YouVersion Logo
Search Icon

ਰਸੂਲਾਂ ਦੇ ਕੰਮ 15

15
ਯਰੂਸ਼ਲਮ ਵਿੱਚ ਕਲੀਸੀਯਾ ਦੀ ਸਭਾ
1 # ਲੇਵੀ 12:3 ਕੁਝ ਲੋਕ ਯਹੂਦਿਯਾ ਤੋਂ ਅੰਤਾਕਿਯਾ ਆ ਕੇ ਭਰਾਵਾਂ ਨੂੰ ਇਹ ਸਿਖਾਉਣ ਲੱਗੇ, “ਜੇਕਰ ਤੁਹਾਡੀ ਮੂਸਾ ਦੀ ਵਿਵਸਥਾ ਅਨੁਸਾਰ ਸੁੰਨਤ ਨਹੀਂ ਹੋਈ ਤਾਂ ਤੁਹਾਡੀ ਮੁਕਤੀ ਨਹੀਂ ਹੋ ਸਕਦੀ ।” 2ਤਦ ਪੌਲੁਸ ਅਤੇ ਬਰਨਬਾਸ ਦਾ ਉਹਨਾਂ ਨਾਲ ਬਹੁਤ ਝਗੜਾ ਅਤੇ ਵਿਵਾਦ ਹੋਇਆ । ਇਸ ਲਈ ਇਹ ਫ਼ੈਸਲਾ ਹੋਇਆ ਕਿ ਪੌਲੁਸ, ਬਰਨਬਾਸ ਅਤੇ ਉਹਨਾਂ ਵਿੱਚੋਂ ਕੁਝ ਆਦਮੀ ਇਸ ਵਿਸ਼ੇ ਲਈ ਯਰੂਸ਼ਲਮ ਵਿੱਚ ਬਜ਼ੁਰਗ ਆਗੂਆਂ ਅਤੇ ਰਸੂਲਾਂ ਕੋਲ ਜਾਣ ।
3ਕਲੀਸੀਯਾ ਨੇ ਉਹਨਾਂ ਨੂੰ ਵਿਦਾ ਕੀਤਾ । ਉਹਨਾਂ ਨੇ ਫ਼ੈਨੀਕੇ ਅਤੇ ਸਾਮਰਿਯਾ ਦੇ ਵਿੱਚੋਂ ਦੀ ਯਾਤਰਾ ਕੀਤੀ ਅਤੇ ਉੱਥੇ ਪਰਾਈਆਂ ਕੌਮਾਂ ਨੂੰ ਪ੍ਰਭੂ ਵਿੱਚ ਵਿਸ਼ਵਾਸ ਕਰਨ ਬਾਰੇ ਸਭ ਕੁਝ ਦੱਸਿਆ ਜਿਸ ਕਾਰਨ ਭਰਾਵਾਂ ਨੂੰ ਬਹੁਤ ਖ਼ੁਸ਼ੀ ਹੋਈ । 4ਜਦੋਂ ਉਹ ਯਰੂਸ਼ਲਮ ਵਿੱਚ ਪਹੁੰਚੇ ਤਾਂ ਉੱਥੇ ਕਲੀਸੀਯਾ ਅਤੇ ਰਸੂਲਾਂ ਨੇ ਉਹਨਾਂ ਦਾ ਸੁਆਗਤ ਕੀਤਾ, ਜਿਹਨਾਂ ਨੂੰ ਉਹਨਾਂ ਨੇ ਉਹ ਸਭ ਕੁਝ ਦੱਸਿਆ ਜੋ ਪਰਮੇਸ਼ਰ ਨੇ ਉਹਨਾਂ ਦੇ ਰਾਹੀਂ ਕੀਤਾ ਸੀ ।
5ਤਦ ਫ਼ਰੀਸੀ ਦਲ ਦੇ ਕੁਝ ਲੋਕ ਜਿਹੜੇ ਵਿਸ਼ਵਾਸੀ ਹੋ ਚੁੱਕੇ ਸਨ, ਖੜ੍ਹੇ ਹੋ ਕੇ ਬੋਲੇ, “ਪਰਾਈਆਂ ਕੌਮਾਂ ਦੀ ਸੁੰਨਤ ਹੋਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਮੂਸਾ ਦੀ ਵਿਵਸਥਾ ਦੀ ਪਾਲਣਾ ਕਰਨੀ ਚਾਹੀਦੀ ਹੈ ।”
