YouVersion Logo
Search Icon

ਰਸੂਲਾਂ ਦੇ ਕੰਮ 28

28
ਮਾਲਟਾ ਟਾਪੂ ਵਿੱਚ
1ਫਿਰ ਜਦੋਂ ਅਸੀਂ ਕੰਢੇ ਉੱਤੇ ਪਹੁੰਚ ਗਏ ਤਾਂ ਸਾਨੂੰ ਪਤਾ ਲੱਗਾ ਕਿ ਇਸ ਟਾਪੂ ਦਾ ਨਾਂ ਮਾਲਟਾ ਹੈ । 2ਇੱਥੋਂ ਦੇ ਲੋਕਾਂ ਨੇ ਸਾਡੇ ਨਾਲ ਮਿੱਤਰਾਂ ਵਾਲਾ ਵਰਤਾਅ ਕੀਤਾ । ਉਹਨਾਂ ਨੇ ਅੱਗ ਬਾਲ੍ਹ ਕੇ ਸਾਡਾ ਸੁਆਗਤ ਕੀਤਾ ਕਿਉਂਕਿ ਮੀਂਹ ਪੈਣ ਲੱਗ ਪਿਆ ਸੀ ਅਤੇ ਠੰਡ ਵੀ ਵੱਧ ਗਈ ਸੀ । 3ਜਦੋਂ ਪੌਲੁਸ ਸੁੱਕੀਆਂ ਲੱਕੜੀਆਂ ਦਾ ਗੱਠਾ ਬਣਾ ਕੇ ਅੱਗ ਉੱਤੇ ਰੱਖ ਰਿਹਾ ਸੀ ਤਦ ਸੇਕ ਦੇ ਨਾਲ ਇੱਕ ਸੱਪ ਨਿੱਕਲ ਆਇਆ ਅਤੇ ਉਸ ਦੇ ਹੱਥ ਨਾਲ ਲਿਪਟ ਗਿਆ । 4ਉੱਥੋਂ ਦੇ ਵਸਨੀਕ ਉਸ ਸੱਪ ਨੂੰ ਪੌਲੁਸ ਦੇ ਹੱਥ ਨਾਲ ਲਮਕਦੇ ਦੇਖ ਕੇ ਇੱਕ ਦੂਜੇ ਨੂੰ ਕਹਿਣ ਲੱਗੇ, “ਇਹ ਜ਼ਰੂਰ ਕੋਈ ਕਾਤਲ ਹੈ । ਭਾਂਵੇ ਇਹ ਸਮੁੰਦਰ ਵਿੱਚੋਂ ਬਚ ਨਿਕਲਿਆ ਹੈ ਪਰ ਨਿਆਂ ਦਾ ਦੇਵਤਾ ਇਸ ਨੂੰ ਜਿਊਂਦਾ ਨਹੀਂ ਰਹਿਣ ਦੇਵੇਗਾ ।” 5ਪਰ ਪੌਲੁਸ ਨੇ ਸੱਪ ਨੂੰ ਅੱਗ ਵਿੱਚ ਝਟਕ ਦਿੱਤਾ ਅਤੇ ਉਸ ਨੂੰ ਕੋਈ ਨੁਕਸਾਨ ਨਾ ਪਹੁੰਚਿਆ । 6ਲੋਕ ਅਜੇ ਵੀ ਸੋਚ ਰਹੇ ਸਨ ਕਿ ਉਹ ਸੁੱਜ ਜਾਵੇਗਾ ਅਤੇ ਅਚਾਨਕ ਡਿੱਗ ਕੇ ਮਰ ਜਾਵੇਗਾ ਪਰ ਜਦੋਂ ਉਹ ਕਾਫ਼ੀ ਦੇਰ ਤੱਕ ਉਡੀਕਦੇ ਰਹੇ ਅਤੇ ਦੇਖਿਆ ਕਿ ਪੌਲੁਸ ਨੂੰ ਕੁਝ ਨਹੀਂ ਹੋਇਆ ਤਾਂ ਉਹਨਾਂ ਲੋਕਾਂ ਦੇ ਵਿਚਾਰ ਬਦਲ ਗਏ ਅਤੇ ਉਹ ਕਹਿਣ ਲੱਗੇ, “ਇਹ ਕੋਈ ਦੇਵਤਾ ਹੈ !”
