Bible App logo
Search Icon

2 ਸ਼ਮੂਏਲ 2

2
ਦਾਵੀਦ ਦਾ ਯਹੂਦਾਹ ਉੱਤੇ ਰਾਜਾ ਚੁਣਿਆ ਜਾਣਾ
1ਇਸ ਤੋਂ ਬਾਅਦ, ਦਾਵੀਦ ਨੇ ਯਾਹਵੇਹ ਤੋਂ ਪੁਛਿਆ, “ਕੀ ਮੈਂ ਯਹੂਦਾਹ ਦੇ ਕਿਸੇ ਨਗਰ ਵਿੱਚ ਜਾਵਾਂ?”
ਯਾਹਵੇਹ ਨੇ ਉਸਨੂੰ ਆਖਿਆ, “ਚਲਾ ਜਾ।”
ਦਾਵੀਦ ਨੇ ਪੁੱਛਿਆ, “ਮੈਂ ਕਿੱਥੇ ਜਾਵਾਂ?”
ਯਾਹਵੇਹ ਨੇ ਜਵਾਬ ਦਿੱਤਾ, “ਹੇਬਰੋਨ ਨੂੰ।”
2ਇਸ ਲਈ ਦਾਵੀਦ ਆਪਣੀਆਂ ਦੋ ਪਤਨੀਆਂ ਯਿਜ਼ਰਏਲ ਦੇ ਅਹੀਨੋਅਮ ਅਤੇ ਕਰਮਲੀ ਨਾਬਾਲ ਦੀ ਵਿਧਵਾ ਅਬੀਗੈਲ ਨਾਲ ਉੱਥੇ ਗਿਆ। 3ਦਾਵੀਦ ਨੇ ਆਪਣੇ ਨਾਲ ਦੇ ਆਦਮੀਆਂ ਨੂੰ ਵੀ ਉਨ੍ਹਾਂ ਦੇ ਪਰਿਵਾਰ ਸਮੇਤ ਲੈ ਲਿਆ ਅਤੇ ਉਹ ਹੇਬਰੋਨ ਅਤੇ ਉਸਦੇ ਸ਼ਹਿਰਾਂ ਵਿੱਚ ਵੱਸ ਗਏ। 4ਤਦ ਯਹੂਦਾਹ ਦੇ ਲੋਕ ਹੇਬਰੋਨ ਵਿੱਚ ਆਏ ਅਤੇ ਉੱਥੇ ਉਨ੍ਹਾਂ ਨੇ ਦਾਵੀਦ ਨੂੰ ਯਹੂਦਾਹ ਦੇ ਗੋਤ ਦਾ ਰਾਜਾ ਅਭਿਸ਼ੇਕ ਕੀਤਾ।
ਜਦੋਂ ਦਾਵੀਦ ਨੂੰ ਦੱਸਿਆ ਗਿਆ ਕਿ ਇਹ ਯਾਬੇਸ਼ ਗਿਲਆਦ ਦੇ ਆਦਮੀ ਸਨ ਜਿਨ੍ਹਾਂ ਨੇ ਸ਼ਾਊਲ ਨੂੰ ਦਫ਼ਨਾਇਆ ਸੀ, 5ਦਾਵੀਦ ਨੇ ਉਨ੍ਹਾਂ ਕੋਲ ਸੰਦੇਸ਼ਵਾਹਕ ਭੇਜੇ ਕਿ ਉਹ ਉਨ੍ਹਾਂ ਨੂੰ ਆਖਣ, “ਯਾਹਵੇਹ ਤੁਹਾਨੂੰ ਅਸੀਸ ਦੇਵੇ ਕਿ ਤੁਸੀਂ ਆਪਣੇ ਮਾਲਕ ਸ਼ਾਊਲ ਨੂੰ ਦਫ਼ਨਾਉਣ ਦੁਆਰਾ ਇਹ ਦਿਆਲਤਾ ਦਿਖਾਈ ਹੈ। 6ਯਾਹਵੇਹ ਹੁਣ ਤੁਹਾਨੂੰ ਦਿਆਲਤਾ ਅਤੇ ਵਫ਼ਾਦਾਰੀ ਦਿਖਾਵੇ ਅਤੇ ਮੈਂ ਵੀ ਤੁਹਾਡੇ ਉੱਤੇ ਉਹੀ ਕਿਰਪਾ ਕਰਾਂਗਾ ਕਿਉਂਕਿ ਤੁਸੀਂ ਇਹ ਕੀਤਾ ਹੈ। 7ਹੁਣ ਤੂੰ ਤਕੜਾ ਅਤੇ ਮਜ਼ਬੂਤ ਹੋ, ਕਿਉਂ ਜੋ ਤੁਹਾਡਾ ਸੁਆਮੀ ਸ਼ਾਊਲ ਮਰ ਗਿਆ ਹੈ ਅਤੇ ਯਹੂਦਾਹ ਦੇ ਲੋਕਾਂ ਨੇ ਮੈਨੂੰ ਆਪਣਾ ਰਾਜਾ ਅਭਿਸ਼ੇਕ ਕੀਤਾ ਹੈ।”
