ਲੇਵੀਆਂ 25
25
ਸੱਤਵਾਂ ਸਾਲ: ਵਿਸ਼ਰਾਮ ਦਾ ਸਾਲ
ਬਿਵਸਥਾ 15:1-11
1ਫੇਰ ਯਹੋਵਾਹ ਸੀਨਈ ਦੇ ਪਰਬਤ ਵਿੱਚ ਮੂਸਾ ਨੂੰ ਆਖਿਆ, 2ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ, ਜਦ ਤੁਸੀਂ ਉਸ ਦੇਸ ਵਿੱਚ ਪਹੁੰਚ ਜਾਓ, ਜੋ ਮੈਂ ਤੁਹਾਨੂੰ ਦਿੰਦਾ ਹਾਂ, ਤਦ ਉਸ ਦੇਸ ਨੂੰ ਯਹੋਵਾਹ ਦੇ ਅੱਗੇ ਸਬਤ ਦਾ ਵਿਸ਼ਰਾਮ ਦਿਆ ਕਰਨਾ। 3ਛੇ ਸਾਲ ਤੱਕ ਤੂੰ ਆਪਣੇ ਖੇਤ ਬੀਜੀਂ ਅਤੇ ਛੇ ਸਾਲ ਤੂੰ ਆਪਣੀਆਂ ਦਾਖਾਂ ਦੀ ਬਾਗਬਾਨੀ ਕਰੀਂ ਅਤੇ ਉਨ੍ਹਾਂ ਦੇ ਫ਼ਲਾਂ ਨੂੰ ਇਕੱਠਾ ਕਰੀਂ। 4ਪਰ ਸੱਤਵੇਂ ਸਾਲ ਵਿੱਚ ਯਹੋਵਾਹ ਦੇ ਅੱਗੇ ਧਰਤੀ ਨੂੰ ਸਬਤ ਦਾ ਵਿਸ਼ਰਾਮ ਮਿਲਿਆ ਕਰੇ। ਤੂੰ ਨਾ ਤਾਂ ਆਪਣੇ ਖੇਤ ਬੀਜੀਂ ਅਤੇ ਨਾ ਹੀ ਆਪਣੇ ਦਾਖਾਂ ਦੀ ਬਾਗਬਾਨੀ ਕਰੀਂ। 5ਜੋ ਕੁਝ ਤੇਰੇ ਖੇਤ ਵਿੱਚ ਆਪੇ ਹੀ ਉੱਗ ਪਵੇ, ਉਸ ਨੂੰ ਤੂੰ ਨਾ ਵੱਢੀਂ, ਨਾ ਹੀ ਆਪਣੇ ਖਾਲੀ ਛੱਡੇ ਬਾਗ਼ਾਂ ਵਿੱਚੋਂ ਦਾਖ਼ਾਂ ਤੋੜੀ ਕਿਉਂ ਜੋ ਉਹ ਧਰਤੀ ਦੇ ਲਈ ਵਿਸ਼ਰਾਮ ਦਾ ਸਾਲ ਹੈ। 6ਧਰਤੀ ਦੇ ਸਬਤ ਵਿੱਚ ਪੈਦਾ ਹੋਈ ਫ਼ਸਲ ਤੋਂ ਹੀ ਤੁਹਾਡੇ ਲਈ, ਤੁਹਾਡੇ ਦਾਸ-ਦਾਸੀਆਂ ਲਈ, ਤੁਹਾਡੇ ਮਜ਼ਦੂਰਾਂ ਦੇ ਲਈ ਅਤੇ ਪਰਦੇਸੀਆਂ ਲਈ ਜੋ ਤੁਹਾਡੇ ਨਾਲ ਵੱਸਦੇ ਹਨ, ਤੁਹਾਨੂੰ ਭੋਜਨ ਮਿਲੇਗਾ। 7ਅਤੇ ਤੇਰੇ ਪਸ਼ੂਆਂ ਦੇ ਲਈ ਅਤੇ ਉਨ੍ਹਾਂ ਸਾਰੇ ਜਾਨਵਰਾਂ ਦੇ ਲਈ ਜੋ ਤੇਰੇ ਦੇਸ ਵਿੱਚ ਹਨ, ਉਨ੍ਹਾਂ ਦਾ ਭੋਜਨ ਵੀ ਧਰਤੀ ਦੀ ਉਪਜ ਤੋਂ ਹੀ ਮਿਲੇਗਾ।
ਜੁਬਲੀ (ਅਨੰਦ) ਦਾ ਸਾਲ
