ਰੋਮ 1
1
1ਪੌਲੁਸ ਦੇ ਵੱਲੋਂ ਜਿਹੜਾ ਮਸੀਹ ਯਿਸੂ ਦਾ ਸੇਵਕ ਅਤੇ ਪਰਮੇਸ਼ਰ ਦੇ ਦੁਆਰਾ ਉਹਨਾਂ ਦਾ ਰਸੂਲ ਹੋਣ ਦੇ ਲਈ ਅਤੇ ਸ਼ੁਭ ਸਮਾਚਾਰ ਦੇ ਪ੍ਰਚਾਰ ਦੇ ਲਈ ਚੁਣਿਆ ਅਤੇ ਸੱਦਿਆ ਗਿਆ ਹੈ ।
2 ਸ਼ੁਭ ਸਮਾਚਾਰ ਦਾ ਵਾਅਦਾ ਪਰਮੇਸ਼ਰ ਨੇ ਪਹਿਲਾਂ ਤੋਂ ਹੀ ਆਪਣੇ ਨਬੀਆਂ ਦੁਆਰਾ ਕੀਤਾ ਜਿਵੇਂ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੈ । 3ਇਹ ਵਾਅਦਾ ਉਹਨਾਂ ਦੇ ਪੁੱਤਰ ਸਾਡੇ ਪ੍ਰਭੂ ਯਿਸੂ ਮਸੀਹ ਦੇ ਬਾਰੇ ਹੈ ਜਿਹੜੇ ਸਰੀਰ ਦੇ ਅਨੁਸਾਰ ਤਾਂ ਦਾਊਦ ਦੇ ਵੰਸ ਵਿੱਚੋਂ ਪੈਦਾ ਹੋਏ 4ਪਰ ਪਵਿੱਤਰਤਾ ਦੇ ਆਤਮਾ ਦੇ ਵੱਲੋਂ ਅਤੇ ਮੁਰਦਿਆਂ ਵਿੱਚੋਂ ਜੀਅ ਉੱਠਣ ਦੇ ਕਾਰਨ ਸਮਰੱਥਾ ਦੇ ਨਾਲ ਪਰਮੇਸ਼ਰ ਦੇ ਪੁੱਤਰ ਘੋਸ਼ਿਤ ਕੀਤੇ ਗਏ । 5ਉਹਨਾਂ ਦੇ ਦੁਆਰਾ ਹੀ ਪਰਮੇਸ਼ਰ ਨੇ ਬੜੀ ਕਿਰਪਾ ਨਾਲ ਸਾਨੂੰ ਰਸੂਲ ਹੋਣ ਦੀ ਸੇਵਾ ਦਿੱਤੀ ਕਿ ਉਹਨਾਂ ਦੇ ਨਾਮ ਵਿੱਚ ਅਸੀਂ ਸਾਰੀਆਂ ਕੌਮਾਂ ਨੂੰ ਆਗਿਆਕਾਰ ਅਤੇ ਵਿਸ਼ਵਾਸੀ ਬਣਾਈਏ । 6ਉਹਨਾਂ ਵਿੱਚ ਤੁਸੀਂ ਵੀ ਹੋ ਜਿਹਨਾਂ ਨੂੰ ਪਰਮੇਸ਼ਰ ਨੇ ਯਿਸੂ ਮਸੀਹ ਵਿੱਚ ਆਪਣਾ ਬਣਨ ਲਈ ਸੱਦਿਆ ਹੈ ।
7ਇਸ ਲਈ ਤੁਹਾਨੂੰ ਸਾਰਿਆਂ ਨੂੰ ਜਿਹੜੇ ਰੋਮ ਵਿੱਚ ਹੋ ਜਿਹਨਾਂ ਨੂੰ ਪਰਮੇਸ਼ਰ ਪਿਆਰ ਕਰਦੇ ਹਨ ਅਤੇ ਜਿਹੜੇ ਉਹਨਾਂ ਦੇ ਆਪਣੇ ਹੋਣ ਦੇ ਲਈ ਸੱਦੇ ਗਏ ਹਨ,
ਸਾਡੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ !
ਧੰਨਵਾਦੀ ਪ੍ਰਾਰਥਨਾ
8ਸਭ ਤੋਂ ਪਹਿਲਾਂ ਮੈਂ ਯਿਸੂ ਮਸੀਹ ਦੇ ਰਾਹੀਂ ਸਾਰਿਆਂ ਦੇ ਲਈ ਆਪਣੇ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਤੁਹਾਡੇ ਵਿਸ਼ਵਾਸ ਦੀ ਚਰਚਾ ਸਾਰੇ ਸੰਸਾਰ ਵਿੱਚ ਹੋ ਰਹੀ ਹੈ । 9ਪਰਮੇਸ਼ਰ, ਜਿਹਨਾਂ ਦੀ ਸੇਵਾ ਮੈਂ ਆਪਣੀ ਆਤਮਾ ਦੇ ਨਾਲ ਉਹਨਾਂ ਦੇ ਪੁੱਤਰ ਦੇ ਸ਼ੁਭ ਸਮਾਚਾਰ ਸੁਣਾਉਣ ਦੇ ਰਾਹੀਂ ਕਰਦਾ ਹਾਂ, ਮੇਰੇ ਗਵਾਹ ਹਨ । ਉਹ ਜਾਣਦੇ ਹਨ ਕਿ ਕਿਸ ਤਰ੍ਹਾਂ ਮੈਂ ਲਗਾਤਾਰ ਤੁਹਾਨੂੰ, 10ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਕਰਦਾ ਹਾਂ । ਮੈਂ ਹਮੇਸ਼ਾ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਦਾ ਰਿਹਾ ਹਾਂ ਕਿ ਉਹ ਆਪਣੀ ਇੱਛਾ ਦੁਆਰਾ ਕੋਈ ਅਜਿਹਾ ਪ੍ਰਬੰਧ ਕਰਨ ਕਿ ਮੈਂ ਕਿਸੇ ਤਰ੍ਹਾਂ ਤੁਹਾਡੇ ਕੋਲ ਆ ਸਕਾਂ । 11ਮੇਰੀ ਤੁਹਾਨੂੰ ਦੇਖਣ ਦੀ ਬਹੁਤ ਤਾਂਘ ਹੈ । ਮੈਂ ਤੁਹਾਨੂੰ ਤੁਹਾਡੇ ਉਤਸ਼ਾਹ ਦੇ ਲਈ ਆਤਮਿਕ ਵਰਦਾਨ ਦੇਣਾ ਚਾਹੁੰਦਾ ਹਾਂ । 12ਮੇਰੇ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਇੱਕ ਦੂਜੇ ਦੇ ਵਿਸ਼ਵਾਸ ਦੁਆਰਾ ਉਤਸ਼ਾਹ ਪ੍ਰਾਪਤ ਕਰੀਏ, ਮੈਂ ਤੁਹਾਡੇ ਵਿਸ਼ਵਾਸ ਦੁਆਰਾ ਅਤੇ ਤੁਸੀਂ ਮੇਰੇ ਵਿਸ਼ਵਾਸ ਦੁਆਰਾ ।
13 #
ਰਸੂਲਾਂ 19:21
ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਬਹੁਤ ਵਾਰ ਮੈਂ ਤੁਹਾਡੇ ਕੋਲ ਆਉਣ ਦਾ ਵਿਚਾਰ ਕੀਤਾ ਪਰ ਹੁਣ ਤੱਕ ਕਿਸੇ ਨਾ ਕਿਸੇ ਤਰ੍ਹਾਂ ਰੁਕਿਆ ਰਿਹਾ । ਮੈਨੂੰ ਤੁਹਾਡੇ ਕੋਲੋਂ ਵੀ ਮਸੀਹ ਦੇ ਲਈ ਕੁਝ ਫਲ ਮਿਲਣ ਦੀ ਆਸ ਹੈ ਜਿਸ ਤਰ੍ਹਾਂ ਮੈਨੂੰ ਹੋਰ ਪਰਾਈਆਂ ਕੌਮਾਂ ਤੋਂ ਹੈ । 