7ਉਸ ਥਾਂ ਦੇ ਨੇੜੇ ਟਾਪੂ ਦੇ ਮੁਖੀਆ ਪੁਬਲਿਯੁਸ ਦੇ ਖੇਤ ਸਨ । ਉਸ ਨੇ ਸਾਡਾ ਸੁਆਗਤ ਕਰ ਕੇ ਤਿੰਨ ਦਿਨਾਂ ਤੱਕ ਪਿਆਰ ਨਾਲ ਸਾਡੀ ਸੇਵਾ ਕੀਤੀ । 8ਪੁਬਲਿਯੁਸ ਦਾ ਪਿਤਾ ਬੁਖ਼ਾਰ ਅਤੇ ਮਰੋੜਾਂ ਨਾਲ ਬਿਮਾਰ ਸੀ । ਪੌਲੁਸ ਨੇ ਉਸ ਕੋਲ ਜਾ ਕੇ ਪ੍ਰਾਰਥਨਾ ਕੀਤੀ ਅਤੇ ਉਸ ਉੱਤੇ ਹੱਥ ਰੱਖ ਕੇ ਉਸ ਨੂੰ ਚੰਗਾ ਕਰ ਦਿੱਤਾ । 9ਜਦੋਂ ਇਹ ਹੋਇਆ ਤਦ ਟਾਪੂ ਦੇ ਦੂਜੇ ਰੋਗੀ ਵੀ ਆ ਕੇ ਚੰਗੇ ਹੋਣ ਲੱਗੇ । 10ਉਹਨਾਂ ਨੇ ਸਾਨੂੰ ਬਹੁਤ ਭੇਟਾਂ ਦਿੱਤੀਆਂ ਅਤੇ ਜਦੋਂ ਅਸੀਂ ਚੱਲਣ ਲੱਗੇ ਤਾਂ ਸਾਡੀ ਲੋੜ ਦੀਆਂ ਚੀਜ਼ਾਂ ਲਿਆ ਕੇ ਜਹਾਜ਼ ਵਿੱਚ ਰੱਖ ਦਿੱਤੀਆਂ ।
ਪੌਲੁਸ ਦਾ ਮਾਲਟਾ ਤੋਂ ਰੋਮ ਵਿੱਚ ਪਹੁੰਚਣਾ
11ਤਿੰਨ ਮਹੀਨਿਆਂ ਦੇ ਬਾਅਦ ਅਸੀਂ ਸਿਕੰਦਰੀਯਾ ਦੇ ਇੱਕ ਸਮੁੰਦਰੀ ਜਹਾਜ਼ ਵਿੱਚ ਯਾਤਰਾ ਸ਼ੁਰੂ ਕੀਤੀ । ਇਸ ਜਹਾਜ਼ ਦਾ ਨਾਂ ‘ਦੇਉਸਕੂਰੀ’ ਸੀ ਜਿਸ ਦਾ ਅਰਥ ਜੌੜੇ ਦੇਵਤੇ ਹੈ ਅਤੇ ਇਹ ਜਹਾਜ਼ ਸਿਆਲ ਦੀ ਰੁੱਤ ਇਸੇ ਟਾਪੂ ਉੱਤੇ ਖੜ੍ਹਾ ਸੀ । 12ਫਿਰ ਅਸੀਂ ਸੈਰਾਕੁਸ ਵਿੱਚ ਜਾ ਪਹੁੰਚੇ ਅਤੇ ਉੱਥੇ ਤਿੰਨ ਦਿਨ ਤੱਕ ਠਹਿਰੇ । 13ਉੱਥੋਂ ਚੱਲ ਕੇ ਅਸੀਂ ਕੰਢੇ ਕੰਢੇ ਹੁੰਦੇ ਹੋਏ ਰੇਗਿਯੁਨ ਸ਼ਹਿਰ ਵਿੱਚ ਪਹੁੰਚੇ । ਅਗਲੇ ਦਿਨ ਦੱਖਣ ਵੱਲੋਂ ਹਵਾ ਚੱਲਣ ਲੱਗੀ ਅਤੇ ਦੋ ਦਿਨਾਂ ਬਾਅਦ ਅਸੀਂ ਪਤਿਯੁਲੇ ਵਿੱਚ ਪਹੁੰਚੇ । 