ਲੇਵੀਆਂ 26
26
ਹੁਕਮ ਪਾਲਣਾ ਕਰਨ ਦੀ ਬਰਕਤ
ਬਿਵਸਥਾ 7:12-24; 28:1-14
1ਤੁਸੀਂ ਆਪਣੇ ਲਈ ਕੋਈ ਮੂਰਤ ਨਾ ਬਣਾਉਣਾ, ਨਾ ਹੀ ਆਪਣੇ ਲਈ ਕੋਈ ਉੱਕਰੀ ਹੋਈ ਮੂਰਤ ਜਾਂ ਥੰਮ੍ਹ ਖੜ੍ਹਾ ਕਰਨਾ, ਅਤੇ ਨਾ ਹੀ ਮੱਥਾ ਟੇਕਣ ਲਈ ਆਪਣੇ ਦੇਸ਼ ਵਿੱਚ ਕੋਈ ਪੱਥਰ ਦੀ ਮੂਰਤ ਸਥਾਪਿਤ ਕਰਨਾ, ਕਿਉਂ ਜੋ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ। 2ਤੁਸੀਂ ਮੇਰੇ ਸਬਤਾਂ ਨੂੰ ਮੰਨਣਾ ਅਤੇ ਮੇਰੇ ਪਵਿੱਤਰ ਸਥਾਨ ਦਾ ਆਦਰ ਕਰਨਾ। ਮੈਂ ਯਹੋਵਾਹ ਹਾਂ।
3ਜੇਕਰ ਤੁਸੀਂ ਮੇਰੀਆਂ ਬਿਧੀਆਂ ਅਨੁਸਾਰ ਚੱਲੋ ਅਤੇ ਮੇਰੇ ਹੁਕਮਾਂ ਨੂੰ ਮੰਨ ਕੇ ਉਨ੍ਹਾਂ ਨੂੰ ਪੂਰਾ ਕਰੋ, 4ਤਾਂ ਮੈਂ ਵੇਲੇ ਸਿਰ ਮੀਂਹ ਵਰ੍ਹਾਵਾਂਗਾ ਅਤੇ ਧਰਤੀ ਆਪਣੀ ਉਪਜ ਉਪਜਾਵੇਗੀ ਅਤੇ ਧਰਤੀ ਦੇ ਰੁੱਖ ਆਪਣੇ ਫਲ ਉਗਾਉਣਗੇ। 5ਅਤੇ ਤੁਸੀਂ ਦਾਖਾਂ ਤੋੜਨ ਦੇ ਸਮੇਂ ਤੱਕ ਗਾਹੁੰਦੇ ਰਹੋਗੇ ਅਤੇ ਬੀਜਣ ਦੇ ਸਮੇਂ ਵੀ ਦਾਖਾਂ ਤੋੜੋਗੇ ਅਤੇ ਤੁਸੀਂ ਆਪਣੀ ਰੋਟੀ ਰੱਜ ਕੇ ਖਾਓਗੇ ਅਤੇ ਆਪਣੇ ਦੇਸ਼ ਵਿੱਚ ਸੁੱਖ ਨਾਲ ਰਹੋਗੇ। 6ਮੈਂ ਉਸ ਦੇਸ਼ ਵਿੱਚ ਸੁੱਖ ਬਖ਼ਸ਼ਾਂਗਾ ਅਤੇ ਤੁਸੀਂ ਲੰਮੇ ਪਓਗੇ ਪਰ ਤੁਹਾਨੂੰ ਕੋਈ ਨਾ ਡਰਾਵੇਗਾ ਅਤੇ ਮੈਂ ਖ਼ਤਰਨਾਕ ਜਾਨਵਰਾਂ ਨੂੰ ਦੇਸ਼ ਵਿੱਚੋਂ ਕੱਢ ਦਿਆਂਗਾ ਅਤੇ ਤਲਵਾਰ ਤੁਹਾਡੇ ਦੇਸ਼ ਵਿੱਚ ਨਾ ਚੱਲੇਗੀ। 