14ਮੇਰੀ ਜ਼ਿੰਮੇਵਾਰੀ ਯੂਨਾਨੀ ਅਤੇ ਗ਼ੈਰ ਯੂਨਾਨੀ, ਸਮਝਦਾਰਾਂ ਅਤੇ ਬੇਸਮਝਾਂ ਸਾਰਿਆਂ ਦੇ ਲਈ ਹੈ । 15ਇਸੇ ਲਈ ਮੈਂ ਤੁਹਾਨੂੰ, ਰੋਮ ਨਿਵਾਸੀਆਂ ਨੂੰ, ਸ਼ੁਭ ਸਮਾਚਾਰ ਸੁਣਾਉਣ ਦਾ ਵੀ ਚਾਹਵਾਨ ਹਾਂ ।
ਸ਼ੁਭ ਸਮਾਚਾਰ ਦੀ ਸਮਰੱਥਾ
16 #
ਮਰ 8:38
ਮੈਂ ਸ਼ੁਭ ਸਮਾਚਾਰ ਤੋਂ ਸ਼ਰਮਾਉਂਦਾ ਨਹੀਂ ਕਿਉਂਕਿ ਇਹ ਪਰਮੇਸ਼ਰ ਦੀ ਸਮਰੱਥਾ ਹੈ ਜਿਹੜੀ ਹਰ ਇੱਕ ਵਿਸ਼ਵਾਸ ਕਰਨ ਵਾਲੇ ਦੀ ਮੁਕਤੀ ਲਈ ਹੈ । ਪਹਿਲਾਂ ਯਹੂਦੀਆਂ ਲਈ ਅਤੇ ਫਿਰ ਪਰਾਈਆਂ ਕੌਮਾਂ ਦੇ ਲਈ । 17#ਹਬੱਕੂ 2:4ਸ਼ੁਭ ਸਮਾਚਾਰ ਦੁਆਰਾ ਹੀ ਪਰਮੇਸ਼ਰ ਦਾ ਪਾਪੀ ਨੂੰ ਨੇਕ ਠਹਿਰਾਉਣ ਦਾ ਰਾਹ ਪ੍ਰਗਟ ਹੋਇਆ ਹੈ ਜਿਹੜਾ ਆਦਿ ਤੋਂ ਅੰਤ ਤੱਕ ਵਿਸ਼ਵਾਸ ਉੱਤੇ ਹੀ ਆਧਾਰਿਤ ਹੈ, ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਕਹਿੰਦਾ ਹੈ, “ਉਹ ਜਿਹੜਾ ਪਰਮੇਸ਼ਰ ਦੇ ਸਾਹਮਣੇ ਵਿਸ਼ਵਾਸ ਦੇ ਦੁਆਰਾ ਨੇਕ ਠਹਿਰਦਾ ਹੈ, ਉਹ ਜਿਊਂਦਾ ਰਹੇਗਾ ।”
ਮਨੁੱਖਜਾਤੀ ਦਾ ਅਪਰਾਧ
18ਸਵਰਗ ਤੋਂ ਪਰਮੇਸ਼ਰ ਦਾ ਕ੍ਰੋਧ ਮਨੁੱਖ ਦੇ ਸਾਰੇ ਕੁਧਰਮ ਅਤੇ ਦੁਸ਼ਟਤਾ ਦੇ ਕਾਰਨ ਪ੍ਰਗਟ ਹੋਇਆ ਹੈ, ਭਾਵ ਜਿਹਨਾਂ ਨੇ ਆਪਣੀ ਦੁਸ਼ਟਤਾ ਦੇ ਨਾਲ ਸੱਚਾਈ ਨੂੰ ਪ੍ਰਗਟ ਹੋਣ ਤੋਂ ਰੋਕ ਕੇ ਰੱਖਿਆ ਹੈ । 19ਕਿਉਂਕਿ ਜੋ ਕੁਝ ਮਨੁੱਖ ਪਰਮੇਸ਼ਰ ਦੇ ਬਾਰੇ ਜਾਣ ਸਕਦੇ ਹਨ, ਉਹ ਉਹਨਾਂ ਦੇ ਸਾਹਮਣੇ ਸਾਫ਼ ਪ੍ਰਗਟ ਹੈ ਕਿਉਂਕਿ ਪਰਮੇਸ਼ਰ ਨੇ ਆਪ ਇਸ ਨੂੰ ਉਹਨਾਂ ਉੱਤੇ ਪ੍ਰਗਟ ਕੀਤਾ ਹੈ । 