14ਉੱਥੇ ਸਾਨੂੰ ਕੁਝ ਵਿਸ਼ਵਾਸੀ ਭਰਾ ਮਿਲੇ ਅਤੇ ਉਹਨਾਂ ਦੇ ਕਹਿਣ ਤੇ ਅਸੀਂ ਸੱਤ ਦਿਨ ਉਹਨਾਂ ਕੋਲ ਰਹੇ । ਇਸ ਤਰ੍ਹਾਂ ਅਸੀਂ ਰੋਮ ਪਹੁੰਚ ਗਏ । 15ਇੱਥੇ ਵੀ ਵਿਸ਼ਵਾਸੀ ਭਰਾ ਸਾਡੀ ਚਰਚਾ ਸੁਣ ਕੇ, ਸਾਨੂੰ ਮਿਲਣ ਦੇ ਲਈ ਆਪੀਅਸ ਚੌਂਕ ਅਤੇ ‘ਤਿੰਨ ਸਰਾਂਵਾਂ’ ਨਾਂ ਦੀ ਥਾਂ ਤੱਕ ਮਿਲਣ ਆਏ । ਉਹਨਾਂ ਨੂੰ ਦੇਖ ਕੇ ਪੌਲੁਸ ਖ਼ੁਸ਼ ਹੋਇਆ ਅਤੇ ਪਰਮੇਸ਼ਰ ਨੂੰ ਧੰਨਵਾਦ ਦਿੱਤਾ ।
ਰੋਮ ਵਿੱਚ
16ਜਦੋਂ ਅਸੀਂ ਰੋਮ ਵਿੱਚ ਪਹੁੰਚ ਗਏ ਤਾਂ ਪੌਲੁਸ ਨੂੰ ਇੱਕ ਸਿਪਾਹੀ ਦੇ ਨਾਲ ਜਿਹੜਾ ਉਸ ਦੀ ਸੁਰੱਖਿਆ ਕਰਨ ਦੇ ਲਈ ਸੀ ਅਲੱਗ ਰਹਿਣ ਦੀ ਆਗਿਆ ਮਿਲ ਗਈ ।
17ਤਿੰਨ ਦਿਨਾਂ ਦੇ ਬਾਅਦ ਪੌਲੁਸ ਨੇ ਯਹੂਦੀਆਂ ਦੇ ਪ੍ਰਮੁੱਖ ਆਗੂਆਂ ਨੂੰ ਸੱਦਿਆ । ਜਦੋਂ ਉਹ ਇਕੱਠੇ ਹੋ ਗਏ ਤਾਂ ਉਸ ਨੇ ਉਹਨਾਂ ਨੂੰ ਕਿਹਾ, “ਹੇ ਇਸਰਾਏਲੀਓ, ਭਾਵੇਂ ਮੈਂ ਆਪਣੀ ਕੌਮ ਦੇ ਪੁਰਖਿਆਂ ਤੋਂ ਮਿਲੀਆਂ ਰਸਮਾਂ ਦੇ ਵਿਰੁੱਧ ਕੁਝ ਨਹੀਂ ਕੀਤਾ ਪਰ ਫਿਰ ਵੀ ਮੈਨੂੰ ਯਰੂਸ਼ਲਮ ਵਿੱਚ ਕੈਦੀ ਬਣਾਇਆ ਗਿਆ ਅਤੇ ਰੋਮੀਆਂ ਦੇ ਹੱਥਾਂ ਵਿੱਚ ਸੌਂਪ ਦਿੱਤਾ ਗਿਆ । 18ਇਹਨਾਂ ਲੋਕਾਂ ਨੇ ਮੇਰੀ ਜਾਂਚ ਕਰ ਕੇ ਮੈਨੂੰ ਛੱਡਣਾ ਚਾਹਿਆ ਕਿਉਂਕਿ ਮੈਂ ਮੌਤ ਦੀ ਸਜ਼ਾ ਦੇ ਯੋਗ ਕੋਈ ਕੰਮ ਨਹੀਂ ਕੀਤਾ ਸੀ । 19#ਰਸੂਲਾਂ 25:11ਪਰ ਯਹੂਦੀਆਂ ਦੇ ਵਿਰੋਧ ਤੋਂ ਤੰਗ ਆ ਕੇ ਮੈਂ ਸਮਰਾਟ ਦੇ ਅੱਗੇ ਅਪੀਲ ਕੀਤੀ ਪਰ ਇਸ ਕਾਰਨ ਨਹੀਂ ਕਿ ਮੈਂ ਆਪਣੇ ਲੋਕਾਂ ਦੇ ਵਿਰੁੱਧ ਕੋਈ ਦੋਸ਼ ਲਾਉਣਾ ਸੀ । 