7ਤੁਸੀਂ ਆਪਣੇ ਵੈਰੀਆਂ ਨੂੰ ਭਜਾਓਗੇ ਅਤੇ ਉਹ ਤੁਹਾਡੇ ਅੱਗੇ ਤਲਵਾਰ ਨਾਲ ਡਿੱਗਣਗੇ। 8ਤੁਹਾਡੇ ਵਿੱਚੋਂ ਪੰਜ ਮਨੁੱਖ ਸੌ ਨੂੰ ਅਤੇ ਸੌ ਮਨੁੱਖ ਦਸ ਹਜ਼ਾਰ ਨੂੰ ਭਜਾਉਣਗੇ ਅਤੇ ਤੁਹਾਡੇ ਵੈਰੀ ਤੁਹਾਡੇ ਅੱਗੇ ਤਲਵਾਰ ਨਾਲ ਡਿੱਗਣਗੇ। 9ਮੈਂ ਤੁਹਾਡੇ ਵੱਲ ਧਿਆਨ ਕਰਾਂਗਾ ਅਤੇ ਤੁਹਾਨੂੰ ਫਲਾਵਾਂਗਾ ਅਤੇ ਵਧਾਵਾਂਗਾ ਅਤੇ ਤੁਹਾਡੇ ਨਾਲ ਆਪਣਾ ਨੇਮ ਕਾਇਮ ਰੱਖਾਂਗਾ। 10ਤੁਸੀਂ ਪੁਰਾਣੇ ਪਦਾਰਥਾਂ ਨੂੰ ਖਾਓਗੇ ਅਤੇ ਨਵੇਂ ਪਦਾਰਥ ਦੇ ਕਾਰਨ ਪੁਰਾਣੇ ਪਦਾਰਥਾਂ ਨੂੰ ਕੱਢ ਸੁੱਟੋਗੇ। 11ਅਤੇ ਮੈਂ ਆਪਣਾ ਡੇਰਾ ਤੁਹਾਡੇ ਵਿਚਕਾਰ ਖੜ੍ਹਾ ਕਰਾਂਗਾ ਅਤੇ ਮੇਰਾ ਜੀਅ ਤੁਹਾਨੂੰ ਮਾੜੇ ਨਾ ਸਮਝੇਗਾ। 12ਮੈਂ ਤੁਹਾਡੇ ਵਿਚਕਾਰ ਤੁਰਾਂਗਾ ਅਤੇ ਤੁਹਾਡਾ ਪਰਮੇਸ਼ੁਰ ਬਣਾਂਗਾ ਅਤੇ ਤੁਸੀਂ ਮੇਰੀ ਪਰਜਾ ਹੋਵੋਗੇ। 13ਮੈਂ ਉਹ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ਜੋ ਤੁਹਾਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ, ਤਾਂ ਜੋ ਤੁਸੀਂ ਉਨ੍ਹਾਂ ਦੇ ਦਾਸ ਨਾ ਰਹੋ ਅਤੇ ਮੈਂ ਤੁਹਾਡੇ ਧੌਣ ਦੇ ਜੂਲੇ ਨੂੰ ਤੋੜ ਸੁੱਟਿਆ ਅਤੇ ਤੁਹਾਨੂੰ ਸਿੱਧੇ ਕਰਕੇ ਚਲਾਇਆ ਹੈ।
ਹੁਕਮਾਂ ਦੀ ਉਲੰਘਣਾ ਕਰਨ ਦੀ ਸਜ਼ਾ
ਬਿਵਸਥਾ 28:15-68