20ਪਰਮੇਸ਼ਰ ਦੇ ਅਣਦੇਖੇ ਗੁਣ, ਉਹਨਾਂ ਦੀ ਸਦੀਵੀ ਸਮਰੱਥਾ ਅਤੇ ਉਹਨਾਂ ਦਾ ਪਰਮੇਸ਼ਰੀ ਸੁਭਾਅ ਸ਼ੁਰੂ ਤੋਂ ਹੀ ਸੰਸਾਰ ਦੀ ਰਚਨਾ ਵਿੱਚ ਦੇਖੇ ਜਾ ਸਕਦੇ ਹਨ । ਇਹ ਉਹਨਾਂ ਦੀਆਂ ਰਚੀਆਂ ਹੋਈਆਂ ਚੀਜ਼ਾਂ ਵਿੱਚ ਅਨੁਭਵ ਕੀਤੇ ਜਾ ਸਕਦੇ ਹਨ, ਇਸ ਲਈ ਉਹਨਾਂ ਕੋਲ ਕੋਈ ਬਹਾਨਾ ਨਹੀਂ । 21#ਅਫ਼ 4:17-18ਲੋਕਾਂ ਨੇ ਪਰਮੇਸ਼ਰ ਨੂੰ ਜਾਣਦੇ ਹੋਏ ਵੀ ਉਹਨਾਂ ਨੂੰ ਉਹ ਆਦਰ ਨਾ ਦਿੱਤਾ ਜਿਹੜਾ ਉਹਨਾਂ ਦਾ ਬਣਦਾ ਸੀ ਅਤੇ ਨਾ ਹੀ ਉਹਨਾਂ ਨੇ ਪਰਮੇਸ਼ਰ ਦਾ ਧੰਨਵਾਦ ਕੀਤਾ । ਇਸ ਲਈ ਉਹਨਾਂ ਦੀਆਂ ਸਭ ਸੋਚਾਂ ਨਿਕੰਮੀਆਂ ਹੋ ਗਈਆਂ ਅਤੇ ਉਹਨਾਂ ਦੇ ਮੂਰਖ ਦਿਲ ਹਨੇਰੇ ਹੋ ਗਏ । 22ਉਹਨਾਂ ਨੇ ਆਪਣੇ ਆਪ ਨੂੰ ਸਮਝਦਾਰ ਸਮਝਿਆ ਪਰ ਉਹ ਮੂਰਖ ਸਿੱਧ ਹੋਏ । 23#ਵਿਵ 4:16-18ਉਹਨਾਂ ਨੇ ਅਵਿਨਾਸ਼ੀ ਪਰਮੇਸ਼ਰ ਦੀ ਵਡਿਆਈ ਕਰਨ ਦੀ ਥਾਂ ਨਾਸ਼ਵਾਨ ਮਨੁੱਖ, ਪੰਛੀਆਂ, ਪਸ਼ੂਆਂ ਅਤੇ ਸੱਪਾਂ ਦੀਆਂ ਮੂਰਤੀਆਂ ਦੀ ਵਡਿਆਈ ਕੀਤੀ ।
24ਇਸ ਕਾਰਨ ਪਰਮੇਸ਼ਰ ਨੇ ਉਹਨਾਂ ਦੇ ਦਿਲਾਂ ਦੀਆਂ ਹੀ ਦੁਸ਼ਟ ਇੱਛਾਵਾਂ ਦੇ ਵਿੱਚ ਉਹਨਾਂ ਨੂੰ ਛੱਡ ਦਿੱਤਾ ਕਿ ਉਹ ਆਪਸ ਵਿੱਚ ਸ਼ਰਮਨਾਕ ਕੰਮ ਕਰ ਕੇ ਆਪਣੇ ਸਰੀਰਾਂ ਨੂੰ ਅਪਵਿੱਤਰ ਕਰਨ । 25ਉਹਨਾਂ ਨੇ ਪਰਮੇਸ਼ਰ ਦੀ ਸੱਚਾਈ ਨੂੰ ਝੂਠ ਵਿੱਚ ਬਦਲ ਦਿੱਤਾ । ਉਹਨਾਂ ਨੇ ਸ੍ਰਿਸ਼ਟੀ ਦੀ ਪੂਜਾ ਅਤੇ ਸੇਵਾ ਕੀਤੀ ਬਜਾਏ ਸ੍ਰਿਸ਼ਟੀ ਕਰਤਾ ਦੇ ਜਿਹੜੇ ਅਨੰਤਕਾਲ ਤੱਕ ਵਡਿਆਈ ਦੇ ਯੋਗ ਹਨ । ਆਮੀਨ ।
26ਇਸ ਲਈ ਪਰਮੇਸ਼ਰ ਨੇ ਉਹਨਾਂ ਨੂੰ ਸ਼ਰਮਨਾਕ ਵਾਸਨਾਵਾਂ ਵਿੱਚ ਛੱਡ ਦਿੱਤਾ ਇੱਥੋਂ ਤੱਕ ਕਿ ਉਹਨਾਂ ਦੀਆਂ ਔਰਤਾਂ ਕੁਦਰਤੀ ਸੰਬੰਧ ਦੀ ਥਾਂ ਗ਼ੈਰ-ਕੁਦਰਤੀ ਸੰਬੰਧ ਰੱਖਣ ਲੱਗੀਆਂ । 