਲਿਆ।
ਇੱਕ ਖੇਤ ਵਿੱਚ ਮੀਂਹ ਪਿਆ;
ਪਰ ਦੂਜੇ ਖੇਤ ਵਿੱਚ ਮੀਂਹ ਨਹੀਂ ਪਿਆ ਅਤੇ ਉਹ ਸੁੱਕ ਗਿਆ।
8ਲੋਕ ਪਾਣੀ ਲਈ ਸ਼ਹਿਰੋਂ ਕਸਬੇ ਵਿੱਚ ਭਟਕਦੇ ਰਹੇ,
ਪਰ ਪਾਣੀ ਪੀਣ ਨੂੰ ਨਾ ਮਿਲਿਆ,
ਤਾਂ ਵੀ ਤੁਸੀਂ ਮੇਰੇ ਕੋਲ ਨਹੀਂ ਮੁੜੇ।”
ਇਹ ਯਾਹਵੇਹ ਦਾ ਵਾਕ ਹੈ।
9“ਮੈਂ ਤੁਹਾਡੇ ਬਹੁਤ ਸਾਰੇ ਬਾਗ਼ਾਂ ਅਤੇ
ਤੁਹਾਡੇ ਅੰਗੂਰੀ ਬਾਗ਼ਾਂ ਨੂੰ ਸੋਕੇ ਅਤੇ ਉੱਲੀ ਨਾਲ ਮਾਰਿਆ।
ਅਤੇ ਟਿੱਡੀਆਂ ਨੇ ਤੁਹਾਡੇ ਹੰਜੀਰ ਅਤੇ ਜ਼ੈਤੂਨ ਦੇ ਰੁੱਖਾਂ ਨੂੰ ਖਾ ਲਿਆ,
ਫਿਰ ਵੀ ਤੁਸੀਂ ਮੇਰੇ ਕੋਲ ਵਾਪਸ ਨਹੀਂ ਆਏ,
ਯਾਹਵੇਹ ਦਾ ਐਲਾਨ ਕਰਦਾ ਹੈ।
10“ਮੈਂ ਤੁਹਾਡੇ ਵਿੱਚ ਮੁਸੀਬਤਾਂ ਭੇਜੀਆਂ ਜਿਵੇਂ ਮੈਂ ਮਿਸਰ ਵਿੱਚ ਭੇਜੀਆਂ ਸੀ।
ਮੈਂ ਤੇਰੇ ਲੁੱਟੇ ਹੋਏ ਘੋੜਿਆਂ ਸਮੇਤ
ਤੇਰੇ ਸਿਪਾਹੀਆਂ ਨੂੰ ਤਲਵਾਰ ਨਾਲ ਮਾਰ ਦਿੱਤਾ।
ਮੈਂ ਤੁਹਾਡੇ ਡੇਰਿਆਂ ਦੀ ਬਦਬੂ ਨਾਲ ਤੁਹਾਡੀਆਂ ਨਾਸਾਂ ਨੂੰ ਭਰ ਦਿੱਤਾ,
ਫਿਰ ਵੀ ਤੁਸੀਂ ਮੇਰੇ ਕੋਲ ਵਾਪਸ ਨਹੀਂ ਆਏ,
ਇਹ ਯਾਹਵੇਹ ਦਾ ਵਾਕ ਹੈ।
11“ਮੈਂ ਤੁਹਾਡੇ ਵਿੱਚੋਂ ਕਈਆਂ ਨੂੰ ਉਜਾੜ ਦਿੱਤਾ
ਜਿਵੇਂ ਮੈਂ ਸੋਦੋਮ ਅਤੇ ਗਾਮੂਰਾਹ ਨੂੰ ਉਖਾੜ ਸੁੱਟਿਆ ਸੀ।
ਤੁਸੀਂ ਅੱਗ ਵਿੱਚੋਂ ਕੱਢੀ ਹੋਈ ਲੱਕੜੀ ਵਾਂਗ ਸੀ,
ਤਾਂ ਵੀ ਤੁਸੀਂ ਮੇਰੇ ਕੋਲ ਵਾਪਸ ਨਹੀਂ ਆਏ,
ਇਹ ਯਾਹਵੇਹ ਦਾ ਵਾਕ ਹੈ।
12“ਇਸ ਲਈ ਹੇ ਇਸਰਾਏਲ, ਮੈਂ ਤੇਰੇ ਨਾਲ ਇਹ ਕਰਾਂਗਾ,
ਅਤੇ ਕਿਉਂਕਿ ਮੈਂ ਇਹ ਤੇਰੇ ਨਾਲ ਇਹ ਕਰਾਂਗਾ, ਹੇ ਇਸਰਾਏਲ,
ਆਪਣੇ ਪਰਮੇਸ਼ਵਰ ਨੂੰ ਮਿਲਣ ਲਈ ਤਿਆਰ ਰਹੋ।”
13ਉਹ ਜਿਹੜਾ ਪਹਾੜਾਂ ਨੂੰ ਬਣਾਉਂਦਾ ਹੈ,
ਜੋ ਹਵਾ ਨੂੰ ਰਚਦਾ ਹੈ,
ਅਤੇ ਜੋ ਮਨੁੱਖਜਾਤੀ ਨੂੰ ਆਪਣੇ ਵਿਚਾਰ ਪ੍ਰਗਟ ਕਰਦਾ ਹੈ,
ਜੋ ਹਨੇਰੇ ਵੱਲ ਮੋੜਦਾ ਹੈ,
ਅਤੇ ਧਰਤੀ ਦੀਆਂ ਉਚਾਈਆਂ ਤੇ ਚੱਲਦਾ ਹੈ
ਉਹ ਯਾਹਵੇਹ ਪਰਮੇਸ਼ਵਰ ਸਰਬਸ਼ਕਤੀਮਾਨ ਹੈ।