8ਤੂੰ ਸਾਲ ਦੇ ਸੱਤ ਸਬਤ ਗਿਣ ਲਵੀਂ ਅਰਥਾਤ ਸੱਤ ਗੁਣਾ ਸੱਤ ਸਾਲ ਅਤੇ ਇਨ੍ਹਾਂ ਸੱਤਾਂ ਸਬਤਾਂ ਦੇ ਸਾਲਾਂ ਦਾ ਸਮਾਂ ਉਣੰਜਾ ਸਾਲ ਹੋਵੇਗਾ। 9ਤਦ ਤੂੰ ਸੱਤਵੇਂ ਮਹੀਨੇ ਦੇ ਦਸਵੇਂ ਦਿਨ ਨੂੰ ਅਰਥਾਤ ਪ੍ਰਾਸਚਿਤ ਦੇ ਦਿਨ ਅਨੰਦ ਦੀ ਤੁਰ੍ਹੀ ਆਪਣੇ ਸਾਰੇ ਦੇਸ ਵਿੱਚ ਉੱਚੀ ਅਵਾਜ਼ ਵਿੱਚ ਵਜਾਵੀਂ। 10ਫੇਰ ਤੁਸੀਂ ਉਸ ਪੰਜਾਹਵੇਂ ਸਾਲ ਨੂੰ ਪਵਿੱਤਰ ਰੱਖਣਾ ਅਤੇ ਦੇਸ ਦੇ ਸਾਰੇ ਵਾਸੀਆਂ ਦੇ ਲਈ ਛੁਟਕਾਰੇ ਦੀ ਘੋਸ਼ਣਾ ਕਰਨਾ, ਇਹ ਤੁਹਾਡੇ ਲਈ ਅਨੰਦ ਦਾ ਸਾਲ ਹੋਵੇਗਾ, ਅਤੇ ਤੁਸੀਂ ਆਪਣੀ-ਆਪਣੀ ਨਿੱਜ-ਭੂਮੀ ਅਤੇ ਆਪਣੇ-ਆਪਣੇ ਘਰਾਣਿਆਂ ਵਿੱਚ ਮੁੜ ਜਾਣਾ। 11ਉਹ ਪੰਜਾਹਵਾਂ ਸਾਲ ਤੁਹਾਡੇ ਲਈ ਅਨੰਦ ਦਾ ਸਾਲ ਹੋਵੇਗਾ, ਉਸ ਵਿੱਚ ਤੁਸੀਂ ਨਾ ਬੀਜਣਾ ਅਤੇ ਨਾ ਉਸ ਨੂੰ ਵੱਢਣਾ ਜਿਹੜਾ ਆਪਣੇ ਆਪ ਉੱਗ ਪਵੇ, ਅਤੇ ਨਾ ਹੀ ਤੁਸੀਂ ਆਪਣੇ ਖਾਲੀ ਛੱਡੇ ਹੋਏ ਬਾਗ਼ਾਂ ਦੀਆਂ ਦਾਖਾਂ ਤੋੜਨਾ। 12ਕਿਉਂ ਜੋ ਉਹ ਅਨੰਦ ਦਾ ਸਾਲ ਹੈ, ਉਹ ਤੁਹਾਡੇ ਲਈ ਪਵਿੱਤਰ ਹੋਵੇ। ਜੋ ਕੁਝ ਖੇਤ ਵਿੱਚ ਆਪਣੇ ਆਪ ਉੱਗੇ ਤੁਸੀਂ ਉਸ ਵਿੱਚੋਂ ਹੀ ਖਾਣਾ।
13ਇਸ ਅਨੰਦ ਦੇ ਸਾਲ ਵਿੱਚ ਤੁਸੀਂ ਸਾਰੇ ਆਪੋ-ਆਪਣੀ ਨਿੱਜ ਭੂਮੀ ਵਿੱਚ ਮੁੜ ਜਾਣਾ। 14ਜੇਕਰ ਤੂੰ ਆਪਣੇ ਗੁਆਂਢੀ ਨੂੰ ਕੁਝ ਵੇਚੇ ਜਾਂ ਆਪਣੇ ਗੁਆਂਢੀ ਦੇ ਹੱਥੋਂ ਕੁਝ ਮੁੱਲ ਲਵੇ ਤਾਂ ਤੁਸੀਂ ਇੱਕ ਦੂਜੇ ਨਾਲ ਅਣਉਚਿਤ ਵਿਵਹਾਰ ਨਾ ਕਰਨਾ। 15ਅਨੰਦ ਦੇ ਸਾਲ ਤੋਂ ਬਾਅਦ ਜਿੰਨ੍ਹੇ ਸਾਲ ਹੋਣ ਉਨ੍ਹਾਂ ਦੀ ਗਿਣਤੀ ਦੇ ਅਨੁਸਾਰ ਮੁੱਲ ਠਹਿਰਾ ਕੇ ਤੁਸੀਂ ਆਪਣੇ ਗੁਆਂਢੀ ਤੋਂ ਮੁੱਲ ਲੈਣਾ ਅਤੇ ਖਰੀਦਣ ਦੇ ਸਾਲਾਂ ਦੇ ਲੇਖੇ ਅਨੁਸਾਰ ਉਹ ਤੇਰੇ ਹੱਥ ਵੇਚੇ। 