27ਇਸੇ ਤਰ੍ਹਾਂ ਆਦਮੀ ਵੀ ਆਪਣੀਆਂ ਔਰਤਾਂ ਨਾਲੋਂ ਕੁਦਰਤੀ ਸੰਬੰਧ ਤੋੜ ਕੇ ਆਪਸ ਵਿੱਚ ਇੱਕ ਦੂਜੇ ਦੇ ਲਈ ਕਾਮਵਾਸ਼ਨਾ ਵਿੱਚ ਸੜਨ ਲੱਗੇ । ਇਸ ਤਰ੍ਹਾਂ ਆਦਮੀਆਂ ਨੇ ਆਦਮੀਆਂ ਦੇ ਨਾਲ ਹੀ ਦੁਸ਼ਟ ਕੰਮ ਕਰ ਕੇ ਆਪਣੇ ਕੰਮਾਂ ਦੀ ਠੀਕ ਸਜ਼ਾ ਪਾਈ ।
28ਉਹਨਾਂ ਲੋਕਾਂ ਨੇ ਪਰਮੇਸ਼ਰ ਬਾਰੇ ਗਿਆਨ ਨੂੰ ਮਾਨਤਾ ਦੇਣਾ ਠੀਕ ਨਾ ਸਮਝਿਆ । ਇਸ ਲਈ ਪਰਮੇਸ਼ਰ ਨੇ ਵੀ ਉਹਨਾਂ ਨੂੰ ਉਹਨਾਂ ਦੀ ਭ੍ਰਿਸ਼ਟ ਬੁੱਧੀ ਦੇ ਸਹਾਰੇ ਛੱਡ ਦਿੱਤਾ ਕਿ ਉਹ ਅਜਿਹੇ ਕੰਮ ਕਰਨ ਜਿਹੜੇ ਉਹਨਾਂ ਨੂੰ ਨਹੀਂ ਕਰਨੇ ਚਾਹੀਦੇ । 29ਉਹ ਹਰ ਤਰ੍ਹਾਂ ਦੀ ਦੁਸ਼ਟਤਾ, ਬੁਰਾਈ, ਲੋਭ ਅਤੇ ਵੈਰ ਨਾਲ ਭਰ ਗਏ । ਉਹ ਈਰਖਾ, ਕਤਲ, ਝਗੜੇ, ਧੋਖਾ ਅਤੇ ਬਦਨੀਤੀ ਨਾਲ ਭਰਪੂਰ ਹੋ ਗਏ । ਉਹ ਚੁਗਲਖੋਰ, 30ਨਿੰਦਕ, ਪਰਮੇਸ਼ਰ ਦੇ ਵੈਰੀ, ਢੀਠ, ਘਮੰਡੀ, ਸ਼ੇਖੀਬਾਜ਼, ਬਦੀਆਂ ਦੇ ਉਸਤਾਦ, ਮਾਤਾ-ਪਿਤਾ ਦਾ ਕਹਿਣਾ ਨਾ ਮੰਨਣ ਵਾਲੇ, 31ਬੁੱਧੀਹੀਣ, ਅਵਿਸ਼ਵਾਸੀ, ਬਿਨਾਂ ਪਿਆਰ ਦੇ, ਬਿਨਾਂ ਦਇਆ ਦੇ ਹੋ ਗਏ । 32ਉਹ ਪਰਮੇਸ਼ਰ ਦੇ ਫ਼ੈਸਲੇ ਨੂੰ ਜਾਣਦੇ ਹੋਏ ਕਿ ਅਜਿਹੇ ਕੰਮ ਕਰਨ ਵਾਲਿਆਂ ਦੀ ਸਜ਼ਾ ਮੌਤ ਹੈ, ਉਹ ਨਾ ਕੇਵਲ ਆਪ ਅਜਿਹੇ ਕੰਮ ਕਰਦੇ ਹਨ ਸਗੋਂ ਇਸ ਤਰ੍ਹਾਂ ਦੇ ਕੰਮ ਕਰਨ ਵਾਲਿਆਂ ਨਾਲ ਸਹਿਮਤ ਵੀ ਹੁੰਦੇ ਹਨ ।
Currently Selected:
ਰੋਮ 1: CL-NA
Highlight
Share
Copy

Want to have your highlights saved across all your devices? Sign up or sign in
Punjabi Common Language (North American Version):
Text © 2021 Canadian Bible Society and Bible Society of India