1 ਯੋਹਨ 4
4
ਆਤਮਾਵਾਂ ਨੂੰ ਪਰਖਣਾ
1ਹੇ ਪਿਆਰੇ ਮਿੱਤਰੋ, ਹਰ ਆਤਮਾ ਤੇ ਵਿਸ਼ਵਾਸ ਨਾ ਕਰੋ, ਪਰ ਆਤਮਾਵਾਂ ਦੀ ਜਾਂਚ ਕਰੋ ਕਿ ਉਹ ਪਰਮੇਸ਼ਵਰ ਵੱਲੋਂ ਹੈ ਜਾਂ ਨਹੀਂ, ਕਿਉਂਕਿ ਬਹੁਤ ਸਾਰੇ ਝੂਠੇ ਨਬੀ ਜਗਤ ਵਿੱਚ ਨਿਕਲ ਆਏ ਹਨ। 2ਇਸ ਤਰ੍ਹਾਂ ਤੁਸੀਂ ਪਰਮੇਸ਼ਵਰ ਦੇ ਆਤਮਾ ਨੂੰ ਪਛਾਣ ਸਕਦੇ ਹੋ: ਹਰ ਆਤਮਾ ਜੋ ਸਵੀਕਾਰ ਕਰ ਲੈਂਦਾ ਹੈ ਕਿ ਯਿਸ਼ੂ ਮਸੀਹ ਦੇਹ ਧਾਰ ਕੇ ਆਇਆ ਉਹ ਪਰਮੇਸ਼ਵਰ ਤੋਂ ਹੈ, 3ਪਰ ਹਰ ਆਤਮਾ ਜੋ ਯਿਸ਼ੂ ਨੂੰ ਨਹੀਂ ਮੰਨਦਾ ਉਹ ਪਰਮੇਸ਼ਵਰ ਵੱਲੋਂ ਨਹੀਂ ਹੈ। ਇਹ ਮਸੀਹ ਵਿਰੋਧੀ ਦਾ ਆਤਮਾ ਹੈ, ਜਿਸ ਬਾਰੇ ਤੁਸੀਂ ਸੁਣਿਆ ਹੈ ਕਿ ਉਹ ਆ ਰਿਹਾ ਹੈ ਅਤੇ ਹੁਣ ਵੀ ਹੈ ਅਤੇ ਦੁਨੀਆਂ ਵਿੱਚ ਪਹਿਲਾਂ ਤੋਂ ਹੀ ਹੈ।
4ਹੇ ਪਿਆਰੇ ਬੱਚਿਓ, ਤੁਸੀਂ ਪਰਮੇਸ਼ਵਰ ਤੋਂ ਹੋ ਅਤੇ ਤੁਸੀਂ ਝੂਠੇ ਨਬੀਆਂ ਨੂੰ ਹਰਾ ਦਿੱਤਾ ਹੈ, ਕਿਉਂਕਿ ਜੋ ਤੁਹਾਡੇ ਵਿੱਚ ਹੈ ਉਹ ਉਸ ਨਾਲੋਂ ਵੱਡਾ ਹੈ ਜੋ ਦੁਨੀਆਂ ਵਿੱਚ ਹੈ। 5ਉਹ ਸੰਸਾਰ ਤੋਂ ਹਨ ਅਤੇ ਇਸ ਲਈ ਸੰਸਾਰ ਦੇ ਨਜ਼ਰੀਏ ਤੋਂ ਬੋਲਦੇ ਹਨ ਅਤੇ ਸੰਸਾਰ ਉਹਨਾਂ ਨੂੰ ਸੁਣਦਾ ਹੈ। 6ਅਸੀਂ ਪਰਮੇਸ਼ਵਰ ਤੋਂ ਹਾਂ ਅਤੇ ਜੋ ਵੀ ਪਰਮੇਸ਼ਵਰ ਨੂੰ ਜਾਣਦਾ ਹੈ ਉਹ ਸਾਡੀ ਸੁਣਦਾ ਹੈ; ਪਰ ਜਿਹੜਾ ਵੀ ਪਰਮੇਸ਼ਵਰ ਤੋਂ ਨਹੀਂ ਹੈ ਉਹ ਸਾਡੀ ਨਹੀਂ ਸੁਣਦਾ। ਇਸ ਤੋਂ ਅਸੀਂ ਸੱਚਾਈ ਦੇ ਆਤਮਾ ਅਤੇ ਝੂਠ ਦੇ ਆਤਮਾ ਨੂੰ ਪਛਾਣ ਲੈਂਦੇ ਹਾਂ।
ਪਰਮੇਸ਼ਵਰ ਦਾ ਸੱਚਾ ਪਿਆਰ