20ਇਸੇ ਕਾਰਨ ਮੈਂ ਤੁਹਾਨੂੰ ਸੱਦਿਆ ਹੈ ਕਿ ਤੁਹਾਨੂੰ ਮਿਲਾਂ ਅਤੇ ਤੁਹਾਡੇ ਨਾਲ ਗੱਲਬਾਤ ਕਰਾਂ । ਇਹ ਹੱਥਕੜੀਆਂ ਮੈਂ ਉਸ ਦੇ ਕਾਰਨ ਪਾਈਆਂ ਹਨ ਜਿਸ ਦੀ ਆਸ ਇਸਰਾਏਲ ਦੇ ਲੋਕਾਂ ਨੂੰ ਹੈ ।” 21ਉਹਨਾਂ ਲੋਕਾਂ ਨੇ ਪੌਲੁਸ ਨੂੰ ਕਿਹਾ, “ਸਾਨੂੰ ਯਹੂਦਿਯਾ ਤੋਂ ਤੁਹਾਡੇ ਬਾਰੇ ਕੋਈ ਪੱਤਰ ਨਹੀਂ ਆਇਆ ਅਤੇ ਨਾ ਹੀ ਉੱਥੋਂ ਦੇ ਭਰਾਵਾਂ ਵਿੱਚੋਂ ਕਿਸੇ ਨੇ ਤੁਹਾਡੇ ਬਾਰੇ ਦੱਸਿਆ ਹੈ ਜਾਂ ਕੋਈ ਬੁਰੀ ਗੱਲ ਕਹੀ ਹੈ । 22ਅਸੀਂ ਤੁਹਾਡੇ ਵਿਚਾਰ ਸੁਣਨਾ ਚਾਹੁੰਦੇ ਹਾਂ ਕਿਉਂਕਿ ਇਸ ਮੱਤ ਦਾ ਹਰ ਥਾਂ ਵਿਰੋਧ ਹੋ ਰਿਹਾ ਹੈ ।”
23ਉਹਨਾਂ ਨੇ ਪੌਲੁਸ ਦੇ ਲਈ ਇੱਕ ਦਿਨ ਨਿਯੁਕਤ ਕੀਤਾ ਅਤੇ ਬਹੁਤ ਵੱਡੀ ਗਿਣਤੀ ਵਿੱਚ ਲੋਕ ਉਸ ਕੋਲ ਆਏ । ਉਸ ਨੇ ਸਵੇਰ ਤੋਂ ਸ਼ੁਰੂ ਕਰ ਕੇ ਸ਼ਾਮ ਤੱਕ ਪਰਮੇਸ਼ਰ ਦੇ ਰਾਜ ਦੇ ਬਾਰੇ ਉਹਨਾਂ ਨੂੰ ਵੇਰਵੇ ਨਾਲ ਦੱਸਿਆ ਅਤੇ ਯਿਸੂ ਦੇ ਸੰਬੰਧ ਵਿੱਚ ਮੂਸਾ ਦੀ ਵਿਵਸਥਾ ਅਤੇ ਨਬੀਆਂ ਦੀਆਂ ਲਿਖਤਾਂ ਵਿੱਚੋਂ ਸਮਝਾਇਆ । 24ਕੁਝ ਨੇ ਉਹਨਾਂ ਵਿੱਚੋਂ ਪੌਲੁਸ ਦੇ ਵਚਨਾਂ ਨੂੰ ਮੰਨਿਆ ਪਰ ਕੁਝ ਨੇ ਵਿਸ਼ਵਾਸ ਨਾ ਕੀਤਾ । 25ਫਿਰ ਜਦੋਂ ਉਹ ਆਪਸ ਵਿੱਚ ਸਹਿਮਤ ਨਾ ਹੋਏ ਅਤੇ ਉੱਥੋਂ ਜਾਣ ਲੱਗੇ ਤਾਂ ਪੌਲੁਸ ਨੇ ਉਹਨਾਂ ਨੂੰ ਇਹ ਗੱਲ ਕਹੀ, “ਪਵਿੱਤਰ ਆਤਮਾ ਨੇ ਯਸਾਯਾਹ ਨਬੀ ਦੇ ਰਾਹੀਂ ਤੁਹਾਡੇ ਪੁਰਖਿਆਂ ਦੇ ਬਾਰੇ ਠੀਕ ਹੀ ਕਿਹਾ ਹੈ,
26 # ਯਸਾ 6:9-10 ‘ਜਾ, ਅਤੇ ਇਹਨਾਂ ਲੋਕਾਂ ਨੂੰ ਕਹਿ,
