2 ਸ਼ਮੂਏਲ 7
7
ਦਾਵੀਦ ਨਾਲ ਪਰਮੇਸ਼ਵਰ ਦਾ ਵਾਅਦਾ
1ਜਦੋਂ ਰਾਜਾ ਆਪਣੇ ਮਹਿਲ ਵਿੱਚ ਬੈਠਾ ਸੀ ਅਤੇ ਯਾਹਵੇਹ ਨੇ ਉਸਨੂੰ ਉਸਦੇ ਆਲੇ-ਦੁਆਲੇ ਦੇ ਸਾਰੇ ਦੁਸ਼ਮਣਾਂ ਤੋਂ ਅਰਾਮ ਦਿੱਤਾ, 2ਉਸ ਨੇ ਨਾਥਾਨ ਨਬੀ ਨੂੰ ਕਿਹਾ, “ਵੇਖ ਮੈਂ ਤਾਂ ਇੱਥੇ ਦਿਆਰ ਦੀ ਲੱਕੜ ਦੇ ਬਣਾਏ ਹੋਏ ਮਹਿਲ ਵਿੱਚ ਰਹਿੰਦਾ ਹਾਂ, ਪਰ ਪਰਮੇਸ਼ਵਰ ਦਾ ਸੰਦੂਕ ਤੰਬੂ ਵਿੱਚ ਰਹਿੰਦਾ ਹੈ।”
3ਨਾਥਾਨ ਨੇ ਰਾਜੇ ਨੂੰ ਜਵਾਬ ਦਿੱਤਾ, “ਜੋ ਕੁਝ ਤੇਰੇ ਮਨ ਵਿੱਚ ਹੈ, ਤੂੰ ਉਸੇ ਤਰ੍ਹਾਂ ਕਰ, ਕਿਉਂਕਿ ਯਾਹਵੇਹ ਤੇਰੇ ਨਾਲ ਹੈ।”
4ਪਰ ਉਸ ਰਾਤ ਯਾਹਵੇਹ ਦਾ ਬਚਨ ਨਾਥਾਨ ਨੂੰ ਆਇਆ:
5“ਜਾ ਅਤੇ ਮੇਰੇ ਸੇਵਕ ਦਾਵੀਦ ਨੂੰ ਆਖ, ‘ਯਾਹਵੇਹ ਇਹ ਆਖਦਾ ਹੈ ਕਿ ਤੂੰ ਮੇਰੇ ਰਹਿਣ ਲਈ ਭਵਨ ਬਣਾਉਣ ਵਾਲਾ ਹੈ? 6ਜਿਸ ਦਿਨ ਤੋਂ ਮੈਂ ਇਸਰਾਏਲੀਆਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ, ਮੈਂ ਅੱਜ ਤੱਕ ਕਿਸੇ ਘਰ ਵਿੱਚ ਨਹੀਂ ਰਿਹਾ। ਮੈਂ ਆਪਣੇ ਨਿਵਾਸ ਵਜੋਂ ਤੰਬੂ ਲਗਾ ਕੇ ਥਾਂ-ਥਾਂ ਘੁੰਮਦਾ ਰਿਹਾ ਹਾਂ। 7ਮੈਂ ਸਾਰੇ ਇਸਰਾਏਲੀਆਂ ਦੇ ਨਾਲ ਜਿੱਥੇ ਕਿਤੇ ਵੀ ਫਿਰਦਾ ਰਿਹਾ ਹਾਂ, ਤਾਂ ਕੀ ਮੈਂ ਕਦੇ ਉਨ੍ਹਾਂ ਦੇ ਕਿਸੇ ਨਿਆਈਂ ਨੂੰ ਜਿਨ੍ਹਾਂ ਨੂੰ ਮੈਂ ਆਪਣੀ ਪਰਜਾ ਇਸਰਾਏਲ ਦੀ ਚਰਵਾਹੀ ਕਰਨ ਦਾ ਹੁਕਮ ਦਿੱਤਾ ਸੀ ਅਤੇ ਆਖਿਆ ਹੋਵੇ, “ਕਿ ਤੁਸੀਂ ਮੇਰੇ ਲਈ ਦਿਆਰ ਦਾ ਭਵਨ ਕਿਉਂ ਨਹੀਂ ਬਣਾਇਆ?” ’