16ਸਾਲਾਂ ਦੇ ਵਧਣ ਅਨੁਸਾਰ, ਤੂੰ ਉਸ ਦਾ ਮੁੱਲ ਵਧਾਵੀਂ ਅਤੇ ਸਾਲਾਂ ਦੇ ਘਟਣ ਦੇ ਅਨੁਸਾਰ, ਤੂੰ ਉਸ ਦਾ ਮੁੱਲ ਘਟਾਵੀਂ ਕਿਉਂ ਜੋ ਸਾਲ ਦੀ ਉਪਜ ਦੇ ਲੇਖੇ ਅਨੁਸਾਰ ਹੀ ਉਹ ਤੇਰੇ ਕੋਲ ਵੇਚੇਗਾ। 17ਤੁਸੀਂ ਇੱਕ ਦੂਜੇ ਉੱਤੇ ਹਨੇਰ ਨਾ ਕਰਨਾ, ਪਰ ਤੂੰ ਆਪਣੇ ਪਰਮੇਸ਼ੁਰ ਤੋਂ ਡਰੀਂ ਕਿਉਂ ਜੋ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
ਸੱਤਵੇਂ ਸਾਲ ਲਈ ਪ੍ਰਬੰਧ
18ਇਸ ਲਈ ਤੁਸੀਂ ਮੇਰੀਆਂ ਬਿਧੀਆਂ ਨੂੰ ਪੂਰਾ ਕਰਨਾ, ਅਤੇ ਮੇਰੇ ਨਿਯਮਾਂ ਨੂੰ ਮੰਨ ਕੇ ਉਨ੍ਹਾਂ ਦੇ ਅਨੁਸਾਰ ਚੱਲਣਾ, ਕਿਉਂ ਜੋ ਅਜਿਹਾ ਕਰਨ ਨਾਲ ਤੁਸੀਂ ਦੇਸ ਵਿੱਚ ਸੁੱਖ-ਸਾਂਦ ਨਾਲ ਰਹੋਗੇ। 19ਉਹ ਧਰਤੀ ਆਪਣਾ ਫਲ ਉਪਜਾਵੇਗੀ ਅਤੇ ਤੁਸੀਂ ਰੱਜ ਕੇ ਖਾਓਗੇ ਅਤੇ ਤੁਸੀਂ ਉਸ ਦੇਸ਼ ਵਿੱਚ ਸੁੱਖ-ਸਾਂਦ ਨਾਲ ਰਹੋਗੇ। 20ਜੇਕਰ ਤੁਸੀਂ ਆਖੋ ਕਿ ਸੱਤਵੇਂ ਸਾਲ ਵਿੱਚ ਅਸੀਂ ਕੀ ਖਾਵਾਂਗੇ, ਵੇਖੋ, ਨਾ ਤਾਂ ਅਸੀਂ ਬੀਜਾਂਗੇ ਅਤੇ ਨਾ ਹੀ ਅਸੀਂ ਅੰਨ ਇਕੱਠਾ ਕਰਾਂਗੇ, 21ਤਦ ਮੈਂ ਛੇਵੇਂ ਸਾਲ ਵਿੱਚ ਤੁਹਾਨੂੰ ਅਜਿਹੀ ਬਰਕਤ ਦਿਆਂਗਾ ਕਿ ਧਰਤੀ ਤਿੰਨ ਸਾਲਾਂ ਦੇ ਲਈ ਫਲ ਉਪਜਾਵੇਗੀ। 22ਅਤੇ ਤੁਸੀਂ ਅੱਠਵੇਂ ਸਾਲ ਵਿੱਚ ਬੀਜੋਗੇ ਅਤੇ ਨੌਵੇਂ ਸਾਲ ਤੱਕ ਪਹਿਲੀ ਫ਼ਸਲ ਵਿੱਚੋਂ ਹੀ ਖਾਂਦੇ ਰਹੋਗੇ। ਜਦ ਤੱਕ ਨੌਵੇਂ ਸਾਲ ਦੀ ਉਪਜ ਨਾ ਮਿਲੇ ਤਦ ਤੱਕ ਤੁਸੀਂ ਪੁਰਾਣੀ ਉਪਜ ਵਿੱਚੋਂ ਹੀ ਖਾਂਦੇ ਰਹੋਗੇ।