ਦਾਵੀਦ ਅਤੇ ਸ਼ਾਊਲ ਦੇ ਘਰਾਣੇ ਵਿਚਕਾਰ ਯੁੱਧ
8ਇਸ ਦੌਰਾਨ, ਨੇਰ ਦਾ ਪੁੱਤਰ ਅਬਨੇਰ, ਜਿਹੜਾ ਸ਼ਾਊਲ ਦੀ ਸੈਨਾ ਦਾ ਸੈਨਾਪਤੀ ਸੀ, ਸ਼ਾਊਲ ਦੇ ਪੁੱਤਰ ਈਸ਼-ਬੋਸ਼ੇਥ ਨੂੰ ਲੈ ਕੇ ਮਾਹਾਨਾਇਮ ਵਿੱਚ ਲੈ ਆਇਆ। 9ਅਤੇ ਉਸ ਨੂੰ ਗਿਲਆਦ, ਅੱਸੂਰਿਮ ਅਤੇ ਯਿਜ਼ਰਏਲ ਅਤੇ ਇਫ਼ਰਾਈਮ, ਬਿਨਯਾਮੀਨ ਅਤੇ ਸਾਰੇ ਇਸਰਾਏਲ ਦਾ ਵੀ ਰਾਜਾ ਬਣਾਇਆ।
10ਸ਼ਾਊਲ ਦਾ ਪੁੱਤਰ ਈਸ਼-ਬੋਸ਼ੇਥ ਦੀ ਉਮਰ ਚਾਲੀ ਸਾਲਾਂ ਸੀ ਜਦੋਂ ਉਹ ਇਸਰਾਏਲ ਦਾ ਪਾਤਸ਼ਾਹ ਬਣਿਆ ਅਤੇ ਉਸਨੇ ਦੋ ਸਾਲ ਰਾਜ ਕੀਤਾ। ਪਰ ਯਹੂਦਾਹ ਦਾ ਗੋਤ ਦਾਵੀਦ ਪ੍ਰਤੀ ਵਫ਼ਾਦਾਰ ਰਹੀ। 11ਦਾਵੀਦ ਦਾ ਯਹੂਦਾਹ ਉੱਤੇ ਹੇਬਰੋਨ ਵਿੱਚੋਂ ਰਾਜ ਕਰਨ ਦਾ ਸਮਾਂ ਸੱਤ ਸਾਲ ਅਤੇ ਛੇ ਮਹੀਨੇ ਸੀ।
12ਨੇਰ ਦਾ ਪੁੱਤਰ ਅਬਨੇਰ, ਸ਼ਾਊਲ ਦੇ ਪੁੱਤਰ ਈਸ਼-ਬੋਸ਼ੇਥ ਦੇ ਆਦਮੀਆਂ ਨਾਲ, ਮਾਹਾਨਾਇਮ ਛੱਡ ਕੇ ਗਿਬਓਨ ਵਿੱਚ ਆਏ। 13ਜ਼ੇਰੂਇਯਾਹ ਦਾ ਪੁੱਤਰ ਯੋਆਬ ਅਤੇ ਦਾਵੀਦ ਦੇ ਆਦਮੀ ਬਾਹਰ ਨਿੱਕਲ ਕੇ ਗਿਬਓਨ ਦੇ ਤਲਾਬ ਕੋਲ ਉਨ੍ਹਾਂ ਨੂੰ ਮਿਲੇ। ਇੱਕ ਟੋਲਾ ਤਲਾਬ ਦੇ ਇੱਕ ਪਾਸੇ ਅਤੇ ਇੱਕ ਟੋਲਾ ਦੂਜੇ ਪਾਸੇ ਬੈਠ ਗਿਆ।
14ਤਦ ਅਬਨੇਰ ਨੇ ਯੋਆਬ ਨੂੰ ਕਿਹਾ, “ਆਓ, ਕੁਝ ਜਵਾਨ ਉੱਠ ਕੇ ਸਾਡੇ ਸਾਮ੍ਹਣੇ ਲੜਨ।”
ਯੋਆਬ ਨੇ ਕਿਹਾ, “ਠੀਕ ਹੈ, ਉਨ੍ਹਾਂ ਨੂੰ ਇਹ ਕਰਨ ਦਿਓ।”
