ਲੇਵੀਆਂ 27
27
ਖ਼ਾਸ ਸੁੱਖਣਾ ਦੀ ਬਿਧੀ
1ਫੇਰ ਯਹੋਵਾਹ ਨੇ ਮੂਸਾ ਨੂੰ ਇਹ ਆਖਿਆ, 2ਇਸਰਾਏਲੀਆਂ ਨਾਲ ਗੱਲ ਕਰਕੇ ਉਨ੍ਹਾਂ ਨੂੰ ਆਖ ਕਿ ਜੇ ਕੋਈ ਸੁੱਖਣਾ ਸੁੱਖ ਕੇ ਕਿਸੇ ਮਨੁੱਖ ਨੂੰ ਯਹੋਵਾਹ ਦੇ ਲਈ ਅਰਪਣ ਕਰੇ ਤਾਂ ਤੇਰੇ ਠਹਿਰਾਏ ਹੋਏ ਮੁੱਲ ਦੇ ਅਨੁਸਾਰ ਉਹ ਯਹੋਵਾਹ ਦੇ ਹੋਣਗੇ, 3ਜੇਕਰ ਉਹ ਪੁਰਖ ਵੀਹ ਸਾਲਾਂ ਤੋਂ ਸੱਠ ਸਾਲਾਂ ਦਾ ਹੋਵੇ ਤਾਂ ਉਸ ਦੇ ਲਈ ਤੇਰਾ ਮੁੱਲ ਪਵਿੱਤਰ ਸਥਾਨ ਦੇ ਸ਼ਕੇਲ ਅਨੁਸਾਰ ਪੰਜਾਹ ਸ਼ਕੇਲ#27:3 ਇੱਕ ਸ਼ਕੇਲ ਲੱਗਭੱਗ 8-16 ਗ੍ਰਾਮ ਚਾਂਦੀ ਦੇ ਸਿੱਕੇ ਹੋਵੇਗਾ, 4ਅਤੇ ਜੇਕਰ ਇਸਤਰੀ ਹੋਵੇ ਤਾਂ ਤੇਰਾ ਮੁੱਲ ਤੀਹ ਸ਼ਕੇਲ ਹੋਵੇ। 5ਜੇਕਰ ਉਸ ਦੀ ਉਮਰ ਪੰਜ ਸਾਲਾਂ ਤੋਂ ਲੈ ਕੇ ਵੀਹਾਂ ਸਾਲਾਂ ਤੱਕ ਹੋਵੇ ਤਾਂ ਤੇਰਾ ਮੁੱਲ ਮੁੰਡੇ ਦੇ ਲਈ ਵੀਹ ਸ਼ਕੇਲ ਅਤੇ ਕੁੜੀ ਲਈ ਦਸ ਸ਼ਕੇਲ ਹੋਵੇ। 6ਜੇਕਰ ਉਸ ਦੀ ਉਮਰ ਇੱਕ ਮਹੀਨੇ ਤੋਂ ਲੈ ਕੇ ਪੰਜ ਸਾਲ ਤੱਕ ਹੋਵੇ ਤਾਂ ਤੇਰਾ ਮੁੱਲ ਮੁੰਡੇ ਦੇ ਲਈ ਪੰਜ ਸ਼ਕੇਲ ਚਾਂਦੀ ਅਤੇ ਕੁੜੀ ਦੇ ਲਈ ਤਿੰਨ ਸ਼ਕੇਲ ਚਾਂਦੀ ਹੋਵੇ। 7ਅਤੇ ਜੇਕਰ ਉਸ ਦੀ ਉਮਰ ਸੱਠ ਸਾਲ ਜਾਂ ਉਸ ਤੋਂ ਉੱਪਰ ਹੋਵੇ, ਤਾਂ ਜੇਕਰ ਉਹ ਪੁਰਖ ਹੋਵੇ ਤਾਂ ਉਸ ਦੇ ਲਈ ਤੇਰਾ ਮੁੱਲ ਪੰਦਰਾਂ ਸ਼ਕੇਲ ਅਤੇ ਇਸਤਰੀ ਹੋਵੇ ਤਾਂ ਦਸ ਸ਼ਕੇਲ ਹੋਵੇਗਾ। 