2 ਸ਼ਮੂਏਲ 1
1
ਦਾਵੀਦ ਨੇ ਸ਼ਾਊਲ ਦੀ ਮੌਤ ਬਾਰੇ ਸੁਣਿਆ
1ਸ਼ਾਊਲ ਦੀ ਮੌਤ ਤੋਂ ਬਾਅਦ, ਦਾਵੀਦ ਅਮਾਲੇਕੀਆਂ ਨੂੰ ਮਾਰ ਕੇ ਵਾਪਸ ਆਇਆ ਅਤੇ ਦੋ ਦਿਨ ਸਿਕਲਗ ਵਿੱਚ ਰਿਹਾ। 2ਤੀਜੇ ਦਿਨ ਸ਼ਾਊਲ ਦੇ ਡੇਰੇ ਤੋਂ ਇੱਕ ਆਦਮੀ ਜਿਸਦੇ ਕੱਪੜੇ ਪਾੜੇ ਅਤੇ ਸਿਰ ਵਿੱਚ ਮਿੱਟੀ ਪਈ ਹੋਈ ਸੀ ਦਾਵੀਦ ਕੋਲ ਆਇਆ। ਜਦੋਂ ਉਹ ਦਾਵੀਦ ਕੋਲ ਆਇਆ, ਤਾਂ ਉਹ ਦਾਵੀਦ ਨੂੰ ਆਦਰ ਦੇਣ ਲਈ ਜ਼ਮੀਨ ਤੇ ਡਿੱਗ ਪਿਆ।
3ਦਾਵੀਦ ਨੇ ਉਸਨੂੰ ਪੁੱਛਿਆ, “ਤੁਸੀਂ ਕਿੱਥੋਂ ਆਏ ਹੋ?”
ਉਸ ਨੇ ਉੱਤਰ ਦਿੱਤਾ, “ਮੈਂ ਇਸਰਾਏਲ ਦੇ ਡੇਰੇ ਵਿੱਚੋਂ ਬਚ ਨਿੱਕਲਿਆ ਹਾਂ।”
4ਦਾਵੀਦ ਨੇ ਪੁੱਛਿਆ, “ਮੈਨੂੰ ਦੱਸ, ਕੀ ਹੋਇਆ?”
ਉਸਨੇ ਜਵਾਬ ਦਿੱਤਾ, “ਮਨੁੱਖ ਲੜਾਈ ਵਿੱਚੋਂ ਭੱਜ ਗਏ, ਉਨ੍ਹਾਂ ਵਿੱਚੋਂ ਬਹੁਤ ਸਾਰੇ ਡਿੱਗ ਕੇ ਮਰ ਗਏ ਅਤੇ ਸ਼ਾਊਲ ਅਤੇ ਉਸਦਾ ਪੁੱਤਰ ਯੋਨਾਥਾਨ ਵੀ ਮਰ ਗਏ।”
5ਤਦ ਦਾਵੀਦ ਨੇ ਉਸ ਜੁਆਨ ਨੂੰ ਜਿਹੜਾ ਉਸ ਕੋਲ ਖ਼ਬਰ ਲਿਆਇਆ ਸੀ, ਆਖਿਆ, “ਤੈਨੂੰ ਕਿਵੇਂ ਪਤਾ ਕਿ ਸ਼ਾਊਲ ਅਤੇ ਉਸਦਾ ਪੁੱਤਰ ਯੋਨਾਥਾਨ ਮਰ ਗਏ ਹਨ?”
6ਉਸ ਨੌਜਵਾਨ ਨੇ ਕਿਹਾ, “ਮੈਂ ਗਿਲਬੋਆ ਪਹਾੜ ਉੱਤੇ ਸੀ ਅਤੇ ਉੱਥੇ ਸ਼ਾਊਲ ਆਪਣੇ ਬਰਛੇ ਉੱਤੇ ਢਾਸਣਾ ਲਾਈ ਪਿਆ ਸੀ, ਤਾਂ ਵੇਖੋ, ਰੱਥ ਅਤੇ ਘੁੜਸਵਾਰ ਉਹਨਾਂ ਦਾ ਜ਼ੋਰਦਾਰ ਪਿੱਛਾ ਕਰ ਰਹੇ ਸੀ। 7ਜਦ ਉਸ ਨੇ ਮੁੜ ਕੇ ਮੈਨੂੰ ਵੇਖਿਆ ਤਾਂ ਉਸ ਨੇ ਮੈਨੂੰ ਪੁਕਾਰਿਆ ਅਤੇ ਮੈਂ ਕਿਹਾ, ‘ਮੈਂ ਕੀ ਕਰ ਸਕਦਾ ਹਾਂ?’
