2
1ਯਾਹਵੇਹ ਇਸ ਤਰ੍ਹਾਂ ਆਖਦਾ ਹੈ:
“ਮੋਆਬ ਦੇ ਤਿੰਨ ਪਾਪਾਂ ਕਾਰਨ,
ਸਗੋਂ ਚਾਰ ਪਾਪਾਂ ਲਈ ਵੀ ਮੈਂ ਉਹਨਾਂ ਨੂੰ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ।
ਕਿਉਂਕਿ ਉਸ ਨੇ ਅਦੋਮ ਦੇ ਰਾਜੇ ਦੀਆਂ ਹੱਡੀਆਂ ਨੂੰ ਸਾੜ ਕੇ ਸੁਆਹ ਕਰ ਦਿੱਤਾ ਸੀ,
2ਮੈਂ ਮੋਆਬ ਉੱਤੇ ਅੱਗ ਭੇਜਾਂਗਾ
ਜੋ ਕੇਰੀਯੋਥ ਦੇ ਕਿਲ੍ਹਿਆਂ ਨੂੰ ਭਸਮ ਕਰ ਦੇਵੇਗੀ।
ਮੋਆਬ ਇੱਕ ਵੱਡੇ ਹੰਗਾਮੇ ਵਿੱਚ ਤਬਾਹ ਹੋ ਜਾਵੇਗਾ,
ਉਸ ਸਮੇਂ ਯੁੱਧ ਦੇ ਨਾਹਰੇ ਅਤੇ ਤੁਰ੍ਹੀਆਂ ਵਜਾਈਆਂ ਜਾਣਗੀਆਂ।
3ਮੈਂ ਉਸਦੇ ਹਾਕਮ ਨੂੰ ਤਬਾਹ ਕਰ ਦਿਆਂਗਾ,
ਅਤੇ ਉਸਦੇ ਨਾਲ ਉਸਦੇ ਸਾਰੇ ਅਧਿਕਾਰੀਆਂ ਨੂੰ ਮਾਰ ਦਿਆਂਗਾ,”
ਯਾਹਵੇਹ ਦੀ ਇਹ ਬਾਣੀ ਹੈ।
4ਯਾਹਵੇਹ ਇਸ ਤਰ੍ਹਾਂ ਆਖਦਾ ਹੈ:
“ਯਹੂਦਾਹ ਦੇ ਤਿੰਨ ਪਾਪਾਂ ਦੇ ਕਾਰਨ,
ਸਗੋਂ ਚਾਰ ਪਾਪਾਂ ਲਈ ਵੀ ਮੈਂ ਉਹਨਾਂ ਨੂੰ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ।
ਕਿਉਂਕਿ ਉਨ੍ਹਾਂ ਨੇ ਯਾਹਵੇਹ ਦੀ ਬਿਵਸਥਾ ਨੂੰ ਰੱਦ ਕਰ ਦਿੱਤਾ ਹੈ,
ਅਤੇ ਉਸ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਹੈ,
ਕਿਉਂਕਿ ਉਨ੍ਹਾਂ ਨੂੰ ਝੂਠੇ ਦੇਵਤਿਆਂ ਦੁਆਰਾ ਭਰਮਾਇਆ ਗਿਆ ਹੈ,
ਜਿਸ ਦੇਵਤੇ ਦੀ ਪਾਲਣਾ ਉਨ੍ਹਾਂ ਦੇ ਪੁਰਖਿਆਂ ਨੇ ਕੀਤੀ ਸੀ,
5ਮੈਂ ਯਹੂਦਾਹ ਉੱਤੇ ਅੱਗ ਭੇਜਾਂਗਾ ਜੋ ਯੇਰੂਸ਼ਲੇਮ ਦੇ ਕਿਲ੍ਹਿਆਂ ਨੂੰ ਭਸਮ ਕਰ ਦੇਵੇਗੀ।”
ਇਸਰਾਏਲ ਉੱਤੇ ਨਿਆਂ
6ਯਾਹਵੇਹ ਇਸ ਤਰ੍ਹਾਂ ਆਖਦਾ ਹੈ:
“ਇਸਰਾਏਲ ਦੇ ਤਿੰਨ ਪਾਪਾਂ ਦੇ ਕਾਰਨ
ਸਗੋਂ ਚਾਰ ਪਾਪਾਂ ਦੇ ਕਾਰਨ ਮੈਂ ਸਜ਼ਾ ਦੇਣ ਤੋਂ ਨਹੀਂ ਮੁੜਾਂਗਾ।
ਉਹ ਮਾਸੂਮ ਨੂੰ ਚਾਂਦੀ ਦੇ ਬਦਲੇ,
ਅਤੇ ਲੋੜਵੰਦਾਂ ਨੂੰ ਜੁੱਤੀਆਂ ਦੇ ਜੋੜੇ ਲਈ ਵੇਚਦੇ ਹਨ।
7ਉਹ ਗਰੀਬਾਂ ਦੇ ਸਿਰਾਂ ਨੂੰ ਮਿੱਧਦੇ ਹਨ,
