YouVersion Logo
Search Icon

ਰਸੂਲਾਂ ਦੇ ਕੰਮ 20

20
ਪੌਲੁਸ ਦੀ ਮਕਦੂਨਿਯਾ ਅਤੇ ਯੂਨਾਨ ਦੀ ਯਾਤਰਾ
1ਜਦੋਂ ਦੰਗਾ ਖ਼ਤਮ ਹੋ ਗਿਆ ਤਦ ਪੌਲੁਸ ਨੇ ਚੇਲਿਆਂ ਨੂੰ ਸੱਦਾ ਭੇਜਿਆ ਅਤੇ ਉਹਨਾਂ ਨੂੰ ਉਤਸ਼ਾਹ ਦੇਣ ਦੇ ਬਾਅਦ ਉਹ ਉਹਨਾਂ ਤੋਂ ਵਿਦਾ ਹੋ ਕੇ ਮਕਦੂਨਿਯਾ ਨੂੰ ਚਲਾ ਗਿਆ । 2ਉਹ ਇਹਨਾਂ ਇਲਾਕਿਆਂ ਵਿੱਚ ਲੋਕਾਂ ਨੂੰ ਬਹੁਤ ਸਾਰੇ ਉਪਦੇਸ਼ਾਂ ਰਾਹੀਂ ਉਤਸ਼ਾਹ ਦਿੰਦਾ ਹੋਇਆ ਯੂਨਾਨ#20:2 ਜਾਂ ਅਖਾਯਾ ਵਿੱਚ ਆਇਆ । 3ਉੱਥੇ ਤਿੰਨ ਮਹੀਨੇ ਰਹਿ ਕੇ ਜਦੋਂ ਉਹ ਸਮੁੰਦਰੀ ਜਹਾਜ਼ ਦੁਆਰਾ ਸੀਰੀਯਾ ਨੂੰ ਜਾਣ ਵਾਲਾ ਸੀ ਤਾਂ ਉਸ ਨੂੰ ਪਤਾ ਲੱਗਾ ਕਿ ਯਹੂਦੀ ਉਸ ਦੇ ਵਿਰੁੱਧ ਵਿਓਂਤਾਂ ਬਣਾ ਰਹੇ ਹਨ । ਇਸ ਲਈ ਉਸ ਨੇ ਮਕਦੂਨਿਯਾ ਰਾਹੀਂ ਜਾਣ ਦਾ ਇਰਾਦਾ ਕੀਤਾ । 4ਉਸ ਦੇ ਨਾਲ ਪੁੱਰਸ ਦਾ ਪੁੱਤਰ ਸੋਪਤਰੁਸ ਜਿਹੜਾ ਬਰਿਯਾ ਦਾ ਰਹਿਣ ਵਾਲਾ ਸੀ, ਥਸਲੁਨੀਕਾ ਦੇ ਰਹਿਣ ਵਾਲੇ ਅਰਿਸਤਰਖੁਸ ਅਤੇ ਸਿਕੁੰਦੁਸ, ਦਰਬੇ ਦੇ ਗਾਯੁਸ ਅਤੇ ਤਿਮੋਥਿਉਸ, ਏਸ਼ੀਆ ਦੇ ਤੁਖਿਕੁਸ ਅਤੇ ਤ੍ਰੋਫ਼ਿਮੁਸ ਗਏ । 5ਇਹ ਲੋਕ ਜਾ ਕੇ ਤ੍ਰੋਆਸ ਵਿੱਚ ਸਾਡੀ ਉਡੀਕ ਕਰਨ ਲੱਗੇ । 6ਅਸੀਂ ਅਖ਼ਮੀਰੀ ਰੋਟੀ ਦੇ ਤਿਉਹਾਰ ਦੇ ਬਾਅਦ ਫ਼ਿਲਿੱਪੈ ਤੋਂ ਸਮੁੰਦਰ ਦੁਆਰਾ ਯਾਤਰਾ ਸ਼ੁਰੂ ਕੀਤੀ ਅਤੇ ਪੰਜ ਦਿਨਾਂ ਵਿੱਚ ਉਹਨਾਂ ਦੇ ਕੋਲ ਤ੍ਰੋਆਸ ਪਹੁੰਚੇ ਅਤੇ ਉੱਥੇ ਸੱਤ ਦਿਨ ਰਹੇ ।
