2 ਸ਼ਮੂਏਲ 22
22
ਦਾਵੀਦ ਦੁਆਰਾ ਵਡਿਆਈ ਦਾ ਗੀਤ
1ਦਾਵੀਦ ਨੇ ਇਸ ਗੀਤ ਦੇ ਸ਼ਬਦਾਂ ਨੂੰ ਯਾਹਵੇਹ ਲਈ ਗਾਇਆ ਜਦੋਂ ਯਾਹਵੇਹ ਨੇ ਉਸਨੂੰ ਉਸਦੇ ਸਾਰੇ ਦੁਸ਼ਮਣਾਂ ਦੇ ਹੱਥੋਂ ਅਤੇ ਸ਼ਾਊਲ ਦੇ ਹੱਥੋਂ ਛੁਡਾਇਆ ਸੀ। 2ਉਸਨੇ ਕਿਹਾ:
“ਯਾਹਵੇਹ ਮੇਰੀ ਚੱਟਾਨ, ਮੇਰਾ ਗੜ੍ਹ ਅਤੇ ਮੇਰਾ ਛੁਡਾਉਣ ਵਾਲਾ ਹੈ;
3ਮੇਰਾ ਪਰਮੇਸ਼ਵਰ ਮੇਰੀ ਚੱਟਾਨ ਹੈ, ਜਿਸ ਵਿੱਚ ਮੈਂ ਪਨਾਹ ਲੈਂਦਾ ਹਾਂ,
ਮੇਰੀ ਢਾਲ ਅਤੇ ਮੇਰੀ ਮੁਕਤੀ ਦਾ ਸਿੰਗ#22:3 ਸਿੰਗ ਅਰਥਾਤ: ਤਾਕਤ ਹੈ।
ਉਹ ਮੇਰਾ ਗੜ੍ਹ, ਮੇਰੀ ਪਨਾਹ ਅਤੇ ਮੇਰਾ ਮੁਕਤੀਦਾਤਾ ਹੈ,
ਤੂੰ ਮੈਨੂੰ ਅੰਧਕਾਰ ਤੋਂ ਬਚਾਉਂਦਾ ਹੈ।
4“ਮੈਂ ਯਾਹਵੇਹ ਨੂੰ ਪੁਕਾਰਿਆ, ਜੋ ਉਸਤਤ ਦੇ ਯੋਗ ਹੈ,
ਅਤੇ ਮੈਂ ਆਪਣੇ ਦੁਸ਼ਮਣਾਂ ਤੋਂ ਬਚਾਇਆ ਜਾਵਾਂਗਾ।
5ਮੌਤ ਦੀਆਂ ਲਹਿਰਾਂ ਮੇਰੇ ਦੁਆਲੇ ਘੁੰਮਦੀਆਂ ਹਨ;
ਵਿਨਾਸ਼ ਦੇ ਹੜ੍ਹਾਂ ਨੇ ਮੈਨੂੰ ਡਰਾਇਆ।
6ਕਬਰ ਦੀਆਂ ਰੱਸੀਆਂ ਮੇਰੇ ਦੁਆਲੇ ਹੋਈਆਂ ਹਨ;
ਮੌਤ ਦੇ ਫੰਦੇ ਮੇਰੇ ਚਾਰ-ਚੁਫੇਰੇ ਹਨ।
7“ਆਪਣੀ ਬਿਪਤਾ ਵਿੱਚ ਮੈਂ ਯਾਹਵੇਹ ਨੂੰ ਪੁਕਾਰਿਆ;
ਮੈਂ ਆਪਣੇ ਪਰਮੇਸ਼ਵਰ ਨੂੰ ਪੁਕਾਰਿਆ।
ਉਸ ਨੇ ਆਪਣੀ ਹੈਕਲ#22:7 ਹੈਕਲ ਅਰਥਾਤ: ਯਹੂਦਿਆਂ ਦਾ ਮੰਦਰ ਵਿੱਚੋਂ ਮੇਰੀ ਆਵਾਜ਼ ਸੁਣੀ।