6ਇਸ ਪ੍ਰਸ਼ਨ ਉੱਤੇ ਵਿਚਾਰ ਕਰਨ ਲਈ ਰਸੂਲ ਅਤੇ ਬਜ਼ੁਰਗ ਆਗੂ ਇਕੱਠੇ ਹੋਏ । 7#ਰਸੂਲਾਂ 10:1-43ਬਹੁਤ ਵਿਵਾਦ ਦੇ ਬਾਅਦ ਪਤਰਸ ਨੇ ਉੱਠ ਕੇ ਕਿਹਾ, “ਭਰਾਵੋ, ਤੁਹਾਨੂੰ ਪਤਾ ਹੀ ਹੈ ਕਿ ਸ਼ੁਰੂ ਤੋਂ ਹੀ ਪਰਮੇਸ਼ਰ ਨੇ ਮੈਨੂੰ ਤੁਹਾਡੇ ਵਿੱਚੋਂ ਚੁਣ ਲਿਆ ਸੀ ਕਿ ਪਰਾਈਆਂ ਕੌਮਾਂ ਮੇਰੇ ਮੂੰਹ ਤੋਂ ਸ਼ੁਭ ਸਮਾਚਾਰ ਦਾ ਸੰਦੇਸ਼ ਸੁਣਨ ਅਤੇ ਵਿਸ਼ਵਾਸ ਕਰਨ । 8#ਰਸੂਲਾਂ 2:4, 10:44ਮਨਾਂ ਨੂੰ ਜਾਨਣ ਵਾਲੇ ਪਰਮੇਸ਼ਰ ਨੇ ਸਾਡੇ ਵਾਂਗ ਉਹਨਾਂ ਨੂੰ ਪਵਿੱਤਰ ਆਤਮਾ ਦੇ ਕੇ ਉਹਨਾਂ ਨੂੰ ਵੀ ਸਵੀਕਾਰ ਕੀਤਾ ਹੈ । 9ਪਰਮੇਸ਼ਰ ਨੇ ਸਾਡੇ ਅਤੇ ਉਹਨਾਂ ਵਿੱਚ ਕੋਈ ਫ਼ਰਕ ਨਹੀਂ ਰੱਖਿਆ ਅਤੇ ਵਿਸ਼ਵਾਸ ਦੁਆਰਾ ਉਹਨਾਂ ਦੇ ਦਿਲ ਸ਼ੁੱਧ ਕੀਤੇ ਹਨ । 10ਫਿਰ ਤੁਸੀਂ ਪਰਮੇਸ਼ਰ ਨੂੰ ਕਿਉਂ ਪਰਖਦੇ ਹੋ ਅਤੇ ਚੇਲਿਆਂ ਦੇ ਮੋਢਿਆਂ ਉੱਤੇ ਉਹ ਭਾਰ ਕਿਉਂ ਰੱਖਦੇ ਹੋ ਜਿਸ ਨੂੰ ਨਾ ਅਸੀਂ ਅਤੇ ਨਾ ਹੀ ਸਾਡੇ ਪੁਰਖੇ ਸਹਿ ਸਕੇ ? 11ਸਾਡਾ ਵਿਸ਼ਵਾਸ ਹੈ ਕਿ ਪ੍ਰਭੂ ਯਿਸੂ ਦੀ ਕਿਰਪਾ ਦੁਆਰਾ ਜਿਸ ਤਰ੍ਹਾਂ ਸਾਡੀ ਮੁਕਤੀ ਹੈ, ਉਸੇ ਤਰ੍ਹਾਂ ਉਹਨਾਂ ਦੀ ਵੀ ਹੈ ।”
12ਤਦ ਸਾਰੀ ਸਭਾ ਚੁੱਪ ਹੋ ਕੇ ਬਰਨਬਾਸ ਅਤੇ ਪੌਲੁਸ ਦਾ ਬਿਆਨ ਸੁਣਨ ਲੱਗੀ ਕਿ ਪਰਮੇਸ਼ਰ ਨੇ ਉਹਨਾਂ ਦੁਆਰਾ ਕਿਸ ਤਰ੍ਹਾਂ ਪਰਾਈਆਂ ਕੌਮਾਂ ਵਿੱਚ ਮਹਾਨ ਚਿੰਨ੍ਹ ਅਤੇ ਚਮਤਕਾਰ ਕੀਤੇ ਹਨ । 