1 ਇਤਿਹਾਸ 15
15
ਸੰਦੂਕ ਨੂੰ ਯੇਰੂਸ਼ਲੇਮ ਵਿੱਚ ਲਿਆਂਦਾ ਗਿਆ
1ਦਾਵੀਦ ਦੇ ਸ਼ਹਿਰ ਵਿੱਚ ਆਪਣੇ ਲਈ ਇਮਾਰਤਾਂ ਬਣਾਉਣ ਤੋਂ ਬਾਅਦ, ਉਸਨੇ ਪਰਮੇਸ਼ਵਰ ਦੇ ਸੰਦੂਕ ਲਈ ਇੱਕ ਜਗ੍ਹਾ ਤਿਆਰ ਕੀਤੀ ਅਤੇ ਉਸ ਲਈ ਇੱਕ ਤੰਬੂ ਲਾਇਆ। 2ਤਦ ਦਾਵੀਦ ਨੇ ਆਖਿਆ, “ਲੇਵੀਆਂ ਤੋਂ ਬਿਨਾਂ ਹੋਰ ਕੋਈ ਵੀ ਪਰਮੇਸ਼ਵਰ ਦੇ ਸੰਦੂਕ ਨੂੰ ਨਹੀਂ ਚੁੱਕ ਸਕਦਾ ਕਿਉਂਕਿ ਯਾਹਵੇਹ ਨੇ ਉਹਨਾਂ ਨੂੰ ਪਰਮੇਸ਼ਵਰ ਦੇ ਸੰਦੂਕ ਨੂੰ ਚੁੱਕਣ ਅਤੇ ਉਸਦੇ ਅੱਗੇ ਸੇਵਾ ਕਰਨ ਲਈ ਚੁਣਿਆ ਹੈ।”
3ਦਾਵੀਦ ਨੇ ਸਾਰੇ ਇਸਰਾਏਲ ਨੂੰ ਯੇਰੂਸ਼ਲੇਮ ਵਿੱਚ ਯਾਹਵੇਹ ਦੇ ਸੰਦੂਕ ਨੂੰ ਉਸ ਥਾਂ ਉੱਤੇ ਲਿਆਉਣ ਲਈ ਇਕੱਠਾ ਕੀਤਾ ਜਿਸ ਲਈ ਉਸਨੇ ਤਿਆਰ ਕੀਤਾ ਸੀ।
4ਉਸ ਨੇ ਹਾਰੋਨ ਅਤੇ ਲੇਵੀਆਂ ਦੇ ਉੱਤਰਾਧਿਕਾਰੀਆਂ ਨੂੰ ਇਕੱਠੀਆਂ ਕੀਤਾ:
5ਕੋਹਾਥ ਦੇ ਉੱਤਰਾਧਿਕਾਰੀਆਂ ਵਿੱਚੋਂ,
ਸਰਦਾਰ ਊਰੀਏਲ ਅਤੇ 120 ਰਿਸ਼ਤੇਦਾਰ।
6ਮੇਰਾਰੀ ਦੇ ਉੱਤਰਾਧਿਕਾਰੀਆਂ ਵਿੱਚੋਂ,
ਪ੍ਰਧਾਨ ਅਸ਼ਾਯਾਹ ਅਤੇ ਦੋ ਸੌ ਵੀਹ ਰਿਸ਼ਤੇਦਾਰ;
7ਗੇਰਸ਼ੋਨ ਦੇ ਉੱਤਰਾਧਿਕਾਰੀਆਂ ਵਿੱਚੋਂ,
ਇੱਕ ਸਰਦਾਰ ਯੋਏਲ ਅਤੇ ਇੱਕ ਸੌ ਤੀਹ ਰਿਸ਼ਤੇਦਾਰ;
8ਅਲੀਸਾਫ਼ਾਨ ਦੇ ਉੱਤਰਾਧਿਕਾਰੀਆਂ ਵਿੱਚੋਂ,
ਆਗੂ ਸ਼ਮਅਯਾਹ ਅਤੇ ਦੋ ਸੌ ਰਿਸ਼ਤੇਦਾਰ;
9ਹੇਬਰੋਨ ਦੇ ਉੱਤਰਾਧਿਕਾਰੀਆਂ ਵਿੱਚੋਂ,
ਸਰਦਾਰ ਅਲੀਏਲ ਅਤੇ ਅੱਸੀ ਰਿਸ਼ਤੇਦਾਰ;
10ਉਜ਼ੀਏਲ ਦੇ ਉੱਤਰਾਧਿਕਾਰੀਆਂ ਵਿੱਚੋਂ,
ਸਰਦਾਰ ਅੰਮੀਨਾਦਾਬ ਅਤੇ ਇੱਕ ਸੌ ਬਾਰਾਂ ਰਿਸ਼ਤੇਦਾਰ।