ਮੇਰੀ ਪੁਕਾਰ ਉਸ ਦੇ ਕੰਨਾਂ ਤੱਕ ਪਹੁੰਚੀ।
8ਤਦ ਧਰਤੀ ਕੰਬ ਗਈ ਅਤੇ ਥਰ-ਥਰਾਈ,
ਅਕਾਸ਼ ਦੀਆਂ ਨੀਹਾਂ ਹਿੱਲ ਗਈਆਂ;
ਅਤੇ ਕੰਬ ਗਈਆਂ ਕਿਉਂਕਿ ਉਹ ਗੁੱਸੇ ਵਿੱਚ ਸੀ।
9ਉਸ ਦੀਆਂ ਨਾਸਾਂ ਵਿੱਚੋਂ ਧੂੰਆਂ ਉੱਠਿਆ।
ਉਸ ਦੇ ਮੂੰਹ ਵਿੱਚੋਂ ਭਸਮ ਕਰਨ ਵਾਲੀ ਅੱਗ ਨਿਕਲੀ,
ਉਸ ਵਿੱਚੋਂ ਬਲਦੇ ਕੋਲੇ ਨਿਕਲੇ।
10ਉਸਨੇ ਸਵਰਗ ਨੂੰ ਝੁਕਾਇਆ ਅਤੇ ਹੇਠਾਂ ਉੱਤਰ ਆਇਆ।
ਉਸਦੇ ਪੈਰਾਂ ਹੇਠ ਕਾਲੇ ਬੱਦਲ ਸਨ।
11ਉਹ ਕਰੂਬੀਆਂ ਉੱਤੇ ਸਵਾਰ ਹੋ ਕੇ ਉੱਡ ਗਿਆ;
ਉਹ ਪੌਣ ਦੇ ਖੰਭਾ ਉੱਤੇ ਵੇਖਿਆ ਗਿਆ।
12ਉਸ ਨੇ ਹਨੇਰੇ ਨੂੰ ਆਪਣੇ ਆਲੇ-ਦੁਆਲੇ ਦਾ ਮੰਡਪ ਬਣਾਇਆ,#22:12 ਜ਼ਬੂ 18:11
ਅਕਾਸ਼ ਦੇ ਹਨੇਰੇ ਮੀਂਹ ਦੇ ਬੱਦਲਾਂ ਨੂੰ ਬਣਾਇਆ।
13ਉਸ ਦੀ ਮੌਜੂਦਗੀ ਦੀ ਚਮਕ ਨਾਲ
ਅੰਗਿਆਰੇ ਵਿੱਚ ਅੱਗ ਬਲ ਗਈ।
14ਯਾਹਵੇਹ ਸਵਰਗ ਤੋਂ ਗਰਜਿਆ;
ਅੱਤ ਮਹਾਨ ਦੀ ਆਵਾਜ਼ ਗੂੰਜ ਉੱਠੀ।
15ਉਸਨੇ ਆਪਣੇ ਤੀਰ ਚਲਾਏ ਅਤੇ ਦੁਸ਼ਮਣਾਂ ਨੂੰ ਖਿੰਡਾ ਦਿੱਤਾ,
ਬਿਜਲੀ ਦੀਆਂ ਵੱਡੀਆਂ ਲਿਸ਼ਕਾ ਨਾਲ ਉਸਨੇ ਉਹਨਾਂ ਨੂੰ ਉਲਝਾ ਦਿੱਤਾ।
16ਹੇ ਯਾਹਵੇਹ ਤੇਰੀ ਝਿੜਕ ਨਾਲ
ਅਤੇ ਤੇਰੇ ਨਾਸਾਂ ਵਿੱਚੋਂ ਸਾਹ ਦੇ ਝੋਕੇ ਦੇ ਕਾਰਨ
ਸਮੁੰਦਰ ਦੀਆਂ ਸਤਹ ਦਿੱਸਣ ਲੱਗ ਪਈਆਂ,