ਤ੍ਰੋਆਸ ਵਿੱਚ ਪੌਲੁਸ ਦੀ ਅੰਤਮ ਯਾਤਰਾ
7ਹਫ਼ਤੇ ਦੇ ਪਹਿਲੇ ਦਿਨ#20:7 ਭਾਵ ਐਤਵਾਰ । ਅਸੀਂ ਪ੍ਰਭੂ ਭੋਜ ਦੇ ਲਈ ਇਕੱਠੇ ਹੋਏ । ਪੌਲੁਸ ਅਗਲੇ ਦਿਨ ਜਾਣ ਵਾਲਾ ਸੀ, ਇਸ ਲਈ ਉਹ ਲੋਕਾਂ ਨਾਲ ਗੱਲ ਬਾਤ ਕਰਨ ਲੱਗਾ ਅਤੇ ਗੱਲ ਬਾਤ ਅੱਧੀ ਰਾਤ ਤੱਕ ਚੱਲਦੀ ਰਹੀ । 8ਜਿਸ ਚੁਬਾਰੇ ਵਿੱਚ ਇਹ ਸਭਾ ਹੋ ਰਹੀ ਸੀ, ਉੱਥੇ ਬਹੁਤ ਦੀਵੇ ਜਗ ਰਹੇ ਸਨ । 9ਯੂਤਖੁਸ ਨਾਂ ਦਾ ਇੱਕ ਨੌਜਵਾਨ ਖਿੜਕੀ ਵਿੱਚ ਬੈਠਾ ਹੋਇਆ ਸੀ । ਜਦੋਂ ਪੌਲੁਸ ਦੇਰ ਤੱਕ ਗੱਲ ਬਾਤ ਕਰਦਾ ਰਿਹਾ ਤਾਂ ਉਸ ਨੌਜਵਾਨ ਨੂੰ ਨੀਂਦ ਆ ਗਈ । ਨੀਂਦ ਦੇ ਝੋਕੇ ਵਿੱਚ ਹੀ ਉਹ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗ ਪਿਆ ਅਤੇ ਮਰਿਆ ਹੋਇਆ ਚੁੱਕਿਆ ਗਿਆ । 10ਤਦ ਪੌਲੁਸ ਹੇਠਾਂ ਉਤਰਿਆ ਅਤੇ ਉਸ ਨੌਜਵਾਨ ਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਕਿਹਾ, “ਹੁੱਲੜ ਨਾ ਮਚਾਓ, ਇਹ ਜਿਊਂਦਾ ਹੈ !” 11ਤਦ ਪੌਲੁਸ ਉੱਤੇ ਗਿਆ ਅਤੇ ਪ੍ਰਭੂ ਭੋਜ ਕੀਤਾ । ਉਹ ਇੰਨੀ ਦੇਰ ਤੱਕ ਗੱਲ ਬਾਤ ਕਰਦਾ ਰਿਹਾ ਕਿ ਦਿਨ ਚੜ੍ਹ ਆਇਆ ਅਤੇ ਫਿਰ ਉਹ ਚਲਾ ਗਿਆ । 12ਲੋਕ ਨੌਜਵਾਨ ਨੂੰ ਜਿਊਂਦਾ ਜਾਗਦਾ ਘਰ ਲੈ ਆਏ ਅਤੇ ਉਹਨਾਂ ਨੂੰ ਬਹੁਤ ਦਿਲਾਸਾ ਮਿਲਿਆ ।
ਤ੍ਰੋਆਸ ਤੋਂ ਮਿਲੇਤੁਸ ਦੀ ਯਾਤਰਾ