8ਪਰ ਜੇਕਰ ਉਹ ਇੰਨ੍ਹਾਂ ਗਰੀਬ ਹੋਵੇ ਕਿ ਜਾਜਕ ਦਾ ਠਹਿਰਾਇਆ ਹੋਇਆ ਮੁੱਲ ਨਾ ਦੇ ਸਕੇ ਤਾਂ ਉਹ ਜਾਜਕ ਦੇ ਅੱਗੇ ਆਵੇ ਅਤੇ ਜਾਜਕ ਉਸ ਦਾ ਮੁੱਲ ਠਹਿਰਾਵੇ ਅਰਥਾਤ ਸੁੱਖਣਾ ਸੁੱਖਣ ਵਾਲੇ ਦੀ ਸਮਰੱਥਾ ਦੇ ਅਨੁਸਾਰ ਉਸ ਦਾ ਮੁੱਲ ਠਹਿਰਾਵੇ।
9ਜੇਕਰ ਉਹ ਉਨ੍ਹਾਂ ਪਸ਼ੂਆਂ ਵਿੱਚੋਂ ਹੋਵੇ, ਜਿਨ੍ਹਾਂ ਨੂੰ ਲੋਕ ਯਹੋਵਾਹ ਦੇ ਅੱਗੇ ਚੜ੍ਹਾਉਂਦੇ ਹਨ, ਤਾਂ ਉਹ ਸਭ ਕੁਝ ਜੋ ਉਨ੍ਹਾਂ ਪਸ਼ੂਆਂ ਵਿੱਚੋਂ ਯਹੋਵਾਹ ਦੇ ਅੱਗੇ ਚੜ੍ਹਾਇਆ ਜਾਂਦਾ ਹੈ, ਪਵਿੱਤਰ ਹੋਵੇਗਾ। 10ਉਹ ਉਸ ਪਸ਼ੂ ਨੂੰ ਨਾ ਬਦਲੇ, ਨਾ ਵਟਾਵੇ, ਨਾ ਤਾਂ ਚੰਗੇ ਦੇ ਬਦਲੇ ਮਾੜਾ ਅਤੇ ਨਾ ਮਾੜੇ ਦੇ ਬਦਲੇ ਚੰਗਾ ਦੇਵੇ ਪਰ ਜੇਕਰ ਉਹ ਕਿਸੇ ਪਸ਼ੂ ਦੇ ਬਦਲੇ ਕੋਈ ਹੋਰ ਪਸ਼ੂ ਦੇਵੇ ਤਾਂ ਉਹ ਅਤੇ ਉਸ ਦਾ ਵਟਾਂਦਰਾ ਦੋਵੇਂ ਪਵਿੱਤਰ ਠਹਿਰਨਗੇ। 11ਅਤੇ ਜੇਕਰ ਉਹ ਅਸ਼ੁੱਧ ਪਸ਼ੂ ਹੋਵੇ, ਜਿਨ੍ਹਾਂ ਨੂੰ ਯਹੋਵਾਹ ਦੇ ਅੱਗੇ ਨਹੀਂ ਚੜ੍ਹਾਉਂਦੇ ਤਾਂ ਅਜਿਹੇ ਪਸ਼ੂਆਂ ਨੂੰ ਉਹ ਜਾਜਕ ਦੇ ਅੱਗੇ ਲਿਆਵੇ। 12ਤਦ ਜਾਜਕ ਉਸ ਨੂੰ ਚੰਗਾ ਜਾਂ ਮਾੜਾ ਜਾਂਚ ਕੇ ਉਸ ਦਾ ਮੁੱਲ ਠਹਿਰਾਵੇ ਅਤੇ ਜਿਨ੍ਹਾਂ ਜਾਜਕ ਠਹਿਰਾਵੇ, ਉਸ ਦਾ ਮੁੱਲ ਉਨ੍ਹਾਂ ਹੀ ਹੋਵੇਗਾ। 13ਪਰ ਜੇਕਰ ਅਰਪਣ ਕਰਨ ਵਾਲਾ ਉਸ ਨੂੰ ਛੁਡਾਉਣਾ ਚਾਹੇ ਤਾਂ ਉਹ ਜਾਜਕ ਦੇ ਠਹਿਰਾਏ ਹੋਏ ਮੁੱਲ ਵਿੱਚ ਪੰਜਵਾਂ ਹਿੱਸਾ ਹੋਰ ਪਾ ਕੇ ਦੇਵੇ।