8“ਉਸ ਨੇ ਮੈਨੂੰ ਪੁੱਛਿਆ, ‘ਤੂੰ ਕੌਣ ਹੈ?’
“ਮੈਂ ਜਵਾਬ ਦਿੱਤਾ, ‘ਇੱਕ ਅਮਾਲੇਕੀ ਹਾਂ।’
9“ਤਦ ਉਸ ਨੇ ਮੈਨੂੰ ਆਖਿਆ, ‘ਇੱਥੇ ਮੇਰੇ ਕੋਲ ਖਲੋ ਅਤੇ ਮੈਨੂੰ ਮਾਰ ਦੇ! ਮੈਂ ਮੌਤ ਦੇ ਘੇਰੇ ਵਿੱਚ ਹਾਂ, ਪਰ ਮੈਂ ਅਜੇ ਵੀ ਜ਼ਿੰਦਾ ਹਾਂ।’
10“ਇਸ ਲਈ ਮੈਂ ਉਸਦੇ ਕੋਲ ਗਿਆ ਅਤੇ ਉਸਨੂੰ ਮਾਰ ਦਿੱਤਾ, ਕਿਉਂਕਿ ਮੈਨੂੰ ਪਤਾ ਸੀ ਕਿ ਉਹ ਬਰਛੇ ਤੇ ਡਿੱਗਣ ਤੋਂ ਬਾਅਦ ਬਚ ਨਹੀਂ ਸਕਦਾ ਅਤੇ ਮੈਂ ਉਹ ਤਾਜ ਜੋ ਉਸਦੇ ਸਿਰ ਉੱਤੇ ਸੀ ਅਤੇ ਕੜਾ ਜੋ ਉਸਦੀ ਬਾਂਹ ਉੱਤੇ ਸੀ ਲੈ ਲਿਆ ਅਤੇ ਉਹਨਾਂ ਨੂੰ ਇੱਥੇ ਆਪਣੇ ਸੁਆਮੀ ਕੋਲ ਲੈ ਆਇਆ ਹਾਂ।”
11ਤਦ ਦਾਵੀਦ ਨੇ ਦੁੱਖੀ ਹੋ ਕੇ ਆਪਣੇ ਕੱਪੜੇ ਪਾੜ ਲਏ ਅਤੇ ਉਸ ਦੇ ਸਾਰੇ ਸਾਥੀਆਂ ਨੇ ਵੀ ਅਜਿਹਾ ਹੀ ਕੀਤਾ। 12ਉਨ੍ਹਾਂ ਨੇ ਸ਼ਾਊਲ ਅਤੇ ਉਸ ਦੇ ਪੁੱਤਰ ਯੋਨਾਥਾਨ ਲਈ ਅਤੇ ਯਾਹਵੇਹ ਦੀ ਸੈਨਾ ਅਤੇ ਇਸਰਾਏਲ ਦੀ ਕੌਮ ਲਈ ਸੋਗ ਕੀਤਾ ਅਤੇ ਰੋਏ ਅਤੇ ਸ਼ਾਮ ਤੱਕ ਵਰਤ ਰੱਖਿਆ ਕਿਉਂਕਿ ਉਹ ਤਲਵਾਰ ਨਾਲ ਮਾਰੇ ਗਏ ਸਨ।
13ਦਾਵੀਦ ਨੇ ਉਸ ਨੌਜਵਾਨ ਨੂੰ ਕਿਹਾ ਜੋ ਉਸ ਕੋਲ ਖ਼ਬਰ ਲੈ ਕੇ ਆਇਆ ਸੀ, “ਤੂੰ ਕਿੱਥੋਂ ਦਾ ਹੈ?”