15ਇਸ ਲਈ ਉਹ ਖੜੇ ਹੋਏ ਅਤੇ ਤਦ ਸ਼ਾਊਲ ਦੇ ਪੁੱਤਰ ਈਸ਼-ਬੋਸ਼ੇਥ ਵੱਲੋਂ ਬਿਨਯਾਮੀਨ ਦੇ ਗਿਣਤੀ ਦੇ ਬਾਰਾਂ ਜੁਆਨ ਉੱਠੇ ਅਤੇ ਪਰਲੇ ਪਾਸੇ ਗਏ ਅਤੇ ਦਾਵੀਦ ਦੇ ਸੇਵਕਾਂ ਵੱਲੋਂ ਵੀ ਬਾਰਾਂ ਜੁਆਨ ਨਿੱਕਲੇ। 16ਤਦ ਹਰੇਕ ਨੇ ਆਪਣੇ ਵਿਰੋਧੀ ਦਾ ਸਿਰ ਫੜ ਲਿਆ ਅਤੇ ਆਪਣਾ ਖੰਜਰ ਉਸ ਦੇ ਵਿਰੋਧੀ ਦੇ ਵੱਖੀ ਵਿੱਚ ਧੱਸ ਦਿੱਤਾ, ਅਤੇ ਉਹ ਇਕੱਠੇ ਡਿੱਗ ਪਏ। ਇਸ ਲਈ ਗਿਬਓਨ ਵਿੱਚ ਉਸ ਥਾਂ ਨੂੰ ਹੇਲਕਾਥ ਹਜ਼ੂਰੀਮ#2:16 ਹੇਲਕਾਥ ਹਜ਼ੂਰੀਮ ਅਰਥਾਤ: ਤਲਵਾਰ ਦੀ ਧਾਰ ਦਾ ਮੈਦਾਨ ਅਤੇ ਪਸਲੀਆਂ ਦਾ ਮੈਦਾਨ ਕਿਹਾ ਜਾਂਦਾ ਸੀ।
17ਉਸ ਦਿਨ ਲੜਾਈ ਬਹੁਤ ਭਿਆਨਕ ਸੀ। ਦਾਵੀਦ ਦੇ ਬੰਦਿਆਂ ਨੇ ਅਬਨੇਰ ਅਤੇ ਇਸਰਾਏਲੀ ਦੇ ਬੰਦਿਆਂ ਨੂੰ ਹਾਰ ਦਿੱਤਾ।
18ਜ਼ੇਰੂਇਯਾਹ ਦੇ ਤਿੰਨ ਪੁੱਤਰ ਉੱਥੇ ਸਨ: ਯੋਆਬ, ਅਬੀਸ਼ਾਈ ਅਤੇ ਅਸਾਹੇਲ ਸਨ। ਅਸਾਹੇਲ ਜੰਗਲੀ ਹਿਰਨੀ ਦੀ ਤਰ੍ਹਾਂ ਫੁਰਤੀਲਾ ਸੀ। 19ਉਸਨੇ ਅਬਨੇਰ ਦਾ ਪਿੱਛਾ ਕੀਤਾ ਅਤੇ ਅਬਨੇਰ ਦਾ ਪਿੱਛਾ ਕਰਨ ਵੇਲੇ ਨਾ ਤਾਂ ਉਹ ਸੱਜੇ ਨਾ ਹੀ ਖੱਬੇ ਮੁੜਿਆ। 20ਅਬਨੇਰ ਨੇ ਉਸ ਦੇ ਪਿੱਛੇ ਦੇਖਿਆ ਅਤੇ ਪੁੱਛਿਆ, “ਕੀ ਤੂੰ ਹੀ ਅਸਾਹੇਲ ਹੈ?”
ਉਸਨੇ ਜਵਾਬ ਦਿੱਤਾ “ਜੀ ਹਾਂ।”
21ਤਦ ਅਬਨੇਰ ਨੇ ਉਸਨੂੰ ਆਖਿਆ, “ਸੱਜੇ ਜਾਂ ਖੱਬੇ ਪਾਸੇ ਮੁੜ ਜਾਹ ਅਤੇ ਨੌਜਵਾਨਾਂ ਵਿੱਚੋਂ ਇੱਕ ਨੂੰ ਫੜ ਅਤੇ ਉਸਦੇ ਹਥਿਆਰ ਲੁੱਟ ਲੈ।” ਪਰ ਅਸਾਹੇਲ ਨੇ ਉਸਦਾ ਪਿੱਛਾ ਕਰਨਾ ਨਾ ਛੱਡਿਆ।
