2 ਸ਼ਮੂਏਲ 21
21
ਗਿਬਓਨੀਆਂ ਦਾ ਬਦਲਾ
1ਦਾਵੀਦ ਦੇ ਰਾਜ ਵਿੱਚ ਤਿੰਨ ਸਾਲ ਲਗਾਤਾਰ ਕਾਲ ਪੈ ਗਿਆ। ਦਾਵੀਦ ਨੇ ਯਾਹਵੇਹ ਤੋਂ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ। ਯਾਹਵੇਹ ਨੇ ਉਸ ਨੂੰ ਉੱਤਰ ਦਿੱਤਾ, “ਸ਼ਾਊਲ ਅਤੇ ਉਸਦੇ ਪਰਿਵਾਰ ਉੱਤੇ ਖੂਨ ਦਾ ਦੋਸ਼ ਹੈ ਕਿਉਂਕਿ ਉਹਨਾਂ ਨੇ ਗਿਬਓਨੀਆਂ ਨੂੰ ਮਾਰ ਦਿੱਤਾ।”
2ਤਾਂ ਰਾਜੇ ਨੇ ਗਿਬਓਨੀਆਂ ਨੂੰ ਗੱਲ ਕਰਨ ਲਈ ਬੁਲਾਇਆ। (ਇੱਕ ਹਕੀਕਤ ਇਹ ਸੀ ਕਿ ਗਿਬਓਨੀ ਇਸਰਾਏਲ ਦੀ ਸੰਤਾਨ ਨਹੀਂ ਸਨ, ਸਗੋਂ ਅਮੋਰੀਆਂ ਦੇ ਬਚੇ ਹੋਏ ਸਨ। ਇਸਰਾਏਲੀਆਂ ਨੇ ਉਨ੍ਹਾਂ ਨੂੰ ਸੁਰੱਖਿਆ ਦਾ ਵਾਅਦਾ ਕੀਤਾ ਸੀ। ਸ਼ਾਊਲ ਨੇ ਆਪਣੇ ਉਤਸ਼ਾਹ ਵਿੱਚ, ਇਸਰਾਏਲ ਅਤੇ ਯਹੂਦਾਹ ਦੀ ਸੰਤਾਨ ਦੇ ਹਿੱਤ ਵਿੱਚ ਉਨ੍ਹਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ।) 3ਦਾਵੀਦ ਨੇ ਗਿਬਓਨੀਆਂ ਨੂੰ ਪੁੱਛਿਆ, “ਮੈਂ ਤੁਹਾਡੇ ਲਈ ਕੀ ਕਰਾ? ਮੈਂ ਕਿਸ ਵਸਤੂ ਨਾਲ ਪ੍ਰਾਸਚਿਤ ਕਰਾਂ ਤਾਂ ਜੋ ਤੁਸੀਂ ਯਾਹਵੇਹ ਦੀ ਵਿਰਾਸਤ ਨੂੰ ਅਸੀਸ ਦਿਓ?”
4ਇਹ ਸੁਣ ਕੇ ਗਿਬਓਨੀਆਂ ਨੇ ਉੱਤਰ ਦਿੱਤਾ, “ਅਸੀਂ ਸ਼ਾਊਲ ਦੇ ਘਰਾਣੇ ਤੋਂ ਸੋਨਾ ਜਾਂ ਚਾਂਦੀ ਦੀ ਮੰਗ ਨਹੀਂ ਕਰਦੇ ਅਤੇ ਨਾ ਹੀ ਅਸੀਂ ਕਿਸੇ ਇਸਰਾਏਲੀ ਨੂੰ ਮਾਰਨਾ ਚਾਹੁੰਦੇ ਹਾਂ।”
ਫਿਰ ਦਾਵੀਦ ਰਾਜੇ ਨੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਕੀ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਕਰਾਂ?”