ਜ਼ਮੀਨ-ਜ਼ਾਇਦਾਦ ਛੁਡਾਉਣ ਦੀ ਬਿਧੀ
23ਧਰਤੀ ਸਦਾ ਦੇ ਲਈ ਵੇਚੀ ਨਾ ਜਾਏ ਕਿਉਂ ਜੋ ਧਰਤੀ ਮੇਰੀ ਹੈ ਅਤੇ ਉਸ ਵਿੱਚ ਤੁਸੀਂ ਪਰਦੇਸੀ ਅਤੇ ਪਰਾਹੁਣੇ ਹੋ ਕੇ ਰਹਿੰਦੇ ਹੋ। 24ਪਰ ਤੁਸੀਂ ਆਪਣੇ ਵਿਰਾਸਤ ਦੇ ਸਾਰੇ ਦੇਸ਼ ਵਿੱਚ ਧਰਤੀ ਨੂੰ ਛੁਡਾਉਣ ਦੀ ਮਨਜ਼ੂਰੀ ਦੇਣਾ।
25ਜੇ ਕਦੇ ਤੇਰਾ ਭਰਾ ਕੰਗਾਲ ਹੋ ਜਾਵੇ ਅਤੇ ਆਪਣੇ ਹਿੱਸੇ ਦੀ ਜ਼ਮੀਨ ਵਿੱਚੋਂ ਕੁਝ ਵੇਚ ਦੇਵੇ ਅਤੇ ਤਾਂ ਉਸ ਦੇ ਸਭ ਤੋਂ ਨਜ਼ਦੀਕੀ ਰਿਸ਼ਤੇਦਾਰਾਂ ਵਿੱਚੋਂ ਕੋਈ ਆ ਕੇ ਉਸ ਜ਼ਮੀਨ ਨੂੰ ਛੁਡਾ ਲਵੇ ਜੋ ਉਸ ਦੇ ਭਰਾ ਨੇ ਵੇਚੀ ਸੀ। 26ਪਰ ਜੇਕਰ ਉਸ ਦੇ ਲਈ ਕੋਈ ਛੁਡਾਉਣ ਵਾਲਾ ਨਾ ਹੋਵੇ ਅਤੇ ਉਹ ਮਨੁੱਖ ਆਪ ਉਸ ਨੂੰ ਛੁਡਾਉਣ ਦੇ ਯੋਗ ਹੋ ਜਾਵੇ, 27ਤਦ ਉਹ ਉਸ ਨੂੰ ਵੇਚਣ ਦੇ ਸਮੇਂ ਤੋਂ ਸਾਲਾਂ ਦੀ ਗਿਣਤੀ ਕਰਕੇ ਬਾਕੀ ਸਾਲਾਂ ਦੀ ਉਪਜ ਦਾ ਮੁੱਲ ਉਸ ਨੂੰ ਮੋੜ ਦੇਵੇ, ਜਿਸ ਨੂੰ ਉਸ ਨੇ ਉਹ ਜ਼ਮੀਨ ਵੇਚੀ ਸੀ ਅਤੇ ਫੇਰ ਉਹ ਆਪਣੇ ਹਿੱਸੇ ਦੀ ਜ਼ਮੀਨ ਦਾ ਅਧਿਕਾਰੀ ਹੋ ਜਾਵੇ। 28ਪਰ ਜੇਕਰ ਉਹ ਉਸ ਨੂੰ ਛੁਡਾਉਣ ਦੇ ਯੋਗ ਨਾ ਹੋਵੇ ਤਾਂ ਉਸ ਦੀ ਵੇਚੀ ਹੋਈ ਜ਼ਮੀਨ ਅਨੰਦ ਦੇ ਸਾਲ ਤੱਕ ਮੁੱਲ ਲੈਣ ਵਾਲੇ ਦੇ ਹੱਥ ਵਿੱਚ ਰਹੇਗੀ ਅਤੇ ਅਨੰਦ ਦੇ ਸਾਲ ਵਿੱਚ ਉਹ ਛੁੱਟ ਜਾਵੇਗੀ ਅਤੇ ਉਸ ਦੇ ਹਿੱਸੇ ਦੀ ਜ਼ਮੀਨ ਉਸ ਨੂੰ ਮਿਲ ਜਾਵੇਗੀ।