8“ਹੁਣ, ਮੇਰੇ ਸੇਵਕ ਦਾਵੀਦ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ ਕਿ ਮੈਂ ਤੈਨੂੰ ਉਸ ਸਥਾਨ ਵਿੱਚੋਂ ਕੱਢ ਕੇ ਜਿੱਥੇ ਤੂੰ ਇੱਜੜਾਂ ਦੀ ਦੇਖਭਾਲ ਕਰਦਾ ਸੀ ਲਿਆਇਆ ਅਤੇ ਤੈਨੂੰ ਆਪਣੀ ਪਰਜਾ ਇਸਰਾਏਲ ਦਾ ਹਾਕਮ ਨਿਯੁਕਤ ਕੀਤਾ। 9ਜਿੱਥੇ ਕਿਤੇ ਵੀ ਤੂੰ ਗਿਆ ਹੈ ਮੈਂ ਤੇਰੇ ਨਾਲ ਰਿਹਾ ਹਾਂ, ਅਤੇ ਮੈਂ ਤੇਰੇ ਸਾਰੇ ਵੈਰੀਆਂ ਨੂੰ ਤੇਰੇ ਅੱਗੋਂ ਮਿਟਾ ਦਿੱਤਾ। ਹੁਣ ਮੈਂ ਧਰਤੀ ਦੇ ਮਹਾਨ ਮਨੁੱਖਾਂ ਦੇ ਨਾਵਾਂ ਵਰਗਾ ਤੇਰਾ ਨਾਮ ਵੱਡਾ ਬਣਾਵਾਂਗਾ। 10ਅਤੇ ਮੈਂ ਆਪਣੇ ਲੋਕ ਇਸਰਾਏਲ ਲਈ ਇੱਕ ਜਗ੍ਹਾ ਠਹਿਰਾਵਾਂਗਾ ਅਤੇ ਉਹਨਾਂ ਨੂੰ ਸਥਿਰ ਕਰਾਂਗਾ ਤਾਂ ਜੋ ਉਹਨਾਂ ਦਾ ਆਪਣਾ ਘਰ ਹੋਵੇ ਅਤੇ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਦੁਸ਼ਟ ਲੋਕ ਹੁਣ ਉਹਨਾਂ ਉੱਤੇ ਜ਼ੁਲਮ ਨਹੀਂ ਕਰਨਗੇ, ਜਿਵੇਂ ਉਹਨਾਂ ਨੇ ਸ਼ੁਰੂ ਵਿੱਚ ਕੀਤਾ ਸੀ 11ਅਤੇ ਜਦੋਂ ਤੋਂ ਮੈਂ ਆਪਣੀ ਪਰਜਾ ਇਸਰਾਏਲ ਉੱਤੇ ਆਗੂ ਨਿਯੁਕਤ ਕੀਤਾ ਹੈ ਉਦੋਂ ਤੋਂ ਹੀ ਕਰਦੇ ਆਏ ਹਨ। ਮੈਂ ਤੁਹਾਨੂੰ ਤੁਹਾਡੇ ਸਾਰੇ ਦੁਸ਼ਮਣਾਂ ਤੋਂ ਅਰਾਮ ਵੀ ਦਿਆਂਗਾ।
“ ‘ਯਾਹਵੇਹ ਤੈਨੂੰ ਆਖਦਾ ਹੈ ਕਿ ਯਾਹਵੇਹ ਤੇਰੇ ਘਰਾਣੇ ਨੂੰ ਬਣਾਵੇਗਾ। 12ਜਦੋਂ ਤੇਰੇ ਦਿਨ ਪੂਰੇ ਹੋ ਜਾਣਗੇ ਅਤੇ ਤੂੰ ਆਪਣੇ ਪੁਰਖਿਆਂ ਨਾਲ ਸੌ ਜਾਵੇਗਾ, ਮੈਂ ਤੇਰੇ ਪਿੱਛੋਂ ਤੇਰੀ ਸੰਤਾਨ ਨੂੰ ਖੜ੍ਹਾਂ ਕਰਾਂਗਾ। ਜੋ ਤੇਰੇ ਆਪਣੇ ਮਾਸ ਅਤੇ ਲਹੂ ਤੋਂ ਹੋਵੇ ਅਤੇ ਮੈਂ ਉਸਦਾ ਰਾਜ ਸਥਾਪਿਤ ਕਰਾਂਗਾ। 