7ਹੇ ਪਿਆਰੇ ਦੋਸਤੋ, ਅਸੀਂ ਇੱਕ ਦੂਸਰੇ ਨੂੰ ਪਿਆਰ ਕਰੀਏ, ਕਿਉਂਕਿ ਪਿਆਰ ਪਰਮੇਸ਼ਵਰ ਤੋਂ ਆਉਂਦਾ ਹੈ। ਹਰ ਕੋਈ ਜੋ ਪਿਆਰ ਕਰਦਾ ਹੈ ਉਹ ਪਰਮੇਸ਼ਵਰ ਤੋਂ ਪੈਦਾ ਹੋਇਆ ਹੈ ਅਤੇ ਪਰਮੇਸ਼ਵਰ ਨੂੰ ਜਾਣਦਾ ਹੈ। 8ਜਿਹੜਾ ਪਿਆਰ ਨਹੀਂ ਕਰਦਾ ਉਹ ਪਰਮੇਸ਼ਵਰ ਨੂੰ ਨਹੀਂ ਜਾਣਦਾ, ਕਿਉਂਕਿ ਪਰਮੇਸ਼ਵਰ ਪਿਆਰ ਹੈ। 9ਇਸ ਤਰ੍ਹਾਂ ਪਰਮੇਸ਼ਵਰ ਨੇ ਸਾਡੇ ਵਿੱਚ ਆਪਣਾ ਪਿਆਰ ਦਿਖਾਇਆ: ਉਸ ਨੇ ਆਪਣੇ ਇੱਕਲੌਤੇ ਪੁੱਤਰ ਨੂੰ ਸੰਸਾਰ ਵਿੱਚ ਭੇਜਿਆ ਤਾਂ ਜੋ ਅਸੀਂ ਉਸ ਦੇ ਦੁਆਰਾ ਜੀ ਸਕੀਏ। 10ਇਹ ਪਿਆਰ ਹੈ: ਇਹ ਨਹੀਂ ਕਿ ਅਸੀਂ ਪਰਮੇਸ਼ਵਰ ਨੂੰ ਪਿਆਰ ਕੀਤਾ, ਪਰ ਇਹ ਕਿ ਉਸ ਨੇ ਸਾਨੂੰ ਪਿਆਰ ਕੀਤਾ ਅਤੇ ਆਪਣੇ ਪੁੱਤਰ ਨੂੰ ਸਾਡੇ ਪਾਪਾਂ ਲਈ ਪ੍ਰਾਸਚਿਤ ਦੀ ਬਲੀ ਵਜੋਂ ਭੇਜਿਆ। 11ਹੇ ਪਿਆਰੇ ਦੋਸਤੋ, ਕਿਉਂਕਿ ਪਰਮੇਸ਼ਵਰ ਨੇ ਸਾਨੂੰ ਬਹੁਤ ਪਿਆਰ ਕੀਤਾ ਹੈ, ਸਾਨੂੰ ਵੀ ਇੱਕ ਦੂਸਰੇ ਨੂੰ ਪਿਆਰ ਕਰਨਾ ਚਾਹੀਦਾ ਹੈ। 12ਪਰਮੇਸ਼ਵਰ ਨੂੰ ਕਿਸੇ ਨੇ ਕਦੇ ਨਹੀਂ ਵੇਖਿਆ; ਪਰ ਜੇ ਅਸੀਂ ਇੱਕ ਦੂਸਰੇ ਨੂੰ ਪਿਆਰ ਕਰਦੇ ਹਾਂ, ਪਰਮੇਸ਼ਵਰ ਸਾਡੇ ਵਿੱਚ ਰਹਿੰਦੇ ਹਨ ਅਤੇ ਉਸ ਦਾ ਪਿਆਰ ਸਾਡੇ ਵਿੱਚ ਸੰਪੂਰਨ ਹੋਇਆ ਹੈ।
13ਇਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਅਸੀਂ ਉਸ ਵਿੱਚ ਰਹਿੰਦੇ ਹਾਂ ਅਤੇ ਉਹ ਸਾਡੇ ਵਿੱਚ ਰਹਿੰਦਾ ਹੈ, ਉਸ ਨੇ ਸਾਨੂੰ ਆਪਣਾ ਆਤਮਾ ਦਿੱਤਾ ਹੈ। 14ਅਤੇ ਅਸੀਂ ਵੇਖਿਆ ਅਤੇ ਗਵਾਹੀ ਦਿੰਦੇ ਹਾਂ ਕਿ ਪਿਤਾ ਨੇ ਆਪਣੇ ਪੁੱਤਰ ਨੂੰ ਦੁਨੀਆਂ ਦਾ ਮੁਕਤੀਦਾਤਾ ਹੋਣ ਲਈ ਭੇਜਿਆ ਹੈ। 15ਜੇ ਕੋਈ ਮੰਨਦਾ ਹੈ ਕਿ ਯਿਸ਼ੂ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਪਰਮੇਸ਼ਵਰ ਉਹਨਾਂ ਵਿੱਚ ਰਹਿੰਦਾ ਹੈ ਅਤੇ ਉਹ ਪਰਮੇਸ਼ਵਰ ਵਿੱਚ। 16ਅਤੇ ਅਸੀਂ ਪਰਮੇਸ਼ਵਰ ਦੇ ਉਸ ਪਿਆਰ ਨੂੰ ਜਾਣਿਆ ਜੋ ਉਸ ਨੇ ਸਾਡੇ ਨਾਲ ਕੀਤਾ ਹੈ।