29ਜੇਕਰ ਕੋਈ ਮਨੁੱਖ ਸ਼ਹਿਰਪਨਾਹ ਵਾਲੇ ਸ਼ਹਿਰ ਵਿੱਚ ਘਰ ਵੇਚੇ ਤਾਂ ਉਸ ਨੂੰ ਵੇਚਣ ਤੋਂ ਬਾਅਦ ਉਹ ਇੱਕ ਸਾਲ ਵਿੱਚ ਉਸ ਨੂੰ ਛੁਡਾ ਸਕਦਾ ਹੈ ਅਰਥਾਤ ਪੂਰੇ ਸਾਲ ਉਸ ਮਨੁੱਖ ਕੋਲ ਉਸ ਨੂੰ ਛੁਡਾਉਣ ਦਾ ਅਧਿਕਾਰ ਹੈ। 30ਪਰ ਜੇਕਰ ਉਹ ਇੱਕ ਸਾਲ ਵਿੱਚ ਛੁਡਾਇਆ ਨਾ ਜਾਵੇ, ਤਦ ਉਹ ਘਰ ਜੋ ਸ਼ਹਿਰਪਨਾਹ ਵਾਲੇ ਸ਼ਹਿਰ ਵਿੱਚ ਹੈ, ਮੁੱਲ ਲੈਣ ਵਾਲੇ ਦਾ ਹੋਵੇਗਾ ਅਤੇ ਉਸ ਦੀਆਂ ਪੀੜ੍ਹੀਆਂ ਤੱਕ ਉਸੇ ਦਾ ਰਹੇਗਾ ਅਤੇ ਅਨੰਦ ਦੇ ਸਾਲ ਵਿੱਚ ਵੀ ਨਾ ਛੁਡਾਇਆ ਜਾਵੇਗਾ। 31ਪਰ ਉਨ੍ਹਾਂ ਪਿੰਡਾਂ ਦੇ ਘਰ, ਜਿਨ੍ਹਾਂ ਦੇ ਦੁਆਲੇ ਸ਼ਹਿਰਪਨਾਹ ਨਹੀਂ ਹੈ, ਉਹ ਦੇਸ਼ ਦੇ ਖੇਤਾਂ ਦੀ ਤਰ੍ਹਾਂ ਹੀ ਸਮਝੇ ਜਾਣਗੇ, ਉਹ ਛੁਡਾਏ ਜਾ ਸਕਦੇ ਹਨ, ਉਹ ਅਨੰਦ ਦੇ ਸਾਲ ਵਿੱਚ ਛੱਡੇ ਜਾਣ। 32ਫੇਰ ਵੀ ਲੇਵੀਆਂ ਦੇ ਸ਼ਹਿਰਾਂ ਵਿੱਚ ਉਨ੍ਹਾਂ ਦੇ ਨਿੱਜ-ਭਾਗ ਵਾਲੇ ਸ਼ਹਿਰਾਂ ਦੇ ਘਰਾਂ ਨੂੰ, ਲੇਵੀ ਕਿਸੇ ਵੀ ਸਮੇਂ ਛੁਡਾ ਸਕਦੇ ਹਨ। 33ਪਰ ਜੇਕਰ ਕੋਈ ਲੇਵੀ ਆਪਣਾ ਹਿੱਸਾ ਨਾ ਛੁਡਾਵੇ ਤਾਂ ਉਹ ਵੇਚਿਆ ਹੋਇਆ ਘਰ ਜੋ ਉਸ ਦੇ ਹਿੱਸੇ ਦੇ ਸ਼ਹਿਰ ਵਿੱਚ ਹੋਵੇ, ਅਨੰਦ ਦੇ ਸਾਲ ਵਿੱਚ ਛੁੱਟ ਜਾਵੇ ਕਿਉਂ ਜੋ ਇਸਰਾਏਲੀਆਂ ਦੇ ਵਿੱਚ ਲੇਵੀਆਂ ਦਾ ਹਿੱਸਾ ਉਨ੍ਹਾਂ ਦੇ ਸ਼ਹਿਰ ਵਿੱਚ ਉਹ ਘਰ ਹੀ ਹੈ। 34ਪਰ ਉਨ੍ਹਾਂ ਦੇ ਸ਼ਹਿਰਾਂ ਦੇ ਦੁਆਲੇ ਦੀਆਂ ਚਾਰਗਾਹਾਂ ਵੇਚੀਆਂ ਨਾ ਜਾਣ ਕਿਉਂ ਜੋ ਉਹ ਸਦਾ ਲਈ ਉਨ੍ਹਾਂ ਦਾ ਹਿੱਸਾ ਹਨ।
ਕੰਗਾਲਾਂ ਨੂੰ ਉਧਾਰ ਦੇਣਾ
35ਜੇਕਰ ਤੇਰਾ ਭਰਾ ਕੰਗਾਲ ਹੋ ਜਾਵੇ ਅਤੇ ਉਸ ਦਾ ਹੱਥ ਤੰਗ ਹੋਵੇ ਤਾਂ ਤੂੰ ਉਸ ਨੂੰ ਸੰਭਾਲੀਂ, ਉਹ ਪਰਦੇਸੀ ਜਾਂ ਪ੍ਰਾਹੁਣੇ ਦੀ ਤਰ੍ਹਾਂ ਤੇਰੇ ਨਾਲ ਰਹੇ। 