14ਪਰ ਜੇਕਰ ਤੁਸੀਂ ਮੇਰੀ ਨਾ ਸੁਣੋਗੇ ਅਤੇ ਇਨ੍ਹਾਂ ਸਾਰਿਆਂ ਹੁਕਮਾਂ ਨੂੰ ਨਾ ਮੰਨੋਗੇ, 15ਅਤੇ ਜੇਕਰ ਤੁਸੀਂ ਮੇਰੀਆਂ ਬਿਧੀਆਂ ਨੂੰ ਤਿਆਗ ਦਿਓ ਅਤੇ ਮੇਰੇ ਨਿਆਂ ਤੁਹਾਡੇ ਜੀਅ ਨੂੰ ਮਾੜੇ ਲੱਗਣ ਕਿ ਤੁਸੀਂ ਮੇਰੇ ਹੁਕਮਾਂ ਨੂੰ ਨਾ ਮੰਨੋ ਸਗੋਂ ਮੇਰੇ ਨੇਮ ਨੂੰ ਤੋੜ ਦਿਓ, 16ਤਾਂ ਮੈਂ ਤੁਹਾਡੇ ਨਾਲ ਇਹ ਕਰਾਂਗਾ ਅਰਥਾਤ ਮੈਂ ਤੁਹਾਡੇ ਉੱਤੇ ਡਰ, ਲਾ-ਇਲਾਜ਼ ਰੋਗ ਅਤੇ ਤਾਪ ਪਾਵਾਂਗਾ ਜੋ ਤੁਹਾਡੀਆਂ ਅੱਖਾਂ ਦਾ ਨਾਸ ਕਰਨਗੇ ਅਤੇ ਤੁਹਾਡੇ ਮਨਾਂ ਨੂੰ ਉਦਾਸ ਕਰਨਗੇ ਅਤੇ ਤੁਸੀਂ ਵਿਅਰਥ ਹੀ ਆਪਣੇ ਬੀਜ ਬੀਜੋਗੇ ਕਿਉਂ ਜੋ ਤੁਹਾਡੇ ਵੈਰੀ ਉਸ ਨੂੰ ਖਾ ਜਾਣਗੇ। 17ਮੈਂ ਵੀ ਤੁਹਾਡੇ ਵਿਰੁੱਧ ਹੋਵਾਂਗਾ ਅਤੇ ਤੁਸੀਂ ਆਪਣੇ ਵੈਰੀਆਂ ਦੇ ਅੱਗੇ ਵੱਢੇ ਜਾਓਗੇ ਅਤੇ ਜਿਹੜੇ ਤੁਹਾਡੇ ਨਾਲ ਵੈਰ ਕਰਦੇ ਹਨ, ਉਹ ਤੁਹਾਡੇ ਉੱਤੇ ਰਾਜ ਕਰਨਗੇ ਅਤੇ ਭਾਵੇਂ ਕੋਈ ਤੁਹਾਡਾ ਪਿੱਛਾ ਨਾ ਕਰੇ ਤਾਂ ਵੀ ਤੁਸੀਂ ਭੱਜੋਗੇ। 18ਅਤੇ ਜੇਕਰ ਤੁਸੀਂ ਇਹ ਸਭ ਕਰਕੇ ਵੀ ਤੁਸੀਂ ਮੇਰੇ ਵੱਲ ਧਿਆਨ ਨਾ ਕਰੋ, ਤਾਂ ਮੈਂ ਤੁਹਾਡੇ ਪਾਪਾਂ ਦੇ ਕਾਰਨ ਤੁਹਾਨੂੰ ਸੱਤ ਗੁਣਾ ਹੋਰ ਸਜ਼ਾ ਦੇਵਾਂਗਾ। 19ਅਤੇ ਮੈਂ ਤੁਹਾਡੀ ਜੋਰਾਵਰੀ ਦਾ ਹੰਕਾਰ ਤੋੜ ਦਿਆਂਗਾ ਅਤੇ ਤੁਹਾਡੇ ਲਈ ਅਕਾਸ਼ ਨੂੰ ਲੋਹੇ ਵਰਗਾ ਅਤੇ ਧਰਤੀ ਨੂੰ ਪਿੱਤਲ ਵਰਗੀ ਬਣਾਵਾਂਗਾ। 20ਅਤੇ ਤੁਹਾਡਾ ਜ਼ੋਰ ਵਿਅਰਥ ਹੋ ਜਾਵੇਗਾ ਕਿਉਂ ਜੋ ਤੁਹਾਡੀ ਧਰਤੀ ਆਪਣੀ ਉਪਜ ਨਾ ਉਪਜਾਵੇਗੀ ਅਤੇ ਧਰਤੀ ਦੇ ਰੁੱਖ ਵੀ ਆਪਣੇ ਫਲ ਨਾ ਉਗਾਉਣਗੇ।