11ਤਦ ਦਾਵੀਦ ਨੇ ਸਾਦੋਕ ਅਤੇ ਅਬੀਯਾਥਰ ਜਾਜਕਾਂ ਅਤੇ ਊਰੀਏਲ, ਅਸ਼ਾਯਾਹ, ਯੋਏਲ, ਸ਼ਮਅਯਾਹ, ਅਲੀਏਲ ਅਤੇ ਅੰਮੀਨਾਦਾਬ ਲੇਵੀਆਂ ਨੂੰ ਸੱਦਿਆ। 12ਉਸ ਨੇ ਉਹਨਾਂ ਨੂੰ ਆਖਿਆ, “ਤੁਸੀਂ ਲੇਵੀ ਪਰਿਵਾਰਾਂ ਦੇ ਮੁਖੀ ਹੋ। ਤੁਸੀਂ ਅਤੇ ਤੁਹਾਡੇ ਸਾਥੀ ਲੇਵੀਆਂ ਨੇ ਆਪਣੇ ਆਪ ਨੂੰ ਪਵਿੱਤਰ ਕਰਨਾ ਹੈ ਅਤੇ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਦੇ ਸੰਦੂਕ ਨੂੰ ਉਸ ਜਗ੍ਹਾ ਲੈ ਜਾਣਾ ਹੈ, ਜਿੱਥੇ ਮੈਂ ਇਸ ਲਈ ਤਿਆਰ ਕੀਤਾ ਹੈ। 13ਇਹ ਇਸ ਲਈ ਸੀ ਕਿਉਂਕਿ ਤੁਸੀਂ ਲੇਵੀਆਂ ਨੇ ਪਹਿਲੀ ਵਾਰੀ ਸੰਦੂਕ ਨਾ ਚੁੱਕਿਆ ਇਸ ਲਈ ਯਾਹਵੇਹ ਸਾਡਾ ਪਰਮੇਸ਼ਵਰ ਸਾਡੇ ਉੱਤੇ ਕ੍ਰੋਧਿਤ ਹੋਇਆ, ਕਿਉਂਕਿ ਅਸੀਂ ਉਸ ਦੀ ਭਾਲ ਠਹਿਰਾਈ ਹੋਈ ਰੀਤੀ ਨਾਲ ਨਾ ਕੀਤੀ।” 14ਸੋ ਜਾਜਕਾਂ ਅਤੇ ਲੇਵੀਆਂ ਨੇ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਦੇ ਸੰਦੂਕ ਨੂੰ ਚੁੱਕਣ ਲਈ ਆਪਣੇ ਆਪ ਨੂੰ ਪਵਿੱਤਰ ਕੀਤਾ। 15ਅਤੇ ਲੇਵੀਆਂ ਨੇ ਪਰਮੇਸ਼ਵਰ ਦੇ ਸੰਦੂਕ ਨੂੰ ਆਪਣੇ ਮੋਢਿਆਂ ਉੱਤੇ ਚੋਬਾਂ ਨਾਲ ਚੁੱਕ ਲਿਆ ਜਿਵੇਂ ਮੋਸ਼ੇਹ ਨੇ ਯਾਹਵੇਹ ਦੇ ਬਚਨ ਦੇ ਅਨੁਸਾਰ ਹੁਕਮ ਦਿੱਤਾ ਸੀ।
16ਦਾਵੀਦ ਨੇ ਲੇਵੀਆਂ ਦੇ ਆਗੂਆਂ ਨੂੰ ਕਿਹਾ ਕਿ ਉਹ ਆਪਣੇ ਸਾਥੀ ਲੇਵੀਆਂ ਨੂੰ ਸੰਗੀਤਕਾਰ ਨਿਯੁਕਤ ਕਰਨ ਜੋ ਸੰਗੀਤਕ ਸਾਜ਼ਾਂ ਨਾਲ ਅਨੰਦਮਈ ਆਵਾਜ਼ ਵਜਾਉਂਦੇ ਹਨ ਅਰਥਾਤ ਰਬਾਬ ਅਤੇ ਛੈਣੇ।
