ਗਿਣਤੀ 1
1
ਇਸਰਾਏਲੀਆਂ ਦੀ ਪਹਿਲੀ ਮਰਦਸ਼ੁਮਾਰੀ
1ਇਸਰਾਏਲੀਆਂ ਦੇ ਮਿਸਰ ਦੇਸ ਤੋਂ ਨਿੱਕਲਣ ਦੇ ਬਾਅਦ, ਦੂਜੇ ਸਾਲ ਦੇ ਦੂਜੇ ਮਹੀਨੇ ਦੇ ਪਹਿਲੇ ਦਿਨ ਸੀਨਈ ਦੀ ਉਜਾੜ ਵਿੱਚ ਮਿਲਾਪ ਵਾਲੇ ਤੰਬੂ ਵਿੱਚ ਯਹੋਵਾਹ ਨੇ ਮੂਸਾ ਨੂੰ ਕਿਹਾ 2ਕਿ ਇਸਰਾਏਲੀਆਂ ਦੀ ਸਾਰੀ ਮੰਡਲੀ ਦੀ ਗਿਣਤੀ ਉਨ੍ਹਾਂ ਦੇ ਟੱਬਰਾਂ ਅਤੇ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ, ਇੱਕ-ਇੱਕ ਪੁਰਖ ਦੀ ਗਿਣਤੀ ਨਾਮ ਲੈ-ਲੈ ਕੇ ਕਰ। 3ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ ਅਤੇ ਇਸਰਾਏਲ ਲਈ ਯੁੱਧ ਕਰ ਸਕਦੇ ਹਨ, ਤੂੰ ਅਤੇ ਹਾਰੂਨ ਉਨ੍ਹਾਂ ਦੀ ਗਿਣਤੀ ਉਨ੍ਹਾਂ ਦੇ ਦਲਾਂ ਦੇ ਅਨੁਸਾਰ ਕਰੋ। 4ਤੁਹਾਡੇ ਨਾਲ ਹਰੇਕ ਗੋਤ ਦਾ ਇੱਕ-ਇੱਕ ਮਨੁੱਖ ਹੋਵੇ ਜਿਹੜਾ ਆਪਣੇ ਪੁਰਖਿਆਂ ਦੇ ਪਰਿਵਾਰ ਵਿੱਚ ਮੁਖੀਆ ਹੋਵੇ। 5ਉਨ੍ਹਾਂ ਮਨੁੱਖਾਂ ਦੇ ਨਾਮ ਜਿਹੜੇ ਤੁਹਾਡੇ ਨਾਲ ਖੜ੍ਹੇ ਹੋਣਗੇ ਇਹ ਹਨ, ਰਊਬੇਨ ਲਈ ਸ਼ਦੇਊਰ ਦਾ ਪੁੱਤਰ ਅਲੀਸੂਰ। 6ਸ਼ਿਮਓਨ ਲਈ ਸੂਰੀਸ਼ਦਾਈ ਦਾ ਪੁੱਤਰ ਸ਼ਲੁਮੀਏਲ। 7ਯਹੂਦਾਹ ਲਈ ਅੰਮੀਨਾਦਾਬ ਦਾ ਪੁੱਤਰ ਨਹਸ਼ੋਨ। 8ਯਿੱਸਾਕਾਰ ਲਈ ਸੂਆਰ ਦਾ ਪੁੱਤਰ ਨਥਨਿਏਲ। 9ਜ਼ਬੂਲੁਨ ਲਈ ਹੇਲੋਨ ਦਾ ਪੁੱਤਰ ਅਲੀਆਬ। 10ਯੂਸੁਫ਼ ਦੇ ਪੁੱਤਰਾਂ ਵਿੱਚੋਂ ਇਫ਼ਰਾਈਮ ਲਈ ਅੰਮੀਹੂਦ ਦਾ ਪੁੱਤਰ ਅਲੀਸ਼ਾਮਾ। ਮਨੱਸ਼ਹ ਲਈ ਪਦਾਹਸੂਰ ਦਾ ਪੁੱਤਰ ਗਮਲੀਏਲ। 11ਬਿਨਯਾਮੀਨ ਲਈ ਗਿਦਓਨੀ ਦਾ ਪੁੱਤਰ ਅਬੀਦਾਨ। 12ਦਾਨ ਲਈ ਅੰਮੀਸ਼ੱਦਾਈ ਦਾ ਪੁੱਤਰ ਅਹੀਅਜ਼ਰ। 13ਆਸ਼ੇਰ ਲਈ ਆਕਰਾਨ ਦਾ ਪੁੱਤਰ ਪਗੀਏਲ। 14ਗਾਦ ਲਈ ਦਊਏਲ ਦਾ ਪੁੱਤਰ ਅਲਯਾਸਾਫ਼। 15ਨਫ਼ਤਾਲੀ ਲਈ ਏਨਾਨ ਦਾ ਪੁੱਤਰ ਅਹੀਰਾ। 16ਇਹ ਮੰਡਲੀ ਤੋਂ ਸੱਦੇ ਹੋਏ ਆਪਣੇ ਪੁਰਖਿਆਂ ਦੇ ਗੋਤਾਂ ਵਿੱਚ ਪ੍ਰਧਾਨ ਸਨ l ਇਹ ਇਸਰਾਏਲੀਆਂ ਵਿੱਚ ਕੁੱਲਾਂ#1:16 ਹਜ਼ਾਰਾਂ ਦੇ ਪ੍ਰਧਾਨ ਸਨ।