14ਜਦ ਕੋਈ ਮਨੁੱਖ ਆਪਣਾ ਘਰ ਯਹੋਵਾਹ ਦੇ ਅੱਗੇ ਪਵਿੱਤਰ ਬਣਾਉਣ ਲਈ ਅਰਪਣ ਕਰੇ ਤਾਂ ਜਾਜਕ ਉਸ ਨੂੰ ਚੰਗਾ ਜਾਂ ਮਾੜਾ ਜਾਂਚ ਕੇ ਉਸ ਦਾ ਮੁੱਲ ਠਹਿਰਾਵੇ ਅਤੇ ਜਿਨ੍ਹਾਂ ਮੁੱਲ ਜਾਜਕ ਠਹਿਰਾਵੇ, ਉਸ ਦਾ ਮੁੱਲ ਉਨ੍ਹਾਂ ਹੀ ਹੋਵੇਗਾ। 15ਪਰ ਜੇਕਰ ਉਸ ਘਰ ਨੂੰ ਅਰਪਣ ਕਰਨ ਵਾਲਾ ਉਸ ਨੂੰ ਛੁਡਾਉਣਾ ਚਾਹੇ, ਤਾਂ ਉਹ ਜਾਜਕ ਦੇ ਠਹਿਰਾਏ ਹੋਏ ਮੁੱਲ ਵਿੱਚ ਪੰਜਵਾਂ ਹਿੱਸਾ ਹੋਰ ਪਾ ਕੇ ਦੇਵੇ ਅਤੇ ਉਹ ਘਰ ਉਸੇ ਦਾ ਹੋਵੇਗਾ।
16ਜੇਕਰ ਕੋਈ ਮਨੁੱਖ ਆਪਣੀ ਨਿੱਜ-ਭੂਮੀ ਦਾ ਕੁਝ ਹਿੱਸਾ ਯਹੋਵਾਹ ਦੇ ਅੱਗੇ ਅਰਪਣ ਕਰੇ ਤਾਂ ਤੇਰਾ ਮੁੱਲ ਉਸ ਵਿੱਚ ਬੀਜੇ ਜਾਣ ਵਾਲੇ ਬੀਜ ਦੇ ਅਨੁਸਾਰ ਹੋਵੇ, ਇੱਕ ਟੋਪੇ#27:16 ਲੱਗਭੱਗ 135 ਕਿਲੋਗ੍ਰਾਮ ਜੌਂਵਾਂ ਦੇ ਬੀ ਦਾ ਮੁੱਲ ਪੰਜਾਹ ਸ਼ਕੇਲ ਚਾਂਦੀ ਹੋਵੇ। 17ਜੇਕਰ ਉਹ ਆਪਣਾ ਖੇਤ ਅਨੰਦ ਦੇ ਸਾਲ ਵਿੱਚ ਅਰਪਣ ਕਰੇ ਦਾ ਉਸ ਦਾ ਮੁੱਲ ਤੇਰੇ ਠਹਿਰਾਉਣ ਦੇ ਅਨੁਸਾਰ ਹੋਵੇ। 18ਪਰ ਜੇਕਰ ਉਹ ਆਪਣਾ ਖੇਤ ਅਨੰਦ ਦੇ ਸਾਲ ਤੋਂ ਬਾਅਦ ਅਰਪਣ ਕਰੇ ਤਾਂ ਜਾਜਕ ਰਹਿੰਦਿਆਂ ਸਾਲਾਂ ਦੇ ਲੇਖੇ ਦੇ ਅਨੁਸਾਰ ਅਰਥਾਤ ਅਨੰਦ ਦੇ ਸਾਲ ਤੱਕ ਪੈਸੇ ਦਾ ਲੇਖਾ ਕਰੇ ਅਤੇ ਉਹ ਤੇਰੇ ਮੁੱਲ ਤੋਂ ਘੱਟ ਜਾਵੇ। 