ਅਤੇ ਧਰਤੀ ਦੀਆਂ ਨੀਹਾਂ ਰੱਖੀਆਂ ਗਈਆਂ।
17“ਉਸ ਨੇ ਸਵਰਗ ਤੋਂ ਆਪਣਾ ਹੱਥ ਵਧਾ ਕੇ ਮੈਨੂੰ ਫੜ ਲਿਆ;
ਉਸ ਨੇ ਮੈਨੂੰ ਡੂੰਘੇ ਪਾਣੀਆਂ ਵਿੱਚੋਂ ਬਾਹਰ ਕੱਢਿਆ।
18ਉਸਨੇ ਮੈਨੂੰ ਮੇਰੇ ਸ਼ਕਤੀਸ਼ਾਲੀ ਦੁਸ਼ਮਣ ਤੋਂ, ਮੇਰੇ ਨਾਲ ਘਿਣ ਕਰਨ ਵਾਲੇ
ਅਤੇ ਜੋ ਮੇਰੇ ਤੋਂ ਬਹੁਤ ਬਲਵਾਨ ਸਨ, ਮੈਨੂੰ ਉਹਨਾਂ ਤੋਂ ਛੁਡਾਇਆ।
19ਉਨ੍ਹਾਂ ਨੇ ਮੇਰੀ ਬਿਪਤਾ ਦੇ ਦਿਨ ਮੇਰਾ ਸਾਹਮਣਾ ਕੀਤਾ,
ਪਰ ਯਾਹਵੇਹ ਮੇਰਾ ਸਹਾਰਾ ਸੀ।
20ਉਸਨੇ ਮੈਨੂੰ ਇੱਕ ਵਿਸ਼ਾਲ ਜਗ੍ਹਾ ਵਿੱਚ ਪਹੁੰਚਾਇਆ;
ਉਸ ਨੇ ਮੈਨੂੰ ਬਚਾਇਆ ਕਿਉਂਕਿ ਉਹ ਮੇਰੇ ਤੋਂ ਪ੍ਰਸੰਨ ਸੀ।
21“ਯਾਹਵੇਹ ਨੇ ਮੇਰੇ ਨਾਲ ਮੇਰੀ ਧਾਰਮਿਕਤਾ ਦੇ ਅਨੁਸਾਰ ਵਿਹਾਰ ਕੀਤਾ ਹੈ;
ਮੇਰੇ ਹੱਥਾਂ ਦੀ ਸ਼ੁੱਧਤਾ ਦੇ ਅਨੁਸਾਰ ਉਸ ਨੇ ਮੈਨੂੰ ਇਨਾਮ ਦਿੱਤਾ ਹੈ।
22ਕਿਉਂਕਿ ਮੈਂ ਯਾਹਵੇਹ ਦੇ ਮਾਰਗਾਂ ਦੀ ਪਾਲਣਾ ਕੀਤੀ ਹੈ;
ਮੈਂ ਆਪਣੇ ਪਰਮੇਸ਼ਵਰ ਤੋਂ ਬੇਮੁੱਖ ਹੋਣ ਦਾ ਦੋਸ਼ੀ ਨਹੀਂ ਹੋਇਆ।
23ਉਸਦੇ ਸਾਰੇ ਕਾਨੂੰਨ ਮੇਰੇ ਸਾਮ੍ਹਣੇ ਹਨ।
ਮੈਂ ਉਹ ਦੇ ਹੁਕਮਾਂ ਤੋਂ ਮੂੰਹ ਨਹੀਂ ਮੋੜਿਆ।
24ਮੈਂ ਉਸਦੇ ਅੱਗੇ ਨਿਰਦੋਸ਼ ਰਿਹਾ ਹਾਂ
ਅਤੇ ਆਪਣੇ ਆਪ ਨੂੰ ਪਾਪ ਤੋਂ ਬਚਾਇਆ ਹੈ।
25ਯਾਹਵੇਹ ਨੇ ਮੈਨੂੰ ਮੇਰੀ ਧਾਰਮਿਕਤਾ ਦੇ ਅਨੁਸਾਰ,