21ਜੇਕਰ ਤੁਸੀਂ ਮੇਰੇ ਵਿਰੁੱਧ ਚਲਦੇ ਰਹੋ ਅਤੇ ਮੇਰੀ ਗੱਲ ਵੱਲ ਧਿਆਨ ਨਾ ਕਰੋ ਤਾਂ ਮੈਂ ਤੁਹਾਡੇ ਪਾਪਾਂ ਦੇ ਅਨੁਸਾਰ ਤੁਹਾਡੇ ਉੱਤੇ ਸੱਤ ਗੁਣਾ ਹੋਰ ਬਵਾ ਪਾਵਾਂਗਾ। 22ਮੈਂ ਜੰਗਲੀ ਜਾਨਵਰਾਂ ਨੂੰ ਤੁਹਾਡੇ ਵਿਚਕਾਰ ਘੱਲਾਂਗਾ ਜੋ ਤੁਹਾਡੇ ਬੱਚਿਆਂ ਨੂੰ ਖੋਹ ਲੈਣਗੇ ਅਤੇ ਤੁਹਾਡੇ ਪਸ਼ੂਆਂ ਦਾ ਨਾਸ ਕਰਨਗੇ ਅਤੇ ਤੁਹਾਡੀ ਗਿਣਤੀ ਘਟਾ ਦੇਣਗੇ ਅਤੇ ਤੁਹਾਡੀਆਂ ਪੱਕੀਆਂ ਸੜਕਾਂ ਵਿਰਾਨ ਹੋ ਜਾਣਗੀਆਂ।
23ਫੇਰ ਜੇਕਰ ਤੁਸੀਂ ਇਨ੍ਹਾਂ ਗੱਲਾਂ ਵਿੱਚ ਵੀ ਮੇਰੀ ਤਾੜਨਾ ਨਾਲ ਨਾ ਸੁਧਰੋ ਪਰ ਮੇਰੇ ਵਿਰੁੱਧ ਹੀ ਚਲਦੇ ਰਹੋ, 24ਤਾਂ ਮੈਂ ਵੀ ਤੁਹਾਡੇ ਵਿਰੁੱਧ ਚੱਲਾਂਗਾ ਅਤੇ ਤੁਹਾਡੇ ਪਾਪਾਂ ਦੇ ਕਾਰਨ ਮੈਂ ਤੁਹਾਨੂੰ ਸੱਤ ਗੁਣਾ ਹੋਰ ਸਜ਼ਾ ਦੇਵਾਂਗਾ। 25ਅਤੇ ਮੈਂ ਤੁਹਾਡੇ ਉੱਤੇ ਅਜਿਹੀ ਤਲਵਾਰ ਚਲਾਵਾਂਗਾ, ਜਿਹੜੀ ਮੇਰਾ ਨੇਮ ਤੋੜਨ ਦਾ ਬਦਲਾ ਲਵੇ ਅਤੇ ਜਿਸ ਵੇਲੇ ਤੁਸੀਂ ਆਪਣੇ ਸ਼ਹਿਰਾਂ ਵਿੱਚ ਇਕੱਠੇ ਹੋਵੋਗੇ ਤਾਂ ਮੈਂ ਤੁਹਾਡੇ ਵਿੱਚ ਬਵਾਂ ਘੱਲਾਂਗਾ ਅਤੇ ਤੁਸੀਂ ਆਪਣੇ ਵੈਰੀਆਂ ਦੇ ਹੱਥ ਵਿੱਚ ਸੌਂਪੇ ਜਾਓਗੇ। 26ਜਿਸ ਵੇਲੇ ਮੈਂ ਤੁਹਾਡੀ ਰੋਟੀ ਦਾ ਜ਼ਰੀਆ ਢਾਹ ਸੁੱਟਾਂਗਾ ਤਾਂ ਦਸ ਇਸਤਰੀਆਂ ਤੁਹਾਡੀਆਂ ਰੋਟੀਆਂ ਇੱਕੋ ਤੰਦੂਰ ਵਿੱਚ ਪਕਾਉਣਗੀਆਂ ਅਤੇ ਤੁਹਾਨੂੰ ਤੁਹਾਡੀ ਆਪਣੀ ਰੋਟੀ ਤੋਲ ਕੇ ਦੇਣਗੀਆਂ, ਤਦ ਤੁਸੀਂ ਖਾਓਗੇ ਪਰ ਰੱਜੋਗੇ ਨਹੀਂ।