5ਇਹ ਸੁਣ ਕੇ ਉਨ੍ਹਾਂ ਨੇ ਰਾਜੇ ਨੂੰ ਕਿਹਾ, “ਉਹ ਮਨੁੱਖ ਜਿਸ ਨੇ ਸਾਨੂੰ ਨਾਸ ਕੀਤਾ, ਜਿਸ ਨੇ ਸਾਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਤਾਂ ਜੋ ਇਸਰਾਏਲ ਵਿੱਚ ਸਾਡੀ ਕੋਈ ਜਗ੍ਹਾ ਨਾ ਹੋਵੇ, 6ਉਸ ਦੇ ਉੱਤਰਾਧਿਕਾਰੀਆਂ ਵਿੱਚੋਂ ਸੱਤ ਜਣੇ ਸਾਨੂੰ ਸੌਂਪ ਦਿੱਤਾ ਜਾਣ ਤਾਂ ਜੋ ਅਸੀਂ ਉਨ੍ਹਾਂ ਨੂੰ ਯਾਹਵੇਹ ਦੇ ਚੁਣੇ ਹੋਏ ਸ਼ਾਊਲ ਦੇ ਗਿਬਆਹ ਵਿੱਚ ਯਾਹਵੇਹ ਦੇ ਸਾਮ੍ਹਣੇ ਮੌਤ ਦੀ ਸਜ਼ਾ ਦੇਣ ਲਈ ਲੈ ਜਾ ਸਕੀਏ।”
ਰਾਜੇ ਨੇ ਉਨ੍ਹਾਂ ਨੂੰ ਕਿਹਾ, “ਮੈਂ ਉਨ੍ਹਾਂ ਨੂੰ ਸੌਂਪ ਦਿਆਂਗਾ।”
7ਪਰ ਦਾਵੀਦ ਰਾਜੇ ਨੇ ਸ਼ਾਊਲ ਦੇ ਪੁੱਤਰ ਯੋਨਾਥਾਨ ਦੇ ਪੁੱਤਰ ਮਫ਼ੀਬੋਸ਼ਥ ਨੂੰ ਯਾਹਵੇਹ ਦੇ ਅੱਗੇ ਚੁੱਕੀ ਗਈ ਸਹੁੰ ਕਾਰਨ ਛੱਡ ਦਿੱਤਾ। 8ਪਰ ਰਾਜੇ ਨੇ ਅੱਯਾਹ ਦੀ ਧੀ ਰਿਜ਼ਪਾਹ ਤੋਂ, ਅਰਮੋਨੀ ਅਤੇ ਮਫ਼ੀਬੋਸ਼ਥ ਦੋ ਪੁੱਤਰ ਲਏ, ਜੋ ਸ਼ਾਊਲ ਤੋਂ ਪੈਦਾ ਹੋਏ ਸਨ ਅਤੇ ਸ਼ਾਊਲ ਦੀ ਧੀ ਮੇਰਬ ਤੋਂ ਪੰਜ ਪੁੱਤਰ, ਜੋ ਮੇਹੋਲਾਥੀ ਬਾਰਜ਼ਿੱਲਈ ਦੇ ਪੁੱਤਰ ਅਦਰੀਏਲ ਤੋਂ ਪੈਦਾ ਹੋਏ ਸਨ। 9ਉਸ ਨੇ ਉਨ੍ਹਾਂ ਨੂੰ ਗਿਬਓਨੀਆਂ ਦੇ ਹਵਾਲੇ ਕਰ ਦਿੱਤਾ। ਜਿਨ੍ਹਾ ਨੇ ਉਨ੍ਹਾਂ ਨੂੰ ਯਾਹਵੇਹ ਦੇ ਸਾਮ੍ਹਣੇ ਉਸ ਪਹਾੜ ਉੱਤੇ ਮਾਰ ਦਿੱਤਾ। ਇਸ ਕਾਰਨ ਸੱਤਾਂ ਦੀ ਇੱਕੋ ਸਮੇਂ ਮੌਤ ਹੋ ਗਈ। ਇਹ ਮੌਤ ਦੀ ਸਜ਼ਾ ਜੌਂ ਦੀ ਵਾਢੀ ਦੇ ਸ਼ੁਰੂਆਤੀ ਦਿਨਾਂ ਵਿੱਚ ਦਿੱਤੀ ਗਈ ਸੀ।
10ਇਸ ਘਟਨਾ ਦੇ ਕਾਰਨ, ਅੱਯਾਹ ਦੀ ਧੀ ਰਿਜ਼ਪਾਹ ਨੇ ਆਪਣੇ ਲਈ ਮੋਟੇ ਕੱਪੜੇ ਦੀ ਚੱਟਾਨ ਉੱਤੇ ਇੱਕ ਪਨਾਹ ਬਣਾਈ ਅਤੇ ਉਹ ਵਾਢੀ ਦੇ ਸ਼ੁਰੂ ਤੋਂ ਲੈ ਕੇ ਮੀਂਹ ਪੈਣ ਤੱਕ ਉਸ ਵਿੱਚ ਰਹੀ। ਉਸ ਨੇ ਨਾ ਤਾਂ ਦਿਨ ਵੇਲੇ ਪੰਛੀਆਂ ਨੂੰ ਲਾਸ਼ਾਂ ਦੇ ਨੇੜੇ ਆਉਣ ਦਿੱਤਾ ਅਤੇ ਨਾ ਹੀ ਰਾਤ ਨੂੰ ਜੰਗਲੀ ਜਾਨਵਰਾਂ ਨੂੰ। 