ਮੇਰੀ ਸ਼ੁੱਧਤਾ ਦੇ ਅਨੁਸਾਰ ਉਹ ਦੀ ਨਿਗਾਹ ਵਿੱਚ ਫਲ ਦਿੱਤਾ ਹੈ।#22:25 ਜ਼ਬੂ 18:24
26“ਵਫ਼ਾਦਾਰਾਂ ਲਈ ਤੂੰ ਆਪਣੇ ਆਪ ਨੂੰ ਵਫ਼ਾਦਾਰ ਦਿਖਾਉਂਦਾ ਹੈ,
ਨਿਰਦੋਸ਼ਾਂ ਮਨੁੱਖਾਂ ਲਈ ਤੂੰ ਆਪਣੇ ਆਪ ਨੂੰ ਨਿਰਦੋਸ਼ ਦਿਖਾਉਂਦਾ ਹੈ,
27ਸ਼ੁੱਧ ਲੋਕਾਂ ਲਈ ਤੂੰ ਆਪਣੇ ਆਪ ਨੂੰ ਸ਼ੁੱਧ ਦਿਖਾਉਂਦਾ ਹੈ,
ਪਰ ਚਾਲਬਾਜ਼ਾਂ ਲਈ ਤੂੰ ਆਪਣੇ ਆਪ ਨੂੰ ਚਲਾਕ ਵਿਖਾਉਂਦਾ ਹੈ।
28ਤੂੰ ਨਮਰ ਵਿਅਕਤੀ ਨੂੰ ਬਚਾਉਂਦਾ ਹੈ,
ਪਰ ਤੇਰੀਆਂ ਅੱਖਾਂ ਹੰਕਾਰੀਆਂ ਉੱਤੇ ਹੈ ਕਿ ਉਨ੍ਹਾਂ ਨੂੰ ਨੀਵਾਂ ਕਰੇ।
29ਹੇ ਯਾਹਵੇਹ, ਤੂੰ ਮੇਰਾ ਦੀਵਾ ਹੈ;
ਯਾਹਵੇਹ ਮੇਰੇ ਹਨੇਰੇ ਨੂੰ ਚਾਨਣ ਵਿੱਚ ਬਦਲਦਾ ਹੈ।
30ਤੇਰੀ ਮਦਦ ਨਾਲ ਮੈਂ ਫ਼ੌਜ ਦੇ ਵਿਰੁੱਧ ਅੱਗੇ ਵਧ ਸਕਦਾ ਹਾਂ;
ਆਪਣੇ ਪਰਮੇਸ਼ਵਰ ਦੀ ਸਹਾਇਤਾ ਨਾਲ ਮੈਂ ਇੱਕ ਕੰਧ ਨੂੰ ਟੱਪ ਸਕਦਾ ਹਾਂ।
31“ਜਿੱਥੋਂ ਤੱਕ ਪਰਮੇਸ਼ਵਰ ਦੀ ਗੱਲ ਹੈ, ਉਸਦਾ ਰਸਤਾ ਸੰਪੂਰਨ ਹੈ,
ਯਾਹਵੇਹ ਦਾ ਬਚਨ ਤਾਇਆ ਹੋਇਆ ਹੈ,
ਉਹ ਉਨ੍ਹਾਂ ਸਾਰਿਆਂ ਦੀ ਰੱਖਿਆ ਕਰਦਾ ਹੈ ਜੋ ਉਸ ਵਿੱਚ ਪਨਾਹ ਲੈਂਦੇ ਹਨ।
32ਕਿਉਂਕਿ ਯਾਹਵੇਹ ਤੋਂ ਇਲਾਵਾ ਹੋਰ ਪਰਮੇਸ਼ਵਰ ਕੌਣ ਹੈ?
ਅਤੇ ਸਾਡੇ ਪਰਮੇਸ਼ਵਰ ਤੋਂ ਬਿਨਾਂ ਹੋਰ ਕਿਹੜੀ ਚੱਟਾਨ ਹੈ?