27ਪਰ ਜੇਕਰ ਤੁਸੀਂ ਇਸ ਸਭ ਦੇ ਬਾਅਦ ਵੀ ਮੇਰੇ ਵੱਲ ਧਿਆਨ ਨਾ ਕਰੋ ਪਰ ਮੇਰੇ ਵਿਰੁੱਧ ਹੀ ਚੱਲੋ, 28ਤਦ ਮੈਂ ਵੀ ਡਾਢੇ ਕ੍ਰੋਧ ਨਾਲ ਤੁਹਾਡੇ ਵਿਰੁੱਧ ਚੱਲਾਂਗਾ ਅਤੇ ਮੈਂ, ਹਾਂ, ਮੈਂ ਤੁਹਾਡੇ ਪਾਪਾਂ ਦੇ ਕਾਰਨ ਤੁਹਾਨੂੰ ਸੱਤ ਗੁਣਾ ਹੋਰ ਸਜ਼ਾ ਦਿਆਂਗਾ। 29ਤੁਸੀਂ ਆਪਣੇ ਪੁੱਤਰਾਂ ਦਾ ਅਤੇ ਆਪਣੀਆਂ ਧੀਆਂ ਦਾ ਮਾਸ ਖਾਓਗੇ। 30ਮੈਂ ਤੁਹਾਡੀਆਂ ਉੱਚੀਆਂ ਥਾਵਾਂ#26:30 ਜਿੱਥੇ ਲੋਕ ਕੁਰਬਾਨੀਆਂ ਚੜ੍ਹਾਉਂਦੇ ਸਨ l ਨੂੰ ਢਾਹ ਦਿਆਂਗਾ ਅਤੇ ਤੁਹਾਡੇ ਸੂਰਜ ਦੇ ਥੰਮ੍ਹਾਂ ਨੂੰ ਵੱਢਾਂਗਾ ਅਤੇ ਤੁਹਾਡੀਆਂ ਲਾਸ਼ਾਂ ਨੂੰ ਤੁਹਾਡੀਆਂ ਟੁੱਟੀਆਂ ਹੋਈਆਂ ਮੂਰਤਾਂ ਦੇ ਉੱਤੇ ਸੁੱਟਾਂਗਾ ਅਤੇ ਮੇਰਾ ਜੀਅ ਤੁਹਾਡੇ ਤੋਂ ਘਿਣ ਕਰੇਗਾ। 31ਮੈਂ ਤੁਹਾਡੇ ਸ਼ਹਿਰਾਂ ਨੂੰ ਉਜਾੜ ਦਿਆਂਗਾ ਅਤੇ ਤੁਹਾਡੇ ਪਵਿੱਤਰ ਸਥਾਨਾਂ ਦਾ ਨਾਸ ਕਰਾਂਗਾ ਅਤੇ ਮੈਂ ਤੁਹਾਡੀਆਂ ਭੇਟਾਂ ਦੀ ਸੁਗੰਧਤਾ ਨੂੰ ਸਵੀਕਾਰ ਨਾ ਕਰਾਂਗਾ। 32ਮੈਂ ਉਸ ਦੇਸ਼ ਦਾ ਨਾਸ ਕਰਵਾ ਦਿਆਂਗਾ ਅਤੇ ਤੁਹਾਡੇ ਵੈਰੀ ਜੋ ਉਸ ਦੇ ਵਿੱਚ ਰਹਿੰਦੇ ਹਨ, ਉਹ ਇਹ ਵੇਖ ਕੇ ਹੱਕੇ-ਬੱਕੇ ਰਹਿ ਜਾਣਗੇ। 33ਮੈਂ ਤੁਹਾਨੂੰ ਕੌਮਾਂ ਵਿੱਚ ਖਿਲਾਰ ਦਿਆਂਗਾ ਅਤੇ ਮੈਂ ਤੁਹਾਡੇ ਪਿੱਛੇ-ਪਿੱਛੇ ਤਲਵਾਰ ਚਲਾਵਾਂਗਾ ਅਤੇ ਤੁਹਾਡਾ ਦੇਸ਼ ਵਿਰਾਨ ਹੋ ਜਾਵੇਗਾ ਅਤੇ ਤੁਹਾਡੇ ਸ਼ਹਿਰ ਉੱਜੜ ਜਾਣਗੇ। 