11ਜਦੋਂ ਦਾਵੀਦ ਨੂੰ ਸ਼ਾਊਲ ਦੀ ਦਾਸੀ ਅੱਯਾਹ ਦੀ ਧੀ ਰਿਜ਼ਪਾਹ ਦੇ ਇਸ ਕੰਮ ਬਾਰੇ ਪਤਾ ਲੱਗਾ। 12ਤਦ ਦਾਵੀਦ ਨੇ ਯਾਬੇਸ਼ ਗਿਲਆਦ ਦੇ ਲੋਕਾਂ ਤੋਂ ਸ਼ਾਊਲ ਅਤੇ ਯੋਨਾਥਾਨ ਦੀਆਂ ਹੱਡੀਆਂ ਲੈ ਲਈਆਂ। ਇਹ ਹੱਡੀਆਂ ਯਾਬੇਸ਼-ਗਿਲਆਦੀਆਂ ਦੁਆਰਾ ਬੈਤ-ਸ਼ਾਨ ਦੇ ਕਸਬੇ ਦੇ ਚੌਂਕ ਵਿੱਚੋਂ ਚੋਰੀ ਕੀਤੀਆਂ ਗਈਆਂ ਸਨ। (ਫ਼ਲਿਸਤੀਆਂ ਨੇ ਸ਼ਾਊਲ ਨੂੰ ਮਾਰਨ ਤੋਂ ਬਾਅਦ ਉਸੇ ਦਿਨ ਉੱਥੇ ਹੀ ਟੰਗ ਦਿੱਤਾ ਸੀ।) 13ਦਾਵੀਦ ਨੇ ਸ਼ਾਊਲ ਅਤੇ ਉਸਦੇ ਪੁੱਤਰ ਯੋਨਾਥਾਨ ਦੀਆਂ ਹੱਡੀਆਂ ਲੈ ਕੇ ਉਨ੍ਹਾਂ ਦੀਆਂ ਹੱਡੀਆਂ ਨੂੰ ਇਕੱਠਾ ਕੀਤਾ ਉਨ੍ਹਾਂ ਸਾਰਿਆਂ ਦੀਆਂ ਹੱਡੀਆਂ ਨੂੰ ਇਕੱਠਾ ਕੀਤਾ ਜੋ ਟੰਗੇ ਗਏ ਸਨ।
14ਤਦ ਉਨ੍ਹਾਂ ਨੇ ਸ਼ਾਊਲ ਅਤੇ ਉਸ ਦੇ ਪੁੱਤਰ ਯੋਨਾਥਾਨ ਦੀਆਂ ਹੱਡੀਆਂ ਨੂੰ ਬਿਨਯਾਮੀਨ ਦੇ ਦੇਸ਼ ਸੇਲਾਹ ਵਿੱਚ ਸ਼ਾਊਲ ਦੇ ਪਿਤਾ ਕੀਸ਼ ਦੀ ਕਬਰ ਵਿੱਚ ਰੱਖ ਦਿੱਤਾ। ਸਭ ਕੁਝ ਰਾਜੇ ਦੇ ਹੁਕਮ ਅਨੁਸਾਰ ਹੁੰਦਾ ਸੀ। ਜਦੋਂ ਇਹ ਸਭ ਹੋ ਗਿਆ ਤਾਂ ਪਰਮੇਸ਼ਵਰ ਨੇ ਦੇਸ਼ ਦੀ ਬੇਨਤੀਆਂ ਦਾ ਜਵਾਬ ਦਿੱਤਾ।
ਫ਼ਲਿਸਤੀਨੀਆਂ ਨਾਲ ਜੰਗ
15ਫ਼ਲਿਸਤੀਨੀਆਂ ਅਤੇ ਇਸਰਾਏਲੀਆਂ ਵਿਚਕਾਰ ਫਿਰ ਜੰਗ ਛਿੜ ਗਈ। ਦਾਵੀਦ ਆਪਣੀ ਫ਼ੌਜ ਲੈ ਕੇ ਉਨ੍ਹਾਂ ਨਾਲ ਲੜਿਆ। ਦਾਵੀਦ ਲੜ ਕੇ ਥੱਕ ਗਿਆ ਸੀ। 16ਉਸ ਵੇਲੇ ਦੈਂਤ#21:16 ਦੈਂਤ ਅਰਥਾਤ: ਰਾਫ਼ਾ ਦੀ ਵੰਸ਼ ਵਿੱਚੋਂ ਦੇ ਪੁੱਤਰਾਂ ਵਿੱਚੋਂ ਇਸ਼ਬੀ ਬੇਨੋਬ ਨੇ ਜਿਸ ਦੇ ਬਰਛੇ ਦਾ ਭਾਰ ਸਾਢੇ ਤਿੰਨ ਕਿੱਲੋ ਸੀ। ਉਸ ਨੇ ਨਵੀਂ ਤਲਵਾਰ ਪਹਿਨੀ ਹੋਈ ਸੀ। ਉਹ ਦਾਵੀਦ ਨੂੰ ਮਾਰਨਾ ਚਾਹੁੰਦਾ ਸੀ। 