19ਪਰ ਜੇਕਰ ਉਸ ਖੇਤ ਨੂੰ ਅਰਪਣ ਵਾਲਾ ਉਸ ਨੂੰ ਛੁਡਾਉਣਾ ਚਾਹੇ ਤਾਂ ਉਹ ਜਾਜਕ ਦੇ ਠਹਿਰਾਏ ਹੋਏ ਮੁੱਲ ਵਿੱਚ ਪੰਜਵਾਂ ਹਿੱਸਾ ਹੋਰ ਪਾ ਕੇ ਦੇਵੇ ਤਦ ਉਹ ਖੇਤ ਉਸੇ ਦਾ ਠਹਿਰੇਗਾ। 20ਪਰ ਜੇਕਰ ਉਹ ਉਸ ਖੇਤ ਨੂੰ ਛੁਡਾਉਣਾ ਨਾ ਚਾਹੇ ਜਾਂ ਉਸ ਨੇ ਉਹ ਖੇਤ ਕਿਸੇ ਹੋਰ ਮਨੁੱਖ ਨੂੰ ਵੇਚ ਦਿੱਤਾ ਹੋਵੇ ਤਾਂ ਉਹ ਖੇਤ ਫੇਰ ਕਦੇ ਨਾ ਛੁਡਾਇਆ ਜਾਵੇ। 21ਪਰ ਜਦ ਉਹ ਖੇਤ ਅਨੰਦ ਦੇ ਸਾਲ ਵਿੱਚ ਛੁੱਟ ਜਾਵੇ ਤਾਂ ਉਹ ਯਹੋਵਾਹ ਦੇ ਅੱਗੇ ਸੁੱਖੇ ਹੋਏ ਖੇਤ ਦੀ ਤਰ੍ਹਾਂ ਪਵਿੱਤਰ ਹੋਵੇਗਾ। ਉਸ ਉੱਤੇ ਜਾਜਕ ਦਾ ਹੀ ਅਧਿਕਾਰ ਹੋਵੇਗਾ।
22ਫੇਰ ਜੇਕਰ ਕੋਈ ਮਨੁੱਖ ਇੱਕ ਮੁੱਲ ਲਏ ਹੋਏ ਖੇਤ ਨੂੰ ਯਹੋਵਾਹ ਦੇ ਅੱਗੇ ਅਰਪਣ ਕਰੇ, ਜੋ ਉਸ ਦੀ ਆਪਣੀ ਨਿੱਜ-ਭੂਮੀ ਦੇ ਖੇਤਾਂ ਵਿੱਚੋਂ ਨਾ ਹੋਵੇ, 23ਤਦ ਜਾਜਕ ਅਨੰਦ ਦੇ ਸਾਲ ਤੱਕ ਦਾ ਲੇਖਾ ਕਰਕੇ ਉਸ ਮਨੁੱਖ ਦੇ ਲਈ ਜੋ ਮੁੱਲ ਠਹਿਰਾਵੇ, ਉਹ ਉਸ ਮੁੱਲ ਨੂੰ ਪਵਿੱਤਰ ਜਾਣ ਕੇ ਯਹੋਵਾਹ ਦੇ ਅੱਗੇ ਉਸੇ ਦਿਨ ਹੀ ਦੇ ਦੇਵੇ। 24ਅਨੰਦ ਦੇ ਸਾਲ ਵਿੱਚ ਉਹ ਖੇਤ ਉਸੇ ਦੇ ਅਧਿਕਾਰ ਵਿੱਚ ਆ ਜਾਵੇਗਾ, ਜਿਸ ਤੋਂ ਉਹ ਮੁੱਲ ਲਿਆ ਗਿਆ ਸੀ ਅਰਥਾਤ ਉਹ ਜਿਸ ਦੀ ਨਿੱਜ-ਭੂਮੀ ਸੀ, ਉਸ ਉੱਤੇ ਉਸੇ ਦਾ ਅਧਿਕਾਰ ਹੋਵੇਗਾ। 25ਜਾਜਕ ਦੁਆਰਾ ਤੇਰੇ ਲਈ ਠਹਿਰਾਏ ਹੋਏ ਸਾਰੇ ਮੁੱਲ ਪਵਿੱਤਰ ਸਥਾਨ ਦੇ ਸ਼ਕੇਲ ਦੇ ਅਨੁਸਾਰ ਹੋਣ - ਸ਼ਕੇਲ ਵੀਹ ਗਿਰਾ ਦਾ ਹੋਵੇ।#27:25 ਕੂਚ 30:13