34ਫੇਰ ਜਦ ਤੱਕ ਉਹ ਦੇਸ਼ ਉਜਾੜ ਰਹੇਗਾ ਅਤੇ ਤੁਸੀਂ ਆਪਣੇ ਵੈਰੀਆਂ ਦੇ ਦੇਸ਼ ਵਿੱਚ ਰਹੋਗੇ, ਤਦ ਤੱਕ ਉਹ ਆਪਣੇ ਸਬਤ ਦਾ ਅਨੰਦ ਮਾਣੇਗਾ, ਹਾਂ, ਉਸ ਵੇਲੇ ਦੇਸ਼ ਵਿਸ਼ਰਾਮ ਕਰੇਗਾ ਅਤੇ ਆਪਣੇ ਸਬਤਾਂ ਦਾ ਅਨੰਦ ਮਾਣੇਗਾ। 35ਜਦ ਤੱਕ ਉਹ ਵਿਰਾਨ ਰਹੇ, ਤਦ ਤੱਕ ਉਹ ਵਿਸ਼ਰਾਮ ਕਰੇਗਾ, ਕਿਉਂਕਿ ਜਦ ਤੁਸੀਂ ਉਸ ਦੇਸ਼ ਵਿੱਚ ਵੱਸਦੇ ਸੀ, ਤਦ ਤੁਹਾਡੇ ਸਬਤਾਂ ਵਿੱਚ ਉਸ ਨੂੰ ਵਿਸ਼ਰਾਮ ਨਹੀਂ ਮਿਲਿਆ।
36ਤੁਹਾਡੇ ਵਿੱਚੋਂ ਜੋ ਜੀਉਂਦੇ ਅਤੇ ਆਪਣੇ ਵੈਰੀਆਂ ਦੇ ਦੇਸ਼ ਵਿੱਚ ਹੋਣ, ਮੈਂ ਉੱਥੇ ਉਨ੍ਹਾਂ ਦੇ ਮਨਾਂ ਨੂੰ ਢਿੱਲੇ ਕਰਾਂਗਾ ਅਤੇ ਉਹ ਪੱਤਿਆਂ ਦੀ ਖੜਕਾਰ ਸੁਣਦਿਆਂ ਹੀ ਭੱਜ ਜਾਣਗੇ। ਉਹ ਇਸ ਤਰ੍ਹਾਂ ਭੱਜਣਗੇ, ਜਿਵੇਂ ਕੋਈ ਤਲਵਾਰ ਤੋਂ ਭੱਜਦਾ ਹੈ ਅਤੇ ਭਾਵੇਂ ਕੋਈ ਪਿੱਛਾ ਨਾ ਕਰੇ ਤਾਂ ਵੀ ਉਹ ਡਿੱਗ ਪੈਣਗੇ। 37ਭਾਵੇਂ ਕੋਈ ਪਿੱਛਾ ਨਾ ਕਰੇ, ਤਾਂ ਵੀ ਉਹ ਤਲਵਾਰ ਦੇ ਭੈਅ ਤੋਂ ਇੱਕ ਦੂਜੇ ਉੱਤੇ ਡਿੱਗਣਗੇ ਅਤੇ ਆਪਣੇ ਵੈਰੀਆਂ ਦੇ ਅੱਗੇ ਖੜ੍ਹੇ ਹੋਣ ਲਈ ਤੁਹਾਡੇ ਵਿੱਚ ਕੁਝ ਜ਼ੋਰ ਨਾ ਰਹੇਗਾ। 