13ਅਸੀਂ ਸਮੁੰਦਰੀ ਜਹਾਜ਼ ਦੁਆਰਾ ਪਹਿਲਾਂ ਹੀ ਅੱਸੁਸ ਨੂੰ ਚੱਲ ਪਏ । ਅਸੀਂ ਚਾਹੁੰਦੇ ਸੀ ਕਿ ਪੌਲੁਸ ਨੂੰ ਸਮੁੰਦਰੀ ਜਹਾਜ਼ ਵਿੱਚ ਚੜ੍ਹਾ ਲਈਏ । ਪੌਲੁਸ ਨੇ ਆਪ ਹੀ ਇਸ ਤਰ੍ਹਾਂ ਕਰਨ ਲਈ ਕਿਹਾ ਸੀ ਕਿਉਂਕਿ ਉਹ ਆਪ ਪੈਦਲ ਆਉਣਾ ਚਾਹੁੰਦਾ ਸੀ । 14ਇਸ ਲਈ ਉਹ ਸਾਨੂੰ ਅੱਸੁਸ ਵਿੱਚ ਮਿਲਿਆ ਅਤੇ ਅਸੀਂ ਉਸ ਨੂੰ ਜਹਾਜ਼ ਵਿੱਚ ਚੜ੍ਹਾ ਲਿਆ ਅਤੇ ਮਿਤੁਲੇਨੇ ਨੂੰ ਚਲੇ ਗਏ । 15ਦੂਜੇ ਦਿਨ ਉੱਥੋਂ ਜਲ ਮਾਰਗ ਦੁਆਰਾ ਅਸੀਂ ਖੀਓਸ ਪਹੁੰਚੇ । ਫਿਰ ਅਗਲੇ ਦਿਨ ਸਾਮੁਸ ਅਤੇ ਇੱਕ ਦਿਨ ਦੇ ਬਾਅਦ ਮਿਲੇਤੁਸ ਵਿੱਚ ਆ ਗਏ । 16ਪੌਲੁਸ ਨੇ ਫ਼ੈਸਲਾ ਕੀਤਾ ਸੀ ਕਿ ਅਫ਼ਸੁਸ ਨੂੰ ਨਾ ਜਾਈਏ ਤਾਂ ਜੋ ਏਸ਼ੀਆ ਵਿੱਚ ਦੇਰ ਨਾ ਲੱਗੇ । ਉਹ ਇਸ ਲਈ ਛੇਤੀ ਕਰ ਰਿਹਾ ਸੀ ਕਿ ਜੇਕਰ ਹੋ ਸਕੇ ਤਾਂ ਪੰਤੇਕੁਸਤ ਦੇ ਦਿਨ ਤੱਕ ਯਰੂਸ਼ਲਮ ਵਿੱਚ ਪਹੁੰਚ ਜਾਵੇ ।
ਅਫ਼ਸੁਸ ਦੇ ਬਜ਼ੁਰਗ ਆਗੂਆਂ ਤੋਂ ਵਿਦਾ ਲੈਣਾ
17ਪੌਲੁਸ ਨੇ ਮਿਲੇਤੁਸ ਤੋਂ ਅਫ਼ਸੁਸ ਦੀ ਕਲੀਸੀਯਾ ਦੇ ਬਜ਼ੁਰਗ ਆਗੂਆਂ ਨੂੰ ਸੱਦਾ ਭੇਜਿਆ । 18ਜਦੋਂ ਉਹ ਪਹੁੰਚੇ ਤਦ ਪੌਲੁਸ ਨੇ ਉਹਨਾਂ ਨੂੰ ਕਿਹਾ, “ਤੁਸੀਂ ਜਾਣਦੇ ਹੋ ਕਿ ਜਿਸ ਦਿਨ ਤੋਂ ਮੈਂ ਏਸ਼ੀਆ ਵਿੱਚ ਪੈਰ ਰੱਖਿਆ ਹੈ, ਮੈਂ ਆਪਣਾ ਸਾਰਾ ਸਮਾਂ ਤੁਹਾਡੇ ਨਾਲ ਕਿਸ ਤਰ੍ਹਾਂ ਬਿਤਾਇਆ ਹੈ । 19ਕਿਸ ਤਰ੍ਹਾਂ ਨਿਮਰਤਾ ਅਤੇ ਹੰਝੂਆਂ ਨਾਲ ਉਹਨਾਂ ਦੁੱਖਾਂ ਵਿੱਚ ਜਿਹੜੇ ਯਹੂਦੀਆਂ ਦੀਆਂ ਵਿਓਂਤਾਂ ਦੇ ਕਾਰਨ ਮੇਰੇ ਉੱਤੇ ਆਏ, ਮੈਂ ਪ੍ਰਭੂ ਦੀ ਸੇਵਾ ਕਰਦਾ ਰਿਹਾ । 