ਪਰਮੇਸ਼ਵਰ ਪਿਆਰ ਹੈ। ਜੋ ਕੋਈ ਪਿਆਰ ਵਿੱਚ ਰਹਿੰਦਾ ਹੈ ਉਹ ਪਰਮੇਸ਼ਵਰ ਵਿੱਚ ਅਤੇ ਪਰਮੇਸ਼ਵਰ ਉਹਨਾਂ ਵਿੱਚ ਰਹਿੰਦਾ ਹੈ। 17ਇਸ ਤਰ੍ਹਾਂ ਸਾਡੇ ਵਿੱਚ ਪਿਆਰ ਨੂੰ ਸੰਪੂਰਨ ਬਣਾਇਆ ਜਾਂਦਾ ਹੈ ਤਾਂ ਜੋ ਸਾਨੂੰ ਨਿਆਂ ਦੇ ਦਿਨ ਵਿਸ਼ਵਾਸ ਹੋਵੇ: ਇਸ ਸੰਸਾਰ ਵਿੱਚ ਅਸੀਂ ਯਿਸ਼ੂ ਵਰਗੇ ਹਾਂ।#4:17 ਯੋਹ 5:22-27; 1 ਯੋਹ 2:28-29 18ਪਿਆਰ ਵਿੱਚ ਕੋਈ ਡਰ ਨਹੀਂ ਹੁੰਦਾ। ਪਰ ਸੰਪੂਰਨ ਪਿਆਰ ਡਰ ਨੂੰ ਬਾਹਰ ਕੱਢਦਾ ਹੈ, ਕਿਉਂਕਿ ਡਰ ਦਾ ਸੰਬੰਧ ਸਜ਼ਾ ਨਾਲ ਹੁੰਦਾ ਹੈ। ਜਿਹੜਾ ਡਰਦਾ ਹੈ ਉਹ ਪਿਆਰ ਵਿੱਚ ਸੰਪੂਰਨ ਨਹੀਂ ਹੁੰਦਾ।
19ਅਸੀਂ ਪਿਆਰ ਕਰਦੇ ਹਾਂ ਕਿਉਂਕਿ ਸਾਨੂੰ ਪਹਿਲਾਂ ਉਸ ਨੇ ਪਿਆਰ ਕੀਤਾ ਸੀ। 20ਜਿਹੜਾ ਵੀ ਪਰਮੇਸ਼ਵਰ ਨੂੰ ਪਿਆਰ ਕਰਨ ਦਾ ਦਾਅਵਾ ਕਰਦਾ ਹੈ ਫਿਰ ਵੀ ਆਪਣੇ ਭਰਾ ਜਾਂ ਭੈਣ ਨਾਲ ਨਫ਼ਰਤ ਕਰੇ ਉਹ ਝੂਠਾ ਹੈ। ਕਿਉਂਕਿ ਜੋ ਕੋਈ ਆਪਣੇ ਭਰਾ ਅਤੇ ਭੈਣ ਨੂੰ ਪਿਆਰ ਨਹੀਂ ਕਰਦਾ, ਜਿਨ੍ਹਾਂ ਨੂੰ ਉਸ ਨੇ ਵੇਖਿਆ ਹੈ, ਤਾਂ ਉਹ ਪਰਮੇਸ਼ਵਰ ਨੂੰ ਜਿਸ ਨੂੰ ਉਸ ਨੇ ਨਹੀਂ ਵੇਖਿਆ ਪਿਆਰ ਕਰ ਹੀ ਨਹੀਂ ਸਕਦਾ। 21ਅਤੇ ਉਸ ਨੇ ਸਾਨੂੰ ਇਹ ਆਦੇਸ਼ ਦਿੱਤਾ ਹੈ: ਜੋ ਕੋਈ ਵੀ ਪਰਮੇਸ਼ਵਰ ਨੂੰ ਪਿਆਰ ਕਰਦਾ ਹੈ ਉਸ ਨੂੰ ਆਪਣੇ ਭਰਾ ਅਤੇ ਭੈਣ ਨੂੰ ਵੀ ਪਿਆਰ ਕਰਨਾ ਚਾਹੀਦਾ ਹੈ।#4:21 ਮਾਰ 12:29-31
Currently Selected:
1 ਯੋਹਨ 4: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.