17ਮੂਸਾ ਅਤੇ ਹਾਰੂਨ ਨੇ ਇਨ੍ਹਾਂ ਮਨੁੱਖਾਂ ਨੂੰ ਨਾਲ ਲਿਆ ਜਿਨ੍ਹਾਂ ਦੇ ਨਾਮ ਦਾ ਉੱਤੇ ਜ਼ਿਕਰ ਕੀਤਾ ਗਿਆ ਹੈ, 18ਪੁਰਖਿਆਂ ਨੇ ਦੂਜੇ ਮਹੀਨੇ ਦੇ ਪਹਿਲੇ ਦਿਨ ਸਾਰੀ ਮੰਡਲੀ ਨੂੰ ਇਕੱਠਾ ਕੀਤਾ ਅਤੇ ਆਪਣੇ ਕੁੱਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ, ਜਿਹੜੇ ਵੀਹ ਸਾਲ ਦੇ ਜਾਂ ਇਸ ਤੋਂ ਵੱਧ ਉਮਰ ਦੇ ਸਨ, ਉਨ੍ਹਾਂ ਦੇ ਨਾਮ ਦੀ ਗਿਣਤੀ ਕਰਵਾ ਕੇ ਆਪਣੀ ਵੰਸ਼ਾਵਲੀ ਲਿਖਵਾਈ। 19ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਹੀ ਉਸਨੇ ਸੀਨਈ ਦੀ ਉਜਾੜ ਵਿੱਚ ਉਨ੍ਹਾਂ ਦੀ ਗਿਣਤੀ ਕੀਤੀ। 20ਇਸਰਾਏਲ ਦੇ ਪਹਿਲੌਠੇ ਰਊਬੇਨ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿੰਨੇ ਆਦਮੀ ਵੀਹ ਸਾਲ ਦੇ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ। 21ਰਊਬੇਨ ਦੇ ਗੋਤ ਦੇ ਗਿਣੇ ਹੋਏ ਪੁਰਖ ਛਿਆਲੀ ਹਜ਼ਾਰ ਪੰਜ ਸੌ ਸਨ। 22ਸ਼ਿਮਓਨ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿੰਨੇ ਪੁਰਖ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ। 23ਸ਼ਿਮਓਨ ਦੇ ਗੋਤ ਦੇ ਗਿਣੇ ਹੋਏ ਪੁਰਖ ਉਣਾਹਠ ਹਜ਼ਾਰ ਤਿੰਨ ਸੌ ਸਨ। 24ਗਾਦ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿੰਨੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ। 25ਗਾਦ ਦੇ ਗੋਤ ਦੇ ਗਿਣੇ ਹੋਏ ਪੁਰਖ ਪੰਤਾਲੀ ਹਜ਼ਾਰ ਛੇ ਸੌ ਪੰਜਾਹ ਸਨ। 26ਯਹੂਦਾਹ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿੰਨੇ ਵੀਹ ਸਾਲ ਜਾਂ ਉਸ ਤੋਂ ਵੱਧ ਉਮਰ ਦੇ ਸਨ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਭ ਆਪਣੇ ਨਾਮਾਂ ਤੋਂ ਗਿਣੇ ਗਏ। 27ਅਤੇ ਯਹੂਦਾਹ ਦੇ ਗੋਤ ਦੇ ਗਿਣੇ ਹੋਏ ਪੁਰਖ ਚੁਹੱਤਰ ਹਜ਼ਾਰ ਛੇ ਸੌ ਸਨ। 28ਯਿੱਸਾਕਾਰ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ। 