17ਇਸ ਲਈ ਲੇਵੀਆਂ ਨੇ ਯੋਏਲ ਦੇ ਪੁੱਤਰ ਹੇਮਾਨ ਨੂੰ ਨਿਯੁਕਤ ਕੀਤਾ। ਉਸਦੇ ਰਿਸ਼ਤੇਦਾਰਾਂ ਵਿੱਚੋਂ, ਬਰਕਯਾਹ ਦਾ ਪੁੱਤਰ ਆਸਾਫ਼ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਵਿੱਚੋਂ ਮੇਰਾਰੀ, ਕੁਸ਼ਯਾਹ ਦਾ ਪੁੱਤਰ ਏਥਾਨ। 18ਅਤੇ ਉਹਨਾਂ ਦੇ ਨਾਲ ਉਹਨਾਂ ਦੇ ਰਿਸ਼ਤੇਦਾਰ ਸਨ: ਜ਼ਕਰਯਾਹ, ਅਜ਼ੀਏਲ, ਸ਼ਮੀਰਾਮੋਥ, ਯਹੀਏਲ, ਉਨੀ, ਅਲੀਆਬ, ਬਨਾਯਾਹ, ਮਾਸੇਯਾਹ, ਮੱਤੀਥਯਾਹ, ਅਲੀਫ਼ਲੇਹੂ, ਮਿਕਨਯਾਹ, ਓਬੇਦ-ਅਦੋਮ ਅਤੇ ਯਈਏਲ, ਦਰਬਾਨ।
19ਸੰਗੀਤਕਾਰ ਹੇਮਾਨ, ਆਸਾਫ਼ ਅਤੇ ਏਥਾਨ ਨੇ ਪਿੱਤਲ ਦੀਆਂ ਝਾਂਜਾਂ ਵਜਾਉਣੀਆਂ ਸਨ। 20ਜ਼ਕਰਯਾਹ, ਯਅਜ਼ੀਏਲ, ਸ਼ਮੀਰਾਮੋਥ, ਯਹੀਏਲ, ਉਨੀ, ਅਲੀਆਬ, ਮਾਸੇਯਾਹ ਅਤੇ ਬਨਾਯਾਹ ਨੇ ਅਲਾਮੋਥ, 21ਅਤੇ ਮੱਤੀਥਯਾਹ, ਅਲੀਫ਼ਲੇਹੂ, ਮਿਕਨਯਾਹ, ਓਬੇਦ-ਅਦੋਮ, ਯਈਏਲ ਅਤੇ ਅਜ਼ਜ਼ਯਾਹ ਨੇ ਰਬਾਬ ਵਜਾਉਣੀ ਸੀ, ਸ਼ਮੀਨੀਥ ਦੇ ਅਨੁਸਾਰ ਅਗਵਾਈ ਕਰਨੀ ਸੀ। ਇਹ ਉਸਦੀ ਜ਼ਿੰਮੇਵਾਰੀ ਸੀ ਕਿਉਂਕਿ ਉਹ ਇਸ ਵਿੱਚ ਹੁਨਰਮੰਦ ਸੀ। 22ਲੇਵੀਆਂ ਦਾ ਮੁੱਖੀ ਕਨਨਯਾਹ ਸਾਰੇ ਗੀਤਾਂ ਨੂੰ ਗਾਉਣਾ ਸਿਖਾਉਂਦਾ ਸੀ ਕਿਉਂ ਜੋ ਉਹ ਸੰਗੀਤ ਵਿੱਚ ਨਿਪੁੰਨ ਸੀ, ਇਸ ਲਈ ਉਹ ਨਿਰਦੇਸ਼ ਦਿੰਦਾ ਸੀ।
23ਬਰਕਯਾਹ ਅਤੇ ਅਲਕਾਨਾਹ ਸੰਦੂਕ ਦੇ ਦਰਬਾਨ ਹੋਣੇ ਸਨ। 24ਸ਼ਬਨਯਾਹ, ਯੋਸ਼ਾਫ਼ਾਟ, ਨਥਾਨੇਲ, ਅਮਾਸਈ, ਜ਼ਕਰਯਾਹ, ਬਨਾਯਾਹ ਅਤੇ ਅਲੀਅਜ਼ਰ ਜਾਜਕਾਂ ਨੇ ਪਰਮੇਸ਼ਵਰ ਦੇ ਸੰਦੂਕ ਦੇ ਅੱਗੇ ਤੁਰ੍ਹੀਆਂ ਵਜਾਉਣੀਆਂ ਸਨ। ਓਬੇਦ-ਅਦੋਮ ਤੇ ਯੇਹਯਾਹ ਵੀ ਸੰਦੂਕ ਦੇ ਦਰਬਾਨ ਸਨ।