13ਉਹ ਹੀ ਹੈ ਜੋ ਮੇਰੇ ਨਾਮ ਲਈ ਇੱਕ ਭਵਨ ਬਣਾਵੇਗਾ, ਅਤੇ ਮੈਂ ਉਸ ਦੇ ਰਾਜ ਦੀ ਗੱਦੀ ਨੂੰ ਸਦਾ ਲਈ ਸਥਾਪਿਤ ਕਰਾਂਗਾ। 14ਮੈਂ ਉਸਦਾ ਪਿਤਾ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ। ਜਦੋਂ ਉਹ ਬੁਰਿਆਈ ਕਰੇਗਾ ਮੈਂ ਉਸਨੂੰ ਮਨੁੱਖਾਂ ਦੀ ਬਣਾਈ ਰੀਤੀ ਦੇ ਅਨੁਸਾਰ ਡੰਡੇ ਅਤੇ ਕੋਰੜਿਆਂ ਨਾਲ ਮਾਰ ਕੇ ਸਜ਼ਾ ਦਿਆਂਗਾ। 15ਪਰ ਮੇਰੀ ਦਯਾ ਉਸ ਤੋਂ ਕਦੇ ਵੀ ਨਹੀਂ ਹਟੇਗੀ, ਜਿਵੇਂ ਮੈਂ ਇਸਨੂੰ ਸ਼ਾਊਲ ਤੋਂ ਖੋਹ ਲਿਆ ਸੀ, ਜਿਸ ਨੂੰ ਮੈਂ ਤੇਰੇ ਅੱਗੋਂ ਨਾਸ਼ ਕੀਤਾ ਸੀ। 16ਤੇਰਾ ਘਰ ਅਤੇ ਤੇਰਾ ਰਾਜ ਮੇਰੇ ਅੱਗੇ ਸਦਾ ਲਈ ਅਟੱਲ ਰਹੇਗਾ ਅਤੇ ਤੇਰਾ ਸਿੰਘਾਸਣ ਸਦਾ ਲਈ ਕਾਇਮ ਰਹੇਗਾ।’ ”
17ਨਾਥਾਨ ਨੇ ਇਨ੍ਹਾਂ ਸਾਰੀਆਂ ਗੱਲਾਂ ਅਤੇ ਇਸ ਦਰਸ਼ਨ ਦੇ ਅਨੁਸਾਰ ਦਾਵੀਦ ਨੂੰ ਦੱਸ ਦਿੱਤਾ।
ਦਾਵੀਦ ਦੀ ਪ੍ਰਾਰਥਨਾ
18ਤਦ ਰਾਜਾ ਦਾਵੀਦ ਅੰਦਰ ਗਿਆ ਅਤੇ ਯਾਹਵੇਹ ਦੇ ਸਾਮ੍ਹਣੇ ਬੈਠ ਗਿਆ ਅਤੇ ਉਸ ਨੇ ਕਿਹਾ,
“ਹੇ ਪ੍ਰਭੂ ਯਾਹਵੇਹ ਮੈਂ ਕੌਣ ਹਾਂ ਅਤੇ ਮੇਰਾ ਪਰਿਵਾਰ ਕੀ ਹੈ, ਕਿ ਤੂੰ ਮੈਨੂੰ ਇੱਥੋਂ ਤੱਕ ਲੈ ਆਇਆ ਹੈ? 19ਅਤੇ ਪ੍ਰਭੂ ਯਾਹਵੇਹ, ਜਿਵੇਂ ਕਿ ਤੇਰੀ ਨਿਗਾਹ ਵਿੱਚ ਇਹ ਕਾਫ਼ੀ ਨਹੀਂ ਸੀ, ਤੁਸੀਂ ਆਪਣੇ ਸੇਵਕ ਦੇ ਘਰ ਦੇ ਭਵਿੱਖ ਬਾਰੇ ਗੱਲ ਕੀਤੀ। ਹੇ ਪ੍ਰਭੂ ਯਾਹਵੇਹ, ਇਹ ਸਭ ਮਨੁੱਖ ਲਈ ਸਿਰਫ ਮਿੱਟੀ ਹੈ!