ਜਿਵੇਂ ਜ਼ਮੀਨ ਦੀ ਧੂੜ ਹੋਣ,
ਅਤੇ ਮਜ਼ਲੂਮਾਂ ਨੂੰ ਇਨਸਾਫ਼ ਦੇਣ ਤੋਂ ਇਨਕਾਰ ਕਰਦੇ ਹਨ।
ਪਿਤਾ ਅਤੇ ਪੁੱਤਰ ਇੱਕੋ ਕੁੜੀ ਨਾਲ ਸੰਗ ਕਰਦੇ ਹਨ,
ਅਤੇ ਇਸ ਤਰ੍ਹਾਂ ਮੇਰੇ ਪਵਿੱਤਰ ਨਾਮ ਨੂੰ ਅਪਵਿੱਤਰ ਕਰਦੇ ਹਨ।
8ਉਹ ਹਰ ਜਗਵੇਦੀ ਦੇ ਕੋਲ ਗਿਰਵੀ ਰੱਖੇ ਹੋਏ ਬਸਤਰਾਂ ਉੱਤੇ ਲੇਟਦੇ ਹਨ।
ਆਪਣੇ ਦੇਵਤੇ ਦੇ ਘਰ
ਉਹ ਜੁਰਮਾਨੇ ਦੇ ਪੈਸਿਆਂ ਦੀ ਸ਼ਰਾਬ ਪੀਂਦੇ ਹਨ।
9“ਫਿਰ ਵੀ ਮੈਂ ਅਮੋਰੀਆਂ ਨੂੰ ਉਨ੍ਹਾਂ ਦੇ ਸਾਮ੍ਹਣੇ ਤਬਾਹ ਕਰ ਦਿੱਤਾ,
ਭਾਵੇਂ ਉਹ ਦਿਆਰ ਵਰਗੇ ਉੱਚੇ ਅਤੇ ਬਲੂਤ ਵਾਂਗ ਮਜ਼ਬੂਤ ਸਨ।
ਮੈਂ ਉਨ੍ਹਾਂ ਦੇ ਫਲ ਉੱਪਰੋਂ,
ਅਤੇ ਹੇਠਾਂ ਉਨ੍ਹਾਂ ਦੀਆਂ ਜੜ੍ਹਾਂ ਨੂੰ ਤਬਾਹ ਕਰ ਦਿੱਤਾ।
10ਮੈਂ ਤੁਹਾਨੂੰ ਮਿਸਰ ਵਿੱਚੋਂ ਕੱਢ ਲਿਆਇਆ
ਅਤੇ ਤੁਹਾਨੂੰ ਚਾਲੀ ਸਾਲ ਉਜਾੜ ਵਿੱਚ ਲੈ ਗਿਆ
ਤਾਂ ਜੋ ਮੈਂ ਤੁਹਾਨੂੰ ਅਮੋਰੀਆਂ ਦੇ ਦੇਸ਼ ਉੱਤੇ ਅਧਿਕਾਰੀ ਬਣਾਵਾਂ।
11“ਮੈਂ ਤੁਹਾਡੇ ਬੱਚਿਆਂ ਵਿੱਚੋਂ ਨਬੀ,
ਅਤੇ ਨਜ਼ੀਰ ਨੂੰ ਵੀ ਖੜ੍ਹਾ ਕੀਤਾ।
ਹੇ ਇਸਰਾਏਲ ਦੇ ਲੋਕੋ, ਕੀ ਇਹ ਸੱਚ ਨਹੀਂ ਹੈ?”
ਯਾਹਵੇਹ ਦੀ ਇਹ ਬਾਣੀ ਹੈ।
12“ਪਰ ਤੁਸੀਂ ਨਜ਼ੀਰ ਦੇ ਲੋਕਾਂ ਨੂੰ ਦਾਖ਼ਰਸ ਪਿਲਾਈ
ਅਤੇ ਨਬੀਆਂ ਨੂੰ ਭਵਿੱਖਬਾਣੀ ਨਾ ਕਰਨ ਦਾ ਹੁਕਮ ਦਿੱਤਾ।
13“ਹੁਣ, ਮੈਂ ਤੁਹਾਨੂੰ ਉਸੇ ਤਰ੍ਹਾਂ ਕੁਚਲ ਦਿਆਂਗਾ,
ਜਿਵੇਂ ਇੱਕ ਗੱਡਾ ਅਨਾਜ ਨਾਲ ਲੱਦਿਆ ਹੋਇਆ ਕੁਚਲਦਾ ਹੈ।
14ਤੇਜ਼ ਦੌੜਨ ਵਾਲਾ ਨਹੀਂ ਬਚੇਗਾ,
ਬਲਵਾਨ ਆਪਣੀ ਤਾਕਤ ਨੂੰ ਇਕੱਠਾ ਨਹੀਂ ਕਰੇਗਾ,
ਅਤੇ ਸੂਰਬੀਰ ਆਪਣੀ ਜਾਨ ਨਹੀਂ ਬਚਾ ਸਕੇਗਾ।
15ਤੀਰਅੰਦਾਜ਼ ਆਪਣੀ ਥਾਂ ਨਹੀਂ ਖੜਾ ਹੋਵੇਗਾ,
ਤੇਜ਼ ਦੌੜਨ ਵਾਲਾ ਸਿਪਾਹੀ ਭੱਜ ਨਹੀਂ ਸਕੇਗਾ,
ਅਤੇ ਘੋੜਸਵਾਰ ਆਪਣੀ ਜਾਨ ਨਹੀਂ ਬਚਾ ਸਕੇਗਾ।
16ਉਸ ਦਿਨ ਸਭ ਤੋਂ ਬਹਾਦਰ ਯੋਧੇ ਵੀ,
ਨੰਗੇ ਹੋ ਕੇ ਭੱਜਣਗੇ,”
ਯਾਹਵੇਹ ਦੀ ਇਹ ਬਾਣੀ ਹੈ।