13ਫਿਰ ਜਦੋਂ ਉਹ ਚੁੱਪ ਹੋ ਗਏ ਤਾਂ ਯਾਕੂਬ ਨੇ ਕਹਿਣਾ ਸ਼ੁਰੂ ਕੀਤਾ, “ਭਰਾਵੋ, ਮੇਰੀ ਗੱਲ ਸੁਣੋ । 14ਸ਼ਮਊਨ ਪਤਰਸ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਸ਼ੁਰੂ ਵਿੱਚ ਪਰਮੇਸ਼ਰ ਨੇ ਪਰਾਈਆਂ ਕੌਮਾਂ ਵਿੱਚੋਂ ਆਪਣੇ ਲਈ ਲੋਕਾਂ ਨੂੰ ਚੁਣਨ ਦੀ ਕਿਰਪਾ ਕੀਤੀ । 15ਇਸ ਗੱਲ ਦੀ ਗਵਾਹੀ ਨਬੀਆਂ ਦੇ ਸ਼ਬਦਾਂ ਤੋਂ ਵੀ ਮਿਲਦੀ ਹੈ,
16 # ਆਮੋ 9:11-12 ‘ਇਸ ਦੇ ਬਾਅਦ ਮੈਂ ਮੁੜ ਆਵਾਂਗਾ,
ਅਤੇ ਦਾਊਦ ਦੇ ਡਿੱਗੇ ਹੋਏ ਨਿਵਾਸ ਸਥਾਨ ਨੂੰ ਮੈਂ ਬਣਾਵਾਂਗਾ,
ਉਸ ਦੇ ਖੰਡਰਾਂ ਨੂੰ ਮੈਂ ਫਿਰ ਉਸਾਰਾਂਗਾ,
ਅਤੇ ਉਸ ਨੂੰ ਮੈਂ ਫਿਰ ਮਜ਼ਬੂਤ ਕਰਾਂਗਾ,
17ਤਾਂ ਜੋ ਬਾਕੀ ਲੋਕ ਵੀ ਪ੍ਰਭੂ ਦੀ ਖੋਜ ਕਰਨ,
ਉਹ ਪਰਾਈਆਂ ਕੌਮਾਂ,
ਜਿਹਨਾਂ ਨੂੰ ਮੇਰਾ ਨਾਮ ਦਿੱਤਾ ਗਿਆ ਹੈ ।
18ਇਹ ਪ੍ਰਭੂ ਦਾ ਵਚਨ ਹੈ,
ਜਿਹਨਾਂ ਨੇ ਇਹ ਸਭ ਗੱਲਾਂ ਸ਼ੁਰੂ ਤੋਂ ਪ੍ਰਗਟ ਕੀਤੀਆਂ ਹਨ ।’
19“ਇਸ ਲਈ ਮੇਰਾ ਫ਼ੈਸਲਾ ਇਹ ਹੈ ਕਿ ਅਸੀਂ ਉਹਨਾਂ ਲੋਕਾਂ ਨੂੰ ਤੰਗ ਨਾ ਕਰੀਏ ਜਿਹੜੇ ਪਰਾਈਆਂ ਕੌਮਾਂ ਵਿੱਚੋਂ ਪਰਮੇਸ਼ਰ ਦੇ ਵੱਲ ਮੁੜਦੇ ਹਨ । 20#ਕੂਚ 34:15-17, ਲੇਵੀ 17:10-16, 18:6-23ਪਰ ਅਸੀਂ ਉਹਨਾਂ ਨੂੰ ਲਿਖ ਕੇ ਦੱਸੀਏ ਕਿ ਮੂਰਤੀਆਂ ਦੀ ਅਸ਼ੁੱਧਤਾ ਤੋਂ, ਵਿਭਚਾਰ ਤੋਂ, ਗਲ੍ਹ ਘੁੱਟੇ ਹੋਏ ਜਾਨਵਰ ਦੇ ਮਾਸ ਤੋਂ ਅਤੇ ਖ਼ੂਨ ਤੋਂ ਦੂਰ ਰਹਿਣ । 21ਕਿਉਂਕਿ ਸ਼ੁਰੂ ਤੋਂ ਹੀ ਹਰ ਸ਼ਹਿਰ ਵਿੱਚ ਮੂਸਾ ਦੀ ਵਿਵਸਥਾ ਦੇ ਉਪਦੇਸ਼ਕ ਹੁੰਦੇ ਆਏ ਹਨ ਜਿਹੜੇ ਹਰ ਸਬਤ ਨੂੰ ਪ੍ਰਾਰਥਨਾ ਘਰਾਂ ਵਿੱਚ ਉਸ ਦਾ ਪ੍ਰਚਾਰ ਕਰਦੇ ਹਨ ।”