20“ਦਾਵੀਦ ਤੁਹਾਨੂੰ ਹੋਰ ਕੀ ਕਹਿ ਸਕਦਾ ਹੈ? ਕਿਉਂਕਿ ਪ੍ਰਭੂ ਯਾਹਵੇਹ, ਤੁਸੀਂ ਆਪਣੇ ਸੇਵਕ, ਨੂੰ ਜਾਣਦੇ ਹੋ। 21ਆਪਣੇ ਬਚਨ ਦੇ ਖਾਤਰ ਅਤੇ ਆਪਣੀ ਮਰਜ਼ੀ ਦੇ ਅਨੁਸਾਰ, ਤੂੰ ਇਹ ਮਹਾਨ ਕੰਮ ਕੀਤਾ ਹੈ ਅਤੇ ਆਪਣੇ ਸੇਵਕ ਨੂੰ ਇਹ ਦੱਸ ਦਿੱਤਾ ਹੈ।
22“ਹੇ ਯਾਹਵੇਹ ਪਰਮੇਸ਼ਵਰ ਤੂੰ ਕਿੰਨਾ ਮਹਾਨ ਹੈ! ਤੇਰੇ ਵਰਗਾ ਕੋਈ ਨਹੀਂ ਅਤੇ ਤੁਹਾਡੇ ਤੋਂ ਬਿਨਾਂ ਕੋਈ ਵੀ ਹੋਰ ਪਰਮੇਸ਼ਵਰ ਨਹੀਂ, ਜਿਵੇਂ ਅਸੀਂ ਆਪਣੇ ਕੰਨਾਂ ਨਾਲ ਸੁਣਿਆ ਹੈ। 23ਅਤੇ ਤੇਰੀ ਪਰਜਾ ਇਸਰਾਏਲ ਵਰਗਾ ਕੌਣ ਹੈ, ਧਰਤੀ ਉੱਤੇ ਇੱਕ ਅਜਿਹੀ ਕੌਮ ਹੈ ਜਿਸ ਨੂੰ ਪਰਮੇਸ਼ਵਰ ਨੇ ਆਪਣੇ ਲਈ ਇੱਕ ਪਰਜਾ ਦੇ ਰੂਪ ਵਿੱਚ ਇਸ ਲਈ ਛੁਡਾਇਆ ਤਾਂ ਜੋ ਉਸ ਲਈ ਇੱਕ ਨਾਮ ਬਣਾਉਣ। ਹੋਰਨਾਂ ਕੌਮਾਂ ਅਤੇ ਉਨ੍ਹਾਂ ਦੇ ਦੇਵਤਿਆਂ ਨੂੰ ਆਪਣੇ ਲੋਕਾਂ ਦੇ ਅੱਗੋਂ ਬਾਹਰ ਕੱਢ ਕੇ ਮਹਾਨ ਅਤੇ ਸ਼ਾਨਦਾਰ ਅਚੰਭੇ ਕੀਤੇ ਜਿਹਨਾਂ ਨੂੰ ਮਿਸਰ ਤੋਂ ਛੁਡਾਇਆ ਸੀ? 24ਤੂੰ ਆਪਣੀ ਪਰਜਾ ਇਸਰਾਏਲ ਨੂੰ ਸਦਾ ਲਈ ਆਪਣੇ ਵਜੋਂ ਸਥਾਪਿਤ ਕੀਤਾ ਹੈ ਅਤੇ ਤੂੰ ਆਪ ਹੀ ਯਾਹਵੇਹ, ਉਹਨਾਂ ਦਾ ਪਰਮੇਸ਼ਵਰ ਬਣ ਬਣਿਆ।