33ਇਹ ਪਰਮੇਸ਼ਵਰ ਹੈ ਜੋ ਮੈਨੂੰ ਮਜ਼ਬੂਤ ਕਰਦਾ ਹੈ
ਅਤੇ ਉਹ ਮੇਰੇ ਰਾਹਾਂ ਨੂੰ ਸੁਰੱਖਿਅਤ ਰੱਖਦਾ ਹੈ।
34ਉਹ ਮੇਰੇ ਪੈਰਾਂ ਨੂੰ ਹਿਰਨੀ ਦੇ ਪੈਰਾਂ ਵਾਂਗ ਬਣਾਉਂਦਾ ਹੈ;
ਉਹ ਮੈਨੂੰ ਉਚਾਈਆਂ ਉੱਤੇ ਖੜ੍ਹਾ ਕਰਦਾ ਹੈ।
35ਉਹ ਮੇਰੇ ਹੱਥਾਂ ਨੂੰ ਯੁੱਧ ਕਰਨਾ ਇਸ ਤਰ੍ਹਾਂ ਸਿਖਾਉਂਦਾ ਹੈ;
ਕਿ ਮੇਰੀਆਂ ਬਾਹਾਂ ਪਿੱਤਲ ਦੇ ਧਣੁੱਖਾ ਨੂੰ ਮੋੜ ਸਕਦੀਆਂ ਹਨ।
36ਤੂੰ ਆਪਣੇ ਬਚਾਓ ਦੀ ਢਾਲ ਮੈਨੂੰ ਦਿੱਤੀ ਹੈ।
ਤੇਰੀ ਮਦਦ ਨੇ ਮੈਨੂੰ ਮਹਾਨ ਬਣਾਇਆ ਹੈ।
37ਤੂੰ ਮੇਰੇ ਪੈਰਾਂ ਲਈ ਰਾਸਤਾ ਚੌੜਾ ਕਰਦਾ ਹੈ,
ਤਾਂ ਜੋ ਮੇਰੇ ਪੈਰ ਨਾ ਤਿਲਕਣ।
38“ਮੈਂ ਆਪਣੇ ਦੁਸ਼ਮਣਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਕੁਚਲ ਦਿੱਤਾ;
ਮੈਂ ਉਦੋਂ ਤੱਕ ਪਿੱਛੇ ਨਹੀਂ ਹਟਿਆ ਜਦੋਂ ਤੱਕ ਉਹ ਨਾਸ ਨਾ ਹੋ ਗਏ।
39ਮੈਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਕੁਚਲ ਦਿੱਤਾ, ਅਤੇ ਉਹ ਉੱਠ ਨਾ ਸਕਣ;
ਉਹ ਮੇਰੇ ਪੈਰਾਂ ਹੇਠ ਡਿੱਗ ਪਏ।
40ਤੂੰ ਯੁੱਧ ਲਈ ਮੈਨੂੰ ਬਲ ਦਿੱਤਾ,
ਤੂੰ ਮੇਰੇ ਵਿਰੋਧੀਆਂ ਨੂੰ ਮੇਰੇ ਅੱਗੇ ਨੀਵਾਂ ਕੀਤਾ।
41ਤੂੰ ਮੇਰੇ ਵੈਰੀਆਂ ਨੂੰ ਭਜਾਇਆ,
ਅਤੇ ਮੈਂ ਆਪਣੇ ਦੁਸ਼ਮਣਾਂ ਨੂੰ ਨਾਸ ਕਰ ਦਿੱਤਾ।
42ਉਨ੍ਹਾਂ ਨੇ ਮਦਦ ਲਈ ਦੁਹਾਈ ਦਿੱਤੀ,
ਪਰ ਉਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਸੀ,
ਉਹਨਾਂ ਨੇ ਯਾਹਵੇਹ ਅੱਗੇ ਵੀ ਦੁਹਾਈ ਦਿੱਤੀ,
ਪਰ ਉਸਨੇ ਜਵਾਬ ਨਹੀਂ ਦਿੱਤਾ।
43ਮੈਂ ਉਨ੍ਹਾਂ ਨੂੰ ਧਰਤੀ ਦੀ ਧੂੜ ਵਾਂਗ ਪੀਹ ਸੁੱਟਿਆ;