25ਸੋ ਦਾਵੀਦ ਅਤੇ ਇਸਰਾਏਲ ਦੇ ਬਜ਼ੁਰਗ ਅਤੇ ਹਜ਼ਾਰਾਂ ਦੇ ਸਰਦਾਰ ਅਨੰਦ ਨਾਲ ਓਬੇਦ-ਅਦੋਮ ਦੇ ਘਰ ਵਿੱਚੋਂ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਲਿਆਉਣ ਲਈ ਗਏ। 26ਕਿਉਂਕਿ ਪਰਮੇਸ਼ਵਰ ਨੇ ਲੇਵੀਆਂ ਦੀ ਮਦਦ ਕੀਤੀ ਸੀ ਜੋ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਚੁੱਕ ਰਹੇ ਸਨ, ਸੱਤ ਬਲਦ ਅਤੇ ਸੱਤ ਭੇਡੂ ਚੜ੍ਹਾਏ ਗਏ ਸਨ। 27ਦਾਵੀਦ, ਸਾਰੇ ਲੇਵੀ ਜਿਹੜੇ ਸੰਦੂਕ ਨੂੰ ਚੁੱਕੀ ਲਈ ਜਾਂਦੇ ਸਨ, ਗਵੱਯਾ ਅਤੇ ਗਵੱਈਯਾਂ ਦੇ ਨਾਲ ਕਨਨਯਾਹ ਜਿਹੜਾ ਗਾਉਣ ਵਾਲਿਆਂ ਦਾ ਆਗੂ ਸੀ, ਸਭ ਨੇ ਕਤਾਨ ਦੇ ਚੋਲੇ ਪਹਿਨੇ ਹੋਏ ਸਨ, ਅਤੇ ਦਾਵੀਦ ਨੇ ਕਤਾਨ ਦਾ ਏਫ਼ੋਦ ਪਹਿਨਿਆ ਹੋਇਆ ਸੀ। 28ਸੋ ਸਾਰੇ ਇਸਰਾਏਲੀ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਜੈਕਾਰਿਆਂ ਨਾਲ, ਭੇਡੂਆਂ ਦੇ ਸਿੰਗਾਂ ਅਤੇ ਤੁਰ੍ਹੀਆਂ ਅਤੇ ਝਾਂਜਾਂ ਦੇ ਵਜਾਉਣ ਅਤੇ ਰਬਾਬ ਵਜਾਉਂਦੇ ਹੋਏ ਲਿਆਏ।
29ਜਦੋਂ ਯਾਹਵੇਹ ਦੇ ਨੇਮ ਦਾ ਸੰਦੂਕ ਦਾਵੀਦ ਦੇ ਸ਼ਹਿਰ ਵਿੱਚ ਦਾਖਲ ਹੋਇਆ, ਤਾਂ ਸ਼ਾਊਲ ਦੀ ਧੀ ਮੀਕਲ ਨੇ ਇੱਕ ਖਿੜਕੀ ਵਿੱਚੋਂ ਦੇਖਿਆ ਅਤੇ ਜਦੋਂ ਉਸਨੇ ਰਾਜਾ ਦਾਵੀਦ ਨੂੰ ਨੱਚਦੇ ਅਤੇ ਜਸ਼ਨ ਮਨਾਉਂਦੇ ਦੇਖਿਆ, ਤਾਂ ਉਸਨੇ ਆਪਣੇ ਦਿਲ ਵਿੱਚ ਉਸਨੂੰ ਤੁੱਛ ਜਾਣਿਆ।
Currently Selected:
1 ਇਤਿਹਾਸ 15: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.