36ਉਸ ਤੋਂ ਤੂੰ ਵਿਆਜ ਜਾਂ ਮੁਨਾਫ਼ਾ ਨਾ ਲਵੀਂ ਪਰ ਆਪਣੇ ਪਰਮੇਸ਼ੁਰ ਤੋਂ ਡਰੀਂ ਤਾਂ ਜੋ ਤੇਰਾ ਭਰਾ ਤੇਰੇ ਨਾਲ ਹੀ ਵੱਸਦਾ ਰਹੇ। 37ਤੂੰ ਉਸ ਨੂੰ ਆਪਣਾ ਪੈਸਾ ਵਿਆਜ ਤੇ ਨਾ ਦੇਵੀਂ, ਨਾ ਹੀ ਮੁਨਾਫ਼ੇ ਲਈ ਉਸ ਨੂੰ ਭੋਜਨ ਖਿਲਾਵੀਂ। 38ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੁਹਾਨੂੰ ਕਨਾਨ ਦੇਸ਼ ਦੇਣ ਲਈ ਅਤੇ ਤੁਹਾਡਾ ਪਰਮੇਸ਼ੁਰ ਬਣਨ ਲਈ ਤੁਹਾਨੂੰ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਹਾਂ।
ਦਾਸਾਂ ਨੂੰ ਛੁਡਾਉਣ ਦੀ ਬਿਧੀ
39ਜੇਕਰ ਤੁਹਾਡੇ ਵਿੱਚ ਤੁਹਾਡਾ ਕੋਈ ਭਰਾ ਕੰਗਾਲ ਹੋ ਜਾਵੇ ਅਤੇ ਆਪਣੇ ਆਪ ਨੂੰ ਤੇਰੇ ਹੱਥ ਵੇਚ ਦੇਵੇ ਤਾਂ ਤੂੰ ਉਸ ਤੋਂ ਦਾਸ ਵਰਗੀ ਸੇਵਾ ਨਾ ਕਰਵਾਈਂ। 40ਪਰ ਉਹ ਤੇਰੇ ਕੋਲ ਮਜ਼ਦੂਰ ਜਾਂ ਪ੍ਰਾਹੁਣੇ ਦੀ ਤਰ੍ਹਾਂ ਰਹੇ ਅਤੇ ਅਨੰਦ ਦੇ ਸਾਲ ਤੱਕ ਤੇਰੀ ਸੇਵਾ ਕਰੇ, 41ਅਤੇ ਫੇਰ ਉਹ ਆਪਣੇ ਬਾਲ ਬੱਚਿਆਂ ਸਮੇਤ ਤੇਰੇ ਕੋਲੋਂ ਛੁੱਟ ਜਾਵੇ ਅਤੇ ਆਪਣੇ ਟੱਬਰ ਕੋਲ ਆਪਣੇ ਪੁਰਖਿਆਂ ਦੀ ਨਿੱਜ-ਭੂਮੀ ਨੂੰ ਮੁੜ ਜਾਵੇ। 42ਕਿਉਂ ਜੋ ਉਹ ਮੇਰੇ ਹੀ ਦਾਸ ਹਨ, ਜਿਨ੍ਹਾਂ ਨੂੰ ਮੈਂ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਹਾਂ, ਇਸ ਲਈ ਉਹ ਦਾਸਾਂ ਵਾਂਗੂੰ ਵੇਚੇ ਨਾ ਜਾਣ। 43ਤੂੰ ਉਨ੍ਹਾਂ ਦੇ ਉੱਤੇ ਹਨੇਰ ਨਾ ਕਰੀਂ ਪਰ ਆਪਣੇ ਪਰਮੇਸ਼ੁਰ ਤੋਂ ਡਰੀਂ। 44ਤੇਰੇ ਕੋਲ ਜੋ ਵੀ ਦਾਸ ਅਤੇ ਦਾਸੀਆਂ ਹੋਣ, ਉਹ ਉਨ੍ਹਾਂ ਲੋਕਾਂ ਵਿੱਚੋਂ ਹੋਣ ਜੋ ਤੁਹਾਡੇ ਆਲੇ-ਦੁਆਲੇ ਹਨ, ਉਨ੍ਹਾਂ ਤੋਂ ਹੀ ਤੁਸੀਂ ਦਾਸ ਅਤੇ ਦਾਸੀਆਂ ਨੂੰ ਮੁੱਲ ਲੈਣਾ। 