20ਜਿਹੜੀਆਂ ਗੱਲਾਂ ਤੁਹਾਡੇ ਲਾਭ ਦੀਆਂ ਸਨ, ਉਹਨਾਂ ਦੇ ਬਾਰੇ ਮੈਂ ਤੁਹਾਨੂੰ ਦੱਸਣ ਤੋਂ ਪਿੱਛੇ ਨਾ ਹਟਿਆ ਅਤੇ ਖੁਲ੍ਹੇਆਮ ਘਰ ਘਰ ਜਾ ਕੇ ਤੁਹਾਨੂੰ ਸਿੱਖਿਆ ਦਿੱਤੀ । 21ਮੈਂ ਯਹੂਦੀਆਂ ਅਤੇ ਯੂਨਾਨੀਆਂ ਦੋਨਾਂ ਦੇ ਸਾਹਮਣੇ ਸਾਫ਼ ਸਾਫ਼ ਗਵਾਹੀ ਦਿੱਤੀ ਕਿ ਉਹ ਪਰਮੇਸ਼ਰ ਦੇ ਸਾਹਮਣੇ ਤੋਬਾ ਕਰਨ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਵਿਸ਼ਵਾਸ ਕਰਨ । 22ਪਰ ਹੁਣ ਮੈਂ ਆਤਮਾ ਦੇ ਹੁਕਮ ਦਾ ਬੱਧਾ ਹੋਇਆ ਯਰੂਸ਼ਲਮ ਜਾ ਰਿਹਾ ਹਾਂ । ਉੱਥੇ ਮੇਰੇ ਨਾਲ ਕੀ ਹੋਵੇਗਾ, ਮੈਨੂੰ ਨਹੀਂ ਪਤਾ । 23ਕੇਵਲ ਇਹ ਜਾਣਦਾ ਹਾਂ ਕਿ ਹਰ ਇੱਕ ਸ਼ਹਿਰ ਵਿੱਚ ਪਵਿੱਤਰ ਆਤਮਾ ਮੈਨੂੰ ਚਿਤਾਵਨੀ ਦੇ ਰਿਹਾ ਹੈ ਕਿ ਕੈਦ ਅਤੇ ਬਿਪਤਾਵਾਂ ਮੇਰਾ ਰਾਹ ਦੇਖ ਰਹੀਆਂ ਹਨ । 24#2 ਤਿਮੋ 4:7ਮੇਰੇ ਜੀਵਨ ਦਾ ਕੋਈ ਮੁੱਲ ਨਹੀਂ, ਜੇਕਰ ਹੈ ਤਾਂ ਕੇਵਲ ਇਹ ਕਿ ਮੇਰੀ ਉਹ ਦੌੜ ਅਤੇ ਉਹ ਸੇਵਾ ਪੂਰੀ ਹੋ ਜਾਵੇ ਜਿਹੜੀ ਪ੍ਰਭੂ ਯਿਸੂ ਨੇ ਮੈਨੂੰ ਪ੍ਰਦਾਨ ਕੀਤੀ ਹੈ, ਭਾਵ ਮੈਂ ਪਰਮੇਸ਼ਰ ਦੀ ਕਿਰਪਾ ਵਾਲੇ ਸ਼ੁਭ ਸਮਾਚਾਰ ਦੀ ਗਵਾਹੀ ਦਿੰਦਾ ਰਹਾਂ ।