ਪਰਾਈਆਂ ਕੌਮਾਂ ਦੇ ਵਿਸ਼ਵਾਸੀਆਂ ਨੂੰ ਪੱਤਰ
22ਫਿਰ ਰਸੂਲਾਂ ਅਤੇ ਬਜ਼ੁਰਗਾਂ ਨੇ ਸਾਰੀ ਕਲੀਸੀਯਾ ਦੇ ਨਾਲ ਮਿਲ ਕੇ ਫ਼ੈਸਲਾ ਕੀਤਾ ਕਿ ਆਪਣੇ ਵਿੱਚੋਂ ਕੁਝ ਲੋਕਾਂ ਨੂੰ ਚੁਣ ਕੇ ਪੌਲੁਸ ਅਤੇ ਬਰਨਬਾਸ ਦੇ ਨਾਲ ਅੰਤਾਕਿਯਾ ਨੂੰ ਭੇਜਣ । ਇਸ ਲਈ ਉਹਨਾਂ ਨੇ ਯਹੂਦਾਹ ਜਿਸ ਦਾ ਉਪਨਾਮ ਬਰਸੱਬਾਸ ਅਤੇ ਸੀਲਾਸ ਸੀ ਜਿਹਨਾਂ ਦਾ ਭਰਾਵਾਂ ਵਿੱਚ ਮਾਣ ਸੀ, 23ਉਹਨਾਂ ਦੇ ਹੱਥ ਇਹ ਪੱਤਰ ਭੇਜਿਆ, “ਅੰਤਾਕਿਯਾ, ਸੀਰੀਯਾ ਅਤੇ ਕਿਲਕਿਯਾ ਦੇ ਰਹਿਣ ਵਾਲੇ ਭਰਾਵੋ, ਤੁਹਾਡੇ ਭਰਾਵਾਂ, ਰਸੂਲਾਂ ਅਤੇ ਬਜ਼ੁਰਗਾਂ ਦੇ ਵੱਲੋਂ ਨਮਸਕਾਰ । 24ਅਸੀਂ ਇਹ ਸੁਣਿਆ ਹੈ ਕਿ ਸਾਡੇ ਵਿੱਚੋਂ ਕੁਝ ਲੋਕ ਗਏ ਅਤੇ ਆਪਣੀਆਂ ਗੱਲਾਂ ਨਾਲ ਤੁਹਾਨੂੰ ਭਰਮਾਇਆ ਅਤੇ ਪਰੇਸ਼ਾਨ ਕੀਤਾ ਹੈ । ਪਰ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਆਗਿਆ ਨਹੀਂ ਦਿੱਤੀ ਸੀ । 25ਇਸ ਲਈ ਅਸੀਂ ਸਾਰਿਆਂ ਨੇ ਇੱਕ ਮਨ ਹੋ ਕੇ ਫ਼ੈਸਲਾ ਕੀਤਾ ਹੈ ਕਿ ਕੁਝ ਆਦਮੀਆਂ ਨੂੰ ਚੁਣੀਏ ਅਤੇ ਉਹਨਾਂ ਨੂੰ ਪਿਆਰੇ ਬਰਨਬਾਸ ਅਤੇ ਪੌਲੁਸ ਦੇ ਨਾਲ ਤੁਹਾਡੇ ਕੋਲ ਭੇਜੀਏ, 26ਜਿਹਨਾਂ ਨੇ ਆਪਣੇ ਜੀਵਨ ਪ੍ਰਭੂ ਯਿਸੂ ਮਸੀਹ ਦੇ ਨਾਮ ਦੀ ਖ਼ਾਤਰ ਖ਼ਤਰੇ ਵਿੱਚ ਪਾਏ ਹਨ । 27ਅਸੀਂ ਯਹੂਦਾਹ ਅਤੇ ਸੀਲਾਸ ਨੂੰ ਭੇਜ ਰਹੇ ਹਾਂ । ਉਹ ਆਪ ਤੁਹਾਨੂੰ ਇਹ ਸਾਰੀਆਂ ਗੱਲਾਂ ਦੱਸਣਗੇ । 