45ਉਨ੍ਹਾਂ ਓਪਰਿਆਂ ਦੀਆਂ ਸੰਤਾਨਾਂ ਵਿੱਚੋਂ ਜੋ ਤੁਹਾਡੇ ਵਿਚਕਾਰ ਵੱਸਦੇ ਹਨ ਅਤੇ ਉਨ੍ਹਾਂ ਦੇ ਟੱਬਰਾਂ ਵਿੱਚੋਂ ਜੋ ਤੁਹਾਡੇ ਨਾਲ ਹਨ ਅਤੇ ਤੁਹਾਡੇ ਦੇਸ਼ ਵਿੱਚ ਜੰਮੇ ਹੋਣ, ਉਨ੍ਹਾਂ ਵਿੱਚੋਂ ਤੁਸੀਂ ਦਾਸ-ਦਾਸੀਆਂ ਮੁੱਲ ਲਵੋ ਅਤੇ ਉਹ ਤੁਹਾਡੇ ਅਧਿਕਾਰ ਵਿੱਚ ਰਹਿਣ। 46ਅਤੇ ਤੁਸੀਂ ਆਪਣੇ ਬਾਅਦ ਆਪਣੇ ਪੁੱਤਰਾਂ ਨੂੰ ਵੀ ਉਨ੍ਹਾਂ ਦਾ ਅਧਿਕਾਰੀ ਬਣਾ ਸਕੋਗੇ, ਉਹ ਉਨ੍ਹਾਂ ਦੀ ਜਾਇਦਾਦ ਹੋਣਗੇ, ਉਹ ਸਦਾ ਦੇ ਲਈ ਤੇਰੇ ਦਾਸ ਬਣਨ ਪਰ ਤੁਸੀਂ ਆਪਣੇ ਇਸਰਾਏਲੀਆਂ ਭਰਾਵਾਂ ਵਿੱਚ ਇੱਕ ਦੂਜੇ ਉੱਤੇ ਹਨੇਰ ਨਾ ਕਰਨਾ।
47ਜੇਕਰ ਕੋਈ ਪਰਦੇਸੀ ਜਾਂ ਓਪਰਾ ਜੋ ਤੇਰੇ ਨਾਲ ਹੈ, ਧਨਵਾਨ ਹੋ ਜਾਵੇ ਅਤੇ ਉਸ ਦੇ ਕੋਲ ਰਹਿਣ ਵਾਲਾ ਤੇਰਾ ਭਰਾ ਕੰਗਾਲ ਹੋ ਕੇ ਆਪਣੇ ਆਪ ਨੂੰ ਉਸ ਪਰਦੇਸੀ ਜਾਂ ਓਪਰੇ ਜਾਂ ਉਸ ਦੇ ਟੱਬਰ ਦੇ ਹੱਥ ਵੇਚ ਦੇਵੇ, 48ਤਾਂ ਉਸ ਦੇ ਵਿਕਣ ਤੋਂ ਬਾਅਦ ਉਹ ਫੇਰ ਛੁਡਾਇਆ ਜਾ ਸਕਦਾ ਹੈ, ਉਸ ਦੇ ਭਰਾਵਾਂ ਵਿੱਚੋਂ ਕੋਈ ਉਸ ਨੂੰ ਛੁਡਾ ਲਵੇ। 49ਉਸ ਦਾ ਚਾਚਾ, ਜਾਂ ਉਸ ਦੇ ਚਾਚੇ ਦਾ ਪੁੱਤਰ, ਜਾਂ ਉਸ ਦੇ ਟੱਬਰ ਵਿੱਚੋਂ ਕੋਈ ਨਜ਼ਦੀਕੀ ਰਿਸ਼ਤੇਦਾਰ ਉਸ ਨੂੰ ਛੁਡਾ ਸਕਦਾ ਹੈ, ਜਾਂ ਜਦ ਉਹ ਆਪਣੇ ਆਪ ਨੂੰ ਛੁਡਾਉਣ ਦੇ ਯੋਗ ਹੋ ਜਾਵੇ ਤਾਂ ਆਪਣੇ ਆਪ ਨੂੰ ਛੁਡਾ ਲਵੇ। 50ਉਹ ਆਪਣੇ ਮੁੱਲ ਲੈਣ ਵਾਲੇ ਦੇ ਨਾਲ, ਆਪਣੇ ਵੇਚੇ ਜਾਣ ਦੇ ਸਾਲ ਤੋਂ ਲੈ ਕੇ ਅਨੰਦ ਦੇ ਸਾਲ ਤੱਕ ਲੇਖਾ ਕਰੇ ਅਤੇ ਉਸ ਦੇ ਵਿਕਣ ਦਾ ਮੁੱਲ ਸਾਲਾਂ ਦੇ ਲੇਖੇ ਦੇ ਅਨੁਸਾਰ ਹੋਵੇ ਅਰਥਾਤ ਉਹ ਉਸ ਨੂੰ ਛੱਡਣ ਦਾ ਮੁੱਲ ਮਜ਼ਦੂਰ ਦੀ ਮਜ਼ਦੂਰੀ ਦੇ ਅਨੁਸਾਰ ਠਹਿਰਾਵੇ। 