25“ਹੁਣ ਦੇਖੋ ਮੈਂ ਜਾਣਦਾ ਹਾਂ ਕਿ ਤੁਸੀਂ ਸਾਰੇ ਜਿਹਨਾਂ ਵਿੱਚ ਮੈਂ ਪਰਮੇਸ਼ਰ ਦੇ ਰਾਹ ਦਾ ਸ਼ੁਭ ਸਮਾਚਾਰ ਸੁਣਾਉਂਦਾ ਰਿਹਾ ਹਾਂ, ਫਿਰ ਕਦੀ ਮੇਰਾ ਮੂੰਹ ਨਾ ਦੇਖੋਗੇ । 26ਇਸ ਲਈ ਮੈਂ ਅੱਜ ਦੇ ਦਿਨ ਤੁਹਾਡੇ ਸਾਹਮਣੇ ਗਵਾਹੀ ਦਿੰਦਾ ਹਾਂ ਕਿ ਜੇਕਰ ਤੁਹਾਡੇ ਵਿੱਚੋਂ ਕੋਈ ਨਾਸ਼ ਹੋ ਜਾਵੇ ਤਾਂ ਉਸ ਦੇ ਲਈ ਮੈਂ ਜ਼ਿੰਮੇਵਾਰ ਨਹੀਂ ਹੋਵਾਂਗਾ । 27ਕਿਉਂਕਿ ਮੈਂ ਪਰਮੇਸ਼ਰ ਦੇ ਸਾਰੇ ਇਰਾਦੇ ਤੁਹਾਨੂੰ ਦੱਸਣ ਤੋਂ ਨਹੀਂ ਝਿਜਕਿਆ । 28ਆਪਣਾ ਅਤੇ ਆਪਣੇ ਝੁੰਡ ਦਾ ਖਿਆਲ ਰੱਖੋ, ਜਿਸ ਦੇ ਨਿਗਹਾਬਾਨ ਪਵਿੱਤਰ ਆਤਮਾ ਨੇ ਤੁਹਾਨੂੰ ਨਿਯੁਕਤ ਕੀਤਾ ਹੈ । ਤੁਸੀਂ ਪਰਮੇਸ਼ਰ ਦੇ ਲੋਕਾਂ ਦੀ ਸੁਰੱਖਿਆ ਕਰੋ ਜਿਹਨਾਂ ਨੂੰ ਉਹਨਾਂ ਨੇ ਆਪਣੇ ਲਈ ਆਪਣੇ ਖ਼ੂਨ ਦੁਆਰਾ ਪ੍ਰਾਪਤ ਕੀਤਾ ਹੈ । 29ਮੈਂ ਜਾਣਦਾ ਹਾਂ ਕਿ ਮੇਰੇ ਜਾਣ ਬਾਅਦ ਭਿਅੰਕਰ ਬਘਿਆੜ ਤੁਹਾਡੇ ਵਿੱਚ ਆ ਜਾਣਗੇ, ਜਿਹੜੇ ਝੁੰਡ ਨੂੰ ਨਾ ਛੱਡਣਗੇ । 30ਹਾਂ, ਤੁਹਾਡੇ ਹੀ ਵਿੱਚੋਂ ਅਜਿਹੇ ਆਦਮੀ ਉੱਠ ਖੜ੍ਹੇ ਹੋਣਗੇ, ਜਿਹੜੇ ਚੇਲਿਆਂ ਨੂੰ ਆਪਣੇ ਪਿੱਛੇ ਲਾਉਣ ਲਈ ਉਹਨਾਂ ਨੂੰ ਪੁੱਠੀਆਂ ਸਿੱਧੀਆਂ ਸਿੱਖਿਆਵਾਂ ਦੇਣਗੇ । 31ਇਸ ਲਈ ਜਾਗਦੇ ਰਹੋ ਅਤੇ ਯਾਦ ਰੱਖੋ ਕਿ ਮੈਂ ਤਿੰਨ ਸਾਲ ਤੱਕ ਦਿਨ ਰਾਤ ਹੰਝੂ ਵਹਾ ਵਹਾ ਕੇ ਤੁਹਾਡੇ ਵਿੱਚ ਹਰ ਇੱਕ ਨੂੰ ਸਮਝਾਇਆ ਹੈ ।