38ਤੁਸੀਂ ਵੱਖ-ਵੱਖ ਕੌਮਾਂ ਦੇ ਵਿੱਚ ਮਰ ਜਾਓਗੇ ਅਤੇ ਤੁਹਾਡੇ ਵੈਰੀਆਂ ਦਾ ਦੇਸ਼ ਤੁਹਾਨੂੰ ਨਿਗਲ ਜਾਵੇਗਾ, 39ਅਤੇ ਤੁਹਾਡੇ ਵਿੱਚੋਂ ਜੋ ਬਚ ਜਾਣਗੇ ਉਹ ਤੁਹਾਡੇ ਵੈਰੀਆਂ ਦੇ ਦੇਸਾਂ ਵਿੱਚ ਆਪਣੀਆਂ ਬਦੀਆਂ ਦੇ ਕਾਰਨ ਕਮਜ਼ੋਰ ਹੋ ਜਾਣਗੇ, ਅਤੇ ਆਪਣੇ ਪੁਰਖਿਆਂ ਦੀਆਂ ਬਦੀਆਂ ਦੇ ਕਾਰਨ ਉਨ੍ਹਾਂ ਦੀ ਤਰ੍ਹਾਂ ਹੀ ਕਮਜ਼ੋਰ ਹੋ ਜਾਣਗੇ।
40ਪਰ ਜੇਕਰ ਉਹ ਆਪਣੀ ਅਤੇ ਪੁਰਖਿਆਂ ਦੀਆਂ ਬਦੀਆਂ ਨੂੰ ਮੰਨ ਲੈਣ ਅਤੇ ਉਸ ਬੇਈਮਾਨੀ ਨੂੰ ਜੋ ਉਨ੍ਹਾਂ ਨੇ ਮੇਰੇ ਨਾਲ ਕੀਤੀ ਅਤੇ ਇਹ ਵੀ ਮੰਨ ਲੈਣ ਕਿ ਉਹ ਮੇਰੇ ਵਿਰੁੱਧ ਚੱਲੇ 41ਅਤੇ ਇਸ ਕਾਰਨ ਹੀ ਮੈਂ ਵੀ ਉਨ੍ਹਾਂ ਦੇ ਵਿਰੁੱਧ ਚੱਲਿਆ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਵੈਰੀਆਂ ਦੇ ਦੇਸ਼ ਵਿੱਚ ਲਿਆਇਆ, ਤਾਂ ਜੇਕਰ ਉਸ ਵੇਲੇ ਉਨ੍ਹਾਂ ਦੇ ਅਸੁੰਨਤੀ ਦਿਲ ਨੀਵੇਂ ਹੋ ਜਾਣ ਅਤੇ ਉਹ ਉਸ ਵੇਲੇ ਆਪਣੀ ਬਦੀ ਦੇ ਸਜ਼ਾ ਨੂੰ ਮੰਨ ਲੈਣ, 42ਤਦ ਜਿਹੜਾ ਨੇਮ ਮੈਂ ਯਾਕੂਬ ਦੇ ਨਾਲ ਅਤੇ ਜਿਹੜਾ ਨੇਮ ਮੈਂ ਇਸਹਾਕ ਦੇ ਨਾਲ ਅਤੇ ਅਬਰਾਹਾਮ ਦੇ ਨਾਲ ਬੰਨ੍ਹਿਆ ਸੀ, ਉਸ ਨੂੰ ਯਾਦ ਕਰਾਂਗਾ ਅਤੇ ਉਸ ਦੇਸ਼ ਨੂੰ ਵੀ ਮੈਂ ਯਾਦ ਕਰਾਂਗਾ। 43ਉਹ ਦੇਸ਼ ਵੀ ਉਨ੍ਹਾਂ ਕੋਲੋਂ ਛੱਡਿਆ ਜਾ ਕੇ ਵਿਰਾਨ ਰਹੇਗਾ ਅਤੇ ਉਨ੍ਹਾਂ ਤੋਂ ਵਿਰਾਨ ਹੋ ਕੇ ਵੀ ਆਪਣੇ ਸਬਤਾਂ ਦਾ ਅਨੰਦ ਮਾਣੇਗਾ, ਅਤੇ ਉਹ ਆਪਣੀਆਂ ਬਦੀਆਂ ਦੀ ਸਜ਼ਾ ਮੰਨ ਲੈਣਗੇ, ਕਿਉਂ ਜੋ ਉਨ੍ਹਾਂ ਨੇ ਮੇਰੇ ਨਿਯਮਾਂ ਨੂੰ ਤਿਆਗ ਦਿੱਤਾ ਅਤੇ ਮੇਰੀਆਂ ਬਿਧੀਆਂ ਉਨ੍ਹਾਂ ਦੇ ਜੀਆਂ ਨੂੰ ਮਾੜੀਆਂ ਲੱਗੀਆਂ। 