28ਪਵਿੱਤਰ ਆਤਮਾ ਦਾ ਅਤੇ ਸਾਡਾ ਸਾਰਿਆਂ ਦਾ ਇਹ ਵਿਚਾਰ ਹੈ ਕਿ ਇਹਨਾਂ ਕੁਝ ਜ਼ਰੂਰੀ ਗੱਲਾਂ ਨੂੰ ਛੱਡ ਕੇ ਤੁਹਾਡੇ ਉੱਤੇ ਹੋਰ ਜ਼ਿਆਦਾ ਭਾਰ ਨਾ ਪਾਇਆ ਜਾਵੇ । 29ਮੂਰਤੀਆਂ ਦੇ ਸਾਹਮਣੇ ਭੇਟ ਕੀਤੇ ਭੋਜਨ ਤੋਂ, ਖ਼ੂਨ ਤੋਂ, ਗਲ੍ਹ ਘੁੱਟੇ ਹੋਏ ਜਾਨਵਰ ਦੇ ਮਾਸ ਤੋਂ ਅਤੇ ਵਿਭਚਾਰ ਤੋਂ ਬਚੇ ਰਹੋ । ਇਹਨਾਂ ਤੋਂ ਦੂਰ ਰਹਿਣ ਵਿੱਚ ਹੀ ਤੁਹਾਡੀ ਭਲਾਈ ਹੈ । ਸਾਡੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਹੋਣ !”
30ਇਸ ਤਰ੍ਹਾਂ ਉਹ ਭੇਜੇ ਗਏ ਅਤੇ ਅੰਤਾਕਿਯਾ ਪਹੁੰਚੇ ਜਿੱਥੇ ਉਹਨਾਂ ਨੇ ਸਾਰੀ ਕਲੀਸੀਯਾ ਨੂੰ ਇਕੱਠਾ ਕਰ ਕੇ ਉਹ ਪੱਤਰ ਦਿੱਤਾ । 31ਉਸ ਨੂੰ ਪੜ੍ਹ ਕੇ ਉਹ ਲੋਕ ਉਤਸ਼ਾਹ ਭਰੇ ਸੰਦੇਸ਼ ਤੋਂ ਬਹੁਤ ਖ਼ੁਸ਼ ਹੋਏ । 32ਯਹੂਦਾਹ ਅਤੇ ਸੀਲਾਸ ਆਪ ਵੀ ਨਬੀ ਸਨ, ਇਸ ਲਈ ਉਹਨਾਂ ਨੇ ਵੀ ਬਹੁਤ ਸਾਰੇ ਵਚਨਾਂ ਦੁਆਰਾ ਭਰਾਵਾਂ ਦਾ ਉਤਸ਼ਾਹ ਵਧਾਇਆ ਅਤੇ ਉਹਨਾਂ ਦਾ ਵਿਸ਼ਵਾਸ ਮਜ਼ਬੂਤ ਕੀਤਾ । 33ਉਹ ਕੁਝ ਦਿਨ ਉੱਥੇ ਰਹੇ । ਫਿਰ ਭਰਾਵਾਂ ਨੇ ਸ਼ਾਂਤੀ ਨਾਲ ਉਹਨਾਂ ਨੂੰ ਵਿਦਾ ਕੀਤਾ ਕਿ ਉਹ ਆਪਣੇ ਭੇਜਣ ਵਾਲਿਆਂ ਕੋਲ ਵਾਪਸ ਜਾਣ । [34ਸੀਲਾਸ ਨੇ ਉੱਥੇ ਹੀ ਰਹਿਣ ਦਾ ਫ਼ੈਸਲਾ ਕੀਤਾ ।#15:34 ਇਹ ਆਇਤ ਕੁਝ ਪ੍ਰਾਚੀਨ ਲਿਖਤਾਂ ਵਿੱਚ ਨਹੀਂ ਹੈ ।]
35ਪੌਲੁਸ ਅਤੇ ਬਰਨਬਾਸ ਵੀ ਅੰਤਾਕਿਯਾ ਵਿੱਚ ਰਹੇ ਅਤੇ ਬਹੁਤ ਸਾਰੇ ਲੋਕਾਂ ਨੂੰ ਪ੍ਰਭੂ ਦਾ ਵਚਨ ਸਿਖਾਉਂਦੇ ਅਤੇ ਪ੍ਰਚਾਰ ਕਰਦੇ ਰਹੇ ।