32“ਹੁਣ ਮੈਂ ਤੁਹਾਨੂੰ ਪਰਮੇਸ਼ਰ ਅਤੇ ਉਹਨਾਂ ਦੀ ਕਿਰਪਾ ਦੇ ਵਚਨ ਦੀ ਦੇਖਭਾਲ ਦੇ ਸਪੁਰਦ ਕਰਦਾ ਹਾਂ । ਜਿਹੜਾ ਤੁਹਾਡੀ ਉਸਾਰੀ ਕਰਨ ਅਤੇ ਸਾਰੇ ਪਵਿੱਤਰ ਲੋਕਾਂ ਦੇ ਨਾਲ ਤੁਹਾਨੂੰ ਤੁਹਾਡੀਆਂ ਅਸੀਸਾਂ ਤੁਹਾਨੂੰ ਪ੍ਰਦਾਨ ਕਰਨ ਦੇ ਯੋਗ ਹੈ । 33ਮੈਂ ਕਿਸੇ ਦੇ ਸੋਨੇ, ਚਾਂਦੀ ਅਤੇ ਵਸਤਰਾਂ ਦਾ ਲੋਭ ਨਹੀਂ ਕੀਤਾ । 34ਤੁਸੀਂ ਆਪ ਜਾਣਦੇ ਹੋ ਕਿ ਇਹਨਾਂ ਹੱਥਾਂ ਨੇ ਮੇਰੀਆਂ ਅਤੇ ਮੇਰੇ ਸਾਥੀਆਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਹਨ । 35ਮੈਂ ਹਮੇਸ਼ਾ ਤੁਹਾਡੇ ਸਾਹਮਣੇ ਉਦਾਹਰਨ ਰੱਖੀ ਹੈ ਕਿ ਸਾਨੂੰ ਕਿਸ ਤਰ੍ਹਾਂ ਮਿਹਨਤ ਕਰ ਕੇ ਕਮਜ਼ੋਰਾਂ ਨੂੰ ਸੰਭਾਲਣਾ ਚਾਹੀਦਾ ਹੈ ਅਤੇ ਪ੍ਰਭੂ ਯਿਸੂ ਦੇ ਸ਼ਬਦ ਯਾਦ ਰੱਖਣੇ ਚਾਹੀਦੇ ਹਨ ਜਿਹੜੇ ਉਹਨਾਂ ਨੇ ਆਪ ਕਹੇ ਸਨ, ‘ਲੈਣ ਨਾਲੋਂ ਦੇਣਾ ਹੀ ਧੰਨ ਹੈ ।’”
36ਇਹ ਕਹਿ ਚੁੱਕਣ ਦੇ ਬਾਅਦ ਪੌਲੁਸ ਨੇ ਸਾਰਿਆਂ ਦੇ ਨਾਲ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ । 37ਫਿਰ ਉਹ ਸਾਰੇ ਰੋਣ ਲੱਗੇ ਅਤੇ ਪੌਲੁਸ ਦੇ ਗਲ਼ ਲੱਗ ਕੇ ਉਸ ਨੂੰ ਚੁੰਮਣ ਲੱਗੇ । 38ਖ਼ਾਸ ਕਰ ਕੇ ਪੌਲੁਸ ਦੇ ਇਹਨਾਂ ਸ਼ਬਦਾਂ ਦੇ ਕਾਰਨ, “ਤੁਸੀਂ ਮੇਰਾ ਮੂੰਹ ਫਿਰ ਨਾ ਦੇਖੋਗੇ ।” ਉਹ ਬਹੁਤ ਉਦਾਸ ਸਨ । ਉਹ ਸਾਰੇ ਪੌਲੁਸ ਨੂੰ ਸਮੁੰਦਰੀ ਜਹਾਜ਼ ਤੱਕ ਛੱਡਣ ਗਏ ।

Highlight

Share

Copy

None

Want to have your highlights saved across all your devices? Sign up or sign in