ਉਸਨੇ ਉੱਤਰ ਦਿੱਤਾ, “ਮੈਂ ਇੱਕ ਪਰਦੇਸੀ ਦਾ ਪੁੱਤਰ ਹਾਂ, ਇੱਕ ਅਮਾਲੇਕੀ।”
14ਦਾਵੀਦ ਨੇ ਉਸ ਨੂੰ ਪੁੱਛਿਆ, “ਯਾਹਵੇਹ ਦੇ ਮਸਹ ਕੀਤੇ ਹੋਏ ਨੂੰ ਤਬਾਹ ਕਰਨ ਲਈ ਤੂੰ ਆਪਣਾ ਹੱਥ ਚੁੱਕਣ ਤੋਂ ਕਿਉਂ ਨਹੀਂ ਡਰਿਆ?”
15ਤਦ ਦਾਵੀਦ ਨੇ ਆਪਣੇ ਆਦਮੀਆਂ ਵਿੱਚੋਂ ਇੱਕ ਨੂੰ ਬੁਲਾਇਆ ਅਤੇ ਕਿਹਾ, “ਜਾਓ, ਉਸਨੂੰ ਮਾਰੋ!” ਇਸ ਲਈ ਉਸਨੇ ਉਸਨੂੰ ਮਾਰਿਆ, ਅਤੇ ਉਹ ਮਰ ਗਿਆ। 16ਕਿਉਂਕਿ ਦਾਵੀਦ ਨੇ ਉਸਨੂੰ ਕਿਹਾ ਸੀ, “ਤੇਰਾ ਲਹੂ ਤੇਰੇ ਸਿਰ ਉੱਤੇ ਹੋਵੇ। ਤੇਰੇ ਆਪਣੇ ਮੂੰਹ ਨੇ ਤੇਰੇ ਵਿਰੁੱਧ ਗਵਾਹੀ ਦਿੱਤੀ ਜਦੋਂ ਤੂੰ ਕਿਹਾ ਸੀ, ‘ਮੈਂ ਯਾਹਵੇਹ ਦੇ ਮਸਹ ਕੀਤੇ ਹੋਏ ਨੂੰ ਮਾਰ ਦਿੱਤਾ।’ ”
ਦਾਵੀਦ ਦਾ ਸ਼ਾਊਲ ਅਤੇ ਯੋਨਾਥਾਨ ਲਈ ਵਿਰਲਾਪ
17ਦਾਵੀਦ ਨੇ ਇਹ ਵਿਰਲਾਪ ਸ਼ਾਊਲ ਅਤੇ ਉਸਦੇ ਪੁੱਤਰ ਯੋਨਾਥਾਨ ਲਈ ਕੀਤਾ, 18ਅਤੇ ਉਸਨੇ ਹੁਕਮ ਦਿੱਤਾ ਕਿ ਯਹੂਦਾਹ ਦੇ ਲੋਕਾਂ ਨੂੰ ਧਣੁੱਖ ਦਾ ਇਹ ਵਿਰਲਾਪ ਸਿਖਾਇਆ ਜਾਵੇ, ਇਹ ਯਾਸ਼ਰ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ:
19“ਹੇ ਇਸਰਾਏਲ, ਤੇਰਾ ਸਿਰੋਮਣੀ ਉੱਚਿਆਂ ਥਾਵਾਂ ਵਿੱਚ ਮਾਰਿਆ ਗਿਆ।
ਹਾਏ ਸੂਰਬੀਰ ਕਿਵੇਂ ਡਿੱਗ ਪਿਆ!