22ਅਬਨੇਰ ਨੇ ਅਸਾਹੇਲ ਨੂੰ ਚੇਤਾਵਨੀ ਦਿੱਤੀ, “ਮੇਰਾ ਪਿੱਛਾ ਕਰਨਾ ਛੱਡ ਦੇ! ਮੈਂ ਕਿਉਂ ਤੈਨੂੰ ਵੱਢ ਕੇ ਧਰਤੀ ਉੱਤੇ ਸੁੱਟਾਂ? ਫਿਰ ਮੈਂ ਤੇਰੇ ਭਰਾ ਯੋਆਬ ਨੂੰ ਕਿਵੇਂ ਮੂੰਹ ਵਿਖਾਵਾਂਗਾ?”
23ਪਰ ਅਸਾਹੇਲ ਨੇ ਪਿੱਛਾ ਛੱਡਣ ਤੋਂ ਇਨਕਾਰ ਕਰ ਦਿੱਤਾ; ਇਸ ਲਈ ਅਬਨੇਰ ਨੇ ਆਪਣੇ ਬਰਛੇ ਦਾ ਸਿਰ ਦੇ ਅਸਾਹੇਲ ਦੇ ਪੇਟ ਵਿੱਚ ਮਾਰਿਆ ਅਤੇ ਬਰਛਾ ਉਸਦੀ ਪਿੱਠ ਵਿੱਚੋਂ ਬਾਹਰ ਨਿਕਲ ਗਿਆ। ਉਹ ਉੱਥੇ ਡਿੱਗ ਗਿਆ ਅਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਅਤੇ ਹਰ ਇੱਕ ਆਦਮੀ ਰੁਕ ਜਾਂਦਾ ਸੀ ਜਦੋਂ ਉਹ ਉਸ ਥਾਂ ਤੇ ਆਉਂਦਾ ਸੀ ਜਿੱਥੇ ਅਸਾਹੇਲ ਡਿੱਗਿਆ ਸੀ ਅਤੇ ਮਰ ਪਿਆ ਸੀ।
24ਪਰ ਯੋਆਬ ਅਤੇ ਅਬੀਸ਼ਾਈ ਨੇ ਅਬਨੇਰ ਦਾ ਪਿੱਛਾ ਕੀਤਾ ਅਤੇ ਜਦੋਂ ਸੂਰਜ ਡੁੱਬ ਰਿਹਾ ਸੀ ਤਾਂ ਉਹ ਗਿਬਓਨ ਦੇ ਉਜਾੜ ਦੇ ਰਾਹ ਵਿੱਚ ਗਿਯਾਹ ਦੇ ਨੇੜੇ ਅੰਮਾਹ ਦੀ ਪਹਾੜੀ ਉੱਤੇ ਆਏ। 25ਫਿਰ ਬਿਨਯਾਮੀਨ ਦੇ ਆਦਮੀ ਅਬਨੇਰ ਦੇ ਪਿੱਛੇ ਇਕੱਠੇ ਹੋਏ। ਉਨ੍ਹਾਂ ਨੇ ਆਪਣੇ ਆਪ ਨੂੰ ਇੱਕ ਸਮੂਹ ਵਿੱਚ ਬਣਾਇਆ ਅਤੇ ਇੱਕ ਪਹਾੜੀ ਦੀ ਸਿਖਰ ਤੇ ਖੜ੍ਹੇ ਹੋ ਗਏ।
26ਅਬਨੇਰ ਨੇ ਯੋਆਬ ਨੂੰ ਸੱਦ ਕੇ ਆਖਿਆ, “ਕੀ ਤਲਵਾਰ ਸਦਾ ਤਬਾਹੀ ਕਰਦੀ ਰਹੇਗੀ? ਕੀ ਤੁਹਾਨੂੰ ਇਹ ਨਹੀਂ ਪਤਾ ਕਿ ਇਹ ਕੁੜੱਤਣ ਵਿੱਚ ਖਤਮ ਹੋਵੇਗਾ? ਕਦੋਂ ਤੱਕ ਤੂੰ ਲੋਕਾਂ ਨੂੰ ਆਪਣੇ ਭਰਾਵਾਂ ਦਾ ਪਿੱਛਾ ਕਰਨ ਤੋਂ ਨਾ ਰੋਕੇਗਾ?”