29ਅਤੇ ਯਿੱਸਾਕਾਰ ਦੇ ਗੋਤ ਦੇ ਗਿਣੇ ਹੋਏ ਚੁਰੰਜਾ ਹਜ਼ਾਰ ਚਾਰ ਸੌ ਸਨ। 30ਜ਼ਬੂਲੁਨ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ। 31ਅਤੇ ਜ਼ਬੂਲੁਨ ਦੇ ਗੋਤ ਦੇ ਗਿਣੇ ਹੋਏ ਸਤਵੰਜਾ ਹਜ਼ਾਰ ਚਾਰ ਸੌ ਸਨ। 32ਯੂਸੁਫ਼ ਦੇ ਪੁੱਤਰ ਇਫ਼ਰਾਈਮ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ। 33ਅਤੇ ਇਫ਼ਰਾਈਮ ਦੇ ਗੋਤ ਦੇ ਗਿਣੇ ਹੋਏ ਚਾਲ੍ਹੀ ਹਜ਼ਾਰ ਪੰਜ ਸੌ ਪੁਰਖ ਸਨ। 34ਮਨੱਸ਼ਹ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ। 35ਅਤੇ ਮਨੱਸ਼ਹ ਦੇ ਗੋਤ ਦੇ ਗਿਣੇ ਹੋਏ ਪੁਰਖ ਬੱਤੀ ਹਜ਼ਾਰ ਦੋ ਸੌ ਸਨ। 36ਬਿਨਯਾਮੀਨ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ। 37ਅਤੇ ਬਿਨਯਾਮੀਨ ਦੇ ਗੋਤ ਦੇ ਗਿਣੇ ਹੋਏ ਪੁਰਖ ਪੈਂਤੀ ਹਜ਼ਾਰ ਚਾਰ ਸੌ ਸਨ। 38ਦਾਨ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ। 39ਅਤੇ ਦਾਨ ਦੇ ਗੋਤ ਦੇ ਗਿਣੇ ਹੋਏ ਪੁਰਖ ਬਾਹਠ ਹਜ਼ਾਰ ਸੱਤ ਸੌ ਸਨ। 40ਆਸ਼ੇਰ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ। 41ਅਤੇ ਆਸ਼ੇਰ ਦੇ ਗੋਤ ਦੇ ਗਿਣੇ ਹੋਏ ਪੁਰਖ ਇੱਕਤਾਲੀ ਹਜ਼ਾਰ ਪੰਜ ਸੌ ਸਨ।
42ਨਫ਼ਤਾਲੀ ਦੇ ਪੁੱਤਰਾਂ ਦੀ ਵੰਸ਼ਾਵਲੀ ਆਪਣੀਆਂ ਕੁਲਾਂ ਅਤੇ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਗਿਣੇ ਗਏ। 43ਅਤੇ ਨਫ਼ਤਾਲੀ ਦੇ ਗੋਤ ਦੇ ਗਿਣੇ ਹੋਏ ਪੁਰਖ ਤਿਰਵੰਜਾ ਹਜ਼ਾਰ ਚਾਰ ਸੌ ਸਨ। 44ਇਹ ਉਹ ਹਨ ਜਿਹੜੇ ਗਿਣੇ ਗਏ ਜਿਨ੍ਹਾਂ ਨੂੰ ਮੂਸਾ, ਹਾਰੂਨ ਅਤੇ ਇਸਰਾਏਲ ਦੇ ਬਾਰਾਂ ਪ੍ਰਧਾਨਾਂ ਨੇ ਗਿਣਿਆ ਉਹ ਆਪਣੇ-ਆਪਣੇ ਪੁਰਖਿਆਂ ਦੇ ਪਰਿਵਾਰ ਲਈ ਸਨ। 45ਸੋ ਉਹ ਸਾਰੇ ਜਿਹੜੇ ਇਸਰਾਏਲੀਆਂ ਵਿੱਚੋਂ ਆਪਣੇ ਪੁਰਖਿਆਂ ਦੇ ਘਰਾਣਿਆਂ ਅਨੁਸਾਰ ਗਿਣੇ ਗਏ ਵੀਹ ਸਾਲਾਂ ਜਾਂ ਉਸ ਤੋਂ ਵੱਧ ਉਮਰ ਦੇ ਸਨ, ਸਾਰੇ ਜਿਹੜੇ ਇਸਰਾਏਲੀਆਂ ਵਿੱਚੋਂ ਯੁੱਧ ਕਰਨ ਦੇ ਯੋਗ ਸਨ। 