20“ਗਾਥ ਵਿੱਚ ਇਹ ਨਾ ਆਖੋ,
ਅਸ਼ਕਲੋਨ ਦੀਆਂ ਗਲੀਆਂ ਵਿੱਚ ਇਸ ਦਾ ਪ੍ਰਚਾਰ ਨਾ ਕਰੋ,
ਅਜਿਹਾ ਨਾ ਹੋਵੇ ਕਿ ਫ਼ਲਿਸਤੀਆਂ ਦੀਆਂ ਧੀਆਂ ਖੁਸ਼ ਹੋਣ,
ਅਜਿਹਾ ਨਾ ਹੋਵੇ ਕਿ ਅਸੁੰਨਤੀਆਂ ਦੀਆਂ ਧੀਆਂ ਅਨੰਦ ਮਨਾਉਣ।
21“ਹੇ ਗਿਲਬੋਆ ਦੇ ਪਹਾੜੋ,
ਤੁਹਾਡੇ ਤੇ ਨਾ ਤ੍ਰੇਲ ਪਵੇ, ਨਾ ਮੀਂਹ ਪਵੇ,
ਤੁਹਾਡੇ ਤੇ ਉਪਜਾਓ ਖੇਤਾਂ ਤੇ ਮੀਂਹ ਨਾ ਪਵੇ।
ਕਿਉਂਕਿ ਉੱਥੇ ਸੂਰਬੀਰਾਂ ਦੀ ਢਾਲ ਨੂੰ ਤੁੱਛ ਜਾਣਿਆ ਜਾਂਦਾ ਸੀ,
ਸ਼ਾਊਲ ਦੀ ਢਾਲ ਨੂੰ ਹੁਣ ਤੇਲ ਨਹੀਂ ਸੀ ਰਗੜਿਆ ਜਾਂਦਾ।
22“ਮਾਰੇ ਹੋਇਆ ਦੇ ਲਹੂ ਤੋਂ,
ਸੂਰਬੀਰਾਂ ਦੇ ਮਾਸ ਤੋਂ,
ਯੋਨਾਥਾਨ ਦਾ ਧਣੁੱਖ ਵਾਪਸ ਨਹੀਂ ਮੁੜਿਆ,
ਸ਼ਾਊਲ ਦੀ ਤਲਵਾਰ ਅਸੰਤੁਸ਼ਟ ਵਾਪਸ ਨਹੀਂ ਆਈ।
23ਸ਼ਾਊਲ ਅਤੇ ਯੋਨਾਥਾਨ
ਜੀਵਨ ਵਿੱਚ ਉਹ ਪਿਆਰੇ ਅਤੇ ਪ੍ਰਸ਼ੰਸਾਯੋਗ ਸਨ,
ਅਤੇ ਮੌਤ ਵਿੱਚ ਵੀ ਉਹ ਵੱਖ ਨਹੀਂ ਹੋਏ ਸਨ।
ਉਹ ਉਕਾਬਾਂ ਨਾਲੋਂ ਤੇਜ਼ ਸਨ,
ਉਹ ਸ਼ੇਰਾਂ ਨਾਲੋਂ ਤਕੜੇ ਸਨ।
24“ਇਸਰਾਏਲ ਦੀਆਂ ਧੀਓ,
ਸ਼ਾਊਲ ਲਈ ਰੋਵੋ,
ਜਿਸ ਨੇ ਤੁਹਾਨੂੰ ਲਾਲ ਰੰਗ ਦੇ ਕੱਪੜੇ ਪਹਿਨਾਏ ਸਨ,
ਜਿਸ ਨੇ ਤੁਹਾਡੇ ਕੱਪੜਿਆਂ ਨੂੰ ਸੋਨੇ ਦੇ ਗਹਿਣਿਆਂ ਨਾਲ ਸ਼ਿੰਗਾਰਿਆ ਸੀ।
25“ਕਿੰਨੇ ਸੂਰਮੇ ਜੰਗ ਵਿੱਚ ਡਿੱਗ ਪਏ ਹਨ!
ਯੋਨਾਥਾਨ ਤੁਹਾਡੀਆਂ ਉਚਾਈਆਂ ਉੱਤੇ ਮਰਿਆ ਪਿਆ ਹੈ।
26ਹੇ ਮੇਰੇ ਭਰਾ ਯੋਨਾਥਾਨ, ਮੈਂ ਤੇਰੇ ਲਈ ਉਦਾਸ ਹਾਂ;
ਤੂੰ ਮੈਨੂੰ ਬਹੁਤ ਪਿਆਰਾ ਸੀ।
ਤੇਰਾ ਮੇਰੇ ਲਈ ਪਿਆਰ ਅਦਭੁਤ ਸੀ,
ਔਰਤਾਂ ਨਾਲੋਂ ਵੀ ਅਦਭੁਤ ਸੀ।
27“ਬਲਵੰਤ ਕਿਵੇਂ ਡਿੱਗ ਪਏ ਹਨ!
ਜੰਗ ਦੇ ਹਥਿਆਰ ਨਸ਼ਟ ਹੋ ਗਏ ਹਨ!”
Currently Selected:
2 ਸ਼ਮੂਏਲ 1: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.