26ਤੇਰੇ ਸਾਰੇ ਪਸ਼ੂਆਂ ਦੇ ਪਹਿਲੌਠੇ ਯਹੋਵਾਹ ਦੇ ਹਨ, ਕੋਈ ਮਨੁੱਖ ਉਨ੍ਹਾਂ ਨੂੰ ਅਰਪਣ ਨਾ ਕਰੇ, ਭਾਵੇਂ ਬਲ਼ਦ ਹੋਵੇ, ਭਾਵੇਂ ਭੇਡ ਜਾਂ ਬੱਕਰੀ ਦਾ ਬੱਚਾ, ਉਹ ਯਹੋਵਾਹ ਦਾ ਹੀ ਹੈ। 27ਪਰ ਜੇ ਉਹ ਕਿਸੇ ਅਸ਼ੁੱਧ ਪਸ਼ੂ ਦਾ ਪਹਿਲੌਠਾ ਹੋਵੇ ਤਾਂ ਉਸ ਨੂੰ ਅਰਪਣ ਕਰਨ ਵਾਲਾ ਉਸ ਨੂੰ ਜਾਜਕ ਦੇ ਠਹਿਰਾਏ ਹੋਏ ਮੁੱਲ ਦੇ ਅਨੁਸਾਰ ਉਸ ਵਿੱਚ ਪੰਜਵਾਂ ਹਿੱਸਾ ਹੋਰ ਪਾ ਕੇ ਉਸ ਨੂੰ ਛੁਡਾ ਸਕਦਾ ਹੈ, ਪਰ ਜੇਕਰ ਉਹ ਛੁਡਾਇਆ ਨਾ ਜਾਵੇ ਤਾਂ ਜਾਜਕ ਦੇ ਠਹਿਰਾਏ ਹੋਏ ਮੁੱਲ ਦੇ ਅਨੁਸਾਰ ਵੇਚਿਆ ਜਾਵੇ।
28ਪਰ ਆਪਣੀਆਂ ਸਾਰੀਆਂ ਵਸਤੂਆਂ ਵਿੱਚੋਂ ਜੋ ਕੁਝ ਕੋਈ ਮਨੁੱਖ ਯਹੋਵਾਹ ਦੇ ਅੱਗੇ ਸੁੱਖੇ, ਭਾਵੇਂ ਮਨੁੱਖ ਹੋਵੇ, ਭਾਵੇਂ ਪਸ਼ੂ, ਭਾਵੇਂ ਉਸ ਦੀ ਆਪਣੀ ਨਿੱਜ-ਭੂਮੀ ਦਾ ਖੇਤ ਹੋਵੇ, ਅਜਿਹੀ ਅਰਪਣ ਕੀਤੀ ਹੋਈ ਕੋਈ ਵੀ ਵਸਤੂ ਨਾ ਤਾਂ ਵੇਚੀ ਜਾਵੇ ਅਤੇ ਨਾ ਛੁਡਾਈ ਜਾਵੇ। ਸਾਰੀਆਂ ਸੁੱਖੀਆਂ ਹੋਈਆਂ ਵਸਤੂਆਂ ਯਹੋਵਾਹ ਦੇ ਅੱਗੇ ਅੱਤ ਪਵਿੱਤਰ ਹਨ। 29ਮਨੁੱਖਾਂ ਵਿੱਚੋਂ ਕੋਈ ਵੀ ਜੋ ਵੱਢੇ ਜਾਣ ਲਈ ਸੁੱਖੇ ਜਾਣ, ਉਹ ਕਦੀ ਛੁਡਾਏ ਨਾ ਜਾਣ, ਪਰ ਜ਼ਰੂਰ ਹੀ ਮਾਰ ਦਿੱਤੇ ਜਾਣ।