46ਸਾਰੇ ਜਿਹੜੇ ਗਿਣੇ ਗਏ ਛੇ ਲੱਖ ਤਿੰਨ ਹਜ਼ਾਰ ਪੰਜ ਸੋ ਪੰਜਾਹ ਸਨ।#1:46 ਦੇਖੋ ਕੂਚ 25:5 47ਪਰ ਲੇਵੀ ਆਪਣੇ ਪੁਰਖਿਆਂ ਦੇ ਗੋਤ ਅਨੁਸਾਰ ਉਨ੍ਹਾਂ ਵਿੱਚ ਨਾ ਗਿਣੇ ਗਏ। 48ਯਹੋਵਾਹ ਨੇ ਮੂਸਾ ਨੂੰ ਆਖਿਆ 49ਕਿ ਸਿਰਫ਼ ਲੇਵੀਆਂ ਦੇ ਗੋਤ ਨੂੰ ਤੂੰ ਨਾ ਗਿਣੀਂ ਅਤੇ ਉਨ੍ਹਾਂ ਦੀ ਗਿਣਤੀ ਇਸਰਾਏਲੀਆਂ ਵਿੱਚ ਨਾ ਕਰੀਂ। 50ਪਰ ਤੂੰ ਲੇਵੀਆਂ ਨੂੰ ਸਾਖੀ ਦੇ ਡੇਰੇ ਉੱਤੇ, ਉਸ ਦੇ ਸਾਰੇ ਸਮਾਨ ਉੱਤੇ ਅਤੇ ਜੋ ਕੁਝ ਉਸ ਦਾ ਹੈ ਉਸ ਉੱਤੇ ਨਿਯੁਕਤ ਕਰੀਂ। ਉਹ ਡੇਰੇ ਨੂੰ ਅਤੇ ਉਸ ਦੇ ਸਾਰੇ ਸਮਾਨ ਨੂੰ ਚੁੱਕਣ ਅਤੇ ਉਹ ਉਸ ਦੀ ਸੇਵਾ ਕਰਨ ਅਤੇ ਡੇਰੇ ਦੇ ਆਲੇ-ਦੁਆਲੇ ਆਪਣੇ ਤੰਬੂ ਲਾਉਣ। 51ਜਦ ਡੇਰੇ ਨੂੰ ਅੱਗੇ ਲੈ ਕੇ ਜਾਣਾ ਹੋਵੇ ਤਾਂ ਲੇਵੀ ਉਸ ਨੂੰ ਹੇਠਾਂ ਉਤਾਰਨ ਅਤੇ ਜਦ ਡੇਰੇ ਨੂੰ ਲਾਉਣਾ ਹੋਵੇ ਤਾਂ ਉਹ ਨੂੰ ਖੜ੍ਹਾ ਕਰਨ ਪਰ ਜੇ ਕੋਈ ਅਜਨਬੀ ਜਿਹੜਾ ਉਸ ਦੇ ਨੇੜੇ ਆਵੇ ਮਾਰ ਦਿੱਤਾ ਜਾਵੇ। 52ਇਸਰਾਏਲੀ ਆਪਣੇ ਤੰਬੂ ਇਸ ਤਰ੍ਹਾਂ ਲਾਉਣ ਕਿ ਹਰ ਮਨੁੱਖ ਆਪਣੇ ਡੇਰੇ ਵਿੱਚ ਅਤੇ ਹਰ ਮਨੁੱਖ ਆਪਣੇ ਝੰਡੇ ਕੋਲ ਆਪਣੀਆਂ ਸੈਨਾਂ ਅਨੁਸਾਰ ਹੋਵੇ। 53ਪਰ ਲੇਵੀ ਸਾਖੀ ਦੇ ਡੇਰੇ ਦੇ ਆਲੇ-ਦੁਆਲੇ ਆਪਣੇ ਤੰਬੂ ਲਾਉਣ ਤਾਂ ਜੋ ਇਸਰਾਏਲੀਆਂ ਦੀ ਮੰਡਲੀ ਉੱਤੇ ਯਹੋਵਾਹ ਦਾ ਕ੍ਰੋਧ ਨਾ ਭੜਕੇ ਅਤੇ ਲੇਵੀ ਸਾਖੀ ਦੇ ਡੇਰੇ ਦੀ ਰਾਖੀ ਕਰਨ। 54ਇਸਰਾਏਲੀਆਂ ਨੇ ਇਸ ਤਰ੍ਹਾਂ ਹੀ ਕੀਤਾ। ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਇਸਰਾਏਲੀਆਂ ਨੇ ਉਸੇ ਤਰ੍ਹਾਂ ਹੀ ਕੀਤਾ।
Currently Selected:
ਗਿਣਤੀ 1: IRVPun
Highlight
Copy
Compare
Share
Want to have your highlights saved across all your devices? Sign up or sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.