17ਪਰ ਜ਼ੇਰੂਇਯਾਹ ਦਾ ਪੁੱਤਰ ਅਬੀਸ਼ਾਈ ਦਾਵੀਦ ਦੀ ਮਦਦ ਲਈ ਆਇਆ। ਉਸ ਨੇ ਫ਼ਲਿਸਤੀ ਤੇ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ। ਦਾਵੀਦ ਦੇ ਸਿਪਾਹੀਆਂ ਨੇ ਉਸ ਤੋਂ ਸਹੁੰ ਖਾਧੀ ਕਿ ਉਹ ਹੁਣ ਤੋਂ ਜੰਗ ਦੇ ਮੈਦਾਨ ਵਿੱਚ ਨਹੀਂ ਜਾਵੇਗਾ, “ਨਹੀਂ ਤਾਂ ਇਸਰਾਏਲ ਦੇ ਖ਼ਾਨਦਾਨ ਦਾ ਦੀਵਾ ਬੁਝ ਜਾਵੇਗਾ।”
18ਕੁਝ ਸਮੇਂ ਦੇ ਬਾਅਦ ਗੋਬ ਨਾਮ ਦੇ ਸਥਾਨ ਉੱਤੇ ਫ਼ਲਿਸਤੀਆਂ ਨਾਲ ਯੁੱਧ ਹੋਇਆ। ਉਸ ਸਮੇਂ ਹੁਸ਼ਾਥੀ ਸਿਬਕੀ ਨੇ ਸਫਾ ਨੂੰ ਮਾਰ ਦਿੱਤਾ ਜੋ ਦੈਂਤ ਦੇ ਪੁੱਤਰਾਂ ਵਿੱਚੋਂ ਸੀ।
19ਇੱਕ ਵਾਰ ਫਿਰ ਫ਼ਲਿਸਤੀਆਂ ਨਾਲ ਗੋਬ ਨਾਮ ਦੇ ਇੱਕ ਸਥਾਨ ਵਿੱਚ ਲੜਾਈ ਹੋਈ ਤਦ ਯਆਰੇ ਓਰਗੀਮ ਦੇ ਪੁੱਤਰ ਅਲਹਾਨਾਨ ਨੇ ਜੋ ਬੈਤਲਹਮ ਦਾ ਸੀ ਗਿੱਤੀ ਗੋਲਿਅਥ ਦੇ ਭਰਾਂ ਨੂੰ ਮਾਰ ਸੁੱਟਿਆ ਜਿਸ ਦੇ ਨੇਜੇ ਦਾ ਡੰਡਾ ਜੁਲਾਹੇ ਦੇ ਸ਼ਤੀਰ ਵਰਗਾ ਸੀ।#21:19 1 ਇਤਿ 20:5
20ਉਸ ਤੋਂ ਬਾਅਦ ਇੱਕ ਵਾਰ ਫਿਰ ਗਾਥ ਵਿੱਚ ਲੜਾਈ ਹੋਈ। ਇੱਕ ਬਹੁਤ ਵੱਡੇ ਕੱਦ ਦਾ ਆਦਮੀ ਸੀ, ਜਿਸ ਦੇ ਹੱਥਾਂ ਅਤੇ ਪੈਰਾਂ ਦੀਆਂ ਛੇ-ਛੇ ਉਂਗਲਾਂ ਸਨ; ਅਰਥਾਤ ਚੌਵੀ ਉਂਗਲੀਆਂ ਸਨ। ਉਹ ਦੈਂਤ ਦੇ ਵੰਸ਼ ਵਿੱਚੋਂ ਸੀ। 21ਜਦੋਂ ਉਸਨੇ ਇਸਰਾਏਲ ਨੂੰ ਲਲਕਾਰਨਾ ਸ਼ੁਰੂ ਕੀਤਾ, ਤਾਂ ਦਾਵੀਦ ਦੇ ਭਰਾ ਸ਼ਿਮੇਆਹ ਦੇ ਪੁੱਤਰ ਯੋਨਾਥਾਨ ਨੇ ਉਸਨੂੰ ਜਾਨੋਂ ਮਾਰ ਦਿੱਤਾ।
22ਇਹ ਚਾਰੇ ਗਾਥ ਵਿੱਚ ਰਫ਼ਾ ਦੀ ਅੰਸ ਵਿੱਚੋਂ ਸਨ ਜੋ ਦਾਵੀਦ ਅਤੇ ਉਸ ਦੇ ਸੇਵਕਾਂ ਦੇ ਹੱਥੋਂ ਮਾਰੇ ਗਏ।
Currently Selected:
2 ਸ਼ਮੂਏਲ 21: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.