ਤੁਸੀਂ ਸੁਣੋਗੇ ਤਾਂ ਸਹੀ ਪਰ ਨਾ ਸਮਝੋਗੇ,
ਤੁਸੀਂ ਦੇਖੋਗੇ ਤਾਂ ਸਹੀ ਪਰ ਪਛਾਣ ਨਾ ਸਕੋਗੇ ।
27ਕਿਉਂਕਿ ਇਹਨਾਂ ਲੋਕਾਂ ਦੇ ਦਿਲ ਸਖ਼ਤ ਹੋ ਗਏ ਹਨ,
ਉਹ ਕੰਨਾਂ ਤੋਂ ਉੱਚਾ ਸੁਣਨ ਲੱਗ ਪਏ ਹਨ । ਉਹਨਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ,
ਕਿ ਕਿਤੇ ਅਜਿਹਾ ਨਾ ਹੋਵੇ ਕਿ ਉਹ ਅੱਖਾਂ ਦੇ ਨਾਲ ਦੇਖਣ,
ਕੰਨਾਂ ਦੇ ਨਾਲ ਸੁਣਨ, ਦਿਲ ਦੇ ਨਾਲ ਸਮਝਣ ਅਤੇ ਮੇਰੇ ਵੱਲ ਮੁੜਨ, ਪਰਮੇਸ਼ਰ ਕਹਿੰਦੇ ਹਨ ।
ਅਤੇ ਮੈਂ ਉਹਨਾਂ ਨੂੰ ਚੰਗਾ ਕਰਾਂ ।’”
28“ਇਸ ਲਈ ਤੁਸੀਂ ਜਾਣੋ ਕਿ ਪਰਮੇਸ਼ਰ ਦਾ ਇਹ ਮੁਕਤੀ ਦਾ ਸੰਦੇਸ਼ ਪਰਾਈਆਂ ਕੌਮਾਂ ਨੂੰ ਭੇਜਿਆ ਗਿਆ ਹੈ ਅਤੇ ਉਹ ਸੁਣਨਗੀਆਂ !” [29ਉਸ ਦੇ ਇਹ ਕਹਿਣ ਦੇ ਬਾਅਦ ਯਹੂਦੀ ਆਪਸ ਵਿੱਚ ਬਹਿਸ ਕਰਦੇ ਹੋਏ ਉੱਥੋਂ ਚਲੇ ਗਏ ।]#28:29 ਇਹ ਆਇਤ ਕੁਝ ਪ੍ਰਾਚੀਨ ਲਿਖਤਾਂ ਵਿੱਚ ਨਹੀਂ ਹੈ ।
30ਪੌਲੁਸ ਉੱਥੇ ਪੂਰੇ ਦੋ ਸਾਲ ਤੱਕ ਕਿਰਾਏ ਦੇ ਘਰ ਵਿੱਚ ਰਿਹਾ । ਉਹ ਆਪਣੇ ਕੋਲ ਆਉਣ ਵਾਲਿਆਂ ਦਾ ਸੁਆਗਤ ਕਰਦਾ ਸੀ । 31ਉਹ ਖੁਲ੍ਹੇਆਮ ਪੂਰੀ ਆਜ਼ਾਦੀ ਨਾਲ ਪਰਮੇਸ਼ਰ ਦੇ ਰਾਜ ਦਾ ਪ੍ਰਚਾਰ ਕਰਦਾ ਸੀ ਅਤੇ ਪ੍ਰਭੂ ਯਿਸੂ ਮਸੀਹ ਦੇ ਬਾਰੇ ਸਿੱਖਿਆ ਦਿੰਦਾ ਸੀ ।

Highlight

Share

Copy

None

Want to have your highlights saved across all your devices? Sign up or sign in