30ਧਰਤੀ ਦੀ ਉਪਜ ਦਾ ਸਾਰਾ ਦਸਵੰਧ, ਭਾਵੇਂ ਧਰਤੀ ਦੇ ਬੀਜਾਂ ਦਾ, ਭਾਵੇਂ ਰੁੱਖਾਂ ਦੇ ਫ਼ਲਾਂ ਦਾ ਹੋਵੇ, ਉਹ ਯਹੋਵਾਹ ਦਾ ਹੈ, ਇਹ ਯਹੋਵਾਹ ਦੇ ਅੱਗੇ ਪਵਿੱਤਰ ਹੈ। 31ਜੇਕਰ ਕੋਈ ਮਨੁੱਖ ਆਪਣੇ ਦਸਵੰਧਾਂ ਵਿੱਚੋਂ ਕੁਝ ਛੁਡਾ ਲਵੇ ਤਾਂ ਉਸ ਦੇ ਨਾਲ ਉਸ ਦਾ ਪੰਜਵਾਂ ਹਿੱਸਾ ਹੋਰ ਪਾ ਕੇ ਦੇ ਦੇਵੇ। 32ਸਾਰੇ ਵੱਗ ਅਤੇ ਇੱਜੜ ਦੇ ਦਸਵੰਧ ਅਰਥਾਤ ਉਹ ਸਾਰੇ ਪਸ਼ੂ ਜੋ ਸੋਟੇ ਹੇਠੋਂ ਲੰਘਾਏ ਜਾਣ, ਉਨ੍ਹਾਂ ਦਾ ਦਸਵੰਧ ਯਹੋਵਾਹ ਦੇ ਅੱਗੇ ਪਵਿੱਤਰ ਹੋਵੇਗਾ। 33ਉਹ ਉਸ ਨੂੰ ਨਾ ਛਾਂਟੇ, ਕਿ ਉਹ ਚੰਗਾ ਹੈ ਜਾਂ ਮਾੜਾ ਅਤੇ ਨਾ ਉਸ ਨੂੰ ਵਟਾਵੇ ਅਤੇ ਜੇਕਰ ਕੋਈ ਉਸ ਨੂੰ ਵਟਾਵੇ ਤਾਂ ਉਹ ਅਤੇ ਉਸ ਦਾ ਵਟਾਂਦਰਾ ਦੋਵੇਂ ਪਵਿੱਤਰ ਹੋਣਗੇ, ਉਹ ਛੁਡਾਇਆ ਨਾ ਜਾਵੇ।
34ਜਿਹੜੇ ਹੁਕਮ ਯਹੋਵਾਹ ਨੇ ਇਸਰਾਏਲੀਆਂ ਦੇ ਲਈ ਸੀਨਈ ਪਰਬਤ ਉੱਤੇ ਮੂਸਾ ਨੂੰ ਦਿੱਤੇ, ਉਹ ਇਹ ਹੀ ਹਨ।
Currently Selected:
ਲੇਵੀਆਂ 27: IRVPun
Highlight
Copy
Compare
Share
Want to have your highlights saved across all your devices? Sign up or sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.