44ਇਸ ਸਭ ਤੋਂ ਬਾਅਦ ਵੀ ਜਦ ਉਹ ਆਪਣੇ ਵੈਰੀਆਂ ਦੇ ਦੇਸ਼ ਵਿੱਚ ਹੋਣ, ਤਾਂ ਵੀ ਮੈਂ ਉਨ੍ਹਾਂ ਨੂੰ ਨਾ ਤਿਆਗਾਂਗਾ ਅਤੇ ਨਾ ਉਨ੍ਹਾਂ ਤੋਂ ਅਜਿਹੀ ਨਫ਼ਰਤ ਕਰਾਂਗਾ ਕਿ ਉਨ੍ਹਾਂ ਦਾ ਪੂਰੀ ਤਰ੍ਹਾਂ ਨਾਸ ਕਰ ਦਿਆਂ ਅਤੇ ਆਪਣੇ ਉਸ ਨੇਮ ਨੂੰ ਤੋੜ ਦਿਆਂ ਜੋ ਮੈਂ ਉਨ੍ਹਾਂ ਨਾਲ ਬੰਨ੍ਹਿਆ ਸੀ, ਕਿਉਂ ਜੋ ਮੈਂ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹਾਂ। 45ਪਰ ਮੈਂ ਉਨ੍ਹਾਂ ਦੀ ਖਾਤਰ ਉਨ੍ਹਾਂ ਦੇ ਪੁਰਖਿਆਂ ਨਾਲ ਬੰਨ੍ਹੇ ਹੋਏ ਨੇਮ ਨੂੰ ਯਾਦ ਕਰਾਂਗਾ, ਜਿਨ੍ਹਾਂ ਨੂੰ ਮੈਂ ਕੌਮਾਂ ਦੇ ਵੇਖਦਿਆਂ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ, ਤਾਂ ਜੋ ਉਨ੍ਹਾਂ ਦਾ ਪਰਮੇਸ਼ੁਰ ਹੋਵਾਂ। ਮੈਂ ਯਹੋਵਾਹ ਹਾਂ।
46ਜੋ ਬਿਧੀਆਂ, ਨਿਯਮ ਅਤੇ ਬਿਵਸਥਾ ਯਹੋਵਾਹ ਨੇ ਆਪਣੇ ਅਤੇ ਇਸਰਾਏਲੀਆਂ ਦੇ ਵਿਚਕਾਰ ਸੀਨਈ ਪਰਬਤ ਉੱਤੇ ਮੂਸਾ ਦੇ ਦੁਆਰਾ ਠਹਿਰਾਈਆਂ ਸਨ, ਉਹ ਇਹ ਹੀ ਹਨ।
Currently Selected:
ਲੇਵੀਆਂ 26: IRVPun
Highlight
Copy
Compare
Share
Want to have your highlights saved across all your devices? Sign up or sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.