51ਜੇਕਰ ਅਨੰਦ ਦੇ ਸਾਲ ਵਿੱਚ ਬਹੁਤ ਸਾਲ ਬਾਕੀ ਰਹਿੰਦੇ ਹੋਣ ਤਾਂ ਉਹ ਆਪਣੇ ਆਪ ਨੂੰ ਛੁਡਾਉਣ ਲਈ ਜਿਸ ਮੁੱਲ ਵਿੱਚ ਉਹ ਵੇਚਿਆ ਗਿਆ ਸੀ, ਸਾਲਾਂ ਦੇ ਅਨੁਸਾਰ ਉਸ ਨੂੰ ਮੋੜ ਦੇਵੇ, 52ਅਤੇ ਜੇਕਰ ਅਨੰਦ ਦੇ ਸਾਲ ਵਿੱਚ ਥੋੜ੍ਹੇ ਸਾਲ ਹੀ ਰਹਿੰਦੇ ਹੋਣ ਤਾਂ ਉਹ ਆਪਣੇ ਮੁੱਲ ਲੈਣ ਵਾਲੇ ਦੇ ਨਾਲ ਲੇਖਾ ਕਰੇ ਅਤੇ ਆਪਣੇ ਆਪ ਨੂੰ ਛੁਡਾਉਣ ਦਾ ਮੁੱਲ ਉਨ੍ਹਾਂ ਸਾਲਾਂ ਦੇ ਅਨੁਸਾਰ ਉਸ ਨੂੰ ਮੋੜ ਦੇਵੇ। 53ਉਹ ਆਪਣੇ ਸੁਆਮੀ ਦੇ ਨਾਲ ਉਸ ਮਜ਼ਦੂਰ ਦੀ ਤਰ੍ਹਾਂ ਰਹੇ, ਜਿਸ ਦੀ ਸਲਾਨਾ ਮਜ਼ਦੂਰੀ ਠਹਿਰਾਈ ਜਾਂਦੀ ਹੈ, ਅਤੇ ਉਸ ਦਾ ਸੁਆਮੀ ਤੇਰੇ ਵੇਖਦਿਆਂ ਉਸ ਦੇ ਉੱਤੇ ਹਨੇਰ ਨਾ ਕਰੇ। 54ਪਰ ਜੇਕਰ ਉਹ ਇਨ੍ਹਾਂ ਸਾਰੇ ਤਰੀਕਿਆਂ ਦੇ ਨਾਲ ਛੁਡਾਇਆ ਨਾ ਜਾਵੇ ਤਾਂ ਉਹ ਅਨੰਦ ਦੇ ਸਾਲ ਵਿੱਚ ਆਪਣੇ ਬਾਲ ਬੱਚਿਆਂ ਸਮੇਤ ਛੁੱਟ ਜਾਵੇ। 55ਕਿਉਂ ਜੋ ਇਸਰਾਏਲੀ ਮੇਰੇ ਦਾਸ ਹਨ। ਉਹ ਮੇਰੇ ਹੀ ਦਾਸ ਹਨ, ਜਿਨ੍ਹਾਂ ਨੂੰ ਮੈਂ ਮਿਸਰ ਦੇਸ਼ ਵਿੱਚੋਂ ਕੱਢ ਲਿਆਇਆ ਹਾਂ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।
Currently Selected:
ਲੇਵੀਆਂ 25: IRVPun
Highlight
Copy
Compare
Share
Want to have your highlights saved across all your devices? Sign up or sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.