ਪੌਲੁਸ ਅਤੇ ਬਰਨਬਾਸ ਦਾ ਅਲੱਗ ਹੋਣਾ
36ਕੁਝ ਦਿਨਾਂ ਬਾਅਦ ਪੌਲੁਸ ਨੇ ਬਰਨਬਾਸ ਨੂੰ ਕਿਹਾ, “ਆਓ ਅਸੀਂ ਉਹਨਾਂ ਸ਼ਹਿਰਾਂ ਵਿੱਚ ਵਾਪਸ ਚੱਲੀਏ ਜਿਹਨਾਂ ਵਿੱਚ ਅਸੀਂ ਪਰਮੇਸ਼ਰ ਦਾ ਵਚਨ ਸੁਣਾਇਆ ਸੀ ਅਤੇ ਭਰਾਵਾਂ ਨੂੰ ਦੇਖੀਏ ਕਿ ਉਹਨਾਂ ਦਾ ਕੀ ਹਾਲ ਹੈ ।” 37ਬਰਨਬਾਸ ਚਾਹੁੰਦਾ ਸੀ ਕਿ ਯੂਹੰਨਾ ਨੂੰ ਵੀ ਜਿਹੜਾ ਮਰਕੁਸ ਅਖਵਾਉਂਦਾ ਸੀ, ਨਾਲ ਲੈ ਜਾਇਆ ਜਾਵੇ । 38#ਰਸੂਲਾਂ 13:13ਪਰ ਪੌਲੁਸ ਨੇ ਸੋਚਿਆ ਕਿ ਇਹ ਠੀਕ ਨਹੀਂ ਹੈ ਕਿ ਜਿਸ ਆਦਮੀ ਨੇ ਉਹਨਾਂ ਦਾ ਪਮਫ਼ੁਲਿਯਾ ਵਿੱਚ ਸਾਥ ਛੱਡ ਦਿੱਤਾ ਸੀ ਅਤੇ ਜਿਹੜਾ ਉਹਨਾਂ ਦੇ ਨਾਲ ਸੇਵਾ ਦੇ ਕੰਮ ਲਈ ਨਹੀਂ ਗਿਆ ਸੀ, ਉਸ ਨੂੰ ਆਪਣੇ ਨਾਲ ਲੈ ਜਾਇਆ ਜਾਵੇ । 39ਇਸ ਕਾਰਨ ਉਹਨਾਂ ਵਿੱਚ ਬਹੁਤ ਵੱਡਾ ਵਿਵਾਦ ਹੋਇਆ ਕਿ ਉਹ ਇੱਕ ਦੂਜੇ ਤੋਂ ਅਲੱਗ ਹੋ ਗਏ । ਬਰਨਬਾਸ ਮਰਕੁਸ ਨੂੰ ਨਾਲ ਲੈ ਕੇ ਸਮੁੰਦਰੀ ਰਾਹ ਦੁਆਰਾ ਸਾਈਪ੍ਰਸ ਨੂੰ ਚਲਾ ਗਿਆ । 40ਪਰ ਪੌਲੁਸ ਨੇ ਸੀਲਾਸ ਨੂੰ ਚੁਣਿਆ ਅਤੇ ਜਦੋਂ ਭਰਾਵਾਂ ਨੇ ਉਹਨਾਂ ਨੂੰ ਪ੍ਰਭੂ ਦੀ ਕਿਰਪਾ ਹੇਠ ਸੌਂਪ ਦਿੱਤਾ 41ਤਦ ਉਹ ਉੱਥੋਂ ਚੱਲ ਪਏ ਅਤੇ ਸੀਰੀਯਾ ਅਤੇ ਕਿਲਕਿਯਾ ਦਾ ਦੌਰਾ ਕਰ ਕੇ ਕਲੀਸੀਯਾਵਾਂ ਨੂੰ ਮਜ਼ਬੂਤ ਕਰਨ ਲੱਗੇ ।

Highlight

Share

Copy

None

Want to have your highlights saved across all your devices? Sign up or sign in