27ਯੋਆਬ ਨੇ ਉੱਤਰ ਦਿੱਤਾ, “ਜਿਉਂਦੇ ਪਰਮੇਸ਼ਵਰ ਦੀ ਸਹੁੰ, ਜੇਕਰ ਤੂੰ ਨਾ ਬੋਲਿਆ ਹੁੰਦਾ, ਤਾਂ ਮਨੁੱਖ ਸਵੇਰ ਤੋਂ ਹੀ ਉਨ੍ਹਾਂ ਦਾ ਪਿੱਛਾ ਕਰਨਾ ਛੱਡ ਕੇ ਮੁੜ ਜਾਂਦੇ।”
28ਇਸ ਲਈ ਯੋਆਬ ਨੇ ਤੁਰ੍ਹੀ ਵਜਾਈ ਅਤੇ ਸਾਰੀ ਫ਼ੌਜ ਰੁਕ ਗਈ। ਉਨ੍ਹਾਂ ਨੇ ਹੁਣ ਇਸਰਾਏਲ ਦਾ ਪਿੱਛਾ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ਨੇ ਹੋਰ ਲੜਾਈ ਕੀਤੀ।
29ਉਸ ਸਾਰੀ ਰਾਤ ਅਬਨੇਰ ਅਤੇ ਉਸਦੇ ਆਦਮੀ ਅਰਾਬਾਹ ਵਿੱਚੋਂ ਲੰਘੇ। ਉਨ੍ਹਾਂ ਨੇ ਯਰਦਨ ਪਾਰ ਕੀਤਾ, ਸਵੇਰ ਦੇ ਸਮੇਂ ਤੋਂ ਚੱਲ ਕੇ ਮਾਹਾਨਾਇਮ ਵਿੱਚ ਆਏ।
30ਫਿਰ ਯੋਆਬ ਨੇ ਅਬਨੇਰ ਦਾ ਪਿੱਛਾ ਕਰਨਾ ਬੰਦ ਕਰ ਦਿੱਤਾ ਅਤੇ ਸਾਰੀ ਫ਼ੌਜ ਨੂੰ ਇਕੱਠਾ ਕੀਤਾ। ਤਦ ਉਸਨੇ ਵੇਖਿਆ ਕਿ ਦਾਵੀਦ ਦੇ ਬੰਦਿਆਂ ਵਿੱਚੋਂ ਉੱਨੀ ਮਨੁੱਖ ਨਾ ਲੱਭੇ ਅਤੇ ਅਸਾਹੇਲ ਵੀ ਨਾ ਲੱਭਿਆ। 31ਪਰ ਦਾਵੀਦ ਦੇ ਬੰਦਿਆਂ ਨੇ ਅਬਨੇਰ ਦੇ ਨਾਲ ਦੇ ਤਿੰਨ ਸੌ ਸੱਠ ਬਿਨਯਾਮੀਨਾਂ ਨੂੰ ਮਾਰ ਦਿੱਤਾ ਸੀ। 32ਉਨ੍ਹਾਂ ਨੇ ਅਸਾਹੇਲ ਨੂੰ ਲੈ ਕੇ ਬੈਤਲਹਮ ਵਿੱਚ ਉਸਦੇ ਪਿਤਾ ਦੀ ਕਬਰ ਵਿੱਚ ਦਫ਼ਨਾਇਆ। ਤਦ ਯੋਆਬ ਅਤੇ ਉਸਦੇ ਆਦਮੀਆਂ ਨੇ ਸਾਰੀ ਰਾਤ ਕੂਚ ਕੀਤਾ ਅਤੇ ਦਿਨ ਚੜ੍ਹਦੇ ਹੀ ਹੇਬਰੋਨ ਪਹੁੰਚ ਗਏ।

Currently Selected:

2 ਸ਼ਮੂਏਲ 2: PCB

Highlight

Copy

Compare

Share

None

Want to have your highlights saved across all your devices? Sign up or sign in