ਮੈਂ ਉਨ੍ਹਾਂ ਨੂੰ ਗਲੀਆਂ ਵਿੱਚ ਚਿੱਕੜ ਵਾਂਗੂੰ ਮਿੱਧਿਆ ਅਤੇ ਉਨ੍ਹਾਂ ਨੂੰ ਖਿਲਾਰ ਦਿੱਤਾ।
44“ਤੂੰ ਮੈਨੂੰ ਲੋਕਾਂ ਦੇ ਝਗੜਿਆਂ ਤੋਂ ਛੁਡਾਇਆ ਹੈ;
ਤੂੰ ਮੈਨੂੰ ਕੌਮਾਂ ਦੇ ਮੁਖੀ ਵਜੋਂ ਸੰਭਾਲਿਆ ਹੈ।
ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ ਸੀ ਹੁਣ ਮੇਰੀ ਸੇਵਾ ਕਰਦੇ ਹਨ,
45ਪਰਦੇਸੀ ਮੇਰੇ ਸਾਮ੍ਹਣੇ ਝੁਕਦੇ ਹਨ।
ਜਿਵੇਂ ਹੀ ਉਹ ਮੇਰੇ ਬਾਰੇ ਸੁਣਦੇ ਹਨ, ਉਹ ਮੇਰਾ ਕਹਿਣਾ ਮੰਨਦੇ ਹਨ।
46ਉਹ ਸਾਰੇ ਦਿਲ ਹਾਰ ਜਾਂਦੇ ਹਨ;
ਉਹ ਆਪਣੇ ਗੜ੍ਹਾਂ ਤੋਂ ਕੰਬਦੇ ਹੋਏ ਆਉਂਦੇ ਹਨ।
47“ਯਾਹਵੇਹ ਜੀਉਂਦਾ ਹੈ! ਮੇਰੀ ਚੱਟਾਨ ਦੀ ਵਡਿਆਈ ਹੋਵੇ!
ਮੇਰਾ ਪਰਮੇਸ਼ਵਰ, ਜੋ ਮੇਰੀ ਚੱਟਾਨ ਹੈ ਮੇਰੇ ਬਚਾਉਣ ਵਾਲਾ ਮੁਬਾਰਕ ਹੋਵੇ!
48ਉਹ ਹੀ ਪਰਮੇਸ਼ਵਰ ਹੈ ਜੋ ਮੇਰਾ ਬਦਲਾ ਲੈਂਦਾ ਹੈ,
ਜੋ ਕੌਮਾਂ ਨੂੰ ਮੇਰੇ ਅਧੀਨ ਕਰਦਾ ਹੈ,
49ਜੋ ਮੈਨੂੰ ਮੇਰੇ ਦੁਸ਼ਮਣਾਂ ਤੋਂ ਛੁਡਾਉਂਦਾ ਹੈ।
ਤੂੰ ਮੈਨੂੰ ਮੇਰੇ ਦੁਸ਼ਮਣਾਂ ਨਾਲੋਂ ਉੱਚਾ ਕੀਤਾ ਹੈ;
ਤੂੰ ਮੈਨੂੰ ਇੱਕ ਜ਼ਾਲਮ ਆਦਮੀ ਤੋਂ ਬਚਾਇਆ।
50ਇਸ ਲਈ, ਹੇ ਯਾਹਵੇਹ, ਮੈਂ ਕੌਮਾਂ ਵਿੱਚ ਤੇਰੀ ਉਸਤਤ ਕਰਾਂਗਾ;
ਮੈਂ ਤੇਰੇ ਨਾਮ ਦੇ ਗੁਣ ਗਾਵਾਂਗਾ।
51“ਉਹ ਆਪਣੇ ਰਾਜੇ ਨੂੰ ਵੱਡੀਆਂ ਜਿੱਤਾਂ ਦਿੰਦਾ ਹੈ;
ਉਹ ਆਪਣੇ ਮਸਹ ਕੀਤੇ ਹੋਏ ਉੱਤੇ,
ਅਰਥਾਤ ਦਾਵੀਦ ਅਤੇ ਉਸਦੀ ਅੰਸ ਉੱਤੇ ਸਦਾ ਤੱਕ ਦਯਾ ਕਰਦਾ ਹੈ।”
Currently Selected:
2 ਸ਼ਮੂਏਲ 22: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.