25“ਅਤੇ ਹੁਣ, ਯਾਹਵੇਹ ਪਰਮੇਸ਼ਵਰ, ਸਦਾ ਲਈ ਉਸ ਵਾਅਦੇ ਨੂੰ ਪੂਰਾ ਕਰ ਜੋ ਤੂੰ ਆਪਣੇ ਸੇਵਕ ਅਤੇ ਉਸਦੇ ਘਰ ਨਾਲ ਕੀਤਾ ਹੈ। ਉਸੇ ਤਰ੍ਹਾਂ ਕਰ, ਜਿਵੇਂ ਤੂੰ ਵਾਅਦਾ ਕੀਤਾ ਸੀ, 26ਤਾਂ ਜੋ ਤੇਰਾ ਨਾਮ ਸਦਾ ਲਈ ਮਹਾਨ ਰਹੇ। ਫਿਰ ਲੋਕ ਆਖਣਗੇ, ‘ਸਰਬਸ਼ਕਤੀਮਾਨ ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਹੈ!’ ਅਤੇ ਤੇਰੇ ਸੇਵਕ ਦਾਵੀਦ ਦਾ ਘਰਾਣਾ ਤੇਰੀ ਨਿਗਾਹ ਵਿੱਚ ਕਾਇਮ ਹੋਵੇਗਾ।
27“ਕਿਉਂ ਜੋ ਹੇ ਸੈਨਾਂ ਦੇ ਯਾਹਵੇਹ, ਇਸਰਾਏਲ ਦੇ ਪਰਮੇਸ਼ਵਰ, ਤੂੰ ਇਹ ਆਪਣੇ ਸੇਵਕ ਨੂੰ ਪ੍ਰਗਟ ਕੀਤਾ ਹੈ, ‘ਮੈਂ ਤੇਰੇ ਲਈ ਇੱਕ ਘਰ ਬਣਾਵਾਂਗਾ।’ ਇਸ ਲਈ ਤੇਰੇ ਸੇਵਕ ਨੂੰ ਇਹ ਪ੍ਰਾਰਥਨਾ ਕਰਨ ਦੀ ਹਿੰਮਤ ਮਿਲੀ ਹੈ। 28ਹੇ ਯਾਹਵੇਹ ਪ੍ਰਭੂ, ਤੂੰ ਹੀ ਪਰਮੇਸ਼ਵਰ ਹੈ! ਤੇਰਾ ਨੇਮ ਭਰੋਸੇਮੰਦ ਹੈ ਅਤੇ ਤੂੰ ਆਪਣੇ ਸੇਵਕ ਨਾਲ ਇਨ੍ਹਾਂ ਚੰਗੀਆਂ ਚੀਜ਼ਾਂ ਦਾ ਵਾਅਦਾ ਕੀਤਾ ਹੈ। 29ਹੁਣ ਆਪਣੇ ਸੇਵਕ ਦੇ ਘਰ ਨੂੰ ਅਸੀਸ ਦੇ, ਤਾਂ ਜੋ ਉਹ ਤੇਰੀ ਨਜ਼ਰ ਵਿੱਚ ਸਦਾ ਕਾਇਮ ਰਹੇ ਕਿਉਂ ਜੋ ਤੂੰ ਹੇ ਯਾਹਵੇਹ ਪ੍ਰਭੂ, ਬੋਲਿਆ ਹੈ ਅਤੇ ਤੇਰੀ ਹੀ ਬਰਕਤ ਨਾਲ ਤੇਰੇ ਸੇਵਕ ਦਾ ਘਰ ਸਦਾ ਲਈ ਮੁਬਾਰਕ ਰਹੇਗਾ।”
Currently Selected:
2 ਸ਼ਮੂਏਲ 7: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.